ਸੇਬ ਕਰ ਸਕਦੈ ਬੀਮਾਰ! ਦਰਾਮਦ ''ਤੇ ਲੱਗੀ ਰੋਕ, ਜਾਣੋ ਕਾਰਨ

Saturday, Jul 15, 2017 - 02:47 PM (IST)

ਨਵੀਂ ਦਿੱਲੀ— ਕੇਂਦਰ ਸਰਕਾਰ ਨੇ 6 ਦੇਸ਼ਾਂ ਦੇ ਸੇਬ ਭਾਰਤ 'ਚ ਦਰਾਮਦ (ਇੰਪੋਰਟ) ਕਰਨ 'ਤੇ ਰੋਕ ਲਾ ਦਿੱਤੀ ਹੈ। ਹੁਣ ਇਨ੍ਹਾਂ ਦੇਸ਼ਾਂ ਤੋਂ ਸੇਬ ਉਦੋਂ ਭਾਰਤ ਆ ਸਕਣਗੇ ਜਦੋਂ ਉਹ ਪੂਰੀ ਤਰ੍ਹਾਂ ਨਾਲ ਰੋਗ ਮੁਕਤ ਹੋਣਗੇ। ਖੇਤੀਬਾੜੀ ਮੰਤਰਾਲੇ ਨੇ ਇਸ ਲਈ ਨਵੀਂ ਅਧਿਸੂਚਨਾ ਜਾਰੀ ਕਰ ਦਿੱਤੀ ਹੈ। ਇਸ ਤਹਿਤ ਪੁਰਤਗਾਲ, ਯੂਕਰੇਨ, ਗ੍ਰੀਸ, ਜਰਮਨੀ, ਚੈੱਕ ਰੀਪਬਲਿਕ ਅਤੇ ਆਸਟ੍ਰੀਆ ਤੋਂ ਸੇਬ ਭਾਰਤ ਤਾਂ ਹੀ ਆਵੇਗਾ, ਜਦੋਂ ਇਹ ਦੇਸ਼ ਪ੍ਰਮਾਣ ਪੱਤਰ ਦੇਣਗੇ ਕਿ ਉਨ੍ਹਾਂ ਦੇ ਸੇਬ 'ਚ ਕੋਈ ਬੀਮਾਰੀ ਨਹੀਂ ਹੈ। 
ਹਾਲਾਂਕਿ ਚੀਨ ਅਤੇ ਅਮਰੀਕਾ ਤੋਂ ਸੇਬ ਦਰਾਮਦ ਕਰਨ 'ਤੇ ਕੋਈ ਰੋਕ ਨਹੀਂ ਨਜ਼ਰ ਆ ਰਹੀ ਹੈ। ਕੇਂਦਰ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲੇ ਦੇ ਸੰਯੁਕਤ ਸਕੱਤਰ ਅਸ਼ਵਨੀ ਕੁਮਾਰ ਵੱਲੋਂ ਜਾਰੀ ਅਧਿਸੂਚਨਾ ਮੁਤਾਬਕ ਆਸਟ੍ਰੀਆ, ਚੈੱਕ ਰੀਪਬਲਿਕ, ਜਰਮਨੀ, ਗ੍ਰੀਸ, ਪੁਰਤਗਾਲ ਅਤੇ ਯੂਕਰੇਨ ਦੇ ਸੇਬ ਨੂੰ ਘੱਟੋ-ਘੱਟ ਦੋ-ਦਰਜਨ ਬੀਮਾਰੀਆਂ ਸਨ। ਹੁਣ ਇਹ ਸੇਬ ਰੋਗ ਮੁਕਤ ਹੋਣ ਦੀ ਸਥਿਤੀ 'ਚ ਹੀ ਦਰਾਮਦ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ ਪੁਰਤਗਾਲ ਨੂੰ ਸੇਬ ਦੇ ਇਲਾਵਾ ਨਾਸ਼ਪਤੀ ਦੇ 16 ਰੋਗਾਂ ਦਾ ਇਲਾਜ ਵੀ ਕਰਨਾ ਹੋਵੇਗਾ। ਇਸ ਦਾ ਪ੍ਰਮਾਣ ਪੱਤਰ ਦੇਣ ਦੇ ਬਾਅਦ ਹੀ ਵਿਦੇਸ਼ਾਂ ਤੋਂ ਭਾਰਤ ਲਈ ਸੇਬ ਦਰਾਮਦ ਕੀਤਾ ਜਾ ਸਕੇਗਾ। ਉੱਥੇ ਹੀ, ਵਿਦੇਸ਼ੀ ਸੇਬਾਂ 'ਤੇ ਰੋਕ ਲਗਾਏ ਜਾਣ ਨਾਲ ਭਾਰਤ ਦੇ ਸੇਬ ਉਤਪਾਦਕਾਂ ਨੂੰ ਲਾਭ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤ ਲਈ 40 ਤੋਂ ਜ਼ਿਆਦਾ ਦੇਸ਼ਾਂ ਤੋਂ ਸੇਬ ਦੀ ਦਰਾਮਦ ਹੁੰਦੀ ਹੈ। ਸਭ ਤੋਂ ਜ਼ਿਆਦਾ ਸੇਬ ਅਮਰੀਕਾ ਅਤੇ ਚੀਨ ਤੋਂ ਦਰਾਮਦ ਕੀਤਾ ਜਾਂਦਾ ਹੈ।


Related News