ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਮਾਲਿਆ ''ਤੇ ਇਕ ਹੋਰ ਚਾਰਜਸ਼ੀਟ ਫਾਈਲ ਕਰੇਗੀ CBI
Thursday, Aug 02, 2018 - 10:40 AM (IST)
ਨਵੀਂ ਦਿੱਲੀ — ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਸੀ.ਬੀ.ਆਈ. ਉਸ ਦੇ ਖਿਲਾਫ ਇਕ ਹੋਰ ਚਾਰਜਸ਼ੀਟ ਫਾਈਲ ਕਰਨ ਦੀ ਤਿਆਰੀ ਕਰ ਰਹੀ ਹੈ। ਅਗਸਤ 2016 'ਚ ਸਟੇਟ ਬੈਂਕ ਆਫ ਇੰਡੀਆ(ਐੱਸ.ਬੀ.ਆਈ.) ਦੀ ਸ਼ਿਕਾਇਤ 'ਤੇ ਜਾਂਚ ਏਜੰਸੀ ਨੇ ਮਾਲਿਆ ਦੇ ਖਿਲਾਫ ਇਕ ਐੱਫ.ਆਈ.ਆਰ. ਦਰਜ ਕੀਤੀ ਸੀ। ਇਹ ਚਾਰਜਸ਼ੀਟ ਉਸੇ ਮਾਮਲੇ 'ਚ ਫਾਈਲ ਕੀਤੀ ਜਾਵੇਗੀ। ਐੱਸ.ਬੀ.ਆਈ. ਨੇ ਮਾਲਿਆ 'ਤੇ 1,600 ਕਰੋੜ ਰੁਪਏ ਦੇ ਲੋਨ ਰੀ-ਪੇਮੈਂਟ 'ਚ ਗੜਬੜੀ ਦਾ ਦੋਸ਼ ਲਗਾਇਆ ਸੀ।
ਮਾਲਿਆ ਨੇ ਕੀਤੇ ਕਈ ਘਪਲੇ
ਇਸ ਮਾਮਲੇ ਦੇ ਜਾਣੂ ਸੂਤਰਾਂ ਨੇ ਦੱਸਿਆ ਕਿ ਚਾਰਜਸ਼ੀਟ ਤੋਂ ਮਾਲਿਆ ਨੂੰ ਦਿੱਤੇ ਗਏ ਕਰਜ਼ੇ 'ਚ ਬੈਂਕ ਅਧਿਕਾਰੀਆਂ ਦੀ ਕਥਿਤ ਭੂਮਿਕਾ ਸਵਾਲਾਂ ਦੇ ਘੇਰੇ 'ਚ ਆ ਸਕਦੀ ਹੈ, ਕਿਉਂਕਿ ਉਸ ਸਮੇਂ ਕਿੰਗਫਿਸ਼ਰ ਏਅਰਲਾਈਨਜ਼ ਦੀ ਵਿੱਤੀ ਸਥਿਤੀ ਬਹੁਤ ਮਾੜੀ ਸੀ । ਮਾਲਿਆ ਦੀ ਏਅਰ ਲਾਈਨ ਕੰਪਨੀ ਨੇ 2010 ਦੀ ਸ਼ੁਰੂਆਤ 'ਚ 17 ਬੈਂਕਾਂ ਤੋਂ 6,900 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਇਹ ਰਕਮ ਏਅਰ ਲਾਈਨ ਦੀ ਦੂਜੀ ਡੇਟ ਰੀਸਟਰੱਕਚਰਿੰਗ ਦੇ ਬਾਅਦ ਲਈ ਸੀ। ਐੱਸ.ਬੀ.ਆਈ. ਨੇ ਕੰਪਨੀ ਨੂੰ 1,600 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਬੈਂਕਰਾਂ ਨੇ ਫਰਵਰੀ 2013 'ਚ ਇਸ ਲੋਨ ਨੂੰ ਰੀਕਾਲ ਕੀਤਾ ਸੀ ਅਤੇ ਯੂ.ਬੀ. ਗਰੁੱਪ ਦੀ ਕੰਪਨੀ ਦੇ ਗਿਰਵੀ ਰੱਖੇ ਸ਼ੇਅਰ ਵੇਚਣ ਤੋਂ ਬਾਅਦ ਉਹ 1,000 ਕਰੋੜ ਰੁਪਏ ਹੀ ਰੀਕਵਰ ਕਰ ਸਕੇ ਸਨ।
