ਵਿਸ਼ਵ ਦੀ ਅਰਥਵਿਵਸਥਾ ਲਈ ਖਤਰਾ ਬਣੀ ਚੀਨੀ ਕੰਪਨੀ ਐਵਰਗ੍ਰਾਂਡੇ, ਮਚ ਸਕਦੈ ਦੁਨੀਆ ਭਰ ’ਚ ਹੜਕੰਪ

Wednesday, Sep 22, 2021 - 12:14 PM (IST)

ਵਿਸ਼ਵ ਦੀ ਅਰਥਵਿਵਸਥਾ ਲਈ ਖਤਰਾ ਬਣੀ ਚੀਨੀ ਕੰਪਨੀ ਐਵਰਗ੍ਰਾਂਡੇ, ਮਚ ਸਕਦੈ ਦੁਨੀਆ ਭਰ ’ਚ ਹੜਕੰਪ

ਨਵੀਂ ਦਿੱਲੀ– ਸੋਮਵਾਰ ਨੂੰ ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਡਿੱਗ ਗਏ। ਇਸ ਦਾ ਇਕ ਅਹਿਮ ਕਾਰਨ ਇਹ ਵੀ ਸੀ ਚੀਨ ਦੀ ਦੂਜੀ ਸਭ ਤੋਂ ਵੱਡੀ ਅਤੇ ਸਭ ਤੋਂ ਵਧੇਰੇ ਕਰਜ਼ੇ ਨਾਲ ਲੱਦੀ ਰੀਅਲ ਅਸਟੇਟ ਕੰਪਨੀ ਐਵਰਗ੍ਰਾਂਡੇ। ਇਸ ਕੰਪਨੀ ’ਤੇ ਛੇਤੀ ਹੀ ਰੈਗੂਲੇਟਰੀ ਕਾਰਵਾਈ ਦਾ ਖਦਸ਼ਾ ਹੈ। ਆਉਣ ਵਾਲੇ ਦਿਨਾਂ ’ਚ ਇਹ ਕਿਸੇ ਵੀ ਸਮੇਂ ਦਿਵਾਲੀਆ ਹੋ ਸਕਦੀ ਹੈ। ਇਹ ਕੰਪਨੀ ਇੰਨੀ ਵੱਡੀ ਹੈ ਅਤੇ ਇਸ ’ਤੇ ਇੰਨਾ ਕਰਜ਼ਾ ਹੈ ਕਿ ਇਹ ਦੁਨੀਆ ਭਰ ਦੇ ਬਾਜ਼ਾਰਾਂ ’ਚ ਹੜਕੰਪ ਮਚਾ ਸਕਦੀ ਹੈ। ਦੇਸ਼ ਦੇ ਮਸ਼ਹੂਰ ਬੈਂਕਰ ਅਤੇ ਕੋਟਕ ਮਹਿੰਦਰਾ ਬੈਂਕ ਦੇ ਐੱਮ. ਡੀ. ਅਤੇ ਸੀ. ਈ. ਓ. ਉਦੈ ਕੋਟਕ ਨੇ ਕਿਹਾ ਕਿ ਐਵਰਗ੍ਰਾਂਡੇ ਚੀਨ ਦੀ ਲੇਹਮੈਨ ਬ੍ਰਦਰਜ਼ ਸਾਬਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਲੇਹਮੈਨ ਬ੍ਰਦਰਜ਼ ਅਮਰੀਕਾ ਸਥਿਤ ਗਲੋਬਲ ਫਾਇਨਾਂਸ ਕੰਪਨੀ ਸੀ ਜੋ 2008 ’ਚ ਦਿਵਾਲੀਆ ਹੋ ਗਈ ਸੀ. ਇਸ ਦਾ ਵੀ ਸਬੰਧ ਅਮਰੀਕਾ ਦੇ ਰੀਅਲ ਅਸਟੇਟ ਕ੍ਰਾਈਸਿਸ ਨਾਲ ਜੁੜਿਆ ਸੀ. ਇਸ ਕੰਪਨੀ ਦੇ ਦਿਵਾਲੀਆ ਹੋਣ ਦੇ ਨਾਲ ਹੀ ਪੂਰੀ ਦੁਨੀਆ ਭਾਰੀ ਵਿੱਤੀ ਸੰਕਟ ’ਚ ਘਿਰ ਗਈ ਸੀ।

