ਮਿਡ-ਡੇਅ ਮੀਲ ਦੇ ਮੈਨਿਊ ’ਚ ਹੋਵੇਗਾ ਹਰ ਮਹੀਨੇ ਬਦਲਾਅ ਪੰਜਾਬ ਸਰਕਾਰ ਦਾ ਫੈਸਲਾ

04/03/2024 3:33:29 AM

‘ਮਿਡ-ਡੇਅ ਮੀਲ ਸਕੀਮ’ ਭਾਵ ‘ਦੁਪਹਿਰ ਦਾ ਭੋਜਨ ਯੋਜਨਾ’ ਗਰੀਬ ਬੱਚਿਆਂ ਨੂੰ ਸਕੂਲਾਂ ਵੱਲ ਖਿੱਚਣ ਲਈ ਵਿਸ਼ਵ ਦੀ ਸਭ ਤੋਂ ਵੱਡੀ ਮੁਫਤ ਭੋਜਨ ਵੰਡ ਯੋਜਨਾ ਹੈ। ਇਸ ਦੀ ਸ਼ੁਰੂਆਤ 1995 ’ਚ ਕੀਤੀ ਗਈ ਸੀ। ਤਦ ਜ਼ਿਆਦਾਤਰ ਸੂਬਿਆਂ ਨੇ ਇਸ ਦੇ ਤਹਿਤ ਲਾਭਪਾਤਰੀਆਂ ਨੂੰ ਕੱਚਾ ਅਨਾਜ ਦੇਣਾ ਸ਼ੁਰੂ ਕੀਤਾ ਸੀ ਪਰ 28 ਨਵੰਬਰ, 2002 ਨੂੰ ਸੁਪਰੀਮ ਕੋਰਟ ਦੇ ਇਕ ਹੁਕਮ ’ਤੇ ਬੱਚਿਆਂ ਨੂੰ ਪਕਾ ਕੇ ਭੋਜਨ ਦੇਣਾ ਸ਼ੁਰੂ ਕੀਤਾ ਗਿਆ। ਇਸ ਦਾ ਲਾਭ ਦੇਸ਼ ਦੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ 11.75 ਲੱਖ ਤੋਂ ਵੱਧ ਸਕੂਲਾਂ ਦੇ 10.8 ਕਰੋੜ ਤੋਂ ਵੱਧ ਬੱਚੇ ਉਠਾ ਰਹੇ ਹਨ।

‘ਮਿਡ-ਡੇਅ ਮੀਲ’ ਯੋਜਨਾ ਦੇ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇਅ ਮੀਲ ’ਚ ਵਿਭਿੰਨਤਾ ਲਿਆਉਣ ਲਈ ਇਸ ਦਾ ਮੈਨਿਊ ਹੁਣ ਹਰ ਮਹੀਨੇ ਬਦਲਣ ਦਾ ਫੈਸਲਾ ਕੀਤਾ ਗਿਆ ਹੈ। ‘ਪੰਜਾਬ ਸਟੇਟ ਮਿਡ-ਡੇਅ ਮੀਲ ਸੋਸਾਇਟੀ’ ਵਲੋਂ ਹਰ ਮਹੀਨੇ ਦੇ ਅੰਤ ’ਚ ਅਗਲੇ ਮਹੀਨੇ ਦੇ ਮੈਨਿਊ ਦੇ ਸਬੰਧ ’ਚ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।

ਸੋਸਾਇਟੀ ਨੇ 30 ਅਪ੍ਰੈਲ ਤੱਕ ਦਾ ਨਵਾਂ ਮਿਡ-ਡੇਅ ਮੀਲ ਮੈਨਿਊ ਜਾਰੀ ਕਰ ਦਿੱਤਾ ਹੈ। ਇਸ ’ਚ ਸੋਮਵਾਰ ਨੂੰ ਮੌਸਮੀ ਸਬਜ਼ੀ, ਮਿਸ਼ਰਤ ਦਾਲ-ਰੋਟੀ ਅਤੇ ਮੌਸਮੀ ਫਲ, ਮੰਗਲਵਾਰ ਨੂੰ ਰਾਜਮਾਂਹ-ਚੌਲ, ਬੁੱਧਵਾਰ ਨੂੰ ਆਲੂ ਮਿਸ਼ਰਤ ਸਫੈਦ ਜਾਂ ਕਾਲੇ ਛੋਲੇ ਅਤੇ ਪੂੜੀ/ਰੋਟੀ, ਵੀਰਵਾਰ ਨੂੰ ਆਲੂ-ਪਿਆਜ਼ ਦੇ ਪਕੌੜਿਆਂ ਸਮੇਤ ਕੜ੍ਹੀ ਅਤੇ ਚੌਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਅਤੇ ਰੋਟੀ ਅਤੇ ਸ਼ਨੀਵਾਰ ਨੂੰ ਮੌਸਮੀ ਸਬਜ਼ੀ ਮਿਸ਼ਰਤ ਦਾਲ-ਚੌਲ ਦਿੱਤੇ ਜਾਣਗੇ। ਬੱਚਿਆਂ ਨੂੰ ਹਰ ਹਫਤੇ ਇਕ ਦਿਨ ਖੀਰ ਵੀ ਦਿੱਤੀ ਜਾਵੇਗੀ।

ਖੁਸ਼ਹਾਲ ਪਰਿਵਾਰਾਂ ਦੇ ਬੱਚੇ ਤਾਂ ਆਪਣੇ ਟਿਫਨ ’ਚ ਹਰ ਰੋਜ਼ ਕੁੱਝ ਨਾ ਕੁੱਝ ਨਵਾਂ ਲਿਆਉਂਦਾ ਹਨ, ਪਰ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਇਹ ਸਹੂਲਤ ਪ੍ਰਾਪਤ ਨਹੀਂ ਹੁੰਦੀ। ਇਸ ਲਿਹਾਜ਼ ਨਾਲ ਬੱਚਿਆਂ ਦੇ ਮਿਡ-ਡੇਅ ਮੀਲ ਦੇ ਮੈਨਿਊ ’ਚ ਹਰ ਮਹੀਨੇ ਬਦਲਾਅ ਕਰਨ ਦੀ ਯੋਜਨਾ ਸਹੀ ਹੈ। ਇਸ ਨਾਲ ਜਿੱਥੇ ਬੱਚੇ ਸਕੂਲ ਆਉਣ ਨੂੰ ਉਤਸ਼ਾਹਿਤ ਹੋਣਗੇ, ਉੱਥੇ ਹੀ ਉਨ੍ਹਾਂ ਨੂੰ ਪੌਸ਼ਟਿਕ ਅਤੇ ਸੁਆਦ ਭੋਜਨ ਵੀ ਖਾਣ ਨੂੰ ਮਿਲ ਸਕੇਗਾ।

-ਵਿਜੇ ਕੁਮਾਰ


Harpreet SIngh

Content Editor

Related News