ਬਰਨਾਲਾ ਅਦਾਲਤ ਨੂੰ ਆਈ ਧਮਕੀ ਭਰੀ E-Mail

Saturday, Sep 12, 2026 - 07:12 PM (IST)

ਬਰਨਾਲਾ ਅਦਾਲਤ ਨੂੰ ਆਈ ਧਮਕੀ ਭਰੀ E-Mail

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਬਰਨਾਲਾ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਚ ਸ਼ਨੀਵਾਰ ਨੂੰ ਉਸ ਸਮੇਂ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ, ਜਦੋਂ ਈ-ਮੇਲ ਰਾਹੀਂ ਅਦਾਲਤ ਕੰਪਲੈਕਸ ਸਬੰਧੀ ਧਮਕੀ ਭਰੀ ਸੂਚਨਾ ਪ੍ਰਾਪਤ ਹੋਈ। ਇਹ ਸੂਚਨਾ ਉਸ ਸਮੇਂ ਮਿਲੀ ਜਦੋਂ ਅਦਾਲਤ ਕੰਪਲੈਕਸ ਵਿੱਚ ਰਾਸ਼ਟਰੀ ਲੋਕ ਅਦਾਲਤ ਦੀ ਕਾਰਵਾਈ ਚੱਲ ਰਹੀ ਸੀ।

ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਰੱਖਿਆ ਟੀਮਾਂ ਨੂੰ ਤੁਰੰਤ ਅਦਾਲਤ ਕੰਪਲੈਕਸ ਵਿਖੇ ਭੇਜਿਆ ਗਿਆ। ਇਸ ਦੌਰਾਨ ਡੌਗ ਸਕੁਐਡ ਸਮੇਤ ਪੁਲਿਸ ਟੀਮਾਂ ਨੇ ਕੰਪਲੈਕਸ ਦੇ ਵੱਖ-ਵੱਖ ਹਿੱਸਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ। ਸਾਵਧਾਨੀ ਵਜੋਂ ਸੁਰੱਖਿਆ ਪ੍ਰਬੰਧ ਵੀ ਮਜ਼ਬੂਤ ਕੀਤੇ ਗਏ।

ਐੱਸਐੱਸਪੀ ਨੇ ਦੱਸਿਆ—ਜਾਂਚ ਦੌਰਾਨ ਨਹੀਂ ਮਿਲੀ ਕੋਈ ਸ਼ੱਕੀ ਵਸਤੂ

ਜ਼ਿਲ੍ਹਾ ਪੁਲਸ ਮੁਖੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਈ-ਮੇਲ ਸਬੰਧੀ ਜਾਣਕਾਰੀ ਮਿਲਣ ਉਪਰੰਤ ਡੀਐੱਸਪੀ ਮੈਡਮ ਜਸਵਿੰਦਰ ਕੌਰ ਦੀ ਅਗਵਾਈ ਹੇਠ ਪੁਲਸ ਪਾਰਟੀ ਨੂੰ ਡੌਗ ਸਕੁਐਡ ਸਮੇਤ ਅਦਾਲਤ ਕੰਪਲੈਕਸ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਪੂਰੇ ਕੰਪਲੈਕਸ ਦੀ ਸੁਰੱਖਿਆ ਦੇ ਮੱਦੇਨਜ਼ਰ ਜਾਂਚ ਕੀਤੀ ਗਈ। ਜਾਂਚ ਦੌਰਾਨ ਕੋਈ ਵੀ ਇਤਰਾਜ਼ਯੋਗ ਜਾਂ ਸ਼ੱਕੀ ਵਸਤੂ ਨਹੀਂ ਮਿਲੀ। ਪੁਲਸ ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਈ-ਮੇਲ ਰਾਹੀਂ ਮਿਲੀ ਸੂਚਨਾ ਦੇ ਸਰੋਤ ਸਬੰਧੀ ਅਗਲੀ ਜਾਂਚ ਕੀਤੀ ਜਾ ਰਹੀ ਹੈ।

ਲੋਕ ਅਦਾਲਤ ਦੀ ਕਾਰਵਾਈ ਦੌਰਾਨ ਵਰਤੀ ਗਈ ਸਾਵਧਾਨੀ

ਘਟਨਾ ਦੇ ਸਮੇਂ ਰਾਸ਼ਟਰੀ ਲੋਕ ਅਦਾਲਤ ਵਿੱਚ ਵੱਡੀ ਗਿਣਤੀ ਵਿੱਚ ਲੋਕ, ਵਕੀਲ ਅਤੇ ਅਦਾਲਤੀ ਸਟਾਫ਼ ਮੌਜੂਦ ਸੀ। ਇਸ ਕਾਰਨ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਤੁਰੰਤ ਸੁਰੱਖਿਆ ਜਾਂਚ ਕੀਤੀ ਗਈ। ਜਾਂਚ ਦੌਰਾਨ ਕਿਸੇ ਵੀ ਸ਼ੱਕੀ ਵਸਤੂ ਦੇ ਨਾ ਮਿਲਣ ਨਾਲ ਸਥਿਤੀ ਕਾਬੂ ਵਿਚ ਰਹੀ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਈ-ਮੇਲ ਰਾਹੀਂ ਪ੍ਰਾਪਤ ਸੂਚਨਾ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਲੋਕਾਂ ਨੂੰ ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਸਬੰਧੀ ਤੁਰੰਤ ਪੁਲਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਗਈ ਹੈ।


author

Anmol Tagra

Content Editor

Related News