ਭਾਰਤ ਤੋਂ 21 ਲੱਖ ਗੰਢਾਂ ਕਪਾਹ ਬਰਾਮਦ ਅਤੇ 2.25 ਲੱਖ ਦਰਾਮਦ
Wednesday, Jan 12, 2022 - 11:50 AM (IST)
ਜੈਤੋ– ਦੇਸ਼ ਦੇ ਵੱਖ-ਵੱਖ ਕਪਾਹ ਉਤਪਾਦਨ ਸੂਬਿਆਂ ’ਚ ਮੰਗਲਵਾਰ ਨੂੰ ਲਗਭਗ 1,48,600 ਗੰਢਾਂ ਕਪਾਹ ਆਮਦ ਪਹੁੰਚਣ ਦੀ ਸੂਚਨਾ ਹੈ। ਦੇਸ਼ ’ਚ ਅੱਜ ਆਈ ਕੁੱਲ ਆਮਦ ’ਚ ਪੰਜਾਬ ਦੀਆਂ ਮੰਡੀਆਂ ’ਚ 3000 ਗੰਢਾਂ, ਹਰਿਆਣਾ 7000 ਗੰਢਾਂ, ਸ਼੍ਰੀਗੰਗਾਨਗਰ ਸਰਕਲ 6000 ਗੰਢਾਂ, ਲੋਅਰ ਰਾਜਸਥਾਨ ਭੀਲਵਾੜਾ ਸਮੇਤ 5000 ਗੰਢਾਂ, ਗੁਜਰਾਤ 40000 ਗੰਢਾਂ, ਮਹਾਰਾਸ਼ਟਰ 38000 ਗੰਢਾਂ, ਮੱਧ ਪ੍ਰਦੇਸ਼ 14000 ਗੰਢਾਂ, ਤੇਲੰਗਾਨਾ 15000 ਗੰਢਾਂ, ਕਰਨਾਟਕ 13000 ਗੰਢਾਂ, ਆਂਧਰਾ ਪ੍ਰਦੇਸ਼ 6200 ਗੰਢਾਂ ਅਤੇ ਓਡਿਸ਼ਾ ਦੀਆਂ 1500 ਗੰਢਾਂ ਸ਼ਾਮਲ ਹਨ।
ਸੂਤਰਾਂ ਮੁਤਾਬਕ ਦੇਸ਼ ’ਚ ਚਾਲੂ ਕਪਾਹ ਸੀਜ਼ਨ ਸਾਲ 2021-22 ਦੌਰਾਨ ਹੁਣ ਤੱਕ ਲਗਭਗ 1.40 ਕਰੋੜ ਗੰਢਾਂ (ਪ੍ਰਤੀ 170 ਕਿਲੋ) ਆਮਦ ਹੋਣ ਦੀ ਸੂਚਨਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਤੋਂ ਚਾਲੂ ਸੀਜ਼ਨ ਦੌਰਾਨ ਹੁਣ ਤੱਕ ਲਗਭਗ 21 ਲੱਖ ਗੰਢਾਂ ਕਪਾਹ ਵੱਖ-ਵੱਖ ਦੇਸ਼ਾਂ ਨੂੰ ਬਰਾਮਦ ਹੋ ਚੁੱਕੀਆਂ ਹਨ ਜਦ ਕਿ ਭਾਰਤ ’ਚ ਵੱਖ-ਵੱਖ ਦੇਸ਼ਾਂ ਤੋਂ 2.25 ਲੱਖ ਕਪਾਹ ਦੀਆਂ ਗੰਢਾਂ ਦਰਾਮਦ ਹੋਈਆਂ ਹਨ। ਇਸ ਸੀਜ਼ਨ ਦੌਰਾਨ ਦੇਸ਼ ’ਚ ਕਪਾਹ ਉਤਪਾਦਨ 3.60-3.65 ਕਰੋੜ ਗੰਢਾਂ ਹੋਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਰੂੰ ਬਾਜ਼ਾਰ ਦੇ ਤੇਜ਼ੜੀਆਂ ਨੂੰ ਉਪਰੋਕਤ ਅੰਕੜੇ ’ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਦੇਸ਼ ’ਚ ਚਾਲੂ ਕਪਾਹ ਸੀਜ਼ਨ ਦੌਰਾਨ ਕਪਾਹ ਉਤਪਾਦਨ 3 ਤੋਂ 3.25 ਕਰੋੜ ਗੰਢਾਂ ਕਪਾਹ ਤੋਂ ਵੱਧ ਉਤਪਾਦਨ ਨਹੀਂ ਹੋਵੇਗਾ।