Air India ਨੂੰ ਹਰ ਮਹੀਨੇ ਹੋ ਰਿਹਾ ਕਰੋੜਾਂ ਦਾ ਨੁਕਸਾਨ, ਚੇਅਰਮੈਨ ਨੇ Facebook ''ਤੇ ਸਰਕਾਰ ਕੋਲੋਂ ਮੰਗੀ ਮਦਦ

12/16/2019 3:08:22 PM

ਨਵੀਂ ਦਿੱਲੀ — ਦੇਸ਼ ਦੀ ਸਰਕਾਈ ਏਅਰਲਾਈਨ ਕੰਪਨੀ ਏਅਰ ਇੰਡੀਆ ਲੰਮੇ ਸਮੇਂ ਤੋਂ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਏਅਰ ਇੰਡੀਆ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਇਕ ਫੇਸਬੁੱਕ ਪੋਸਟ ਲਿਖਦੇ ਹੋਏ ਸਰਕਾਰ ਨੂੰ ਫੰਡ ਇਕੱਠਾ ਕਰਨ 'ਚ ਸਹਾਇਤਾ ਕਰਨ ਦੀ ਮੰਗ ਕੀਤੀ ਹੈ। ਏਅਰਲਾਈਨ ਨੂੰ ਵੇਚੇ ਜਾਣ ਤੱਕ ਉਸ ਦੇ ਟਿਕੇ ਰਹਿਣ ਲਈ ਕੰਪਨੀ ਕੋਲ ਫੰਡ ਹੋਣਾ ਜ਼ਰੂਰੀ ਹੈ। ਲੋਹਨੀ ਨੇ ਇਕ ਦਿਨ ਪਹਿਲਾਂ ਹੀ ਏਅਰਲਾਈਨ ਦੀ ਵਿਗੜਦੀ ਸਥਿਤੀ ਬਾਰੇ 'ਚ ਦੱਸਣ ਲਈ ਸਿਵਲ ਐਵੀਏਸ਼ਨ ਮਨਿਸਟਰੀ ਨੂੰ ਪੱਤਰ ਲਿਖਿਆ ਸੀ। ਪਿਛਲੇ ਕਈ ਮਹੀਨਿਆਂ ਤੋਂ ਏਅਰ ਇੰਡੀਆ 2,000 ਕਰੋੜ ਰੁਪਏ ਦਾ ਲੋਨ ਇਕੱਠਾ ਕਰਨ ਲਈ ਸਰਕਾਰ ਕੋਲੋਂ ਗਾਰੰਟੀ ਮੰਗ ਰਹੀ ਹੈ। ਹੁਣ ਤੱਕ ਸਰਕਾਰ ਨੇ ਏਅਰਲਾਈਨ ਦੀ ਇਸ ਮੰਗ ਨੂੰ ਨਹੀਂਂ ਮੰਨਿਆ ਹੈ। ਲੋਹਾਨੀ ਨੇ ਪੱਤਰ ਲਿਖਿਆ ਸੀ ਕਿ ਜੇਕਰ ਏਅਰਲਾਈਨ ਇਹ ਪੂੰਜੀ ਇਕੱਠੀ ਨਹੀਂ ਕਰ ਪਾਉਂਦੀ ਤਾਂ ਪੇਮੈਂਟ ਕਰਨ ਤੋਂ ਰਹਿ ਸਕਦੀ ਹੈ।

ਕੰਪਨੀ ਨੂੰ ਹਰ ਮਹੀਨੇ ਹੋ ਰਿਹਾ ਕਰੋੜਾਂ ਦਾ ਘਾਟਾ

ਏਅਰ ਇੰਡੀਆ ਹਰ ਮਹੀਨੇ 150-200 ਕਰੋੜ ਰੁਪਏ ਦਾ ਨੁਕਸਾਨ ਝੱਲ ਰਹੀ ਹੈ, ਹੁਣ ਜਦੋਂ ਕੰਪਨੀ ਦਾ ਰੈਵੇਨਿਊ ਈਅਰ-ਆਨ-ਈਅਰ 10 ਫੀਸਦੀ ਦੀ ਦਰ ਨਾਲ ਵਧਿਆ ਹੈ। ਕੰਪਨੀ 'ਚ ਤਰਲਤਾ ਦੀ ਸਥਿਤੀ ਬਹੁਤ ਹੀ ਗੰਭੀਰ ਹੈ ਅਤੇ ਕਰਮਚਾਰੀਆਂ ਨੂੰ ਨਵੰਬਰ ਮਹੀਨੇ ਦੀ ਤਨਖਾਹ 11 ਦਸੰਬਰ ਨੂੰ ਦਿੱਤੀ ਗਈ ਹੈ। ਲੋਹਾਨੀ ਨੇ ਆਪਣੇ ਪੋਸਟ 'ਚ ਲਿਖਿਆ ਹੈ ਕਿ ਜਦੋਂ ਤੱਕ ਕੰਪਨੀ ਵਿਕ ਨਹੀਂ ਜਾਂਦੀ ਉਸ ਸਮੇਂ ਤੱਕ ਕੰਪਨੀ ਨੂੰ ਬਚਾਏ ਰੱਖਣਾ ਹੋਵੇਗਾ। ਸਿਵਲ ਐਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਹੁਣੇ ਜਿਹੇ ਹੀ ਕਿਹਾ ਸੀ ਕਿ ਜੇਕਰ ਏਅਰਲਾਈਨ ਨੂੰ ਕੋਈ ਖਰੀਦਦਾਰ ਨਹੀਂ ਮਿਲਦਾ ਤਾਂ ਸਰਕਾਰ ਉਸਨੂੰ ਬੰਦ ਕਰ ਦੇਵੇਗੀ।

ਅਗਲੇ ਮਹੀਨੇ ਜਾਰੀ ਹੋਵੇਗਾ ਐਕਸਪ੍ਰੈਸ਼ਨ ਆਫ ਇੰਟਰੱਸਟ

ਪਿਛਲੇ 9 ਸਾਲ ਵਿਚ ਸਰਕਾਰ ਏਅਰ ਇੰਡੀਆ ਨੂੰ 30 ਹਜ਼ਾਰ ਕਰੋੜ ਰੁਪਏ ਦਾ ਵਿੱਤੀ ਪੌਸ਼ਣ ਦੇ ਚੁੱਕੀ ਹੈ। ਪਰ ਹੁਣ ਸਰਕਾਰ ਨੇ ਕੰਪਨੀ ਨੂੰ ਹੋਰ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਹੁਣ ਕੰਪਨੀ ਦੀ 100 ਫੀਸਦੀ ਹਿੱਸੇਦਾਰੀ ਵੇਚਣਾ ਚਾਹੁੰਦੀ ਹੈ। ਅਗਲੇ ਮਹੀਨੇ ਸਰਕਾਰ ਐਕਸਪ੍ਰੈਸ਼ਨ ਆਫ ਇੰਟਰੱਸਟ ਜਾਰੀ ਕਰੇਗੀ। ਵਿੱਤ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਟ੍ਰੈਟਜਿਕ ਡਿਸਇਨਵੈਸਟਮੈਂਟ ਦੇ ਨਿਯਮਾਂ ਮੁਤਾਬਕ ਸਰਕਾਰ ਅਜਿਹੀਆਂ ਕੰਪਨੀਆਂ ਵਿਚ ਪੈਸਾ ਨਹੀਂ ਲਗਾਉਂਦੀ ਜਿਹੜੀਆਂ ਵੇਚੇ ਜਾਣ ਲਈ ਚੁਣੀਆਂ ਗਈਆਂ ਹੋਣ।


Related News