ਬੋਇੰਗ ਨੇ 787 ਡ੍ਰੀਮਲਾਈਨਰ ਦੇ ਉਤਪਾਦਨ ''ਚ ਕਟੌਤੀ ਦਾ ਫ਼ੈਸਲਾ ਕੀਤਾ
Tuesday, Jul 13, 2021 - 07:35 PM (IST)
ਸ਼ਿਕਾਗੋ- ਬੋਇੰਗ ਕੰਪਨੀ ਆਪਣੇ 787 ਜਹਾਜ਼ਾਂ ਦੇ ਉਤਪਾਦਨ ਵਿਚ ਕਟੌਤੀ ਕਰੇਗੀ। ਇਹ ਫ਼ੈਸਲਾ ਕੁਝ ਸਪੁਰਦ ਕਰਨ ਲਈ ਤਿਆਰ ਜਹਾਜ਼ਾਂ ਵਿਚ ਢਾਂਚਾਗਤ ਖਰਾਬੀ ਦੀ ਪਛਾਣ ਤੋਂ ਬਾਅਦ ਲਿਆ ਗਿਆ ਹੈ।
ਸ਼ਿਕਾਗੋ ਸਥਿਤ ਕੰਪਨੀ ਨੇ ਕਿਹਾ ਕਿ ਅਜਿਹੇ ਵਿਚ 787 ਜਿਸ ਨੂੰ ਡ੍ਰੀਮਲਾਈਨਰ ਵੀ ਕਿਹਾ ਜਾਂਦਾ ਹੈ, ਦਾ ਉਤਪਾਦਨ ਘੱਟ ਕੇ ਹਰ ਮਹੀਨੇ ਪੰਜ ਤੋਂ ਘੱਟ ਰਹਿ ਜਾਵੇਗਾ।
ਕੰਪਨੀ ਨੇ ਕਿਹਾ ਕਿ ਇਸ ਦੇ ਮੱਦੇਨਜ਼ਰ ਇਸ ਸਾਲ ਉਸ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਜਹਾਜ਼ਾਂ ਦੀ ਗਿਣਤੀ ਵਿਚ ਵੀ ਕਮੀ ਆਵੇਗੀ। ਕੰਪਨੀ ਨੇ ਇਕ ਬਿਆਨ ਵਿਚ ਕਿਹਾ, ''ਅਸੀਂ ਇਹ ਸੁਨਿਸ਼ਚਿਤ ਕਰਨ ਲਈ ਜ਼ਰੂਰੀ ਸਮਾਂ ਲਵਾਂਗੇ ਕਿ ਸਪਲਾਈ ਤੋਂ ਪਹਿਲਾਂ ਬੋਇੰਗ ਜਹਾਜ਼ ਉੱਚ ਗੁਣਵੱਤਾ ਮਿਆਰਾਂ ਨੂੰ ਪੂਰਾ ਕਰਨ।'' ਇਸ ਰਿਪੋਰਟ ਪਿੱਛੋਂ ਬੋਇੰਗ ਦੇ ਸ਼ੇਅਰ ਕਾਰੋਬਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੋ ਫ਼ੀਸਦੀ ਹੇਠਾਂ ਆ ਗਏ ਸਨ। ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ 12 ਡ੍ਰੀਮਲਾਈਨਰ ਗਾਹਕਾਂ ਨੂੰ ਸੌਂਪੇ ਗਏ। ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ 14 ਡ੍ਰੀਮਲਾਈਨਰ ਦੀ ਡਿਲਿਵਰੀ ਕੀਤੀ ਗਈ ਸੀ। ਅਮਰੀਕੀ ਸੰਸਦ ਮੈਂਬਰਾਂ ਨੇ ਬੋਇੰਗ ਕੰਪਨੀ ਅਤੇ ਰੈਗੂਲੇਟਰੀ ਸੰਘੀ ਹਵਾਬਾਜ਼ੀ ਅਥਾਰਟੀ ਕੋਲੋਂ ਬੋਇੰਗ 787 ਅਤੇ 737 ਮੈਕਸ ਸ਼੍ਰੇਣੀ ਦੇ ਜਹਾਜ਼ਾਂ ਦੇ ਉਤਪਾਦਨ ਵਿਚ ਦਿੱਕਤਾਂ ਨਾਲ ਜੁੜੇ ਕਾਗਜ਼ਤ ਮੰਗੇ ਸਨ।