ਸੂਤਰਾਂ ਮੁਤਾਬਕ ਚੀਨ ਦੇ ਪ੍ਰਾਪਟਰੀ ਬਾਜ਼ਾਰ ’ਚ ਬੂਮ ਦੀ ਸ਼ੁਰੂਆਤ 1990 ਦੇ ਅੱਧ ’ਚ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਚੀਨ ਦੀ ਤਿੰਨ ਚੌਥਾਈ ਹਾਊਸਹੋਲਡ ਵੈਲਥ ਹਾਊਸਿੰਗ ਸੈਕਟਰ ’ਚ ਲਾਕ ਹੈ। ਜੇ ਦੇਸ਼ ਦੀ ਦੂਜੀ ਵੱਡੀ ਰੀਅਲ ਅਸਟੇਟ ਕੰਪਨੀ ਦਿਵਾਲੀਆ ਹੁੰਦੀ ਹੈ ਤਾਂ ਇਸ ਦਾ ਚੀਨ ਦੀ ਪੂਰੀ ਅਰਥਵਿਵਸਥਾ ’ਤੇ ਖਤਰਨਾਕ ਅਸਰ ਤਾਂ ਹੋਵੇਗਾ ਹੀ, ਇਹ ਦੁਨੀਆ ਭਾਰ ਦੀ ਆਰਥਿਕ ਰਫਤਾਰ ਲਈ ਵੀ ਖਤਰਾ ਬਣ ਜਾਏਗੀ ਅਤੇ ਇਸ ਨਾਲ ਗਲੋਬਲ ਕਮੋਡਿਟੀ ਅਤੇ ਫਾਇਨਾਂਸ਼ੀਅਲ ਨੂੰ ਭਾਰੀ ਝਟਕਾ ਲੱਗੇਗਾ।

ਐਵਰਗ੍ਰਾਂਡੇ ’ਤੇ ਹੈ 300 ਅਰਬ ਡਾਲਰ ਦਾ ਕਰਜ਼ਾ
ਐਵਰਗ੍ਰਾਂਡੇ ਨੇ 1996 ’ਚ ਬੋਤਲ ਬੰਦ ਪਾਣੀ ਦੇ ਕਾਰੋਬਾਰ ਤੋਂ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਇਸ ਨੇ ਪਿਗ ਫਾਰਮਿੰਗ ਅਤੇ ਰੀਅਲ ਅਸਟੇਟ ਕਾਰੋਬਾਰ ਸ਼ੁਰੂ ਕੀਤਾ। ਪਿਛਲੇ ਕਾਫੀ ਸਮੇਂ ਤੋਂ ਇਹ ਕੰਪਨੀ ਚੀਨ ਦੇ ਰੀਅਲ ਅਸਟੇਟ ਕਾਰੋਬਾਰ ਦਾ ਪੋਸਟਰ ਬੁਆਏ ਬਣੀ ਹੋਈ ਹੈ। ਕਾਫੀ ਸਮੇਂ ਤੱਕ ਇਹ ਕੰਪਨੀ ਚੀਨ ਦੇ ਰੀਅਲ ਅਸਟੇਟ ਦੇ ਵਧਦੇ ਰੇਟ ’ਤੇ ਸਵਾਰੀ ਕਰਦੀ ਰਹੀ। ਕੰਪਨੀ ਨੇ ਤੇਜ਼ੀ ਨਾਲ ਵਿਸਤਾਰ ਕੀਤਾ ਅਤੇ ਲਗਭਗ 250 ਸ਼ਹਿਰਾਂ ’ਚ ਮਿਡਲ ਕਲਾਸ ਲੋਕਾਂ ਨੂੰ ਆਪਣੇ ਘਰ ਦਾ ਸੁਪਨਾ ਵੇਚਣਾ ਸ਼ੁਰੂ ਕੀਤਾ।

