2023-24 ''ਚ ਹਿਮਾਚਲ ਦੀ 30,000 ਏਕੜ ਵਾਧੂ ਜ਼ਮੀਨ ਨੂੰ ਕੁਦਰਤੀ ਖੇਤੀ ਅਧੀਨ ਲਿਆਉਣ ਦਾ ਟੀਚਾ
Thursday, May 25, 2023 - 01:39 PM (IST)
ਸ਼ਿਮਲਾ (ਭਾਸ਼ਾ) - ਹਿਮਾਚਲ ਪ੍ਰਦੇਸ਼ ਦੇ ਖੇਤੀਬਾੜੀ ਵਿਭਾਗ ਨੇ 2023-24 ਵਿੱਚ ਕੁਦਰਤੀ ਖੇਤੀ ਦੇ ਅਧੀਨ 30,000 ਏਕੜ ਵਾਧੂ ਜ਼ਮੀਨ ਨੂੰ ਲਿਆਉਣ ਦਾ ਟੀਚਾ ਰੱਖਿਆ ਹੈ। ਅਧਿਕਾਰੀਆਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 1.59 ਲੱਖ ਕਿਸਾਨ ਲਗਭਗ 50,000 ਏਕੜ ਜ਼ਮੀਨ 'ਤੇ ਕੁਦਰਤੀ ਖੇਤੀ ਕਰ ਰਹੇ ਹਨ।
ਖੇਤੀਬਾੜੀ ਸਕੱਤਰ ਰਾਕੇਸ਼ ਕੰਵਰ ਨੇ 'ਪ੍ਰਾਕ੍ਰਿਤਿਕ ਖੇਤੀ ਖੁਸ਼ਹਾਲ ਕਿਸਾਨ ਯੋਜਨਾ' ਦੇ ਅਧਿਕਾਰੀਆਂ ਨੂੰ ਸਾਉਣੀ ਦੇ ਸੀਜ਼ਨ ਤੋਂ ਪਹਿਲਾਂ ਕੁਦਰਤੀ ਖੇਤੀ ਦੇ ਤਹਿਤ ਖੇਤਰ ਦੇ ਵਿਸਥਾਰ 'ਤੇ ਕੰਮ ਕਰਨ ਲਈ ਕਿਹਾ ਹੈ। ਕੰਵਰ ਨੇ ਬੁੱਧਵਾਰ ਨੂੰ ਪ੍ਰਾਕ੍ਰਿਤਿਕ ਖੇਤੀ ਖੁਸ਼ਹਾਲ ਕਿਸਾਨ ਯੋਜਨਾ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਅਧਿਕਾਰੀਆਂ ਨੂੰ ਸਾਉਣੀ ਦੇ ਸੀਜ਼ਨ ਲਈ ਬਾਜਰੇ ਦੀ ਉਤਪਾਦਨ ਯੋਜਨਾ ਦੇ ਨਾਲ ਕਿਸਾਨਾਂ ਤੱਕ ਪਹੁੰਚਣ ਲਈ ਕਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਲਈ ਸਾਰੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਕਰ ਲਏ ਜਾਣ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਿੱਖਿਅਤ ਕਿਸਾਨਾਂ ਅਤੇ ਨਵੇਂ ਕਿਸਾਨਾਂ ਦਰਮਿਆਨ ਲਗਾਤਾਰ ਗੱਲਬਾਤ ਦਾ ਆਯੋਜਨ ਕਰਨਾ ਚਾਹੀਦਾ ਹੈ। ਇਸ ਨਾਲ ਸਿੱਖਿਅਤ ਕਿਸਾਨ ਆਪਣੇ ਤਜ਼ਰਬੇ ਸਾਂਝੇ ਕਰ ਸਕਣਗੇ। ਉਨ੍ਹਾਂ ਕਿਹਾ ਕਿ ਅਜਿਹੇ ਖੇਤਰਾਂ ਦੀ ਵੀ ਸ਼ਨਾਖਤ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਲੋਕ ਆਪਣੇ ਬਲਬੂਤੇ ਕੁਦਰਤੀ ਖੇਤੀ ਕਰਨ ਲਈ ਤਿਆਰ ਹੋਣ। ਅਜਿਹੇ ਖੇਤਰਾਂ ਨੂੰ ਕੁਦਰਤੀ ਪਿੰਡਾਂ ਜਾਂ ਪੰਚਾਇਤਾਂ ਵਜੋਂ ਘੋਸ਼ਿਤ ਕਰਨ ਲਈ ਰਣਨੀਤੀ ਤਿਆਰ ਕੀਤੀ ਜਾਣੀ ਚਾਹੀਦੀ ਹੈ।