ਬਾਜ਼ਾਰ ਧੜੰਮ, ਸੈਂਸੈਕਸ 746 ਅੰਕ ਡਿੱਗਾ, ਨਿਫਟੀ 14,400 ਤੋਂ ਥੱਲ੍ਹੇ ਬੰਦ
Friday, Jan 22, 2021 - 04:18 PM (IST)
ਮੁੰਬਈ- ਬਾਜ਼ਾਰ ਵਿਚ ਲਗਾਤਾਰ ਦੂਜੇ ਦਿਨ ਗਿਰਾਵਟ ਰਹੀ। ਰਿਲਾਇੰਸ ਇੰਡਸਟਰੀਜ਼, ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਐੱਚ. ਡੀ. ਐੱਫ. ਸੀ. ਬੈਂਕ ਅਤੇ ਐੱਚ. ਡੀ. ਐੱਫ. ਸੀ. ਵਿਚ ਵਿਕਵਾਲੀ ਕਾਰਨ ਸੈਂਸੈਕਸ ਸ਼ੁੱਕਰਵਾਰ ਨੂੰ 746 ਅੰਕ ਦੀ ਵੱਡੀ ਗਿਰਾਵਟ ਨਾਲ 48,878.54 ਦੇ ਪੱਧਰ 'ਤੇ ਬੰਦ ਹੋਇਆ।
ਉੱਥੇ ਹੀ, ਨਿਫਟੀ 218 ਅੰਕ ਦਾ ਗੋਤਾ ਖਾ ਕੇ 14,371.90 ਦੇ ਪੱਧਰ 'ਤੇ ਬੰਦ ਹੋਇਆ। ਬੈਂਕਿੰਗ ਅਤੇ ਫਾਈਨੈਸ਼ਨ ਸਟਾਕਸ ਵਿਚ ਭਾਰੀ ਵਿਕਵਾਲੀ ਕਾਰਨ ਬਾਜ਼ਾਰ ਲਾਲ ਨਿਸ਼ਾਨ 'ਤੇ ਰਿਹਾ। ਇਸ ਮਹੀਨੇ ਬਾਜ਼ਾਰ ਵਿਚ ਇਹ ਪਹਿਲੀ ਵੱਡੀ ਗਿਰਾਵਟ ਹੈ।
ਸੈਕਟਰ ਇੰਡੈਕਸ ਵਿਚ ਨਿਫਟੀ ਬੈਂਕ ਨੇ ਤਕਰੀਬਨ 1,000 ਅੰਕ ਦੀ ਗਿਰਾਵਟ ਦਰਜ ਕੀਤੀ। ਪੀ. ਐੱਸ. ਯੂ. ਬੈਂਕ ਇੰਡੈਕਸ ਨੇ ਵੀ 3 ਫ਼ੀਸਦੀ ਦੀ ਕਮਜ਼ੋਰੀ ਦੇਖੀ। ਸਕੂਟਰ-ਮੋਟਰਸਾਈਕਲ ਦਿੱਗਜ ਬਜਾਜ ਆਟੋ ਅਤੇ ਹੀਰੋ ਮੋਟੋਕਾਰਪ ਵਿਚ ਤੇਜ਼ੀ ਨਾਲ ਨਿਫਟੀ ਆਟੋ ਇੰਡੈਕਸ 1.4 ਫ਼ੀਸਦੀ ਉਪਰ ਬੰਦ ਹੋਇਆ। ਹਾਲਾਂਕਿ, ਕੁੱਲ ਮਿਲਾ ਕੇ ਜ਼ਿਆਦਾਤਰ ਬਾਜ਼ਾਰ ਵਿਚ ਵਿਕਵਾਲੀ ਹੀ ਹਾਵੀ ਰਹੀ।
ਬੀ. ਐੱਸ. ਈ. ਮਿਡਕੈਪ ਅਤੇ ਸਮਾਲਕੈਪ ਲਾਲ ਨਿਸ਼ਾਨ 'ਤੇ ਸਮਾਪਤ ਹੋਏ। ਸੈਂਸੈਕਸ ਦੇ 30 ਪ੍ਰਮੁੱਖ ਸ਼ੇਅਰਾਂ ਵਿਚੋਂ 24 ਗਿਰਾਵਟ ਵਿਚ ਬੰਦ ਹੋਏ। ਇਸ ਵਿਚ ਸਿਰਫ ਬਜਾਜ ਆਟੋ, ਹਿੰਦੋਸਤਾਨ ਯੂਨੀਲੀਵਰ, ਅਲਟ੍ਰਾਟੈਕ ਸੀਮੈਂਟ, ਟੀ. ਸੀ. ਐੱਸ., ਬਜਾਜ ਫਿਨਸਰਵ, ਇੰਫੋਸਿਸ ਹਰੇ ਨਿਸ਼ਾਨ 'ਤੇ ਬੰਦ ਹੋਏ।
ਵਿਦੇਸ਼ਾਂ ਤੋਂ ਮਿਲੇ ਨਕਾਰਾਤਮਕ ਸੰਕੇਤਾਂ ਕਾਰਨ ਨਿਵੇਸ਼ਕਾਂ ਦੀ ਧਾਰਨਾ ਕਮਜ਼ੋਰ ਰਹੀ। ਏਸ਼ੀਆਈ ਬਾਜ਼ਾਰਾਂ ਵਿਚ ਹਾਂਗਕਾਂਗ ਦਾ ਹੈਂਗ ਸੈਂਗ 1.60 ਫ਼ੀਸਦੀ, ਦੱਖਣੀ ਕੋਰੀਆ ਦਾ ਕੋਸਪੀ 0.4 ਫ਼ੀਸਦੀ, ਜਾਪਾਨ ਦਾ ਨਿੱਕੇਈ 0.44 ਫ਼ੀਸਦੀ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.40 ਫ਼ੀਸਦੀ ਟੁੱਟਾ।