ਕੋਵਿਡ-19 ਟੀਕਾ ਲਵਾ ਰਹੇ ਲੋਕਾਂ ਲਈ ਵਿਦੇਸ਼ ਜਾਣਾ-ਆਉਣਾ ਹੋ ਸਕਦੈ ਸੌਖਾ
Thursday, May 20, 2021 - 03:02 PM (IST)
ਨਵੀਂ ਦਿੱਲੀ- ਗਲੋਬਲ ਮਹਾਮਾਰੀ ਵਿਚਕਾਰ ਕੋਵਿਡ-19 ਟੀਕਾ ਲਵਾ ਰਹੇ ਲੋਕਾਂ ਲਈ ਵਿਦੇਸ਼ ਜਾਣਾ-ਆਉਣਾ ਸੌਖਾ ਹੋ ਸਕਦਾ ਹੈ। 20 ਤੋਂ ਵੱਧ ਦੇਸ਼ਾਂ ਨੇ ਟੀਕੇ ਲਵਾਉਣ ਵਾਲੇ ਯਾਤਰੀਆਂ ਲਈ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਪਾਬੰਦੀਆਂ ਹਟਾ ਦਿੱਤੀਆਂ ਹਨ। ਹਾਲ ਹੀ ਵਿਚ ਜਰਮਨੀ ਨੇ ਟੀਕਾਕਰਨ ਵਾਲੇ ਯਾਤਰੀਆਂ ਲਈ ਇਕਾਂਤਵਾਸ ਹੋਣ ਦਾ ਨਿਯਮ ਖ਼ਤਮ ਕਰ ਦਿੱਤਾ ਹੈ। ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈ. ਏ. ਏ. ਟੀ.) ਨੇ ਇਸ ਤਰ੍ਹਾਂ ਦੇ ਫ਼ੈਸਲੇ ਲੈਣ ਵਾਲੇ ਦੇਸ਼ਾਂ ਦੀ ਵੱਧ ਰਹੀ ਗਿਣਤੀ ਦੀ ਸ਼ਲਾਘਾ ਕੀਤੀ ਹੈ।
ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਿਨ੍ਹਾਂ ਮਾਮਲਿਆਂ ਵਿਚ ਟੀਕਾਕਰਨ ਸੰਭਵ ਨਹੀਂ ਹੈ, ਉਨ੍ਹਾਂ ਲਈ ਵੀ ਕੋਵਿਡ ਟੈਸਟਿੰਗ ਦੇ ਆਧਾਰ 'ਤੇ ਇਕਾਂਤਵਾਸ ਮੁਕਤ ਯਾਤਰਾ ਦੀ ਰਾਹਤ ਦਿੱਤੀ ਜਾਣੀ ਚਾਹੀਦੀ ਹੈ। ਗੌਰਤਲਬ ਹੈ ਕਿ ਯਾਤਰਾ ਪਾਬੰਦੀਆਂ ਕਾਰਨ ਹਵਾਬਾਜ਼ੀ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਆਈ. ਏ. ਏ. ਟੀ. ਵਿਸ਼ਵ ਭਰ ਦੀਆਂ ਏਅਰਲਾਈਨਾਂ ਦਾ ਵਪਾਰਕ ਸੰਗਠਨ ਹੈ।
ਜਰਮਨੀ ਵਿਚ ਹੁਣ ਟੀਕਾਕਰਨ ਵਾਲੇ ਯਾਤਰੀਆਂ ਲਈ ਇਕਾਂਤਵਾਸ ਜ਼ਰੂਰੀ ਨਹੀਂ ਹੈ, ਹਾਲਾਂਕਿ ਕੋਵਿਡ-19 ਦੇ ਉੱਚ ਜੋਖਮ ਵਾਲੇ ਕੁਝ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਇਹ ਲਾਜ਼ਮੀ ਹੈ। ਆਈ. ਏ. ਏ. ਟੀ. ਦੇ ਡਾਇਰੈਕਟਰ ਜਨਰਲ ਵਿਲੀ ਵਾਲਸ਼ ਮੁਤਾਬਕ, ਵਿਗਿਆਨਕ ਸਬੂਤਾਂ ਤੇ ਡਾਟਾ ਦੇ ਆਧਾਰ 'ਤੇ ਕੌਮਾਂਤਰੀ ਸਰਹੱਦਾਂ ਨੂੰ ਸੁਰੱਖਿਅਤ ਖੋਲ੍ਹਣ ਦਾ ਫ਼ੈਸਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਨਾ ਸਿਰਫ ਲੋਕਾਂ ਦੀ ਰੱਖਿਆ ਕਰ ਰਿਹਾ ਹੈ ਸਗੋਂ ਕੋਵਿਡ-19 ਦੇ ਜੋਖ਼ਮ ਨੂੰ ਵੀ ਘਟਾ ਰਿਹਾ ਹੈ। ਇਹ ਸਾਨੂੰ ਇਕ ਅਜਿਹੀ ਦੁਨੀਆਂ ਦੇ ਨੇੜੇ ਲਿਆ ਰਿਹਾ ਹੈ ਜੋ ਟੀਕਾਕਰਨ ਤੇ ਟੈਸਟਿੰਗ ਨਾਲ ਇਕਾਂਤਵਾਸ ਹੋਣ ਤੋਂ ਬਿਨਾਂ ਯਾਤਰਾ ਕਰਨ ਦੀ ਸੁਤੰਤਰਤਾ ਨੂੰ ਸਮਰੱਥ ਬਣਾ ਸਕਦਾ ਹੈ।