ਆਟੋ ਕੰਪਨੀ ਘਟਾਏਗੀ 70 ਹਜ਼ਾਰ ਕਰਮਚਾਰੀਆਂ ਦੀ ਤਨਖਾਹ, 20 ਹਜ਼ਾਰ ਦੀ ਹੋ ਸਕਦੀ ਹੈ ਛਾਂਟੀ

Sunday, Oct 07, 2018 - 11:44 AM (IST)

ਨਵੀਂ ਦਿੱਲੀ — ਮਸ਼ਹੂਰ ਆਟੋ ਕੰਪਨੀ ਫੋਰਡ ਮੋਟਰ ਨੇ ਕਿਹਾ ਹੈ ਕਿ ਉਹ ਦੁਨੀਆ ਭਰ 'ਚ ਫੈਲੇ ਆਪਣੇ 70,000 ਕਰਮਚਾਰੀਆਂ ਦੀ ਤਨਖਾਹ ਵਿਚ ਕਟੌਤੀ ਕਰੇਗੀ। ਕੰਪਨੀ ਘਾਟੇ 'ਚ ਉਭਰਨ ਅਤੇ ਮੁਕਾਬਲੇ 'ਚ ਬਣੇ ਰਹਿਣ ਲਈ 11 ਅਰਬ ਡਾਲਰ ਦੇ ਪੁਨਰਗਠਨ ਯੋਜਨਾ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਯਾਨੀ ਉਹ ਵੱਖ-ਵੱਖ ਤਰੀਕਿਆਂ ਨਾਲ ਖਰਚ 'ਚ ਕੁੱਲ ਇੰਨੀ ਕਟੌਤੀ ਕਰੇਗੀ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਕੰਪਨੀ ਕਿੰਨੀ ਕਟੌਤੀ ਕਰੇਗੀ।

ਕਰਮਚਾਰੀਆਂ ਦੀ ਛਾਂਟੀ

ਮਾਰਗੇਨ ਸਟੇਨਲੇ ਅਨੁਸਾਰ ਕਰਮਚਾਰੀਆਂ ਦੀ ਤਨਖਾਹ 'ਚ ਕਟੌਤੀ ਦੇ ਨਾਲ-ਨਾਲ ਕੰਪਨੀ ਆਪਣੇ ਦੁਨੀਆ ਭਰ 'ਚ ਕੰਮ ਕਰ ਰਹੇ ਕਰੀਬ 2 ਲੱਖ ਕਰਮਚਾਰੀਆਂ ਵਿਚੋਂ 20,000 ਦੀ ਛਾਂਟੀ ਕਰ ਸਕਦੀ ਹੈ। ਸਮਾਚਾਰ ਏਜੰਸੀ ਬਲੂਮਬਰਗ ਮੁਤਾਬਕ ਕੰਪਨੀ ਦੇ ਬੁਲਾਰੇ ਨੇ ਕਿਹਾ,' ਅਸੀਂ ਆਪਣੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਅਸੀਂ ਆਪਣੇ ਗਲੋਬਲ ਸੈਲਰੀ ਵਰਕਰ ਸੰਗਠਨ ਦੇ ਪੁਨਰਗਠਨ ਦੇ ਸ਼ੁਰੂਆਤੀ ਪੜਾਅ ਵਿਚ ਹਾਂ।' ਉਨ੍ਹਾਂ ਨੇ ਕਿਹਾ ਕਿ ਕੰਪਨੀ ਤਨਖਾਹ 'ਚ ਕਟੌਤੀ ਕਰੇਗੀ ਪਰ ਅਜੇ ਤੱਕ ਟੀਚਾ ਤੈਅ ਨਹੀਂ ਕੀਤਾ ਗਿਆ ਹੈ।

ਮੁਨਾਫੇ 'ਚ ਕਟੌਤੀ ਦਾ ਅੰਦਾਜ਼ਾ

ਫੋਰਡ ਨੇ ਦੂਜੀ ਤਿਮਾਹੀ ਦੀ ਆਮਦਨ ਘਟਣ ਤੋਂ ਬਾਅਦ ਜੁਲਾਈ 'ਚ ਆਪਣੇ ਮੁਨਾਫੇ ਦੇ ਪੂਰਵ ਅਨੁਮਾਨ ਵਿਚ ਕਟੌਤੀ ਕੀਤੀ ਸੀ। ਇਸ ਸਾਲ  ਕੰਪਨੀ ਦੇ ਸ਼ੇਅਰ 23 ਫੀਸਦੀ ਡਿੱਗ ਚੁੱਕੇ ਹਨ ਅਤੇ ਨਿਵੇਸ਼ਕ ਸ਼ੇਅਰ ਵੇਚ ਰਹੇ ਹਨ। ਦੂਜੇ ਪਾਸੇ ਕੰਪਨੀ ਨੂੰ ਫਿਏਟ, ਜਨਰਲ ਮੋਟਰਜ਼ ਅਤੇ ਟੋਇਟਾ ਮੋਟਰਜ਼ ਤੋਂ ਸਖਤ ਮੁਕਾਬਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Related News