ਫਾਰਚਿਊਨ 500 ਕੰਪਨੀ ’ਚ ਸ਼ਾਮਲ ਇਸ ਕੰਪਨੀ ’ਤੇ 300 ਅਰਬ ਡਾਲਰ ਦਾ ਕਰਜ਼ਾ ਹੈ ਅਤੇ ਇਸ ਹਫਤੇ ਇਸ ਨੂੰ ਆਪਣਾ ਕਰਜ਼ਾ ਅਦਾ ਕਰਨਾ ਹੈ। ਜੇ ਐਵਰਗ੍ਰਾਂਡੇ ਆਪਣਾ ਕਰਜ਼ਾ ਅਦਾ ਕਰਨ ’ਚ ਨਾਕਾਮ ਰਹਿੰਦੀ ਹੈ ਤਾਂ ਇਸ ਨਾਲ ਚੀਨ ਸਮੇਤ ਦੁਨੀਆ ਭਰ ਦੇ ਬਾਜ਼ਾਰਾਂ ’ਚ ਭਾਰੀ ਉੱਥਲ-ਪੁੱਥਲ ਮਚ ਸਕਦੀ ਹੈ। ਜਾਂ ਤਾਂ ਚੀਨ ਸਰਕਾਰ ਨੂੰ ਇਸ ਨੂੰ ਬੇਲਆਊਟ ਕਰਨਾ ਪੈ ਸਕਦਾ ਹੈ ਜਾਂ ਫਿਰ ਇਸ ਦੀਆਂ ਜਾਇਦਾਦਾਂ ਨੂੰ ਵੇਚਿਆ ਜਾ ਸਕਦਾ ਹੈ। ਕੰਪਨੀ ਦਾ ਫੇਲ ਹੋਣ ਦਾ ਅਸਰ ਸਿਰਫ ਚੀਨ ਦੇ ਰੀਅਲ ਅਸਟੇਟ ਕਾਰੋਬਾਰ ’ਤੇ ਨਹੀਂ ਪਵੇਗਾ। ਇਹ ਕੰਪਨੀ ਆਟੋ, ਆਨਲਾਈਨ ਮੀਡੀਆ ਪਲੇਟਫਾਰਮ, ਹੈਲਥ ਫੂਡ ਅਤੇ ਹੈਲਥਕੇਅਰ ਪ੍ਰਾਜੈਕਟ ’ਚ ਵੀ ਮੌਜੂਦ ਹੈ। ਲਿਹਾਜਾ ਕੰਪਨੀ ਫੇਲ ਹੁੰਦੀ ਹੈ ਤਾਂ ਵੱਡੀ ਗਿਣਤੀ ’ਚ ਲੋਕ ਬੇਰੋਜ਼ਗਾਰ ਹੋਣਗੇ। ਅਜਿਹੇ ਸਮੇਂ ’ਚ ਜਦੋਂ ਚੀਨ ਦੀ ਅਰਥਵਿਵਸਥਾ ਕੋਵਿਡ ਦੇ ਅਸਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਇਹ ਉਸ ਲਈ ਇਕ ਵੱਡਾ ਝਟਕਾ ਸਾਬਤ ਹੋਵੇਗਾ।

ਭਾਰਤ ਦੇ ਸ਼ੇਅਰ ਬਾਜ਼ਾਰਾਂ ’ਚ ਕੀ ਹੋਵੇਗਾ?
ਭਾਰਤ ਦੇ ਸ਼ੇਅਰ ਬਾਜ਼ਾਰਾਂ ’ਚ ਇਸ ਸਾਲ ਦੀ ਸ਼ੁਰੂਆਤ ਤੋਂ ਮੈਟਲ ਸ਼ੇਅਰ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੇ ਸਨ ਪਰ ਸੋਮਵਾਰ ਨੂੰ ਸ਼ੇਅਰ ਕਾਫੀ ਡਿੱਗ ਗਏ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਸ਼ਾਰਟ ਟਰਮ ਕਰੈਕਸ਼ਨ ਹੈ ਪਰ ਜੇ ਐਵਰਗ੍ਰਾਂਡੇ ਸੰਕਟ ਨਹੀਂ ਹੱਲ ਹੋਇਆ ਤਾਂ ਇਸ ਦਾ ਸਥਾਈ ਅਸਰ ਭਾਰਤੀ ਬਾਜ਼ਾਰਾਂ ’ਚ ਦਿਖਾਈ ਦੇ ਸਕਦਾ ਹੈ। ਭਾਰਤ ਤੋਂ ਕਾਫੀ ਆਇਰਨ ਓਰ ਦੀ ਬਰਾਮਦ ਚੀਨ ਨੂੰ ਹੁੰਦੀ ਹੈ। ਜੇ ਐਵਰਗ੍ਰਾਂਡੇ ਕ੍ਰਾਈਸਿਸ ਨਾ ਹੱਲ ਹੋਇਆ ਤਾਂ ਚੀਨ ਦੇ ਰੀਅਲ ਅਸਟੇਟ ਸਲੋ ਡਾਊਨ ਦਾ ਅਸਰ ਇੱਥੇ ਪੈਣਾ ਲਾਜ਼ਮੀ ਹੈ। ਹਾਲਾਂਕਿ ਕੁੱਝ ਵਿਸ਼ਲੇਸ਼ਕਾਂ ਦੀ ਰਾਏ ਵੱਖ ਹੈ। ਜੀਓਜੀਤ ਫਾਇਨਾਂਸ਼ੀਅਲ ਸਰਵਿਸਿਜ਼ ਦੇ ਚੀਫ ਇਨਵੈਸਟਮੈਂਟ ਸਟ੍ਰੇਟਜਿਸਟ ਵੀ. ਕੇ. ਵਿਜੇ ਕੁਮਾਰ ਨੇੇ ਕਿਹਾ ਕਿ ਜੇ ਚੀਨ ਦੇ ਰੀਅਲ ਅਸਟੇਟ ਸੈਕਟਰ ’ਚ ਰੈਗੂਲੇਟਰੀ ਕਾਰਵਾਈ ਹੋਈ ਅਤੇ ਐਵਰਗ੍ਰਾਂਡੇ ਸੰਕਟ ਨਹੀਂ ਹੱਲ ਹੋਇਆ ਤਾਂ ਭਾਰਤ ਲਈ ਨਵਾਂ ਮੌਕਾ ਖੁੱਲ੍ਹ ਸਕਦਾ ਹੈ। ਪਹਿਲਾਂ ਵੀ ਉੱਥੇ ਤਕਨਾਲੋਜੀ ਕੰਪਨੀਆ ’ਤੇ ਰੈਗੂਲੇਟਰੀ ਸਖਤੀ ਕਾਰਨ ਗਲੋਬਲ ਨਿਵੇਸ਼ਕ ਭਾਰਤੀ ਬਾਜ਼ਾਰ ਵੱਲ ਰੁਖ ਕਰ ਰਹੇ ਸਨ। ਚੀਨ ਦੇ ਰੀਅਲ ਅਸਟੇਟ ਸੈਕਟਰ ਦਾ ਇਹ ਸੰਕਟ ਹੋਰ ਵੀ ਨਿਵੇਸ਼ਕਾਂ ਨੂੰ ਭਾਰਤ ਵੱਲ ਮੋੜ ਸਕਦਾ ਹੈ।

