ਬੋਇੰਗ ਨੇ ਏਅਰ ਇੰਡੀਆ ਡ੍ਰੀਮਲਾਈਨਰਜ਼ ਨੂੰ ਸਪੇਅਰ ਪਾਰਟਸ ਦੀ ਸਪਲਾਈ ਰੋਕੀ

Thursday, Aug 06, 2020 - 05:20 PM (IST)

ਮੁੰਬਈ : ਦੁਨੀਆ ਦੀ ਹਵਾਈ ਜਹਾਜ਼ ਬਣਾਉਣ ਵਾਲੀ ਇਕ ਪ੍ਰਮੁੱਖ ਕੰਪਨੀ ਬੋਇੰਗ ਨੇ ਭਾਰਤ ਨੂੰ ਦਿੱਤੇ ਆਪਣੇ ਡ੍ਰੀਮਲਾਈਨਰਜ਼ ਹਵਾਈ ਜਹਾਜ਼ਾਂ ਲਈ ਸਪੇਅਰ ਪਾਰਟਸ ਦੀ ਸਪਲਾਈ ਰੋਕ ਦਿੱਤੀ ਹੈ। ਏਅਰ ਇੰਡੀਆ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਉਕਤ ਡ੍ਰੀਮਲਾਈਨਰ ਹਵਾਈ ਜਹਾਜ਼ਾਂ ਸਬੰਧੀ ਏਅਰ ਇੰਡੀਆ ਨੇ ਬੋਇੰਗ ਨੂੰ ਕਾਫੀ ਭੁਗਤਾਨ ਕਰਨਾ ਹੈ ਜੋ ਅਜੇ ਤੱਕ ਨਹੀਂ ਹੋ ਸਕਿਆ। ਇਸੇ ਕਾਰਣ ਬੋਇੰਗ ਨੇ ਏਅਰ ਇੰਡੀਆ ਨੂੰ ਖ਼ਰਾਬ ਸਪੇਅਰ ਪਾਰਟਸ ਦੀ ਰਿਪਲੇਸਮੈਂਟ ਰੋਕ ਦਿੱਤੀ ਹੈ। ਇਸ ਕਾਰਣ ਏਅਰ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਕੰਪਨੀ ਵਲੋਂ ਵੰਦੇ ਭਾਰਤ ਉਡਾਨਾਂ ਦੌਰਾਨ ਉਕਤ ਡ੍ਰੀਮਲਾਈਨਰ ਹਵਾਈ ਜਹਾਜ਼ਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ।

ਇਸ ਮਹੀਨੇ ਦੇ ਸ਼ੁਰੂ 'ਚ ਬੋਇੰਗ ਨੇ ਏਅਰ ਇੰਡੀਆ ਨੂੰ ਇਕ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਬਕਾਇਆ ਭੁਗਤਾਨ ਤੁਰੰਤ ਕੀਤਾ ਜਾਵੇ। ਇੰਝ ਨਾ ਕਰਨ 'ਤੇ ਬੋਇੰਗ ਨੇ ਵੱਖ-ਵੱਖ ਖਰਾਬ ਸਪੇਅਰ ਪਾਰਟਸ ਦੀ ਰਿਪਲੇਸਮੈਂਟ ਰੋਕ ਦੇਣ ਦਾ ਐਲਾਨ ਕੀਤਾ ਸੀ। ਕੰਪੋਨੈਂਟ ਸਰਵਿਸ ਐਗਰੀਮੈਂਟ ਅਧੀਨ ਬੋਇੰਗ ਨੇ ਏਅਰ ਇੰਡੀਆ ਨੂੰ ਡ੍ਰੀਮਲਾਈਨਰ ਹਵਾਈ ਜਹਾਜ਼ਾਂ ਦੇ ਖਰਾਬ ਪੁਰਜ਼ੇ ਬਦਲਣ ਦਾ ਇਕ ਸਮਝੌਤਾ ਕੀਤਾ ਸੀ ਪਰ ਪਿਛਲਾ ਭੁਗਤਾਨ ਨਾ ਹੋ ਸਕਣ ਕਾਰਣ ਕੰਪਨੀ ਨੇ ਏਅਰ ਇੰਡੀਆ ਨੂੰ ਹੁਣ ਸਪੇਅਰ ਪਾਰਟਸ ਦੀ ਰਿਪਲੇਸਮੈਂਟ ਰੋਕ ਦਿੱਤੀ ਹੈ।

ਬੋਇੰਗ ਕੰਪਨੀ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਕੰਪਨੀ ਨੇ ਸਪੇਅਰ ਪਾਰਟਸ ਦੀ ਤਾਜ਼ਾ ਸ਼ਿਪਮੈਂਟ ਨੂੰ ਰੋਕ ਦਿੱਤਾ ਹੈ। ਦੁਨੀਆ ਦੀਆਂ ਵੱਖ-ਵੱਖ ਹਵਾਈ ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ ਜਿਨ੍ਹਾਂ 'ਚ ਬੋਇੰਗ ਵੀ ਸ਼ਾਮਲ ਹੈ ਵਲੋਂ ਆਪਣੇ ਵੱਖ-ਵੱਖ ਖਰੀਦਦਾਰਾਂ ਨੂੰ ਸਪੇਅਰ ਪਾਰਟਸ ਦੀ ਰਿਪਲੇਸਮੈਂਟ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਨਾਲ ਹਵਾਈ ਕੰਪਨੀਆਂ ਨੂੰ ਆਪਣੀ ਸੇਵਾ-ਸੰਭਾਲ ਦੀ ਲਾਗਤ 'ਚ 30 ਫ਼ੀਸਦੀ ਤੱਕ ਦਾ ਲਾਭ ਹੁੰਦਾ ਹੈ।

