ਭਾਰਤ ’ਚ ਕ੍ਰਿਪਟੋ ਨਿਵੇਸ਼ਕਾਂ ਦੇ ਭਵਿੱਖ ਲਈ ਸੰਸਦ ’ਚ ਆਉਣ ਵਾਲੇ ਕਾਨੂੰਨ ’ਤੇ ਸਭ ਦੀਆਂ ਨਜ਼ਰਾਂ

Sunday, Nov 28, 2021 - 10:10 AM (IST)

ਭਾਰਤ ’ਚ ਕ੍ਰਿਪਟੋ ਨਿਵੇਸ਼ਕਾਂ ਦੇ ਭਵਿੱਖ ਲਈ ਸੰਸਦ ’ਚ ਆਉਣ ਵਾਲੇ ਕਾਨੂੰਨ ’ਤੇ ਸਭ ਦੀਆਂ ਨਜ਼ਰਾਂ

ਜਲੰਧਰ (ਵਿਸ਼ੇਸ਼) - ਕ੍ਰਿਪਟੋ ਕਰੰਸੀ ਨੂੰ ਲੈ ਕੇ ਮੋਦੀ ਸਰਕਾਰ ਵੱਲੋਂ ਸੰਸਦ ਦੇ ਆਉਣ ਵਾਲੇ ਸੈਸ਼ਨ ’ਚ ਲਿਆਂਦੇ ਜਾ ਰਹੇ ਕਾਨੂੰਨ ਤੋਂ ਪਹਿਲਾਂ ਕ੍ਰਿਪਟੋ ਕਰੰਸੀ ਦੇ ਨਿਵੇਸ਼ਕ ਕਨਫਿਊਜ਼ ਹਨ। ਇਸ ਕਾਨੂੰਨ ਦਾ ਡ੍ਰਾਫਟ ਅਜੇ ਸਾਹਮਣੇ ਨਹੀਂ ਆਇਆ ਹੈ ਅਤੇ ਇਸ ’ਤੇ ਸਥਿਤੀ ਸਪੱਸ਼ਟ ਨਹੀਂ ਹੋ ਰਹੀ ਕਿ ਅਖੀਰ ਕੀ ਸਰਕਾਰ ਇਸ ’ਤੇ ਰੋਕ ਲਾਏਗੀ ਜਾਂ ਫਿਰ ਇਸ ਨੂੰ ਰੈਗੂਲੇਟ ਕਰਨ ਲਈ ਮਸੌਦਾ ਪੇਸ਼ ਕਰੇਗੀ।

ਲਿਹਾਜ਼ਾ ਗਲੋਬਲ ਬਾਜ਼ਾਰ ਦੇ ਮੁਕਾਬਲੇ ਭਾਰਤ ’ਚ ਕ੍ਰਿਪਟੋ ਕਰੰਸੀ ਦੀਆਂ ਕੀਮਤਾਂ ’ਚ ਜ਼ਿਆਦਾ ਗਿਰਾਵਟ ਵੇਖੀ ਜਾ ਰਹੀ ਹੈ। ਭਾਰਤ ’ਚ ਕ੍ਰਿਪਟੋ ਦੇ ਨਿਵੇਸ਼ਕਾਂ ਦਾ ਕੋਈ ਅਧਿਕਾਰਿਕ ਡਾਟਾ ਮੌਜੂਦ ਨਹੀਂ ਹੈ ਪਰ ਇੰਡਸਟਰੀ ਨਾਲ ਜੁਡ਼ੇ ਲੋਕਾਂ ਦਾ ਮੰਨਣਾ ਹੈ ਕਿ ਦੇਸ਼ ’ਚ ਕ੍ਰਿਪਟੋ ਨਿਵੇਸ਼ਕਾਂ ਦੀ ਗਿਣਤੀ ਡੇਢ ਤੋਂ 2 ਕਰੋਡ਼ ਦੇ ਦਰਮਿਆਨ ਹੈ ਅਤੇ ਇਨ੍ਹਾਂ ਨਿਵੇਸ਼ਕਾਂ ਨੇ 400 ਖਰਬ ਰੁਪਏ ਤੋਂ ਜ਼ਿਆਦਾ ਰਕਮ ਦਾ ਨਿਵੇਸ਼ ਕ੍ਰਿਪਟੋ ਬਾਜ਼ਾਰ ’ਚ ਕੀਤਾ ਹੋਇਆ ਹੈ। ਲਿਹਾਜ਼ਾ ਇਨ੍ਹਾਂ 2 ਕਰੋਡ਼ ਕ੍ਰਿਪਟੋ ਨਿਵੇਸ਼ਕਾਂ ਦੀਆਂ ਨਜ਼ਰਾਂ ਹੁਣ ਸੰਸਦ ’ਚ ਆਉਣ ਵਾਲੇ ਕਾਨੂੰਨ ’ਤੇ ਟਿਕੀਆਂ ਹਨ ਅਤੇ ਇਸ ਕਾਨੂੰਨ ਦਾ ਡ੍ਰਾਫਟ ਸਾਹਮਣੇ ਆਉਣ ’ਤੇ ਹੀ ਇਸ ਦੇ ਨਿਵੇਸ਼ਕਾਂ ਅਤੇ ਇਨ੍ਹਾਂ ਨਿਵੇਸ਼ਕਾਂ ਵੱਲੋਂ ਕ੍ਰਿਪਟੋ ਬਾਜ਼ਾਰ ’ਚ ਨਿਵੇਸ਼ ਕੀਤੀ ਗਈ ਰਕਮ ਦਾ ਭਵਿੱਖ ਤੈਅ ਹੋਵੇਗਾ। ਲਿਹਾਜ਼ਾ ਸਭ ਦੀਆਂ ਨਜ਼ਰਾਂ ਹੁਣ ਇਸ ਦੇ ਡ੍ਰਾਫਟ ’ਤੇ ਟਿਕੀਆਂ ਹੋਈਆਂ ਹਨ।