ਐਵਰਗ੍ਰਾਂਡੇ ਦੇ ਡਿਫਾਲਟ ਦੇ ਖਦਸ਼ੇ ’ਚ ਗਲੋਬਲ ਮਾਰਕੀਟ ’ਚ ਗਿਰਾਵਟ
ਐਵਰਗ੍ਰਾਂਡੇ ਗਰੁੱਪ ਦੇ ਡਿਫਾਲਟ ਕਰਨ ਦੇ ਖਦਸ਼ੇ ਕਾਰਨ ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਵਿਕਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਅਮਰੀਕਾ ’ਚ ਸੋਮਵਾਰ ਨੂੰ ਡਾਓ ਜੋਨਸ 1.78 ਫੀਸਦੀ ਡਿੱਗ ਗਿਆ, ਉੱਥੇ ਹੀ ਐੱਸ. ਐਂਡ ਪੀ. 500 ’ਚ ਵੀ 1.7 ਫੀਸਦੀ ਦੀ ਗਿਰਾਵਟ ਆਈ. ਚੀਨ ਦੀ ਮਾਰਕੀਟ ਅੱਜ ਬੰਦ ਹੈ ਪਰ ਪਿਛਲੇ ਇਕ ਹਫਤੇ ’ਚ ਹੈਂਗਸੇਂਗ 3.5 ਫੀਸਦੀ ਡਿੱਗ ਗਿਆ ਹੈ। ਜਾਪਾਨੀ ਸ਼ੇਅਰ ਮਾਰਕੀਟ ’ਚ ਵੀ ਗਿਰਾਵਟ ਹੈ। ਹਾਂਗਕਾਂਗ ’ਚ ਲਿਸਟ ਐਵਰਗ੍ਰਾਂਡੇ ਇਸ ਹਫਤੇ 16.4 ਫੀਸਡੀ ਡਿੱਗ ਚੁੱਕਾ ਹੈ। ਸਾਲ ਦੀ ਸ਼ੁਰੂਆਤ ਤੋਂ ਇਹ ਸ਼ੇਅਰ 84.5 ਫੀਸਦੀ ਡਿੱਗ ਚੁੱਕਾ ਹੈ। ਭਾਰਤੀ ਸ਼ੇਅਰ ਬਾਜ਼ਾਰ ਇਸ ਦੇ ਅਸਰ ਨਾਲ ਸੋਮਵਾਰ ਨੂੰ 1 ਫੀਸਦੀ ਡਿੱਗ ਗਏ ਸਨ। ਮੰਗਲਵਾਰ ਨੂੰ ਭਾਰਤੀ ਬਾਜ਼ਾਰ ਵਧ ਕੇ ਬੰਦ ਹੋਏ ਪਰ ਸ਼ੁਰੂਆਤ ’ਚ ਇਹ ਭਾਰੀ ਦਬਾਅ ’ਚ ਟ੍ਰੇਡ ਕਰ ਰਹੇ ਸਨ। ਫਿਲਹਾਲ ਐਵਰਗ੍ਰਾਂਡੇ ਸੰਕਟ ’ਤੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਉਦੈ ਕੋਟਕ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਇਸ ਨੇ ਆਪਣੇ ਦੇਸ਼ ਦੇ ਆਈ. ਐੱਲ. ਐਂਡ ਐੱਫ. ਐੱਸ. ਸੰਕਟ ਦੀ ਯਾਦ ਦਿਵਾ ਦਿੱਤੀ ਹੈ।


author

Rakesh

Content Editor

Related News