‘ਤੂਫਾਨ ਵੀ ਚੱਲ ਰਹੇ ਹਨ ਅਤੇ ਦੀਵੇ ਵੀ ਬਲ ਰਹੇ ਹਨ’
Thursday, Nov 12, 2026 - 12:54 PM (IST)
ਭਾਰਤ ਸਮੇਤ ਪੂਰੀ ਦੁਨੀਆ ਦੀ ਮੌਜੂਦਾ ਸਥਿਤੀ ਨੂੰ ਦੇਖ ਕੇ ਬਿਨਾਂ ਕਿਸੇ ਝਿਜਕ ਦੇ ਕਿਹਾ ਜਾ ਸਕਦਾ ਹੈ ਕਿ ‘ਤੂਫਾਨ ਵੀ ਚੱਲ ਰਹੇ ਹਨ ਅਤੇ ਦੀਵੇ ਵੀ ਬਲ ਰਹੇ ਹਨ’। ਬ੍ਰਾਜ਼ੀਲ ਦੀਆਂ ਆਮ ਚੋਣਾਂ ’ਚ ਲੂਲਾ ਦੀ ਅਗਵਾਈ ਵਾਲੀ ਖੱਬੇਪੱਖੀ ਪਾਰਟੀ ਦਾ ਸੱਤਾ ’ਚ ਆਉਣਾ, ਦੁਨੀਆ ਦੇ ਸਭ ਤੋਂ ਬਦਨਾਮ ਤਾਨਾਸ਼ਾਹਾਂ ਦੇ ਸਰਗਨਾ ਇਜ਼ਰਾਈਲ ਦੇ ਨਿਰਦਈ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਪਾਰਟੀ ਦੀ ਸੱਤਾ ਤੋਂ ਵਿਦਾਈ ਅਤੇ ਅਮਰੀਕਾ ਦੀਆਂ ਮੱਧਕਾਲੀ ਚੋਣਾਂ ’ਚ, ਦੁਨੀਆ ਭਰ ਦੇ ਆਮ ਲੋਕਾਂ ਦੇ ਸਭ ਤੋਂ ਵੱਡੇ ਖਲਨਾਇਕ, ਮਸਖ਼ਰਾਨੁਮਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਾਰਟੀ ਦੀ ਹਾਰ ‘ਬਲਦੇ ਦੀਵਿਆਂ’ ਦੀਆਂ ਸ਼ਕਤੀਸ਼ਾਲੀ ਮਿਸਾਲਾਂ ਕਹੇ ਜਾ ਸਕਦੇ ਹਨ। ਇਨ੍ਹਾਂ ਚੋਣ ਨਤੀਜਿਆਂ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀ ਸਿਆਸਤ ’ਚ ਆ ਰਹੇ ਦੱਖਣਪੰਥੀ ਉਭਾਰ ’ਤੇ ਵੀ ਇਕ ਖ਼ਾਸ ਹੱਦ ਤੱਕ ਠੱਲ੍ਹ ਪਾਈ ਹੈ।
ਭਾਰਤ ’ਚ, 2014 ’ਚ ਬਣੀ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਐੱਨ. ਡੀ. ਏ. ਦੀ ਸਰਕਾਰ, ਜਿਸ ਦੇ ਮੁਖੀ ਨਰਿੰਦਰ ਮੋਦੀ ਹਨ, ਨੇ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰੀ, ਧਰਮਨਿਰਪੱਖ ਤੇ ਸੰਘੀ ਢਾਂਚੇ ਦੀ ਤਬਾਹੀ ਲਈ ਜਿਸ ਤਰ੍ਹਾਂ ਤਾਬੜਤੋੜ ਹਮਲੇ ਕੀਤੇ ਹਨ, ਉਸ ਨੂੰ ਦੇਖ ਕੇ ਕਈ ਲੋਕ ਕਹਿਣ ਲੱਗੇ ਸਨ ਕਿ ਹੁਣ ਕੇਂਦਰ ਦੀ ਸੱਤਾ ’ਚ ਸਦਾ ਲਈ ‘ਮੋਦੀ ਤੇ ਸਿਰਫ਼ ਮੋਦੀ ਜੀ ਹੀ ਬਿਰਾਜਮਾਨ’ ਰਹਿਣਗੇ। ਮੋਦੀ ਜੀ ਆਪ ਵੀ ਆਪਣੇ ਆਪ ਨੂੰ ‘ਗੈਰ-ਜੈਵਿਕ ਪ੍ਰਾਣੀ’ ਭਾਵ ‘ਦੈਵੀ ਅਵਤਾਰ’ ਦੱਸਦੇ ਹਨ। ਮੋਦੀ ਦੇ ‘ਅੰਧ-ਭਗਤ’ ਵੀ ਉਨ੍ਹਾਂ ਨੂੰ ਭਗਵਾਨ ਵਿਸ਼ਨੂੰ ਜੀ ਦਾ ਅਵਤਾਰ ਮੰਨਦੇ ਹਨ ਅਤੇ ਉਨ੍ਹਾਂ ਦੇ ਨਾਂ ’ਤੇ ਇਕ ਵੱਡੇ ਮੰਦਰ ਦਾ ਨਿਰਮਾਣ ਕੀਤਾ ਜਾਣਾ ਹੈ।
1947 ਤੋਂ ਬਾਅਦ ਸਿਆਸੀ ਹਲਕਿਆਂ, ਖ਼ਾਸ ਕਰ ਸੱਤਾਧਾਰੀ ਧਿਰ ਵੱਲੋਂ, ਇਸ ਗੱਲ ਦਾ ਪਹਿਲੀ ਵਾਰ ਜਨਤਕ ਐਲਾਨ ਕੀਤਾ ਗਿਆ ਹੈ ਕਿ ‘‘ਦੇਸ਼ ਦਾ ਸੰਵਿਧਾਨ ਵਿਦੇਸ਼ੀ ਤਰਜ਼ ਦਾ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਬਦਲ ਕੇ ਭਾਰਤੀ ਰੀਤੀ-ਰਿਵਾਜਾਂ ਤੇ ਮੁੱਲਾਂ ਅਨੁਸਾਰ ਨਵੇਂ ਸਿਰੇ ਤੋਂ ਲਿਖਿਆ ਜਾਣਾ ਚਾਹੀਦਾ ਹੈ।’’ ‘ਲੋਕਤੰਤਰੀ ਤੇ ਧਰਮਨਿਰਪੱਖ ਸਰੋਕਾਰਾਂ’ ਅਤੇ ‘ਸੰਘੀ ਢਾਂਚੇ’ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਇਹ ਐਲਾਨ ਸ਼ਰੇਆਮ ਕੀਤੇ ਜਾ ਰਹੇ ਹਨ ਕਿ ਦੇਸ਼ ਅੰਦਰ ‘ਇਕ ਵਿਸ਼ੇਸ਼ ਧਰਮ ਦੀ ਪ੍ਰਧਾਨਗੀ ਵਾਲਾ ਅਜਿਹਾ ਗੈਰ-ਲੋਕਤੰਤਰੀ ‘ਹਿੰਦੂਤਵਵਾਦੀ ਰਾਜ’ ਕਾਇਮ ਕੀਤਾ ਜਾਵੇਗਾ, ਜਿੱਥੇ ਨਿਆਂਪਾਲਿਕਾ, ਕਾਰਜਪਾਲਿਕਾ, ਰਸਮ-ਰਿਵਾਜ, ਸਿੱਖਿਆ ਆਦਿ ਇਕ ਖ਼ਾਸ ਤਰ੍ਹਾਂ ਦੀ ‘ਧਾਰਮਿਕ ਆਸਥਾ’ ਦੀ ਪਾਲਣਾ ਕਰਨਗੇ।
ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਦੇ ਇਤਿਹਾਸ ਅਤੇ ਵਿੱਦਿਅਕ ਸਿਲੇਬਸ ਦਾ ਉਕਤ ਨਿਸ਼ਾਨੇ ਮੁਤਾਬਕ ਮੁੜ-ਲੇਖਣ ਕਰਵਾ ਲਿਆ ਹੈ। ਸੱਭਿਆਚਾਰਕ ਤੇ ਸਮਾਜਿਕ ਸਰੋਕਾਰਾਂ ਅਤੇ ਸ਼ਹਿਰਾਂ, ਸੜਕਾਂ, ਰੇਲਵੇ ਸਟੇਸ਼ਨਾਂ ਆਦਿ ਦੇ ਨਾਂਵਾਂ ’ਚ ਕੀਤੇ ਗਏ ਬਦਲਾਅ ਤੋਂ ਇਕ ਵਿਸ਼ੇਸ਼ ਘੱਟਗਿਣਤੀ ਭਾਈਚਾਰੇ (ਮੁਸਲਮਾਨਾਂ) ਪ੍ਰਤੀ ਘੋਰ ਨਫ਼ਰਤ ਦੀ ਬੂ ਆਉਂਦੀ ਹੈ। ਆਰ. ਐੱਸ. ਐੱਸ. ਦੀ ਨਫ਼ਰਤੀ ‘ਯੂਨੀਵਰਸਿਟੀ’ ਤੋਂ ਪਾਸ ‘ਗ੍ਰੈਜੂਏਟ’, ਜਿਨ੍ਹਾਂ ਦੇ ਦਿਮਾਗ਼ ’ਚ ‘ਫ਼ਿਰਕੂ-ਫ਼ਾਸ਼ੀਵਾਦੀ’ ਵਿਚਾਰ ਕੁੱਟ-ਕੁੱਟ ਕੇ ਭਰੇ ਹੋਏ ਹਨ, ਦੇਸ਼ ਦੇ ਲਗਭਗ ਸਾਰੇ ਸੰਵਿਧਾਨਕ ਤੇ ਖੁਦਮੁਖਤਾਰ ਅਦਾਰਿਆਂ ਦੇ ਮੁਖੀ ਤਾਇਨਾਤ ਕਰ ਦਿੱਤੇ ਗਏ ਹਨ। ਸਾਰੇ ਧਾਰਮਿਕ ਘੱਟਗਿਣਤੀਆਂ, ਬਹੁਜਨ ਸਮਾਜ, ਔਰਤਾਂ, ਪ੍ਰਗਤੀਸ਼ੀਲ ਬੁੱਧੀਜੀਵੀਆਂ, ਮਨੁੱਖੀ-ਅਧਿਕਾਰ ਵਰਕਰਾਂ ਅਤੇ ਖੱਬੇਪੱਖੀਆਂ ਨੂੰ ਪੁਲਸ ਜ਼ੁਲਮ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਇਨ੍ਹਾਂ ’ਚੋਂ ਅਨੇਕਾਂ ਝੂਠੇ ਦੋਸ਼ਾਂ ਹੇਠ ਜੇਲਾਂ ’ਚ ਬੰਦ ਹਨ।
ਹਮ ਆਹ ਭੀ ਭਰਤੇ ਹੈਂ, ਤੋ ਹੋ ਜਾਤੇ ਹੈਂ ਬਦਨਾਮ,
ਵੋ ਕਤਲ ਭੀ ਕਰਤੇ ਹੈਂ, ਤੋ ਚਰਚਾ ਨਹੀਂ ਹੋਤੀ।
ਵਾਲਾ ਮਾਹੌਲ ਬਣਿਆ ਹੋਇਆ ਹੈ। ਮੀਡੀਆ, ਖ਼ਾਸਕਰ ਇਲੈਕਟ੍ਰਾਨਿਕ ਮੀਡੀਆ ਦਾ ਵੱਡਾ ਹਿੱਸਾ ਸਰਕਾਰ ਦੇ ‘ਸੇਵਾਦਾਰਾਂ’ ਦੇ ਰੂਪ ’ਚ ਕੰਮ ਕਰ ਰਿਹਾ ਹੈ।
ਐੱਸ. ਆਈ. ਆਰ. ਦੇ ਨਾਂ ’ਤੇ 13 ਕਰੋੜ ਤੋਂ ਵੱਧ ਦੇਸ਼ਵਾਸੀਆਂ ਦੇ ਨਾਂ ਵੋਟਰ ਸੂਚੀਆਂ ਤੋਂ ਹਟਾ ਦਿੱਤੇ ਗਏ ਹਨ ਅਤੇ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਅਣਗਿਣਤ ‘ਕਾਲਪਨਿਕ ਵੋਟਰਾਂ’ ਦੇ ਨਾਂ ਜੋੜ ਦਿੱਤੇ ਗਏ ਹਨ। ਬੇਸ਼ੁਮਾਰ ਧਨ ਅਤੇ ਈ. ਡੀ., ਸੀ. ਬੀ. ਆਈ. ਸਮੇਤ ਸਮੁੱਚੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਜ਼ਰੀਏ ਲੋਕਤੰਤਰੀ ਪ੍ਰਣਾਲੀ ਨੂੰ ਖੋਖਲਾ ਕੀਤਾ ਜਾ ਰਿਹਾ ਹੈ।