- ਈ.ਡੀ. ਨੇ ਮਾਲਿਆ ਦੇ ਖਿਲਾਫ ਜੂਨ 'ਚ ਚਾਰਜਸ਼ੀਟ ਫਾਈਲ ਕੀਤੀ ਸੀ। ਇਸ ਵਿਚ ਮਾਲਿਆ 'ਤੇ ਮਨੀ ਲਾਂਡਰਿੰਗ ਅਤੇ ਕਥਿਤ ਤੌਰ 'ਤੇ ਬੈਂਕਾਂ ਨੂੰ 6,027 ਕਰੋੜ ਰੁਪਏ ਦਾ ਚੂਨਾ ਲਗਾਉਣ ਦਾ ਦੋਸ਼ ਸੀ।
- ਸਾਲ 2017 'ਚ ਈ.ਡੀ. ਨੇ ਮਾਲਿਆ ਦੇ ਖਿਲਾਫ ਪਹਿਲੀ ਚਾਰਜਸ਼ੀਟ ਫਾਈਲ ਕੀਤੀ ਸੀ। ਇਹ 9,000 ਰੁਪਏ ਦੇ ਆਈ.ਡੀ.ਬੀ.ਆਈ. ਬੈਂਕ-ਕਿੰਗਫਿਸ਼ਰ ਏਅਰਲਾਈਨਜ਼ ਬੈਂਕ ਲੋਨ ਫਰਾਡ ਕੇਸ ਨਾਲ ਜੁੜੀ ਸੀ। ਈ.ਡੀ. ਹੁਣ ਤੱਕ ਮਾਲਿਆ ਦੀ 9,890 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਚੁੱਕਾ ਹੈ।
ਮਾਲਿਆ ਦੀ ਵਰਤਮਾਨ ਸਥਿਤੀ
ਦੇਸ਼ 'ਚੋਂ ਫਰਾਰ ਮਾਲਿਆ ਹੁਣ ਲੰਡਨ ਰਹਿ ਰਿਹਾ ਹੈ ਅਤੇ ਉਹ ਉਥੇ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਵਿਚ ਸੁਪਰਦਗੀ ਦੀ ਪ੍ਰਕਿਰਿਆ ਦਾ ਸਾਹਮਣਾ ਕਰ ਰਿਹਾ ਹੈ। ਇਸ ਅਦਾਲਤ ਨੇ ਮੰਗਲਵਾਰ ਨੂੰ ਭਾਰਤੀ ਅਥਾਰਟੀਜ਼ ਨੂੰ ਤਿੰਨ ਹਫਤੇ ਅੰਦਰ ਮੁੰਬਈ ਦੀ ਆਰਥਰ ਰੋਡ ਜੇਲ ਦਾ ਵੀਡੀਓ ਜਮ੍ਹਾ ਕਰਵਾਉਣ ਲਈ ਕਿਹਾ ਹੈ, ਜਿਥੇ ਸਪੁਰਦਗੀ ਤੋਂ ਬਾਅਦ ਮਾਲਿਆ ਨੂੰ ਰੱਖੇ ਜਾਣ ਦੀ ਯੋਜਨਾ ਹੈ। ਵਿਜੇ ਮਾਲਿਆ ਮਾਰਚ 2016 'ਚ ਦੇਸ਼ ਚੋਂ ਭੱਜ ਕੇ ਬ੍ਰਿਟੇਨ ਚਲਾ ਗਿਆ ਸੀ। ਉਸ ਨੇ ਕਿਹਾ ਹੈ,'ਮੈਂ ਕੋਈ ਰਹਿਮ ਦੀ ਅਪੀਲ ਨਹੀਂ ਕੀਤੀ ਹੈ ਅਤੇ ਬੈਂਕਾਂ ਨਾਲ ਬਕਾਇਆ ਕਰਜ਼ਾ ਸੈਟਲ ਕਰਨ ਲਈ ਤਿਆਰ ਹਾਂ।' ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਾਂਚ ਏਜੰਸੀਆਂ ਨੂੰ ਮਾਲਿਆ ਦਾ ਸੈਟਲਮੈਂਟ ਆਫਰ ਸਵੀਕਾਰ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਬੈਂਕਾਂ ਦੀ ਬਕਾਇਆ ਰਕਮ ਵਾਪਸ ਕਰ ਵੀ ਦਿੰਦਾ ਹੈ ਤਾਂ ਉਸਨੇ ਜਿਹੜੇ ਅਪਾਰਧ ਕੀਤੇ ਹਨ ਉਨ੍ਹਾਂ ਦਾ ਕੀ ਹੋਵੇਗਾ? ਇਕ ਵੱਡੇ ਸਰਕਾਰੀ ਅਧਿਕਾਰੀ ਨੇ ਕਿਹਾ ਹੈ ਕਿ ਮਾਲਿਆ ਨੇ ਅਪਰਾਧ ਕੀਤੇ ਹਨ ਅਤੇ ਉਹ ਬਕਾਇਆ ਲੋਨ ਚੁਕਾਉਣ ਨਾਲ ਮੁਆਫ ਨਹੀਂ ਹੋ ਸਕਦੇ।
