ਘਰੇਲੂ ਏਅਰਲਾਈਨ ਉਦਯੋਗ ਨੂੰ ਚਾਲੂ ਵਿੱਤੀ ਸਾਲ ’ਚ 15000 ਤੋਂ 17000 ਕਰੋੜ ਦੇ ਨੁਕਸਾਨ ਦਾ ਖਦਸ਼ਾ
Thursday, Sep 08, 2022 - 11:46 AM (IST)
ਮੁੰਬਈ– ਰੁਪਏ ਦੀ ਦਰ ’ਚ ਗਿਰਾਵਟ ਅਤੇ ਜਹਾਜ਼ੀ ਈਂਧਨ (ਏ. ਟੀ. ਐੱਫ.) ਦੀਆਂ ਕੀਮਤਾਂ ’ਚ ਉਛਾਲ ਨਾਲ ਘਰੇਲੂ ਏਅਰਲਾਈਨ ਉਦਯੋਗ ਨੂੰ ਚਾਲੂ ਵਿੱਤੀ ਸਾਲ ’ਚ 15000 ਤੋਂ 17000 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਰੇਟਿੰਗ ਏਜੰਸੀ ਇਕਰਾ ਨੇ ਕਿਹਾ ਕਿ ਬੀਤੇ ਵਿੱਤੀ ਸਾਲ ’ਚ ਘਰੇਲੂ ਏਅਰਲਾਈਨ ਉਦਯੋਗ ਨੂੰ ਕਰੀਬ 23,000 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਰੇਟਿੰਗ ਏਜੰਸੀ ਮੁਤਾਬਕ 31 ਮਾਰਚ 2023 ਤੱਕ ਉਦਯੋਗ ਲਈ ਕਰਜ਼ੇ ਦਾ ਪੱਧਰ ਲਗਭਗ 1 ਲੱਖ ਕਰੋੜ ਰੁਪਏ (ਲੀਜ਼ ਦੇਣਦਾਰੀਆਂ ਸਮੇਤ) ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ-ਮੰਗ ’ਚ ਨਰਮੀ ਅਤੇ ਗਲੋਬਲ ਅਨਿਸ਼ਚਿਤਤਾਵਾਂ ਕਾਰਨ ਪ੍ਰਭਾਵਿਤ ਹੋ ਰਿਹੈ ਭਾਰਤ ਦਾ ਐਕਸਪੋਰਟ
ਰਿਪੋਰਟ ’ਚ ਕਿਹਾ ਗਿਆ ਹੈ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ’ਚ ਗਿਰਾਵਟ ਅਤੇ ਜਹਾਜ਼ੀ ਈਂਧਨ ਦੀਆਂ ਕੀਮਤਾਂ ’ਚ ਵਾਧੇ ਦਾ ਭਾਰਤੀ ਏਅਰਲਾਈਨ ਕੰਪਨੀਆਂ ਦੇ ਲਾਗਤ ਢਾਂਚੇ ’ਤੇ ਸਭ ਤੋਂ ਵੱਧ ਅਸਰ ਪਿਆ ਹੈ। ਜਹਾਜ਼ੀ ਈਂਧਨ ਦਾ ਕਿਸੇ ਵੀ ਏਅਰਲਾਈਨ ਦੀ ਓਪ੍ਰੇਟਿੰਗ ਲਾਗਤ ’ਚ ਕਰੀਬ 45 ਫ਼ੀਸਦੀ ਹਿੱਸਾ ਹੁੰਦਾ ਹੈ ਜਦ ਕਿ ਏਅਰਲਾਈਨਜ਼ ਦੇ ਓਪ੍ਰੇਟਿੰਗ ਖ਼ਰਚੇ ਦਾ 35 ਤੋਂ 50 ਫੀਸਦੀ ਅਮਰੀਕੀ ਡਾਲਰ ਨਾਲ ਸੰਚਾਲਿਤ ਹੁੰਦਾ ਹੈ।
ਇਹ ਵੀ ਪੜ੍ਹੋ- 3 ਰੁਪਏ ਤੱਕ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ, 7 ਮਹੀਨਿਆਂ 'ਚ ਸਭ ਤੋਂ ਘੱਟ ਹੋਏ ਭਾਅ
ਇਕਰਾ ਮੁਤਾਬਕ ਵਿੱਤੀ ਸਾਲ 2021-22 ’ਚ ਘਰੇਲੂ ਮੁਸਾਫਰਾਂ ਦੀ ਗਿਣਤੀ ਸਾਲਾਨਾ ਆਧਾਰ ’ਤੇ 57.7 ਫੀਸਦੀ ਦੇ ਮਜ਼ਬੂਤ ਵਾਧੇ ਨਾਲ 8.42 ਕਰੋੜ ਹੋ ਗਈ ਹੈ। ਇਕਰਾ ਦੇ ਉੱਪ-ਪ੍ਰਧਾਨ ਅਤੇ ਖੇਤਰ ਮੁਖੀ ਸੁਪ੍ਰਿਓ ਬੈਨਰਜੀ ਨੇ ਕਿਹਾ ਕਿ ਮੁਸਾਫਰਾਂ ਦੀ ਗਿਣਤੀ ’ਚ ਉਮੀਦ ਮੁਤਾਬਕ ਸੁਧਾਰ ਦੇ ਬਾਵਜੂਦ ਘਰੇਲੂ ਉਦਯੋਗ ਨੂੰ ਵਿੱਤੀ ਸਾਲ 2022-23 ਵਿਚ ਲਗਭਗ 150 ਤੋਂ 170 ਅਰਬ ਰੁਪਏ ਦਾ ਸ਼ੁੱਧ ਘਾਟਾ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਘਾਟੇ ਦਾ ਕਾਰਨ ਜਹਾਜ਼ੀ ਈਂਧਨ ਦੀਆਂ ਕੀਮਤਾਂ ’ਚ ਤੇਜ਼ੀ ਅਤੇ ਹਾਲ ਹੀ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ’ਚ ਗਿਰਾਵਟ ਹੈ। ਇਨ੍ਹਾਂ ਦੋਹਾਂ ਦਾ ਹਵਾਬਾਜ਼ੀ ਕੰਪਨੀਆਂ ਦੀ ਓਪ੍ਰੇਟਿੰਗ ਲਾਗਤ ’ਤੇ ਗੰਭੀਰ ਅਸਰ ਪੈਂਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।