ਆਰ. ਬੀ. ਆਈ. ਨੂੰ ਆਪਣੀ ਕਮਾਈ ’ਤੇ ਸੱਟ ਦਾ ਖ਼ਤਰਾ

ਰਿਜ਼ਰਵ ਬੈਂਕ ਦੀ ਰਿਪੋਰਟ ’ਚ ਸਾਫ਼ ਤੌਰ ’ਤੇ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਕ੍ਰਿਪਟੋ ਕਰੰਸੀਜ਼ ਬਾਰੇ ਜਾਣਕਾਰੀ ਬਹੁਤ ਘੱਟ ਹੈ ਅਤੇ ਇਨ੍ਹਾਂ ਤੋਂ ਰੁਪਏ ਦੀ ਮੌਦਰਿਕ ਪ੍ਰਭੂਸੱਤਾ, ਮੌਦਰਿਕ ਸਥਿਰਤਾ ਨੂੰ ਖ਼ਤਰਾ ਹੋ ਸਕਦਾ ਹੈ। ਕ੍ਰਿਪਟੋ ਕਰੰਸੀਜ਼ ਨਾਲ ਪੂੰਜੀ ਅਤੇ ਨਿਵੇਸ਼ ਦੇਸ਼ ਤੋਂ ਬਾਹਰ ਚਲਾ ਜਾਵੇਗਾ, ਇਸ ਨਾਲ ਭਾਰਤੀ ਰੁਪਏ ’ਚ ਲੈਣ-ਦੇਣ ਘੱਟ ਹੋਵੇਗਾ ਅਤੇ ਰਿਜ਼ਰਵ ਬੈਂਕ ਦੀ ਕਮਾਈ ’ਤੇ ਸੱਟ ਪਵੇਗੀ।

ਮੰਨਿਆ ਜਾ ਰਿਹਾ ਹੈ ਕਿ ਸਰਕਾਰ ਪ੍ਰਾਈਵੇਟ ਕ੍ਰਿਪਟੋ ਕਰੰਸੀ ’ਤੇ ਸਖਤੀ ਕਰੇਗੀ, ਆਓ ਜਾਣਦੇ ਹਾਂ ਕਿ ਪ੍ਰਾਈਵੇਟ ਤੇ ਪਬਲਿਕ ਕ੍ਰਿਪਟੋ ਕਰੰਸੀ ’ਚ ਕੀ ਫਰਕ ਹੈ