ਬੋਇੰਗ ਕੰਪਨੀ ਦੀ ਵੈੱਬਸਾਈਟ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਏਅਰ ਇੰਡੀਆ ਨੇ ਬਕਾਇਆ ਭੁਗਤਾਨ ਨਹੀਂ ਕੀਤਾ, ਜਿਸ ਕਾਰਣ ਮਜ਼ਬੂਰ ਹੋ ਕੇ ਬੋਇੰਗ ਨੂੰ ਏਅਰ ਇੰਡੀਆ ਦੇ ਖੰਭ ਕੁਝ ਕੁਤਰਨੇ ਪਏ ਹਨ। ਉਕਤ ਵੱਖ-ਵੱਖ ਸਪੇਅਰ ਪਾਰਟਸ ਬਣਾਉਣ ਵਾਲੀ ਇਕ ਕੰਪਨੀ ਕੋਲੀਨਸ ਏਅਰੋਸਪੇਸ ਨੇ ਵੀ ਏਅਰ ਇੰਡੀਆ ਨੂੰ ਕੁਝ ਸਮਾਂ ਪਹਿਲਾਂ ਸੂਚਿਤ ਕੀਤਾ ਸੀ ਕਿ ਉਹ ਇਸ ਦੇ ਡ੍ਰੀਮਲਾਈਨਰਜ਼ ਲਈ ਸਪੇਅਰ ਪਾਰਟਸ ਦੀ ਸਪਲਾਈ ਰੋਕ ਦੇਵੇਗੀ। ਹੁਣ ਏਅਰ ਇੰਡੀਆ ਦੇ ਸਾਹਮਣੇ ਦੋ ਹੀ ਬਦਲ ਬਾਕੀ ਹੈ। ਇਕ ਤਾਂ ਬਦਲ ਇਹ ਹੈ ਕਿ ਉਹ ਜਿਵੇਂ ਵੀ ਹੋਵੇ ਬੋਇੰਗ ਨੂੰ ਉਸ ਦੇ ਬਕਾਏ ਦਾ ਭੁਗਤਾਨ ਕਰੇ ਜਾਂ ਆਪਣੇ ਉਨ੍ਹਾਂ ਹਵਾਈ ਜਹਾਜ਼ਾਂ ਦੇ ਸਪੇਅਰ ਪਾਰਟਸ ਦੀ ਵਰਤੋਂ ਕਰੇ ਜੋ ਇਸ ਸਮੇਂ ਵਰਤੋਂ 'ਚ ਨਹੀਂ ਹਨ।

ਏਅਰ ਇੰਡੀਆ ਕੋਲ 27 ਡ੍ਰੀਮਲਾਈਨਰ ਹਵਾਈ ਜਹਾਜ਼ ਹਨ, ਜਿਨ੍ਹਾਂ 'ਚੋਂ 16 ਨੂੰ ਕੰਮ 'ਚ ਲਿਆਂਦਾ ਜਾ ਰਿਹਾ ਹੈ ਜਦ ਕਿ 11 ਜ਼ਮੀਨ 'ਤੇ ਖੜ੍ਹੇ ਹਨ। ਏਅਰ ਇੰਡੀਆ ਵਲੋਂ ਇਨ੍ਹਾਂ 16 ਹਵਾਈ ਜਹਾਜ਼ਾਂ ਦੀ ਵਰਤੋਂ ਵੰਦੇ ਭਾਰਤ ਉਡਾਣਾਂ ਲਈ ਕੀਤੀ ਜਾਂਦੀ ਹੈ। ਏਅਰ ਇੰਡੀਆ ਵਲੋਂ ਬੋਇੰਗ 777 ਹਵਾਈ ਜਹਾਜ਼ਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਏਅਰ ਇੰਡੀਆ ਨੂੰ ਬੋਇੰਗ ਕੰਪਨੀ ਵਲੋਂ ਕਿਹਾ ਗਿਆ ਹੈ ਕਿ ਉਹ 15 ਅਗਸਤ ਤੱਕ ਬਕਾਏ ਦਾ ਭੁਗਤਾਨ ਜ਼ਰੂਰ ਕਰ ਦੇਵੇ।

ਕੁਲ ਕਿੰਨਾ ਭੁਗਤਾਨ ਕਰਨਾ ਹੈ ਬੋਇੰਗ ਨੂੰ
ਏਅਰ ਇੰਡੀਆ ਨੇ 33 ਮਿਲੀਅਨ ਡਾਲਰ ਦਾ ਭੁਗਤਾਨ ਬੋਇੰਗ ਕੰਪਨੀ ਨੂੰ ਕਰਨਾ ਹੈ ਜਦ ਕਿ 67 ਮਿਲੀਅਨ ਡਾਲਰ ਦਾ ਭੁਗਤਾਨ ਏਅਰ ਕ੍ਰਾਫਟ ਵੈਂਡਰਜ਼ ਨੂੰ ਕਰਨਾ ਹੈ, ਜਿਨ੍ਹਾਂ 'ਚ ਜੀ. ਈ. ਵੀ ਸ਼ਾਮਲ ਹਨ। ਏਅਰ ਇੰਡੀਆ ਦੇ ਇਕ ਜਿੰਮੇਵਾਰ ਅਧਿਕਾਰੀ ਨੇ ਦੱਸਿਆ ਕਿ ਭੁਗਤਾਨ ਦਾ ਕੁਝ ਹਿੱਸਾ ਛੇਤੀ ਹੀ ਬੋਇੰਗ ਨੂੰ ਕਰ ਦਿੱਤਾ ਜਾਏਗਾ।


cherry

Content Editor

Related News