ਬੁੱਧਵਾਰ ਨੂੰ ਖੁੱਲ੍ਹੇਗਾ ਬਰਗਰ ਕਿੰਗ ਦਾ ਆਈ. ਪੀ. ਓ., 4 ਦਸੰਬਰ ਨੂੰ ਹੋਵੇਗਾ ਬੰਦ
Tuesday, Dec 01, 2020 - 09:53 PM (IST)
ਨਵੀਂ ਦਿੱਲੀ— ਬਰਗਰ ਕਿੰਗ ਭਾਰਤ 'ਚ ਕਾਰੋਬਾਰ ਦੇ ਵਿਸਥਾਰ ਅਤੇ ਕਰਜ਼ ਨੂੰ ਘਟਾਉਣ ਲਈ ਬਾਜ਼ਾਰ ਤੋਂ ਪੈਸਾ ਜੁਟਾਉਣ ਜਾ ਰਿਹਾ ਹੈ। ਕੰਪਨੀ ਨੇ ਨਵੰਬਰ 2014 'ਚ ਭਾਰਤ 'ਚ ਆਪਣਾ ਪਹਿਲਾ ਰੈਸਟੋਰੈਂਟ ਖੋਲ੍ਹਿਆ ਸੀ। ਅੱਜ ਕੰਪਨੀ ਦੇ ਭਾਰਤ 'ਚ 17 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ 261 ਰੈਸਟੋਰੈਂਟ ਹਨ। ਇਹ ਰੈਸਟੋਰੈਂਟ 57 ਸ਼ਹਿਰਾਂ 'ਚ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਕੰਪਨੀ 14 ਦਸੰਬਰ ਨੂੰ ਭਾਰਤੀ ਸਟਾਕ ਮਾਰਕੀਟ 'ਚ ਸੂਚੀਬੱਧ ਹੋਵੇਗੀ।
ਰੈਸਟੋਰੈਂਟ ਚੇਨ ਬਰਗਰ ਕਿੰਗ ਦਾ ਆਈ. ਪੀ. ਓ. ਦੋ ਦਸੰਬਰ ਨੂੰ ਤਿੰਨ ਦਿਨਾਂ ਲਈ ਖੁੱਲ੍ਹਣ ਜਾ ਰਿਹਾ ਹੈ। ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਲਈ 59-60 ਰੁਪਏ ਪ੍ਰਤੀ ਸ਼ੇਅਰ ਕੀਮਤ ਨਿਰਧਾਰਤ ਕੀਤੀ ਗਈ ਹੈ। ਬਰਗਰ ਕਿੰਗ ਦੀ ਭਾਰਤੀ ਕੰਪਨੀ ਦੀ ਇਸ ਜ਼ਰੀਏ 810 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਇਸ 'ਚੋਂ 450 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ।
ਕੰਪਨੀ ਨੇ ਦੱਸਿਆ ਕਿ ਉਸ ਦੀ ਪ੍ਰਮੋਟਰ ਏਜੰਸੀ ਕਿਊ. ਐੱਸ. ਆਰ. ਏਸ਼ੀਆ ਵੱਲੋਂ 6 ਕਰੋੜ ਸ਼ੇਅਰਾਂ ਦੀ ਵਿਕਰੀ ਲਈ ਪੇਸ਼ਕਸ਼ ਕੀਤੀ ਜਾਏਗੀ, ਜਿਨ੍ਹਾਂ ਦਾ ਮੁੱਲ ਤਕਰੀਬਨ 360 ਕਰੋੜ ਹੋਵੇਗਾ। ਕੰਪਨੀ ਨੇ ਕਿਹਾ ਕਿ ਆਈ. ਪੀ. ਓ. ਜ਼ਰੀਏ ਜੁਟਾਏ ਗਏ ਪੈਸੇ ਦਾ ਇਸਤੇਮਾਲ ਮੁੱਖ ਤੌਰ 'ਤੇ ਪੂਰੇ ਦੇਸ਼ 'ਚ ਕੰਪਨੀ ਦੇ ਮਾਲਕੀ ਵਾਲੇ ਸਟੋਰਾਂ ਦਾ ਵਿਸਥਾਰ ਕਰਨ ਅਤੇ ਕਰਜ਼ ਲਾਉਣ 'ਚ ਕੀਤਾ ਜਾਵੇਗਾ।
ਕੰਪਨੀ ਨੇ ਪ੍ਰਚੂਨ ਨਿਵੇਸ਼ਕਾਂ ਲਈ ਆਈ. ਪੀ. ਓ. ਦਾ 10 ਫ਼ੀਸਦੀ ਹਿੱਸਾ, ਗੈਰ-ਸੰਸਥਾਗਤ ਨਿਵੇਸ਼ਕਾਂ ਲਈ 15 ਫ਼ੀਸਦੀ ਅਤੇ ਸੰਸਥਾਗਤ ਨਿਵੇਸ਼ਕਾਂ ਲਈ 75 ਫ਼ੀਸਦੀ ਤੱਕ ਰਾਖਵਾਂ ਰੱਖਿਆ ਹੈ। ਰਿਪੋਰਟ ਮੁਤਾਬਕ, ਸ਼ੁਰੂਆਤੀ ਸ਼ੇਅਰ ਵਿਕਰੀ ਦਾ ਪ੍ਰਬੰਧਨ ਕੋਟਕ ਮਹਿੰਦਰਾ ਕੈਪੀਟਲ ਕੰਪਨੀ, ਸੀ. ਐੱਲ. ਐੱਸ. ਏ. ਇੰਡੀਆ, ਐਡਲਵਿਸ ਫਾਈਨੈਂਸ਼ੀਅਲ ਸਰਵਿਸਿਜ਼ ਅਤੇ ਜੇ. ਐੱਮ. ਫਾਈਨੈਂਸ਼ੀਅਲ ਵੱਲੋਂ ਕੀਤਾ ਜਾ ਰਿਹਾ ਹੈ। ਕੰਪਨੀ ਦੇ ਸ਼ੇਅਰਾਂ ਨੂੰ ਬੀ. ਐੱਸ. ਸੀ. ਅਤੇ ਐੱਨ. ਐੱਸ. ਈ. 'ਤੇ ਸੂਚੀਬੱਧ ਕਰਨ ਦਾ ਪ੍ਰਸਤਾਵ ਹੈ।