ਐਕਸਿਸ ਬੈਂਕ ਦੋ ਸਾਲਾਂ ਵਿਚ ਕਰੇਗਾ 30,000 ਭਰਤੀਆਂ

01/10/2020 3:10:55 PM

ਨਵੀਂ ਦਿੱਲੀ — ਐਕਸਿਸ ਬੈਂਕ ਅਗਲੇ 2 ਸਾਲ ਵਿਚ 30 ਹਜ਼ਾਰ ਕਰਮਚਾਰੀਆਂ ਦੀ ਭਰਤੀ ਕਰੇਗਾ। ਵਿੱਤੀ ਸਾਲ 2020 ਦੇ ਦਸੰਬਰ ਤੱਕ ਬੈਂਕ ਨੇ ਕੁੱਲ 28 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ 2019 ਦੇ ਦਸੰਬਰ ਤੱਕ ਬੈਂਕ ਨੇ 14500 ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਿਆ ਸੀ। ਵਿੱਤੀ ਸਾਲ 2020 ਦੇ ਦਸੰਬਰ ਮਹੀਨੇ ਤੱਕ ਬੈਂਕ ਨੇ 12800 ਸ਼ੁੱਧ ਭਰਤੀਆਂ ਕੀਤੀਆਂ ਹਨ ਜਦੋਂਕਿ ਵਿੱਤੀ ਸਾਲ 2019 'ਚ ਬੈਂਕ ਨੇ 3,000 ਸ਼ੁੱਧ ਭਰਤੀਆਂ ਕੀਤੀਆਂ ਸਨ। ਵਿੱਤੀ ਸਾਲ 2020 ਦੀ ਆਖਰੀ ਤਿਮਾਹੀ 'ਚ 4,000 ਕਰਮਚਾਰੀਆਂ ਦੀ ਹੋਰ ਭਰਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਕਰਮਚਾਰੀਆਂ  ਨੂੰ ਅਰਧ ਸ਼ਹਿਰੀ ਅਤੇ ਦਰਜੇ 2/3 ਸ਼ਹਿਰਾਂ ਅਤੇ ਦਿਹਾਤੀ ਖੇਤਰਾਂ ਵਿਚੋਂ ਹਾਇਰ ਕੀਤਾ ਜਾ ਰਿਹਾ ਹੈ।

ਬੈਂਕ ਖੋਲ੍ਹਣ ਜਾ ਰਿਹਾ ਹੈ 550 ਨਵੀਂਆਂ ਸ਼ਾਖਾਵਾਂ

ਇਕ ਅਖਬਾਰ ਦੀ ਖਬਰ ਮੁਤਾਬਕ ਐਕਸਿਸ ਬੈਂਕ ਨੇ ਇਕ ਹੋਰ ਯੂਨਿਟ ਦੀ ਸ਼ੁਰੂਆਤ ਕੀਤੀ ਹੈ ਜਿਹੜਾ ਕਿ ਸਾਰੇ ਬੈਂਕਿੰਗ ਆਪਰੇਸ਼ਨਸ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਬਿਗ ਡਾਟਾ ਅਤੇ ਰੋਬੋਟਿਕ ਪ੍ਰੋਸੈੱਸ ਆਟੋਮੇਸ਼ਨ ਦੇ ਜ਼ਰੀਏ ਇੰਟੈਲੀਜੈਂਸ ਆਟੋਮੇਸ਼ਨ 'ਤੇ ਕੰਮ ਕਰ ਰਹੀ ਹੈ। ਬੈਂਕ ਨੇ ਇਸ ਯੂਨਿਟ ਵਿਚ 800 ਲੋਕ ਤਾਇਨਾਤ ਕੀਤੇ ਹਨ। ਬੈਂਕ ਮੌਜੂਦਾ ਨਵੇਂ ਸਾਲ 'ਚ 550 ਨਵੀਂਆਂ ਸ਼ਾਖਾਵਾਂ ਖੋਲ੍ਹਣ 'ਤੇ ਕੰਮ ਕਰ ਰਿਹਾ ਹੈ। ਚਾਲੂ ਵਿੱਤੀ ਸਾਲ 'ਚ ਬੈਂਕ ਨੇ 400 ਨਵੀਂਆਂ ਸ਼ਾਖਾਵਾਂ ਖੋਲੀਆਂ ਹਨ।

ਪਿਛਲੇ 9 ਮਹੀਨਿਆਂ 'ਚ ਬੈਂਕ 'ਚੋਂ ਹਜ਼ਾਰਾਂ ਲੋਕਾਂ ਨੇ ਦਿੱਤਾ ਅਸਤੀਫਾ

ਮੌਜੂਦਾ ਸਮੇਂ 'ਚ ਬੈਂਕ ਕੋਲ ਕੁੱਲ 75000 ਕਰਮਚਾਰੀ ਹਨ ਵਿੱਤੀ ਸਾਲ 2019 'ਚ ਇਨ੍ਹਾਂ ਦੀ ਸੰਖਿਆ 60,000 ਸੀ। ਹਾਲਾਂਕਿ ਬੈਂਕ ਦੇ ਕਰਮਚਾਰੀਆਂ  ਵਲੋਂ ਨੌਕਰੀ ਛੱਡੇ ਜਾਣ ਦੀ ਸੰਖਿਆ ਵਿਚ ਦੋ ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਪਿਛਲੇ 9 ਮਹੀਨਿਆਂ ਵਿਚ ਬੈਂਕ ਦੇ 15000 ਕਰਮਚਾਰੀਆਂ ਨੇ ਅਸਤੀਫਾ ਦਿੱਤਾ ਹੈ। ਬੈਂਕ ਇਸ ਨੂੰ ਅਰਲੀ ਮੋਰਾਲਿਟੀ ਕਹਿੰਦਾ ਹੈ। ਯਾਨੀ ਕਿ ਬੈਂਕ ਮੁਤਾਬਕ ਇਹ ਉਹ ਲੋਕ ਹਨ ਜਿਹੜੇ ਵੱਖ-ਵੱਖ ਕਾਰਨਾਂ ਕਰਕੇ ਸ਼ੁਰੂਆਤੀ 6 ਮਹੀਨਿਆਂ ਵਿਚ ਹੀ ਨੌਕਰੀ ਛੱਡ ਦਿੰਦੇ ਹਨ। ਬੈਂਕ ਦਾ ਕਹਿਣਾ ਹੈ ਕਿ ਮੁੱਖ ਰੂਪ ਨਾਲ ਸਿਰਫ ਅਸਿਸਟੈਂਟ ਮੈਨੇਜਰ, ਮੈਨੇਜਰ, ਜੂਨੀਅਰ ਲੈਵਲ ਦੇ ਕਰਮਚਾਰੀ ਅਤੇ ਆਫਿਸਰ ਪੱਧਰ ਦੇ ਲੋਕ ਨੌਕਰੀ ਛੱਡ ਕੇ ਜਾ ਰਹੇ ਹਨ।


Related News