ਆਯੁਸ਼ਮਾਨ ਭਾਰਤ : ਭਾਰਤ ਦੀ ਸਿਹਤ ਯਾਤਰਾ ’ਚ ਇਕ ਮੀਲ ਦਾ ਪੱਥਰ

Monday, Sep 23, 2024 - 05:23 PM (IST)

ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏ. ਬੀ.-ਪੀ. ਐੱਮ. ਜੇ. ਏ. ਵਾਈ.) ਦੀ 6ਵੀਂ ਵਰ੍ਹੇਗੰਢ ਮਾਣ ਅਤੇ ਚਿੰਤਨ ਦਾ ਪਲ ਹੈ। ਸਤੰਬਰ 2018 ’ਚ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸ਼ੁਰੂ ਕੀਤੀ ਗਈ ਏ. ਬੀ.-ਪੀ. ਐੱਮ. ਜੇ. ਏ. ਵਾਈ. ਅੱਜ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਿਹਤ ਸੇਵਾਵਾਂ ’ਚੋਂ ਇਕ ਬਣ ਚੁੱਕੀ ਹੈ। ਇਹ ਯੋਜਨਾ ਇਸ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ ਕਿ ਸਾਡੇ ਸਾਰੇ ਨਾਗਰਿਕਾਂ ਖਾਸ ਕਰਕੇ ਸਭ ਤੋਂ ਕਮਜ਼ੋਰ ਵਰਗਾਂ ਲਈ ਇਕਸਾਰ ਸਿਹਤ ਸੇਵਾ ਮੁਹੱਈਆ ਕਰਵਾਈ ਜਾਵੇ।

ਪਿਛਲੇ 6 ਸਾਲਾਂ ’ਚ ਇਸ ਖਾਹਿਸ਼ੀ ਯੋਜਨਾ ਨੇ ਲੱਖਾਂ ਜ਼ਿੰਦਗੀਆਂ ਨੂੰ ਛੂਹਿਆ ਹੈ। ਉਨ੍ਹਾਂ ਨੂੰ ਆਸ, ਇਲਾਜ ਅਤੇ ਕਈ ਮਾਮਲਿਆਂ ’ਚ ਜੀਵਨ ਰੱਖਿਅਕ ਇਲਾਜ ਮੁਹੱਈਆ ਕੀਤਾ ਹੈ। ਏ. ਬੀ.-ਪੀ. ਐੱਮ. ਜੇ. ਏ. ਵਾਈ. ਦੀ ਯਾਤਰਾ ਇਸ ਗੱਲ ਦਾ ਸਬੂਤ ਹੈ ਕਿ ਇਕ ਰਾਸ਼ਟਰ ਜਦੋਂ ਆਪਣੇ ਲੋਕਾਂ ਦੀ ਸਿਹਤ ਅਤੇ ਭਲਾਈ ਨੂੰ ਵਧੀਆ ਬਣਾਉਣ ਦੇ ਟੀਚੇ ਨਾਲ ਇਕਜੁੱਟ ਹੁੰਦਾ ਹੈ, ਤਾਂ ਕੀ ਕੁਝ ਹਾਸਲ ਕਰ ਸਕਦਾ ਹੈ। ਸਿਹਤ ਸੇਵਾਵਾਂ ਦੀ ਪਹੁੰਚ ’ਚ ਕ੍ਰਾਂਤੀ : ਆਯੁਸ਼ਮਾਨ ਭਾਰਤ ਦਾ ਮੁੱਖ ਮਿਸ਼ਨ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਭਾਰਤੀ ਆਪਣੀ ਮਾਲੀ ਹਾਲਤ ਦੇ ਕਾਰਨ ਸਿਹਤ ਸੇਵਾਵਾਂ ਤੋਂ ਵਾਂਝਾ ਨਾ ਰਹੇ। ਦਰਮਿਆਨੇ ਅਤੇ ਤੀਜੇ ਦਰਜੇ ਦੇ ਹਸਪਤਾਲ ਦੇਖਭਾਲ ਨੂੰ ਕਵਰ ਕਰਨ ਲਈ ਪ੍ਰਤੀ ਪਰਿਵਾਰ 5 ਲੱਖ ਰੁਪਏ ਦੀ ਸਾਲਾਨਾ ਕਵਰੇਜ ਦੇ ਨਾਲ ਏ. ਬੀ.-ਪੀ. ਐੱਮ. ਜੇ. ਏ. ਵਾਈ. ਨੇ ਆਰਥਿਕ ਤੌਰ ’ਤੇ ਵਾਂਝੇ ਪਰਿਵਾਰਾਂ ਨੂੰ ਦੇਸ਼ ਦੇ ਕੁਝ ਸਰਵਉੱਤਮ ਹਸਪਤਾਲਾਂ ’ਚ ਮੁਫਤ ’ਚ ਗੁਣਵੱਤਾਪੂਰਨ ਡਾਕਟਰੀ ਦੇਖਭਾਲ ਹਾਸਲ ਕਰਨ ਦਾ ਸਾਧਨ ਮੁਹੱਈਆ ਕੀਤਾ ਹੈ।

