ਹਵਾਈ ਸਫਰ ਹੋ ਸਕਦੈ ਮਹਿੰਗਾ, ਮੁਸਾਫਰਾਂ 'ਤੇ ਵਧੇਗਾ ਬੋਝ
Friday, Dec 01, 2017 - 03:05 PM (IST)
ਨਵੀਂ ਦਿੱਲੀ— ਸ਼ੁੱਕਰਵਾਰ ਨੂੰ ਹਵਾਬਾਜ਼ੀ ਟਰਬਾਈਨ ਈਂਧਣ (ਏ. ਟੀ. ਐੱਫ.) ਯਾਨੀ ਜੈੱਟ ਫਿਊਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਕੀਤਾ ਗਿਆ ਹੈ। ਇਸ ਦਾ ਸਿੱਧਾ ਅਸਰ ਹਵਾਬਾਜ਼ੀ ਕੰਪਨੀਆਂ ਦੇ ਰੇਵੈਨਿਊ (ਮਾਲੀਏ) 'ਤੇ ਪਵੇਗਾ। ਅਜਿਹੇ 'ਚ ਕੰਪਨੀਆਂ ਵੱਲੋਂ ਹਵਾਈ ਕਿਰਾਏ ਵਧਾਏ ਜਾ ਸਕਦੇ ਹਨ, ਜਿਸ ਨਾਲ ਹਵਾਈ ਮੁਸਾਫਰਾਂ 'ਤੇ ਬੋਝ ਵਧੇਗਾ। ਹਾਲਾਂਕਿ ਜੇਕਰ ਜਹਾਜ਼ ਕੰਪਨੀਆਂ ਕਿਰਾਏ ਨਾ ਵਧਾਉਣ ਦਾ ਫੈਸਲਾ ਕਰਦੀਆਂ ਹਨ ਤਾਂ ਇਸ ਨਾਲ ਉਨ੍ਹਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪਵੇਗਾ ਜਾਂ ਫਿਰ ਉਨ੍ਹਾਂ ਨੂੰ ਆਪਣੇ ਹੋਰ ਖਰਚਿਆਂ 'ਚ ਕਟੌਤੀ ਕਰਨ ਲਈ ਕਦਮ ਚੁਕਣੇ ਪੈਣਗੇ। ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਜੈੱਟ ਫਿਊਲ ਦੀਆਂ ਕੀਮਤਾਂ 'ਚ ਪ੍ਰਤੀ ਕਿਲੋਲੀਟਰ 3,206 ਰੁਪਏ ਦਾ ਭਾਰੀ ਵਾਧਾ ਕੀਤਾ ਗਿਆ ਹੈ। ਹੁਣ ਦਿੱਲੀ 'ਚ ਇਸ ਦੀ ਕੀਮਤ 54,143 ਤੋਂ ਵਧ ਕੇ 57,349 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਇਸੇ ਤਰ੍ਹਾਂ ਮੁੰਬਈ 'ਚ ਜੈੱਟ ਫਿਊਲ ਦੀ ਕੀਮਤ 56,636 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ, ਜੋ ਪਹਿਲਾਂ 53,430 ਰੁਪਏ ਸੀ।
ਉੱਥੇ ਹੀ ਕੋਲਕਾਤਾ 'ਚ ਜੈੱਟ ਫਿਊਲ ਸਭ ਤੋਂ ਮਹਿੰਗਾ ਹੈ। ਕੋਲਕਾਤਾ 'ਚ ਇਸ ਦੀ ਕੀਮਤ 61,699 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਦੂਜੇ ਨੰਬਰ 'ਤੇ ਚੇਨਈ 'ਚ ਜੈੱਟ ਫਿਊਲ ਹੁਣ 60,258 ਰੁਪਏ ਪ੍ਰਤੀ ਕਿਲੋਲੀਟਰ ਦਾ ਹੋ ਗਿਆ ਹੈ।
