'ਪੰਜਾਬੀਆ ਨੂੰ ਦੱਸ ਦਿਓ ਕੌਣ ਸੱਚ ਬੋਲ ਰਿਹਾ', ਮਜੀਠੀਆ ਦਾ ਮਾਨ ਸਰਕਾਰ ਨੂੰ ਵੱਡਾ ਸਵਾਲ

Monday, Mar 23, 2026 - 09:17 PM (IST)

'ਪੰਜਾਬੀਆ ਨੂੰ ਦੱਸ ਦਿਓ ਕੌਣ ਸੱਚ ਬੋਲ ਰਿਹਾ', ਮਜੀਠੀਆ ਦਾ ਮਾਨ ਸਰਕਾਰ ਨੂੰ ਵੱਡਾ ਸਵਾਲ

ਵੈੱਬ ਡੈਸਕ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ, ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਸਿਆਸੀ ਨਿਸ਼ਾਨੇ ਸਾਧੇ ਹਨ। ਮਜੀਠੀਆ ਨੇ ਲਾਲਜੀਤ ਭੁੱਲਰ ਦੀ ਹਿਰਾਸਤ ਦੇ ਮਾਮਲੇ ਨੂੰ ਲੈ ਕੇ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਗ੍ਰਿਫ਼ਤਾਰੀ ਜਾਂ ਆਤਮ-ਸਮਰਪਣ?
ਮਜੀਠੀਆ ਨੇ ਸਰਕਾਰ ਅਤੇ ਲਾਲਜੀਤ ਭੁੱਲਰ ਦੇ ਬਿਆਨਾਂ ਵਿੱਚ ਵਿਰੋਧਾਭਾਸ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਦਾਅਵਾ ਕਰ ਰਹੇ ਹਨ ਕਿ ਭੁੱਲਰ ਨੂੰ ਗੋਬਿੰਦਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਦੂਜੇ ਪਾਸੇ ਭੁੱਲਰ ਖੁਦ ਆਤਮ-ਸਮਰਪਣ ਕਰਨ ਦੀ ਗੱਲ ਕਹਿ ਰਿਹਾ ਹੈ। ਉਨ੍ਹਾਂ ਪੰਜਾਬੀਆਂ ਨੂੰ ਸੱਚਾਈ ਦੱਸਣ ਦੀ ਮੰਗ ਕਰਦਿਆਂ ਇਸ ਪੂਰੇ ਘਟਨਾਕ੍ਰਮ ਨੂੰ "ਮੈਚ ਫਿਕਸਿੰਗ" ਕਰਾਰ ਦਿੱਤਾ ਹੈ।

ਹਿਰਾਸਤ 'ਚ ਇੰਟਰਵਿਊ 'ਤੇ ਸਵਾਲ
ਅਕਾਲੀ ਆਗੂ ਨੇ ਪੁਲਸ ਹਿਰਾਸਤ ਦੌਰਾਨ ਟੀਵੀ ਚੈਨਲਾਂ ਨੂੰ ਦਿੱਤੇ ਜਾ ਰਹੇ ਇੰਟਰਵਿਊਆਂ 'ਤੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਇਹ ਬੜੀ ਬੇਸ਼ਰਮੀ ਵਾਲੀ ਗੱਲ ਹੈ ਕਿ ਪੁਲਸ ਦੀ ਹਿਰਾਸਤ 'ਚ ਹੁੰਦਿਆਂ ਕੋਈ ਮੁਲਜ਼ਮ ਇੰਟਰਵਿਊ ਦੇ ਰਿਹਾ ਹੈ। ਮਜੀਠੀਆ ਅਨੁਸਾਰ, ਇਹ ਪੰਜਾਬ 'ਚ ਦੇਖਿਆ ਜਾ ਰਿਹਾ ਅਜਿਹਾ "ਬਦਲਾਅ" ਹੈ ਜਿੱਥੇ ਪਹਿਲੀ ਵਾਰ ਕੋਈ ਗ੍ਰਿਫ਼ਤਾਰ ਵਿਅਕਤੀ ਪੁਲਸ ਦੀ ਮੌਜੂਦਗੀ ਵਿੱਚ ਖੁੱਲ੍ਹੇਆਮ ਬੋਲ ਰਿਹਾ ਹੈ।

ਸਰਕਾਰ 'ਤੇ ਲਾਏ ਗੰਭੀਰ ਦੋਸ਼
ਬਿਕਰਮ ਮਜੀਠੀਆ ਨੇ ਇਸ ਮਾਮਲੇ ਦੀ ਤੁਲਨਾ ਲਾਰੈਂਸ ਬਿਸ਼ਨੋਈ ਦੀ ਖਰੜ ਵਿੱਚ ਹੋਈ ਇੰਟਰਵਿਊ ਨਾਲ ਕਰਦਿਆਂ ਕਿਹਾ ਕਿ ਇਹ ਸਰਕਾਰ ਕੁਝ ਵੀ ਕਰਵਾ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਦੀ ਨੀਤੀ ਸਿਰਫ਼ "ਕੈਸ਼ ਅਤੇ ਫਰਮਾਇਸ਼" ਤੱਕ ਸੀਮਿਤ ਹੈ, ਜਿਸ ਕਾਰਨ ਪੁਲਸ ਹਿਰਾਸਤ ਵਿੱਚ ਵੀ ਅਜਿਹੀਆਂ ਸਹੂਲਤਾਂ ਮਿਲ ਰਹੀਆਂ ਹਨ।

ਸਮੇਂ ਦੀ ਤਾਕਤ ਦਾ ਹਵਾਲਾ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਜੋ ਲੋਕ ਕਦੇ ਭੁੱਲਰ ਦੇ ਅੱਗੇ-ਪਿੱਛੇ ਫਿਰਦੇ ਸਨ, ਅੱਜ ਉਹੀ ਉਸਨੂੰ ਗੱਡੀ ਵਿੱਚ ਬਿਠਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਗਏ ਹਨ। ਉਨ੍ਹਾਂ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਹੁਣ "ਜੇਲ੍ਹ ਮੰਤਰੀ ਦੀ ਜੇਲ੍ਹ ਯਾਤਰਾ" ਸ਼ੁਰੂ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News