ਹਾਲ ਹੀ ’ਚ ਭਾਰਤ ਸਰਕਾਰ ਵਲੋਂ 70 ਸਾਲ ਅਤੇ ਉਸ ਤੋਂ ਵੱਧ ਉਮਰ ਵਰਗ ਦੇ ਸੀਨੀਅਰ ਨਾਗਰਿਕਾਂ ਲਈ ਏ. ਬੀ.-ਪੀ. ਐੱਮ. ਜੇ. ਏ. ਵਾਈ. ਦੇ ਲਾਭਾਂ ਦਾ ਵਿਸਥਾਰ ਕਰਨ ਦਾ ਫੈਸਲਾ ਲਿਆ ਗਿਆ ਹੈ, ਜੋ ਸਾਡੇ ਦੇਸ਼ ’ਚ ਬਦਲਦੇ ਆਬਾਦੀ ਦੇ ਦ੍ਰਿਸ਼ ਨੂੰ ਧਿਆਨ ’ਚ ਰੱਖਦੇ ਹੋਏ ਇਕ ਮਹੱਤਵਪੂਰਨ ਕਦਮ ਹੈ। ਇਸ ਤੋਂ ਪਹਿਲਾਂ ਸਾਡੇ ਕਮਿਊਨਿਟੀ ਹੈਲਥ ਵਰਕਰ, ਜਿਵੇਂ ਕਿ ਆਸ਼ਾ ਭੈਣਾਂ, ਆਂਗਣਵਾੜੀ ਵਰਕਰ ਅਤੇ ਆਂਗਣਵਾੜੀ ਸਹਾਇਕਾਂ ਦੇ ਪਰਿਵਾਰਾਂ ਨੂੰ ਯੋਜਨਾ ਦੇ ਘੇਰੇ ’ਚ ਲਿਆਂਦਾ ਗਿਆ ਸੀ। 55 ਕਰੋੜ ਤੋਂ ਵੱਧ ਲੋਕ ਯੋਜਨਾ ਦੇ ਤਹਿਤ ਮੁਫਤ ਸਿਹਤ ਸੇਵਾਵਾਂ ਲਈ ਅੱਜ ਪਾਤਰ ਹਨ। ਅਜੇ ਤਕ 7.5 ਕਰੋੜ ਤੋਂ ਵੱਧ ਸਫਲ ਇਲਾਜ ਮੁਹੱਈਆ ਕੀਤੇ ਗਏ ਹਨ ਜਿਨ੍ਹਾਂ ’ਤੇ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਖਰਚ ਹੋਇਆ ਹੈ।

ਇਸ ਯੋਜਨਾ ’ਚ ਇਲਾਜ ਦਾ ਘੇਰਾ ਬੜਾ ਵਿਆਪਕ ਹੈ ਜੋ 1900 ਤੋਂ ਵੱਧ ਡਾਕਟਰੀ ਪ੍ਰਕਿਰਿਆਵਾਂ ਨੂੰ ਕਵਰ ਕਰਦਾ ਹੈ, ਜਿਸ ’ਚ ਦਿਲ ਦੀ ਬਾਈਪਾਸ ਜਾਂ ਜੁਆਇੰਟ ਰਿਪਲੇਸਮੈਂਟ ਵਰਗੀ ਅੌਖੀ ਸਰਜਰੀ ਤੋਂ ਲੈ ਕੇ ਕੈਂਸਰ ਅਤੇ ਗੁਰਦਿਆਂ ਦੀਆਂ ਬੀਮਾਰੀਆਂ ਦੇ ਇਲਾਜ ਤਕ ਸ਼ਾਮਲ ਹਨ। ਇਹ ਅਜਿਹੇ ਇਲਾਜ ਹਨ ਜੋ ਪਹਿਲਾਂ ਸਾਰੇ ਲੋਕਾਂ ਲਈ ਪਹੁੰਚ ਤੋਂ ਬਾਹਰ ਸਨ ਪਰ ਹੁਣ ਏ. ਬੀ.-ਪੀ. ਐੱਮ. ਜੇ. ਏ. ਵਾਈ. ਨੇ ਉਨ੍ਹਾਂ ਨੂੰ ਸੌਖਾ, ਸਸਤਾ ਅਤੇ ਸਾਰਿਆਂ ਲਈ ਮੁਹੱਈਆ ਕਰਵਾ ਦਿੱਤਾ ਹੈ।

