40 ਰੁਪਏ ਲਈ 3 ਸਾਲ ਤੱਕ ਹਿਮਾਚਲ ਤੋਂ ਦਿੱਲੀ ਤੱਕ ਦੌੜੇ 70 ਸਾਲ ਦੇ ਲੇਖਰਾਜ

06/11/2017 1:17:09 PM

ਨਵੀਂ ਦਿੱਲੀ— ਹਿਮਾਚਲ ਪ੍ਰਦੇਸ਼ ਦੇ ਇਕ ਛੋਟੇ ਜਿਹੇ ਪਿੰਡ 'ਚ ਰਹਿਣ ਵਾਲੇ 70 ਸਾਲ ਦੇ ਲੇਖਰਾਜ ਨੇ 40 ਰੁਪਏ ਵਾਪਸ ਪਾਉਣ ਲਈ 3 ਸਾਲ ਤੱਕ ਸੰਘਰਸ਼ ਕੀਤਾ। ਇਸ ਦੇ ਲਈ ਉਹ ਦਿੱਲੀ ਤੱਕ ਆਏ ਅਤੇ ਹਜ਼ਾਰਾਂ ਰੁਪਏ ਖਰਚ ਕੀਤੇ। ਜ਼ਿਲਾ, ਸੂਬਾ ਤੇ ਫਿਰ ਰਾਸ਼ਟਰੀ ਖਪਤਕਾਰ ਅਦਾਲਤ 'ਚ ਆਪਣੇ ਕੇਸ ਨੂੰ ਲੈ ਕੇ ਜਾਣ ਵਾਲੇ ਲੇਖਰਾਜ ਦੀ ਜਿੱਤ ਹੋਈ ਅਤੇ ਰਾਸ਼ਟਰੀ ਖਪਤਕਾਰ ਕਮਿਸ਼ਨ ਨੇ ਸੂਬਾ ਵਿਕਾਸ ਅਥਾਰਟੀ ਨੂੰ ਉਨ੍ਹਾਂ ਨੂੰ 40 ਰੁਪਏ ਵਾਪਸ ਕਰਨ ਦਾ ਹੁਕਮ ਦਿੱਤਾ । 
ਕੀ ਹੈ ਮਾਮਲਾ
ਹਿਮਾਚਲ ਪ੍ਰਦੇਸ਼ ਹਾਊਸਿੰਗ ਤੇ ਸ਼ਹਿਰੀ ਵਿਕਾਸ ਅਥਾਰਟੀ ਨੇ ਲੇਖਰਾਜ ਨੂੰ ਇਕ ਘਰ ਅਲਾਟ ਕੀਤਾ ਸੀ । ਉਥੇ ਬਾਕੀ ਮੇਨਟੀਨੈਂਸ ਅਮਾਊਂਟ ਨਾ ਜਮ੍ਹਾ ਕਰਨ 'ਤੇ ਉਨ੍ਹਾਂ ਨੂੰ ਜੁਰਮਾਨੇ ਵਜੋਂ 40 ਰੁਪਏ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਇਹ ਪੈਸਾ ਉਹ ਨਹੀਂ ਜਮ੍ਹਾ ਕਰਦੇ ਹਨ ਤਾਂ ਘਰ ਦੀਆਂ ਮੁੱਢਲੀਆਂ ਸਹੂਲਤਾਂ ਜਿਵੇਂ ਪਾਣੀ ਅਤੇ ਸੀਵਰੇਜ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਕੋਈ ਬਦਲ ਨਾ ਮਿਲਣ 'ਤੇ ਲੇਖਰਾਜ ਨੇ 40 ਰੁਪਏ ਦੇ ਜੁਰਮਾਨੇ ਨਾਲ ਮੇਨਟੀਨੈਂਸ ਅਮਾਊਂਟ ਜਮ੍ਹਾ ਕਰਵਾ ਦਿੱਤੀ । 
ਲੇਖਰਾਜ ਨੇ ਇਸ ਤੋਂ ਬਾਅਦ ਜ਼ਿਲਾ ਖਪਤਕਾਰ ਫੋਰਮ 'ਚ ਸ਼ਿਕਾਇਤ ਕੀਤੀ ਪਰ ਉਥੋਂ ਵੀ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਫਿਰ ਉਹ ਸੂਬਾ ਖਪਤਕਾਰ ਕਮਿਸ਼ਨ ਸ਼ਿਮਲਾ ਪੁੱਜੇ ਪਰ ਉਥੋਂ ਵੀ ਉਨ੍ਹਾਂ ਨੂੰ ਨਿਰਾਸ਼ਾ ਮਿਲੀ। ਇਸ ਤੋਂ ਬਾਅਦ ਲੇਖਰਾਜ ਦਿੱਲੀ ਪੁੱਜੇ ਅਤੇ ਇੱਥੇ ਰਾਸ਼ਟਰੀ ਕਮਿਸ਼ਨ ਦੇ ਸਾਹਮਣੇ ਆਪਣਾ ਪੱਖ ਰੱਖਿਆ ਅਤੇ ਹਿਮਾਚਲ ਪ੍ਰਦੇਸ਼ ਵਿਕਾਸ ਅਥਾਰਟੀ ਦੀ ਮਨਮਾਨੀ ਦੀ ਸ਼ਿਕਾਇਤ ਕੀਤੀ । 
ਕੀ ਕਿਹਾ ਫੋਰਮ ਨੇ
ਕਮਿਸ਼ਨ ਨੇ ਪੁਆਇੰਟ ਆਊਟ ਕੀਤਾ ਕਿ ਅਥਾਰਟੀ ਨੇ ਇਹ ਨਹੀਂ ਦਰਸਾਇਆ ਹੈ ਕਿ ਕਿਸ ਆਧਾਰ 'ਤੇ ਲੇਖਰਾਜ ਤੋਂ 808 ਰੁਪਏ ਦੀ ਜਗ੍ਹਾ 848 ਰੁਪਏ ਦਾ ਭੁਗਤਾਨ ਕਰਵਾਇਆ ਗਿਆ। ਅਜਿਹਾ ਫ਼ੈਸਲਾ ਕਿਤੇ ਵੀ ਵਿਕਾਸ ਅਥਾਰਟੀ ਦੇ ਰਿਕਾਰਡ 'ਚ ਵੀ ਨਹੀਂ ਹੈ। ਇਸ ਤੋਂ ਬਾਅਦ ਕਮਿਸ਼ਨ ਨੇ ਅਥਾਰਟੀ ਨੂੰ ਕੰਮ 'ਚ ਲਾਪ੍ਰਵਾਹੀ ਦੇ ਨਾਲ-ਨਾਲ ਲੇਖਰਾਜ ਦੀ ਗ਼ੈਰ-ਵਾਜਿਬ ਪ੍ਰੇਸ਼ਾਨੀ ਦਾ ਦੋਸ਼ੀ ਮੰਨਿਆ। ਕਮਿਸ਼ਨ ਨੇ ਅਥਾਰਟੀ ਨੂੰ 4 ਹਫਤਿਆਂ ਦੇ ਅੰਦਰ 40 ਰੁਪਏ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਨਾਲ ਹੀ ਪੂਰੇ ਕੇਸ 'ਚ ਖਰਚ 5000 ਰੁਪਏ ਵੀ ਲੇਖਰਾਜ ਨੂੰ ਦੇਣ ਦਾ ਨਿਰਦੇਸ਼ ਦਿੱਤਾ ਹੈ।


Related News