ਦਿੱਲੀ ਤੋਂ ਢਾਕਾ ਲਈ ਉਡਾਣ ਸ਼ੁਰੂ ਕਰੇਗੀ ਬਿਮਾਨ ਬੰਗਲਾਦੇਸ਼

04/30/2019 12:10:06 AM

ਨਵੀਂ ਦਿੱਲੀ-ਬੰਗਲਾਦੇਸ਼ ਦੀ ਨਿੱਜੀ ਜਹਾਜ਼ ਸੇਵਾ ਕੰਪਨੀ ਬਿਮਾਨ ਬੰਗਲਾਦੇਸ਼ ਏਅਰਲਾਈਨਜ਼ 13 ਮਈ ਤੋਂ ਦਿੱਲੀ ਤੇ ਢਾਕਾ ਵਿਚਾਲੇ ਸਿੱਧੀਆਂ ਉਡਾਣਾਂ ਦੁਬਾਰਾ ਸ਼ੁਰੂ ਕਰੇਗੀ। ਭਾਰਤ ਦੀ ਨਿੱਜੀ ਜਹਾਜ਼ ਸੇਵਾ ਕੰਪਨੀ ਜੈੱਟ ਏਅਰਵੇਜ਼ ਦੇ ਵਿੱਤੀ ਸੰਕਟ ਕਾਰਨ ਸੇਵਾਵਾਂ ਬੰਦ ਕਰਨ ਦੀ ਵਜ੍ਹਾ ਨਾਲ ਦੋਵਾਂ ਦੇਸ਼ਾਂ ਦੀਆਂ ਰਾਜਧਾਨੀਆਂ ਦਰਮਿਆਨ ਕੋਈ ਸਿੱਧੀ ਉਡਾਣ ਨਹੀਂ ਰਹਿ ਗਈ ਸੀ। 5 ਸਾਲ ਪਹਿਲਾਂ ਇਸ ਰਸਤੇ 'ਤੇ ਸੇਵਾ ਬੰਦ ਕਰ ਚੁੱਕੀ ਬਿਮਾਨ ਬੰਗਲਾਦੇਸ਼ ਨੇ ਦੱਸਿਆ ਕਿ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਸ਼ੁਰੂ 'ਚ ਇਹ ਉਡਾਣ ਹਫ਼ਤੇ 'ਚ 3 ਦਿਨ ਸੋਮਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਹੋਵੇਗੀ। ਉਡਾਣ ਨੰਬਰ ਬੀ ਜੀ-098 ਭਾਰਤੀ ਸਮੇਂ ਅਨੁਸਾਰ ਸ਼ਾਮ 6.20 ਵਜੇ ਦਿੱਲੀ ਤੋਂ ਰਵਾਨਾ ਹੋ ਕੇ ਸਥਾਨਕ ਸਮੇਂ ਅਨੁਸਾਰ ਰਾਤ 9.20 ਵਜੇ ਢਾਕਾ ਪੁੱਜੇਗੀ। ਵਾਪਸੀ ਦੀ ਉਡਾਣ ਅਗਲੇ ਦਿਨ ਸਥਾਨਕ ਸਮੇਂ ਅਨੁਸਾਰ ਬਾਅਦ ਦੁਪਹਿਰ 3 ਵਜੇ ਢਾਕਾ ਤੋਂ ਰਵਾਨਾ ਹੋਵੇਗੀ। ਇਸ ਰਸਤੇ 'ਤੇ ਏਅਰਲਾਈਨ ਬੋਇੰਗ 737-800 ਜਹਾਜ਼ ਦਾ ਸੰਚਾਲਨ ਕਰੇਗੀ, ਜਿਸ 'ਚ ਬਿਜ਼ਨੈੱਸ ਸ਼੍ਰੇਣੀ 'ਚ 12 ਤੇ ਇਕਾਨਮੀ ਸ਼੍ਰੇਣੀ 'ਚ 150 ਸੀਟਾਂ ਹੋਣਗੀਆਂ। ਕੰਪਨੀ ਨੇ ਦੱਸਿਆ ਕਿ ਸ਼ੁਰੂ 'ਚ ਯਾਤਰੀਆਂ ਨੂੰ ਆਧਾਰ ਕਿਰਾਏ 'ਚ 15 ਫ਼ੀਸਦੀ ਦੀ ਛੋਟ ਦੀ ਆਫਰ ਦਿੱਤੀ ਜਾਵੇਗੀ। ਇਹ ਆਫਰ 30 ਮਈ ਤੱਕ ਹੋਵੇਗੀ।


Karan Kumar

Content Editor

Related News