ਵਿਸ਼ਾਲ ਨੈੱਟਵਰਕ ਅਤੇ ਮਜ਼ਬੂਤ ਸਿਸਟਮ

ਏ. ਬੀ.-ਪੀ. ਐੱਮ. ਜੇ. ਏ. ਵਾਈ. ਦੀ ਇਕ ਵਿਸ਼ੇਸ਼ਤਾ ਇਸ ਦਾ ਇਕ ਮਜ਼ਬੂਤ ਸਿਹਤ ਸੇਵਾ ਮੁਹੱਈਆ ਕਰਨ ਵਾਲਾ ਨੈੱਟਵਰਕ ਤਿਆਰ ਕਰਨ ਦੀ ਸਮਰੱਥਾ ਰਹੀ ਹੈ। ਅੱਜ ਭਾਰਤ ਭਰ ਦੇ 29,000 ਤੋਂ ਵੱਧ ਹਸਪਤਾਲ, ਜਿਨ੍ਹਾਂ ’ਚ 13,000 ਤੋਂ ਵੱਧ ਨਿੱਜੀ ਹਸਪਤਾਲ ਸ਼ਾਮਲ ਹਨ, ਯੋਜਨਾ ਤਹਿਤ ਸੂਚੀਬੱਧ ਹਨ। ਇਹ ਨੈੱਟਵਰਕ ਦਿਹਾਤੀ ਅਤੇ ਸ਼ਹਿਰੀ ਇਲਾਕਿਆਂ ਤਕ ਫੈਲਿਆ ਹੋਇਆ ਹੈ ਜਿਸ ਤੋਂ ਇਹ ਯਕੀਨੀ ਹੁੰਦਾ ਹੈ ਕਿ ਦੇਸ਼ ਦੇ ਸਾਰੇ ਦੂਰ-ਦੁਰੇਡੇ ਦੇ ਹਿੱਸਿਆਂ ’ਚ ਰਹਿਣ ਵਾਲੇ ਲੋਕ ਵੀ ਗੁਣਵੱਤਾਪੂਰਨ ਸਿਹਤ ਸੇਵਾ ਹਾਸਲ ਕਰ ਸਕਣ।

ਆਯੁਸ਼ਮਾਨ ਭਾਰਤ ਦੀ ਸਫਲਤਾ ਨੇ ਸਿਹਤ ਸੇਵਾ ਈਕੋ-ਸਿਸਟਮ ਦੇ ਹੋਰ ਹਿੱਸਿਆਂ ’ਚ ਵੀ ਸੁਧਾਰ ਕੀਤੇ ਹਨ। ਯੋਜਨਾ ਦੇ ਗੁਣਵੱਤਾਪੂਰਨ ਸਿਹਤ ਸੇਵਾ ’ਤੇ ਜ਼ੋਰ ਨੇ ਜਨਤਕ ਅਤੇ ਨਿੱਜੀ ਦੋਵਾਂ ਹਸਪਤਾਲਾਂ ਨੂੰ ਆਪਣੇ ਮੁੱਢਲੇ ਢਾਂਚੇ ਅਤੇ ਸੇਵਾਵਾਂ ਨੂੰ ਉੱਨਤ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸ ਦੇ ਇਲਾਵਾ ਇਸ ਨੇ ਸਿਹਤ ਮੁਕਾਬਲੇਬਾਜ਼ੀ ਦਾ ਵਾਤਾਵਰਣ ਵਿਕਸਿਤ ਕੀਤਾ ਹੈ ਜੋ ਪ੍ਰਦਾਤਿਆਂ ਨੂੰ ਰੋਗੀ ਭਲਾਈ ਨੂੰ ਬਿਹਤਰ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ।

