ਮਹਿੰਗੀ ਹੋਈ ਕਾਰ, ਲੋਨ ਲੈਣ 'ਤੇ ਵੀ ਜੇਬ 'ਤੇ ਵਧੇਗਾ ਭਾਰ

Friday, Aug 17, 2018 - 12:36 PM (IST)

ਨਵੀਂ ਦਿੱਲੀ— ਹੁਣ ਨਵੀਂ ਕਾਰ ਖਰੀਦਣੀ ਮਹਿੰਗੀ ਹੋ ਗਈ ਹੈ। ਇਕ ਪਾਸੇ ਜਿੱਥੇ ਕੰਪਨੀਆਂ ਨੇ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਲੋਨ 'ਤੇ ਕਾਰ ਖਰੀਦਣੀ ਹੋਰ ਵੀ ਮਹਿੰਗੀ ਪਵੇਗੀ। ਟਾਟਾ ਮੋਟਰਜ਼, ਮਹਿੰਦਰਾ ਅਤੇ ਹੋਂਡਾ ਨੇ ਇਸ ਮਹੀਨੇ ਦੇ ਸ਼ੁਰੂ 'ਚ ਕੀਮਤਾਂ 'ਚ ਵਾਧਾ ਕੀਤਾ ਹੈ, ਬੀਤੇ ਦਿਨ ਵੀਰਵਾਰ ਨੂੰ ਮਾਰੂਤੀ ਸੁਜ਼ੂਕੀ ਅਤੇ ਮਰਸਡੀਜ਼ ਬੈਂਜ ਨੇ ਵੀ ਇਹੀ ਕਦਮ ਉਠਾਇਆ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ 'ਚ ਵਾਧਾ ਕਰਨ ਦੇ ਬਾਅਦ ਬੈਂਕਾਂ ਨੇ ਲੋਨ ਵੀ ਮਹਿੰਗੇ ਕਰ ਦਿੱਤੇ ਹਨ, ਯਾਨੀ ਕਿ ਗਾਹਕਾਂ ਨੂੰ ਦੋਵੇਂ ਪਾਸ ਮਾਰ ਝੱਲਣੀ ਪਵੇਗੀ।

ਕਾਰ ਕੰਪਨੀ ਰੈਨੋ ਵੀ ਕੀਮਤਾਂ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਮਾਰੂਤੀ ਸੁਜ਼ੂਕੀ ਨੇ ਕੀਮਤਾਂ 'ਚ 6,100 ਰੁਪਏ ਤਕ ਦਾ ਵਾਧਾ ਕੀਤਾ ਹੈ, ਜਦੋਂ ਕਿ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼ ਨੇ ਕੀਮਤਾਂ 'ਚ 4 ਫੀਸਦੀ ਤਕ ਦਾ ਵਾਧਾ ਕੀਤਾ ਹੈ, ਜੋ ਸਤੰਬਰ 'ਚ ਲਾਗੂ ਹੋਵੇਗਾ। ਹੁੰਡਈ ਨੇ ਵੀ ਅਗਸਤ 'ਚ ਆਈ-10 ਗ੍ਰੈਂਡ ਦੇ ਰੇਟ ਵਧਾਏ ਹਨ। ਇਸ ਤੋਂ ਪਹਿਲਾਂ ਫੋਰਡ ਨੇ ਜੁਲਾਈ 'ਚ 1-3 ਫੀਸਦੀ ਤਕ ਵਾਧਾ ਕੀਤਾ ਸੀ ਅਤੇ ਹੋਂਡਾ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਅਮੇਜ਼, ਸਿਟੀ, ਡਬਲਿਊ. ਆਰ. ਵੀ. ਅਤੇ ਬੀ. ਆਰ. ਵੀ. ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਹਾਲਾਂਕਿ ਹੁਣ ਲਈ ਬੀ. ਐੱਮ. ਡਬਲਿਊ, ਵੋਲਵੋ, ਫਾਕਸਵੈਗਨ ਅਤੇ ਟੋਇਟਾ ਨੇ ਕੀਮਤਾਂ 'ਚ ਵਾਧਾ ਨਹੀਂ ਕੀਤਾ ਹੈ। ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼ ਬੈਂਜ਼ ਇੰਡੀਆ ਦੇ ਐੱਮ. ਡੀ. ਅਤੇ ਸੀ. ਈ. ਓ ਰੋਲੈਂਡ ਫੋਲਗਰ ਨੇ ਕੀਮਤਾਂ ਵਧਾਉਣ ਬਾਰੇ ਕਿਹਾ ਕਿ ਪਿਛਲੇ 8 ਮਹੀਨਿਆਂ ਦੌਰਾਨ ਯੂਰੋ ਦੇ ਮੁਕਾਬਲੇ ਰੁਪਿਆ 5 ਫੀਸਦੀ ਤੋਂ ਵਧ ਕਮਜ਼ੋਰ ਹੋ ਚੁੱਕਾ ਹੈ। ਰੈਪੋ ਰੇਟ ਵੀ ਪਿਛਲੇ ਦੋ ਮਹੀਨਿਆਂ ਦੌਰਾਨ 0.5 ਫੀਸਦੀ ਵਧ ਚੁੱਕਾ ਹੈ, ਜਿਸ ਕਾਰਨ ਨਿਰਮਾਣ ਲਾਗਤ ਵਧ ਗਈ ਹੈ। ਕੀਮਤਾਂ ਵਧਾਉਣ ਦੇ ਇਲਾਵਾ ਹੋਰ ਕੋਈ ਬਦਲ ਨਹੀਂ ਸੀ।


Related News