AIRTEL ਪੇਮੈਂਟਸ ਬੈਂਕ ਨੇ 5 ਕਰੋੜ ਤੋਂ ਵੱਧ ਗਾਹਕਾਂ ਨੂੰ ਦਿੱਤੀ ਵੱਡੀ ਸੌਗਾਤ
Tuesday, May 04, 2021 - 02:07 PM (IST)
ਨਵੀਂ ਦਿੱਲੀ- ਗਲੋਬਲ ਮਹਾਮਾਰੀ ਵਿਚਕਾਰ ਜਿੱਥੇ ਬੈਂਕਾਂ ਵਿਚ ਵਿਆਜ ਦਰ ਘੱਟ ਰਹੀ ਹੈ, ਉੱਥੇ ਹੀ ਏਅਰਟੈੱਲ ਪੇਮੈਂਟਸ ਬੈਂਕ ਨੇ ਆਪਣੇ 5 ਕਰੋੜ ਤੋਂ ਵੱਧ ਗਾਹਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਏਅਰਟੈੱਲ ਪੇਮੈਂਟਸ ਬੈਂਕ ਨੇ ਆਪਣੇ ਗਾਹਕਾਂ ਲਈ ਬਚਤ ਖਾਤੇ 'ਤੇ ਵਿਆਜ ਦਰ ਵਧਾ ਦਿੱਤੀ ਹੈ।
ਹੁਣ Airtel Payments Bank ਦੇ ਬਚਤ ਖਾਤੇ ਵਿਚ 1 ਲੱਖ ਰੁਪਏ ਤੋਂ ਜ਼ਿਆਦਾ ਦੇ ਡਿਪਾਜ਼ਿਟ 'ਤੇ 6 ਫ਼ੀਸਦੀ ਸਾਲਾਨਾ ਵਿਆਜ ਮਿਲੇਗਾ। ਇਹ ਵਿਆਜ ਦਰ ਲਾਗੂ ਹੋ ਗਈ ਹੈ।
ਗੌਰਤਲਬ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਪੇਮੈਂਟਸ ਬੈਂਕਾਂ ਲਈ ਦਿਨ ਦੇ ਅੰਤ ਤੱਕ ਬੈਲੰਸ ਲੈਣ ਦੀ ਸੀਮਾ ਦੋ ਲੱਖ ਰੁਪਏ ਕਰ ਦਿੱਤੀ ਹੋਈ ਹੈ ਅਤੇ ਇਸ ਨੂੰ ਲਾਗੂ ਕਰਨ ਵਾਲਾ ਏਅਰਟੈੱਲ ਪੇਮੈਂਟਸ ਬੈਂਕ ਪਹਿਲਾ ਪੇਮੈਂਟ ਬੈਂਕ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਆਰ. ਬੀ. ਆਈ. ਨੇ ਪੇਮੈਂਟਸ ਬੈਂਕਾਂ ਲਈ ਡਿਪਾਜ਼ਿਟ ਲੈਣ ਦੀ ਸੀਮਾ 1 ਲੱਖ ਤੋਂ ਵਧਾ ਕੇ 2 ਲੱਖ ਕੀਤੀ ਸੀ। ਇਸ ਸਮੇਂ 6 ਪੇਮੈਂਟਸ ਬੈਂਕ ਦੇਸ਼ ਵਿਚ ਕੰਮ ਕਰ ਰਹੇ ਹਨ। ਏਅਰਟੈੱਲ ਪੇਮੈਂਟਸ ਬੈਂਕ ਦੇ 5.5 ਕਰੋੜ ਤੋਂ ਜ਼ਿਆਦਾ ਗਾਹਕ ਹਨ। ਏਅਰਟੈੱਲ ਪੇਮੈਂਟਸ ਬੈਂਕ ਵਿਚ 1 ਲੱਖ ਰੁਪਏ ਤੱਕ ਦੀ ਜਮ੍ਹਾ ਰਾਸ਼ੀ 'ਤੇ ਸਾਲਾਨਾ ਵਿਆਜ ਦਰ ਹਾਲਾਂਕਿ, 2.5 ਫ਼ੀਸਦੀ ਹੀ ਪੇਸ਼ਕਸ਼ ਕੀਤੀ ਜਾ ਰਹੀ ਹੈ।