Hyundai i20 ਨੂੰ ਵੱਡੀ ਟੱਕਰ ਦੇਵੇਗੀ ਇਹ ਕਾਰ, ਦੇਖੋ ਅਜ਼ਮਾਇਸ਼ ਸਮੇਂ ਦੀਆਂ ਤਸਵੀਰਾਂ
Monday, Jun 01, 2020 - 01:35 PM (IST)
ਆਟੋ ਡੈਸਕ— ਹੋਂਡਾ ਇੰਡੀਆ ਜਲਦੀ ਹੀ ਆਪਣੀ ਲੋਕਪ੍ਰਸਿੱਧ ਕਾਰ ਹੋਂਡਾ ਸਿਟੀ ਦੇ ਹੈਚਬੈਕ ਮਾਡਲ ਨੂੰ ਭਾਰਤੀ ਬਾਜ਼ਾਰ 'ਚ ਉਤਾਰਣ ਵਾਲੀ ਹੈ। ਹਾਲ ਹੀ 'ਚ ਇਸ ਕਾਰ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਮੁਤਾਬਕ, ਇਸ ਕਾਰ ਨੂੰ ਪੈਟਰੋਲ ਅਤੇ ਡੀਜ਼ਲ ਦੋਵਾਂ ਤਰ੍ਹਾਂ ਦੇ ਇੰਜਣ ਨਾਲ ਲਾਂਚ ਕੀਤਾ ਜਾਵੇਗਾ।
ਡਰਾਈਵ ਸਪਾਰਕ ਦੀ ਰਿਪੋਰਟ ਮੁਤਾਬਕ, ਇਸ ਕਾਰ ਦਾ ਪ੍ਰੀਖਣ ਥਾਈਲੈਂਡ 'ਚ ਕੀਤਾ ਜਾ ਰਿਹਾ ਹੈ। ਉਥੇ ਇਸ ਕਾਰ ਨੂੰ ਅਜ਼ਮਾਇਸ਼ ਦੌਰਾਨ ਵੇਖਿਆ ਵੀ ਗਿਆ ਹੈ, ਜੋ ਕਿ ਪੂਰੀ ਤਰ੍ਹਾਂ ਢਕੀ ਹੋਈ ਸੀ ਜਿਸ ਕਾਰਨ ਕਾਰ ਦੇ ਬਾਹਰੀ ਹਿੱਸੇ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਹੋਂਡਾ ਜੈਜ਼ ਦੇ ਬਦਲ 'ਚ ਆਏਗੀ ਹੋਂਡਾ ਸਿਟੀ ਹੈਚਬੈਕ
ਹੋਂਡਾ ਸਿਟੀ ਹੈਚਬੈਕ ਕੰਪਨੀ ਦੀ ਮੌਜੂਦਾ ਹੋਂਡਾ ਜੈਜ਼ ਦੇ ਬਦਲ ਦੇ ਤੌਰ 'ਤੇ ਲਿਆਈ ਜਾਵੇਗੀ। ਇਸ ਕਾਰ ਦੇ ਫਰੰਟ ਡਿਜ਼ਾਈਨ ਨੂੰ ਕੰਪਨੀ ਨੇ ਆਪਣੀ ਸੇਡਾਨ ਹੋਂਡਾ ਸਿਟੀ ਦੀ ਤਰ੍ਹਾਂ ਹੀ ਰੱਖਿਆ ਹੈ ਪਰ ਰੀਅਰ ਲੁਕ ਹੁੰਡਈ ਆਈ 20 ਨਾਲ ਮਿਲਦੀ-ਜੁਲਦੀ ਲੱਗ ਰਹੀ ਹੈ।
ਦੋ ਇੰਜਣਾਂ 'ਚ ਆਉਣ ਦੀ ਉਮੀਦ
ਇਸ ਕਾਰ ਨੂੰ 1.0-ਲੀਟਰ ਵੀਟੈੱਕ ਟਰਬੋਚਾਰਜਡ ਪੈਟਰੋਲ ਇੰਜਣ ਨਾਲ ਲਿਆਇਆ ਜਾ ਸਕਦਾ ਹੈ ਜੋ 120 ਬੀ.ਐੱਚ.ਪੀ. ਦੀ ਤਾਕਤ ਅਤੇ 173 ਨਿਊਟਨ ਮੀਟਰ ਦਾ ਟਾਰਕ ਪੈਦਾ ਕਰੇਗਾ। ਇਸ ਤੋਂ ਇਲਾਵਾ ਇਸ ਕਾਰ ਦੇ ਇਕ ਮਾਡਲ ਨੂੰ 1.5-ਲੀਟਰ ਸਧਾਰਣ ਪੈਟਰੋਲ ਇੰਜਣ ਨਾਲ ਵੀ ਪੇਸ਼ ਕੀਤਾ ਜਾ ਸਕਦਾ ਹੈ ਜੋ ਕਿ ਆਪਣੇ ਸੈਗਮੈਂਟ 'ਚ ਬਹੁਤ ਪਾਵਰਫੁਲ ਹੋਵੇਗਾ। ਇਹ ਇੰਜਣ 6-ਸਪੀਡ ਮੈਨੁਅਲ ਜਾਂ ਫਿਰ 7 ਸਪੀਡ ਸੀ.ਵੀ.ਟੀ. ਨਾਲ ਆਏਗਾ।