ਪਬਲਿਕ ਕ੍ਰਿਪਟੋ ਕਰੰਸੀ

ਅਜਿਹੀਆਂ ਸਾਰੀਆਂ ਕ੍ਰਿਪਟੋ ਕਰੰਸੀਜ਼ ਜਿਨ੍ਹਾਂ ਦੇ ਟਰਾਂਜੈਕਸ਼ਨ ਇਕ-ਦੂਜੇ ਨਾਲ ਲਿੰਕ ਹੋਣ, ਉਨ੍ਹਾਂ ਨੂੰ ਪਬਲਿਕ ਕ੍ਰਿਪਟੋ ਕਰੰਸੀ ਕਹਿੰਦੇ ਹਨ। ਪਬਲਿਕ ਕ੍ਰਿਪਟੋ ਕਰੰਸੀ ’ਚ ਇਹ ਪਤਾ ਕੀਤਾ ਜਾ ਸਕਦਾ ਹੈ ਕਿ ਇਹ ਕਰੰਸੀ ਕਿਸ-ਕਿਸ ਵਿਅਕਤੀ ਦੇ ਕੋਲੋਂ ਗੁਜਰੀ ਹੈ। ਬਿਟਕੁਆਇਨ, ਇਥਰ ਜਾਂ ਟੈੱਲਰ ਤੋਂ ਲੈ ਕੇ ਸਮੁੱਚੀਆਂ ਵੱਡੀਆਂ ਕ੍ਰਿਪਟੋ ਕਰੰਸੀਜ਼ ਪਬਲਿਕ ਕ੍ਰਿਪਟੋ ਕਰੰਸੀਜ਼ ਹਨ।

ਪ੍ਰਾਈਵੇਟ ਕ੍ਰਿਪਟੋ ਕਰੰਸੀ

ਕਈ ਕ੍ਰਿਪਟੋ ਕਰੰਸੀਜ਼ ਅਜਿਹੀਆਂ ਹਨ ਜਿਨ੍ਹਾਂ ਦੇ ਲੈਣ-ਦੇਣ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਜਾਂਦੀ ਹੈ, ਇਨ੍ਹਾਂ ਨੂੰ ਪ੍ਰਾਈਵੇਟ ਕ੍ਰਿਪਟੋ ਕਰੰਸੀ ਕਹਿੰਦੇ ਹਨ। ਮੋਨੇਰੋ, ਡੈਸ਼ ਅਤੇ ਦੂਜੇ ਕ੍ਰਿਪਟੋ ਟੋਕਨ ਵੀ ਪ੍ਰਾਈਵੇਟ ਕ੍ਰਿਪ‍ਟੋਕਰੰਸੀ ’ਚ ਆਉਂਦੇ ਹਨ। ਇਨ੍ਹਾਂ ਪ੍ਰਾਈਵੇਟ ਕ੍ਰਿਪ‍ਟੋ ਕਰੰਸੀਜ਼ ’ਚ ਯੂਜਰ ਦੀ ਪ੍ਰਾਈਵੇਸੀ ਬਣੀ ਰਹਿੰਦੀ ਹੈ, ਇਸ ਨੂੰ ਪ੍ਰਾਈਵੇਟ ਟੋਕਨ ਵੀ ਕਹਿੰਦੇ ਹਨ।

ਕ੍ਰਿਪਟੋ ਨੂੰ ਕਾਨੂੰਨੀ ਦਰਜਾ ਕਿੱਥੇ?

॰ ਅਲ ਸਲਵਾਡੋਰ ’ਚ ਕ੍ਰਿਪਟੋ ਲੀਗਲ ਟੈਂਡਰ ਹੈ।

॰ ਕਿਊਬਾ ਅਤੇ ਯੂਕ੍ਰੇਨ ’ਚ ਕ੍ਰਿਪਟੋ ਲਈ ਵੱਖਰਾ ਕਾਨੂੰਨ ਹੈ।

ਇਨ੍ਹਾਂ ਦੇਸ਼ਾਂ ’ਚ ਪਾਬੰਦੀ

॰ ਚੀਨ, ਇੰਡੋਨੇਸ਼ੀਆ, ਇਜਿਪਟ, ਵਿਅਤਨਾਮ, ਰੂਸ, ਈਰਾਨ ਅਤੇ ਤੁਰਕੀ ’ਚ ਕ੍ਰਿਪਟੋ ’ਤੇ ਪਾਬੰਦੀ।

ਕ੍ਰਿਪਟੋ ਦੇ ਕੀ ਹਨ ਨੈਗੇਟਿਵ?

