ਨਵੰਬਰ ''ਚ ਇੰਨੇ ਮਹਿੰਗੇ ਹੋਣਗੇ ਫ੍ਰਿਜ, ਏਸੀ ਤੇ ਵਾਸ਼ਿੰਗ ਮਸ਼ੀਨ, ਗਾਹਕਾਂ ''ਤੇ ਵਧੇਗਾ ਬੋਝ
Monday, Oct 30, 2017 - 11:47 AM (IST)

ਨਵੀਂ ਦਿੱਲੀ— ਅਗਲੇ ਮਹੀਨੇ ਫ੍ਰਿਜ, ਵਾਸ਼ਿੰਗ ਮਸ਼ੀਨ ਅਤੇ ਏਸੀ ਖਰੀਦਣਾ ਮਹਿੰਗਾ ਹੋ ਜਾਵੇਗਾ। ਇਨ੍ਹਾਂ ਸਾਮਾਨਾਂ ਨੂੰ ਬਣਾਉਣ ਅਤੇ ਵੇਚਣ ਵਾਲੀਆਂ ਦੇਸ਼ ਦੀਆਂ ਜ਼ਿਆਦਾਤਰ ਵੱਡੀਆਂ ਕੰਪਨੀਆਂ ਨੇ ਇਸ ਲਈ ਨਵੇਂ ਰੇਟ ਤੈਅ ਕਰ ਦਿੱਤੇ ਹਨ। ਕੰਪਨੀਆਂ ਦੀ ਮੰਨੀਏ ਤਾਂ ਜੀ. ਐੱਸ. ਟੀ. ਨਹੀਂ ਸਗੋਂ ਇਨਪੁਟ ਕਾਸਟ ਵਧਣ ਨਾਲ ਇਨ੍ਹਾਂ ਸਾਮਾਨਾਂ ਦੀਆਂ ਕੀਮਤਾਂ ਵਧਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਫ੍ਰਿਜ, ਏਸੀ ਅਤੇ ਵਾਸ਼ਿੰਗ ਮਸ਼ੀਨ ਨਵੰਬਰ 'ਚ 3 ਤੋਂ 5 ਫੀਸਦੀ ਤਕ ਮਹਿੰਗੇ ਹੋ ਸਕਦੇ ਹਨ ਅਤੇ ਗਾਹਕਾਂ 'ਤੇ ਇਸ ਦਾ ਜ਼ਿਆਦਾ ਅਸਰ ਦਸੰਬਰ 'ਚ ਦੇਖਣ ਨੂੰ ਮਿਲੇਗਾ। ਅਜਿਹਾ ਇਸ ਲਈ ਕਿਉਂਕਿ ਅਜੇ ਕਈ ਪ੍ਰਚੂਨ ਸਟੋਰਾਂ ਕੋਲ ਦੀਵਾਲੀ ਦੇ ਸਮੇਂ ਮੰਗਾਇਆ ਗਿਆ ਪੁਰਾਣਾ ਸਾਮਾਨ ਪਿਆ ਹੋਇਆ ਹੈ, ਜੋ ਕਿ ਵਿਕਣਾ ਬਾਕੀ ਹੈ।
ਫ੍ਰਿਜ, ਏਸੀ ਅਤੇ ਵਾਸ਼ਿੰਗ ਮਸ਼ੀਨ ਬਣਾਉਣ ਲਈ ਵਰਤੋਂ 'ਚ ਆਉਣ ਵਾਲੇ ਕੱਚੇ ਮਾਲ ਦੀ ਕੀਮਤ 'ਚ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤਕ 30 ਤੋਂ 50 ਫੀਸਦੀ ਉਛਾਲ ਆ ਚੁੱਕਾ ਹੈ। ਸਟੀਲ ਦੀ ਕੀਮਤ ਵੀ ਹੁਣ ਤਕ 40 ਫੀਸਦੀ ਚੜ੍ਹ ਚੁੱਕੀ ਹੈ, ਜਦੋਂ ਕਿ ਤਾਂਬਾ 50 ਫੀਸਦੀ ਮਹਿੰਗਾ ਹੋਇਆ ਹੈ। ਉੱਥੇ ਹੀ, ਕੌਮਾਂਤਰੀ ਬਾਜ਼ਾਰ 'ਚ ਐੱਮ. ਡੀ. ਆਈ. ਕੈਮੀਕਲ ਦੀ ਕੀਮਤ ਦੁਗਣੀ ਹੋ ਗਈ ਹੈ। ਐੱਮ. ਡੀ. ਆਈ. ਖਾਸ ਤੌਰ 'ਤੇ ਫ੍ਰਿਜ ਲਈ ਫੋਮ ਬਣਾਉਣ ਦੇ ਕੰਮ ਆਉਂਦਾ ਹੈ। ਇਕ ਕੰਪਨੀ ਦੇ ਅਧਿਕਾਰੀ ਨੇ ਕਿਹਾ ਕਿ ਲਗਭਗ 70 ਫੀਸਦੀ ਖਰਚਾ ਇਨ੍ਹਾਂ ਤਿੰਨ ਉਤਪਾਦਾਂ ਦਾ ਹੀ ਹੁੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਕੁਝ ਬੋਝ ਖੁਦ ਚੁੱਕਾਂਗੇ ਅਤੇ ਬਾਕੀ ਗਾਹਕਾਂ 'ਤੇ ਪਾਵਾਂਗੇ। ਇਹ ਇਕੋ-ਦਮ ਨਹੀਂ ਹੋਵੇਗਾ ਕਿਉਂਕਿ ਬਾਜ਼ਾਰ 'ਚ ਖਾਸ ਤੇਜ਼ੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਫ੍ਰਿਜ, ਉਸ ਤੋਂ ਬਾਅਦ ਵਾਸ਼ਿੰਗ ਮਸ਼ੀਨ ਅਤੇ ਸਭ ਤੋਂ ਅਖੀਰ 'ਚ ਏਸੀ ਦੀਆਂ ਕੀਮਤਾਂ ਵਧਾਈਆਂ ਜਾਣਗੀਆਂ। ਇਸ ਦੇ ਇਲਾਵਾ 4-5 ਸਟਾਰ ਰੇਟਿੰਗ ਵਾਲੇ ਏਸੀ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ ਵਧਣ ਦੀ ਉਮੀਦ ਹੈ ਕਿਉਂਕਿ ਸਰਕਾਰ ਨੇ ਜਨਵਰੀ ਤੋਂ ਨਵੀਂ ਰੇਟਿੰਗ ਜ਼ਰੂਰੀ ਕਰ ਦਿੱਤੀ ਹੈ।