GST 'ਚ ਸ਼ਾਮਲ ਹੋ ਸਕਦੈ ATF, ਹਵਾਈ ਸਫਰ ਹੋਵੇਗਾ ਸਸਤਾ

05/27/2019 4:01:35 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ 30 ਮਈ ਨੂੰ ਬਣਨ ਜਾ ਰਹੀ ਹੈ। ਇਸ ਦੇ ਨਾਲ ਹੀ ਹਵਾਈ ਮੁਸਾਫਰਾਂ ਨੂੰ ਵੀ ਵੱਡੀ ਰਾਹਤ ਮਿਲਣ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਵਸਤੂ ਤੇ ਸੇਵਾਵਾਂ ਟੈਕਸ (ਜੀ. ਐੱਸ. ਟੀ.) 'ਚ ਘੱਟੋ-ਘੱਟ ਦੋ ਪੈਟਰੋਲੀਅਮ ਪ੍ਰਾਡਕਟਸ ਹਵਾਈ ਜਹਾਜ਼ ਈਂਧਣ ਤੇ ਕੁਦਰਤੀ ਗੈਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। 
 

 

 

ਸੂਤਰਾਂ ਮੁਤਾਬਕ, ਵਿੱਤ ਮੰਤਰਾਲਾ ਨੇ ਹੋਰ ਪੈਟਰੋਲੀਅਮ ਪ੍ਰਾਡਕਟਸ 'ਤੇ ਆਮ ਸਹਿਮਤੀ ਬਣਾਉਣ ਤੋਂ ਪਹਿਲਾਂ ਕੁਦਰਤੀ ਗੈਸ ਤੇ ਹਵਾਬਾਜ਼ੀ ਟਰਬਾਈਨ ਫਿਊਲ (ਏ. ਟੀ. ਐੱਫ.) ਨੂੰ ਗੁੱਡਜ਼ ਤੇ ਸਰਵਿਸ ਟੈਕਸ 'ਚ ਸ਼ਾਮਲ ਕਰਨ ਦੇ ਪ੍ਰਸਤਾਵ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਜੀ. ਐੱਸ. ਟੀ. ਪ੍ਰੀਸ਼ਦ ਦੀ ਅਗਲੀ ਬੈਠਕ 'ਚ ਇਸ 'ਤੇ ਚਰਚਾ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਾਰਜਕਾਲ 'ਚ ਸਰਕਾਰ ਨੇ ਜੀ. ਐੱਸ. ਟੀ. ਵਿਵਸਥਾ ਲਾਗੂ ਕਰਨ ਸਮੇਂ ਪੰਜ ਪੈਟਰੋਲੀਅਮ ਪ੍ਰਾਡਕਟਸ- ਕੱਚਾ ਤੇਲ, ਪੈਟਰੋਲ, ਡੀਜ਼ਲ, ਏ. ਟੀ. ਐੱਫ. ਅਤੇ ਕੁਦਰਤੀ ਗੈਸ ਨੂੰ ਇਸ 'ਚ ਸ਼ਾਮਲ ਨਹੀਂ ਕੀਤਾ ਸੀ।
ਮਾਹਰਾਂ ਦਾ ਕਹਿਣਾ ਹੈ ਕਿ ਏ. ਟੀ. ਐੱਫ. 'ਤੇ ਬਿਨਾਂ ਕੋਈ ਵਾਧੂ ਸਰਚਾਰਜ ਲਗਾਏ ਜੇਕਰ ਇਸ ਨੂੰ 18 ਫੀਸਦੀ ਦੀ ਦਰ 'ਚ ਰੱਖਿਆ ਜਾਂਦਾ ਹੈ ਤੇ ਇਸ ਦੀ ਕੀਮਤ 'ਚ ਕਮੀ ਆਵੇਗੀ। ਈਂਧਣ ਸਸਤਾ ਹੋਣ ਨਾਲ ਹਵਾਈ ਟਿਕਟਾਂ ਦੀ ਕੀਮਤ ਵੀ ਘੱਟ ਹੋਵੇਗੀ। ਜ਼ਿਕਰਯੋਗ ਹੈ ਕਿ ਹਵਾਈ ਜਹਾਜ਼ ਦੀ ਓਪਰੇਟਿੰਗ ਲਾਗਤ 'ਚ ਲਗਭਗ 30-40 ਫੀਸਦੀ ਹਿੱਸਾ ਸਿਰਫ ਹਵਾਈ ਈਂਧਣ ਦੇ ਖਰਚ ਦਾ ਹੁੰਦਾ ਹੈ।


Related News