- ਸਰਕਾਰ ਜਾਂ ਸੈਂਟਰਲ ਬੈਂਕ ਦਾ ਕੋਈ ਕੰਟਰੋਲ ਨਹੀਂ।

- ਗਲਤ ਕੰਮਾਂ ’ਚ ਵਰਤੋਂ ਦਾ ਖਦਸ਼ਾ।

- ਫਰਾਡ ਅਤੇ ਸਕੈਮ ਦੇ ਕਈ ਮਾਮਲੇ।

- ਬਹੁਤ ਜ਼ਿਆਦਾ ਉਤਾਰ-ਚੜ੍ਹਾਅ।

- ਟਰਾਂਜੈਕਸ਼ਨ ਚਾਰਜ ਬਹੁਤ ਜ਼ਿਆਦਾ।

ਭਾਰਤ ’ਚ ਕ੍ਰਿਪਟੋ ਮਾਰਕੀਟ ਦਾ ਹਾਲ

- ਭਾਰਤ ’ਚ ਕ੍ਰਿਪਟੋ ਦੇ ਅੰਦਾਜ਼ਨ 2 ਕਰੋਡ਼ ਨਿਵੇਸ਼ਕ।

- ਕ੍ਰਿਪਟੋ ’ਚ 400 ਖਰਬ ਰੁਪਏ ਦੇ ਨਿਵੇਸ਼ ਦਾ ਅੰਦਾਜ਼ਾ।

- ਕ੍ਰਿਪਟੋ ’ਚ ਨਿਵੇਸ਼ ਕਰਨ ਵਾਲਿਆਂ ਦੀ ਔਸਤਨ ਉਮਰ 24 ਸਾਲ।

- 60 ਫ਼ੀਸਦੀ ਕ੍ਰਿਪਟੋ ਨਿਵੇਸ਼ਕ ਟਿਅਰ-II ਅਤੇ ਟਿਅਰ-III ਸ਼ਹਿਰਾਂ ਤੋਂ ਹਨ।

- ਭਾਰਤ ’ਚ ਛੋਟੇ ਐਕਸਚੇਂਜ ਤੋਂ ਇਲਾਵਾ 16 ਐਕਸਚੇਂਜ ’ਤੇ ਕ੍ਰਿਪਟੋ ਟ੍ਰੇਡਿੰਗ ਹੁੰਦੀ ਹੈ।

- 65 ਫ਼ੀਸਦੀ ਲੋਕਾਂ ਨੇ ਪਹਿਲੀ ਇਨਵੈਸਟਮੈਂਟ ਦੇ ਤੌਰ ’ਤੇ ਕ੍ਰਿਪਟੋ ’ਚ ਨਿਵੇਸ਼ ਕੀਤਾ ਹੈ।

ਸਰਕਾਰ ਕਿਉਂ ਲਿਆ ਰਹੀ ਹੈ ਰੈਗੁਲੇਸ਼ਨ?

