ਏਅਰਟੈੱਲ ਬੰਦ ਕਰੇਗਾ ਇਹ ਸਰਵਸਿ, ਤੁਹਾਡੇ 'ਤੇ ਹੋਵੇਗਾ ਵੱਡਾ ਅਸਰ

Thursday, Nov 02, 2017 - 01:30 PM (IST)

ਨਵੀਂ ਦਿੱਲੀ— ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਆਪਣੀ 3ਜੀ ਸਰਵਿਸ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਨੂੰ ਬੰਦ ਕਰਨ ਪਿੱਛੇ ਕੰਪਨੀ ਦਾ ਤਰਕ ਹੈ ਕਿ 3ਜੀ ਤਕਨਾਲੋਜੀ ਹੁਣ ਉਨ੍ਹਾਂ ਲਈ ਬਿਹਤਰ ਨਹੀਂ ਹੈ। ਏਅਰਟੈੱਲ ਦੇ ਇੰਡੀਆ ਅਤੇ ਦੱਖਣੀ ਏਸ਼ੀਆ ਦੇ ਐੱਮ. ਡੀ. ਤੇ ਸੀ. ਈ. ਓ. ਗੋਪਾਲ ਵਿੱਟਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ 3ਜੀ 'ਤੇ ਨਿਵੇਸ਼ ਬੰਦ ਕਰ ਦਿੱਤਾ ਹੈ। ਅਜਿਹੇ 'ਚ 3ਜੀ ਤੋਂ ਖਾਲੀ ਹੋਏ ਸਪੈਕਟ੍ਰਮ ਦਾ ਇਸਤੇਮਾਲ 4ਜੀ ਸਰਵਿਸ ਲਈ ਕੀਤਾ ਜਾਵੇਗਾ, ਜੋ ਡਾਟਾ ਟਰਾਂਸਫਰ ਲਈ ਚੰਗੀ ਤਕਨਾਲੋਜੀ ਹੈ। ਏਅਰਟੈੱਲ ਦੇ ਤਿਮਾਹੀ ਨਤੀਜਿਆਂ 'ਤੇ ਬੋਲਦੇ ਹੋਏ ਗੋਪਾਲ ਵਿੱਟਲ ਨੇ ਕਿਹਾ ਕਿ ਅਗਲੇ 3 ਤੋਂ 4 ਸਾਲ 'ਚ 3ਜੀ ਨੈੱਟਵਰਕ ਬੰਦ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਹੁਣ 4ਜੀ ਤਕਨੀਕ 'ਚ ਨਿਵੇਸ਼ 'ਤੇ ਜ਼ੋਰ ਦੇ ਰਹੀ ਹੈ। ਇਸ ਤਕਨੀਕ 'ਚ ਡਾਟਾ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ 2100 ਮੈਗਾਹਰਟਜ ਬੈਂਡ ਦਾ ਇਸਤੇਮਾਲ 4ਜੀ ਲਈ ਕਰੇਗੀ, ਜੋ ਹੁਣ ਤਕ 3ਜੀ ਲਈ ਕੀਤਾ ਜਾ ਰਿਹਾ ਹੈ। 

ਭਾਰਤੀ ਏਅਰਟੈੱਲ ਲਿਮਟਿਡ ਨੇ ਬੁੱਧਵਾਰ ਨੂੰ ਕਿਹਾ ਕਿ 4ਜੀ ਨੈੱਟਵਰਕ ਦਾ ਵਿਸਥਾਰ ਕਰਨ ਲਈ ਉਹ ਇਸ ਮਾਲੀ ਵਰ੍ਹੇ 'ਚ 250 ਅਰਬ ਰੁਪਏ ਦਾ ਨਿਵੇਸ਼ ਕਰੇਗਾ। ਏਅਰਟੈੱਲ ਨੇ ਇਹ ਫੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਬਾਜ਼ਾਰ 'ਚ ਜੀਓ ਨਾਲ ਉਸ ਦਾ ਸਖਤ ਮੁਕਾਬਲਾ ਚੱਲ ਰਿਹਾ ਹੈ। ਜੀਓ ਇਕੋ-ਇਕ ਕੰਪਨੀ ਹੈ, ਜੋ ਸਿਰਫ 4ਜੀ ਸੇਵਾਵਾਂ ਹੀ ਦੇ ਰਹੀ ਹੈ। ਉਸ ਦੇ ਆਉਣ ਨਾਲ ਬਾਜ਼ਾਰ 'ਚ ਮੁਕਾਬਲੇਬਾਜ਼ੀ ਕਾਫੀ ਵਧੀ ਹੈ, ਜਿਸ ਨਾਲ ਏਅਰਟੈੱਲ ਨੂੰ ਤਗੜਾ ਨੁਕਸਾਨ ਵੀ ਹੋਇਆ ਹੈ। ਮਾਲੀ ਵਰ੍ਹੇ 2017-18 ਦੀ ਦੂਜੀ ਤਿਮਾਹੀ 'ਚ ਏਅਰਟੈੱਲ ਦੇ ਮੁਨਾਫੇ 'ਚ 76 ਫੀਸਦੀ ਦੀ ਗਿਰਾਵਟ ਆਈ ਹੈ। ਮਾਲੀ ਵਰ੍ਹੇ 2016-17 ਦੀ ਦੂਜੀ ਤਿਮਾਹੀ 'ਚ ਉਸ ਨੂੰ 1,431 ਕਰੋੜ ਰੁਪਏ ਦੀ ਕਮਾਈ ਹੋਈ ਸੀ, ਜਦੋਂ ਕਿ ਇਸ ਮਾਲੀ ਵਰ੍ਹੇ ਉਹ ਸਿਰਫ 343 ਕਰੋੜ ਰੁਪਏ ਦਾ ਫਾਇਦਾ ਹੀ ਕਮਾ ਸਕਿਆ।


Related News