ਇਨ੍ਹਾਂ ਬੇਹੱਦ ਖ਼ਤਰਨਾਕ ਹਾਲਾਤ ’ਚ ਆਪਣੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ, ਜਿਵੇਂ ਮਹਿੰਗਾਈ, ਬੇਰੋਜ਼ਗਾਰੀ, ਨਸ਼ਾ ਵਪਾਰ, ਭ੍ਰਿਸ਼ਟਾਚਾਰ ਆਦਿ ਦੇ ਹੱਲ ਲਈ ਅਤੇ ਮੋਦੀ ਸਰਕਾਰ ਦੀ ਸਾਮਰਾਜਵਾਦੀ ਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੋਧ ’ਚ ਆਮ ਲੋਕ ਘਰਾਂ ਤੋਂ ਨਿਕਲ ਕੇ ਸੜਕਾਂ ’ਤੇ ਸੰਘਰਸ਼ ਕਰਨ ਲੱਗੇ ਹਨ। ਪੁਲਸ ਦਾ ਹਰ ਤਰ੍ਹਾਂ ਦਾ ਜ਼ੁਲਮ ਅਤੇ ਸੰਘੀ ਲਾਠੀਧਾਰੀਆਂ ਦੀ ਗੁੰਡਾਗਰਦੀ ਵੀ ਨੌਜਵਾਨ ਮੁੰਡੇ-ਕੁੜੀਆਂ ਨੂੰ ਹੱਕ-ਸੱਚ, ਨਿਆਂ ਪਾਉਣ ਲਈ ਲੜੇ ਜਾ ਰਹੇ ਸ਼ਾਂਤੀਪੂਰਨ ਅੰਦੋਲਨ ਦੇ ਰਸਤੇ ਤੋਂ ਭਟਕਾ ਨਹੀਂ ਸਕੀ।
1 ਨਵੰਬਰ, 2026 ਨੂੰ ਦਿੱਲੀ ਦੇ ‘ਰਾਮਲੀਲਾ ਮੈਦਾਨ’ ਵਿਚ ਭਾਜਪਾ ਵਿਰੋਧੀ ‘ਇੰਡੀਆ’ ਗਠਜੋੜ ਵੱਲੋਂ ਕੀਤੇ ਗਏ ਬੇਮਿਸਾਲ ਜਨਸਮੂਹ ਨੇ ਦੇਸ਼ ਭਰ ’ਚ ਚੱਲ ਰਹੀ ਭਾਜਪਾ ਵਿਰੋਧੀ ਲਹਿਰ ਦੀਆਂ ਹਵਾਵਾਂ ਨੂੰ ‘ਤੂਫਾਨ’ ਵਿਚ ਬਦਲ ਦਿੱਤਾ ਹੈ। ਆਰ. ਐੱਸ. ਐੱਸ. ਸਮਰਥਕ ਲੋਕ ਭਾਵੇਂ ਖੱਬੇਪੱਖੀਆਂ ਨੂੰ ਬੀਤੇ ਜ਼ਮਾਨੇ ਦੀ ਗੱਲ ਦੱਸਦੇ ਰਹਿਣ ਪਰ ਮਜ਼ਦੂਰਾਂ ਦੇ ਇਸ ਉਮੜਦੇ ਜਨ-ਸੈਲਾਬ ’ਚ ਵਾਮਪੰਥੀ ਧਰੂ ਤਾਰੇ ਵਾਂਗ ਚਮਕ ਰਹੇ ਸਨ।
ਇਹ ਸਭ ਆਉਣ ਵਾਲੇ ਦਿਨਾਂ ’ਚ ਦੇਸ਼ ’ਚ ਹੋਣ ਵਾਲੀ ਸੰਭਾਵੀ ਸਿਆਸੀ ਤਬਦੀਲੀ ਦਾ ਸ਼ੁਭ ਸੰਕੇਤ ਹੈ।
-ਮੰਗਤ ਰਾਮ ਪਾਸਲਾ