- ਨਿਵੇਸ਼ਕਾਂ ਦੇ ਨਿਵੇਸ਼ ਦੀ ਸੁਰੱਖਿਆ ਜ਼ਰੂਰੀ।

- ਕ੍ਰਿਪਟੋ ਨਾਲ ਜੁਡ਼ੇ ਭਰਮਾਊ ਇਸ਼ਤਿਹਾਰਾਂ ’ਤੇ ਪਾਬੰਦੀ ਜ਼ਰੂਰੀ।

- ਟੈਰਰ ਫੰਡਿੰਗ, ਹਵਾਲਾ ’ਚ ਕ੍ਰਿਪਟੋ ਦੀ ਵਰਤੋਂ।

- ਕ੍ਰਿਪਟੋ ’ਤੇ ਰੋਕ ਸੰਭਵ ਨਹੀਂ ਪਰ ਰੈਗੁਲੇਸ਼ਨ ਜ਼ਰੂਰੀ : ਸਥਾਈ ਕਮੇਟੀ।

- ਪੀ. ਐੱਮ. ਮੋਦੀ ਦੀ ਸਮੁੱਚੇ ਦੇਸ਼ਾਂ ਨੂੰ ਅਪੀਲ, ਗਲਤ ਹੱਥਾਂ ’ਚ ਨਾ ਜਾਵੇ ਕ੍ਰਿਪਟੋ।

- ਆਰ. ਬੀ. ਆਈ. ਅਤੇ ਸੇਬੀ ਵੀ ਕ੍ਰਿਪਟੋ ਦੀ ਗਲਤ ਵਰਤੋਂ ਨੂੰ ਲੈ ਕੇ ਚਿੰਤਤ।

20 ਫੀਸਦੀ ਡਿਗਾ ਬਿਟਕੁਆਇਨ

ਅੰਤਰਰਾਸ਼ਟਰੀ ਬਾਜ਼ਾਰ ’ਚ ਕ੍ਰਿਪਟੋ ਕਰੰਸੀ ’ਚ ਭਾਰੀ ਗਿਰਾਵਟ ਵੇਖੀ ਜਾ ਰਹੀ ਹੈ ਅਤੇ ਬਿਟਕੁਆਇਨ ਦੀਆਂ ਕੀਮਤਾਂ ਆਪਣੇ ਸਿਖਰ ਪੱਧਰ ਤੋਂ 20 ਫ਼ੀਸਦੀ ਡਿਗ ਚੁੱਕੀਆਂ ਹਨ। ਬਿਟਕੁਆਇਨ ਨੇ 10 ਨਵੰਬਰ ਨੂੰ 68,789 ਡਾਲਰ ਦਾ ਸਿਖਰ ਪੱਧਰ ਛੂਹਿਆ ਸੀ ਪਰ ਸ਼ਨੀਵਾਰ ਨੂੰ ਇਸ ਦੀ ਕੀਮਤ ਘੱਟ ਹੋ ਕੇ 54,812 ਡਾਲਰ ਪ੍ਰਤੀ ਬਿਟਕੁਆਇਨ ਰਹਿ ਗਈ।

ਕੀ ਅਸਲ ’ਚ ਪੇਮੈਂਟ ਕਰਨ ਲਈ ਲੋਕਾਂ ਨੂੰ 6000 ਕ੍ਰਿਪਟੋ ਕਰੰਸੀ ਦੀ ਜ਼ਰੂਰਤ ਹੈ। ਜੇਕਰ ਇਸ ਦੀ ਟੈਕਨੋਲਾਜੀ ਵਾਸਤਵ ’ਚ ਇੰਨੀ ਲਾਭਦਾਇਕ ਹੋਈ ਕਿ ਇਹ ਨਗਦੀ ਅਤੇ ਕਰੰਸੀ ਦਾ ਸਥਾਨ ਲੈ ਸਕੇ, ਤਾਂ ਵੀ ਇਕ ਜਾਂ ਦੋ ਕ੍ਰਿਪਟੋ ਕਰੰਸੀਜ਼ ਹੀ ਪੇਮੈਂਟ ਦੇ ਚਲਦੇ ਬਚੀਆਂ ਰਹਿ ਸਕਣਗੀਆਂ। -ਰਘੁਰਾਮ ਰਾਜਨ, ਪੂਰਵ ਗਵਰਨਰ, ਆਰ. ਬੀ. ਆਈ.

ਸਰਕਾਰ ਨੇ ਪਹਿਲਾਂ ਹੀ ਕ੍ਰਿਪਟੋ ਨੂੰ ਸੱਮਝਣ ਅਤੇ ਇਸ ਦੇ ਸਟੈਕਹੋਲਡਰਸ, ਨਿਵੇਸ਼ਕਾਂ, ਐਕਸਚੇਂਜ ਅਤੇ ਪਾਲਿਸੀਮੇਕਰਸ ’ਤੇ ਹੋਣ ਵਾਲੇ ਅਸਰ ਨੂੰ ਜਾਨਣ ਲਈ ਕਈ ਪਾਜ਼ੇਟਿਵ ਕਦਮ ਚੁੱਕੇ ਹਨ। ਸਾਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਦੇ ਨਾਲ ਹੋਈ ਚਰਚਾ ਨੂੰ ਧਿਆਨ ’ਚ ਰੱਖ ਕੇ ਅਤੇ ਸਾਰੇ ਇਨਪੁਟ ’ਤੇ ਨਜ਼ਰ ਪਾਉਂਦੇ ਹੋਏ ਸਰਕਾਰ ਕੋਈ ਫੈਸਲਾ ਲਵੇਗੀ। -ਅਵਿਨਾਸ਼ ਸ਼ੇਖਰ, ਸੀ. ਈ. ਓ. ZebPay


author

Harinder Kaur

Content Editor

Related News