ਸਮੁੱਚੀ ਸਿਹਤ ਸੇਵਾ ਆਯੁਸ਼ਮਾਨ ਭਾਰਤ ਸਿਰਫ ਦਰਮਿਆਨੇ ਅਤੇ ਤੀਜੇ ਦਰਜੇ ਦੇ ਹਸਪਤਾਲ ਇਲਾਜ ਬਾਰੇ ਨਹੀਂ ਹੈ। ਏ. ਬੀ.-ਪੀ. ਐੱਮ. ਜੇ. ਏ. ਵਾਈ. ਦੇ ਨਾਲ -ਨਾਲ ਸਰਕਾਰ ਆਯੁਸ਼ਮਾਨ ਆਰੋਗਯਾ ਮੰਦਿਰ (ਏ. ਏ. ਐੱਮ.) ਦੇ ਨਿਰਮਾਣ ਰਾਹੀਂ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ’ਤੇ ਵੀ ਕੰਮ ਕਰ ਰਹੀ ਹੈ। ਇਹ ਸਿਹਤ ਕੇਂਦਰ ਸੁਰੱਖਿਆਤਮਕ ਅਤੇ ਉਤਸ਼ਾਹਿਤ ਕਰਨ ਵਾਲੀਆਂ ਸਿਹਤ ਸੇਵਾਵਾਂ ’ਤੇ ਧਿਆਨ ਕੇਂਦਰ ਕਰ ਰਹੇ ਹਨ, ਜਿਸ ਦਾ ਮਕਸਦ ਆਬਾਦੀ ’ਚ ਕੁਲ ਰੋਗਾਂ ਦੇ ਭਾਰ ਨੂੰ ਘਟਾਉਣਾ ਹੈ।

ਚੁਣੌਤੀਆਂ ਨੂੰ ਪਾਰ ਕਰਕੇ ਅੱਗੇ ਵਧਣਾ : ਆਯੁਸ਼ਮਾਨ ਭਾਰਤ ਦੀਆਂ ਪ੍ਰਾਪਤੀਆਂ ਦੀ ਖੁਸ਼ੀ ਮਨਾਉਂਦਿਆਂ, ਸਾਨੂੰ ਅੱਗੇ ਆਉਣ ਵਾਲੀਆਂ ਚੁਣੌਤੀਆਂ ਨੂੰ ਵੀ ਪ੍ਰਵਾਨ ਕਰਨਾ ਚਾਹੀਦਾ ਹੈ। ਯੋਜਨਾ ਦਾ ਪੈਮਾਨਾ ਵਿਸ਼ਾਲ ਹੈ ਅਤੇ ਇਸ ਦੇ ਨਾਲ ਇਸ ਨੂੰ ਲਗਾਤਾਰ ਹਰ ਪੱਖੋਂ ਸੁਧਾਰਨ ਦੀ ਜ਼ਿੰਮੇਵਾਰੀ ਆਉਂਦੀ ਹੈ।

ਤੰਦਰੁਸਤੀ ਭਾਰਤ ਦਾ ਸੁਪਨਾ : ਕੇਂਦਰੀ ਸਿਹਤ ਮੰਤਰੀ ਦੇ ਰੂਪ ’ਚ ਮੇਰਾ ਯਕੀਨ ਹੈ ਕਿ ਕਿਸੇ ਵੀ ਰਾਸ਼ਟਰ ਦੀ ਤੰਦਰੁਸਤੀ ਉਸ ਦੀ ਖੁਸ਼ਹਾਲੀ ਦੀ ਨੀਂਹ ਹੈ। ਤੰਦਰੁਸਤ ਜਨਤਾ ਦੇਸ਼ ਦੇ ਵਿਕਾਸ, ਪੈਦਾਵਾਰ ਅਤੇ ਨਵਾਚਾਰ ’ਚ ਯੋਗਦਾਨ ਪਾਉਣ ’ਚ ਸਮਰੱਥ ਹੁੰਦੀ ਹੈ। ਆਯੁਸ਼ਮਾਨ ਭਾਰਤ ਇਸ ਤੰਦਰੁਸਤ, ਮਜ਼ਬੂਤ ਅਤੇ ਵਿਕਸਿਤ ਭਾਰਤ ਦੀ ਸੰਕਲਪਨਾ ਦਾ ਕੇਂਦਰ ਹੈ।

ਜਗਤ ਪ੍ਰਕਾਸ਼ ਨੱਡਾ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ
 


Tanu

Content Editor

Related News