ਅਮਰੀਕਾ ਤੋਂ ਮਿਲਿਆ ਸੁਨੇਹਾ : ਕੋਈ ਵੀ ਨੇਤਾ ਜਨਤਾ ਤੋਂ ਵੱਡਾ ਨਹੀਂ

Sunday, Nov 08, 2026 - 01:51 PM (IST)

ਅਮਰੀਕਾ ਤੋਂ ਮਿਲਿਆ ਸੁਨੇਹਾ : ਕੋਈ ਵੀ ਨੇਤਾ ਜਨਤਾ ਤੋਂ ਵੱਡਾ ਨਹੀਂ

ਅਮਰੀਕੀ ਮੱਧਕਾਲੀ ਚੋਣਾਂ ’ਚ ਡੋਨਾਲਡ ਟਰੰਪ ਦੀ ਹਾਰ ਰਿਪਬਲਿਕਨ ਪਾਰਟੀ ਲਈ ਇਕ ਝਟਕੇ ਤੋਂ ਕਿਤੇ ਵੱਧ ਹੈ। ਇਹ ਹਰ ਜਗ੍ਹਾ ਦੇ ਸਿਆਸਤਦਾਨਾਂ ਲਈ ਇਕ ਚਿਤਾਵਨੀ ਹੈ ਕਿ ਇਕ ਵਾਰ ਹਾਸਲ ਕੀਤੀ ਗਈ ਸੱਤਾ ਨੂੰ ਕਦੇ ਵੀ ਸਥਾਈ ਜਾਂ ਮਿੱਥਿਆ ਨਹੀਂ ਜਾ ਸਕਦਾ। ਕਾਂਗਰਸ (ਸੰਸਦ) ਦੇ ਦੋਵਾਂ ਸਦਨਾਂ ’ਤੇ ਕੰਟਰੋਲ ਹਾਸਲ ਕਰਦੇ ਹੋਏ ਡੈਮੋਕ੍ਰੇਟਸ ਦੀ ਵਿਆਪਕ ਜਿੱਤ ਨੇ ਆਮ ਅਮਰੀਕੀਆਂ ਦੇ ਵਧਦੇ ਅਸੰਤੋਖ ਨੂੰ ਉਜਾਗਰ ਕਰ ਦਿੱਤਾ ਹੈ, ਜੋ ਅਜਿਹੀ ਲੀਡਰਸ਼ਿਪ ਤੋਂ ਨਿਰਾਸ਼ ਸਨ, ਜੋ ਉਨ੍ਹਾਂ ਦੇ ਰੋਜ਼ਾਨਾ ਦੇ ਸਰੋਕਾਰਾਂ ਤੋਂ ਲਗਾਤਾਰ ਕੱਟਦੀ ਜਾ ਰਹੀ ਸੀ। ਸਵਾਲ ਇਹ ਹੈ ਕਿ ਕੀ ਟਰੰਪ ਆਪਣੇ ਹੰਕਾਰ, ਆਪਣੀਆਂ ਨੀਤੀਆਂ, ਈਰਾਨ ਨਾਲ ਜੰਗ ਕਾਰਨ ਹਾਰੇ, ਜਾਂ ਫਿਰ ਅਮਰੀਕਾ ਸਿਰਫ ਯੂਰਪ ਅਤੇ ਦੁਨੀਆ ਦੇ ਹੋਰ ਹਿੱਸਿਆਂ ’ਚ ਚੱਲ ਰਹੇ ਇਕ ਵੱਡੇ ਸਿਆਸੀ ਅੰਦੋਲਨ ਨੂੰ ਪ੍ਰਤੀਬਿੰਬਤ ਕਰ ਰਿਹਾ ਹੈ। ਇਸ ਦਾ ਜਵਾਬ ਸ਼ਾਇਦ ਇਨ੍ਹਾਂ ਸਾਰੇ ਕਾਰਕਾਂ ਦਾ ਇਕ ਸੁਮੇਲ ਹੈ।

ਟਰੰਪ ਨੇ ਹਮੇਸ਼ਾ ਸ਼ਕਤੀ ਪ੍ਰਦਰਸ਼ਨ ’ਚ ਵਿਸ਼ਵਾਸ ਕੀਤਾ ਹੈ। ਉਨ੍ਹਾਂ ਦੀ ਸਿਆਸੀ ਸ਼ੈਲੀ ਟਕਰਾਅ ਵਾਲੀ ਹੈ, ਉਨ੍ਹਾਂ ਦੀ ਭਾਸ਼ਾ ਅਕਸਰ ਸਖ਼ਤ ਹੁੰਦੀ ਹੈ ਅਤੇ ਉਨ੍ਹਾਂ ਦਾ ਆਤਮਵਿਸ਼ਵਾਸ ਕਦੇ-ਕਦੇ ਹੰਕਾਰ ਦੀ ਹੱਦ ਨੂੰ ਛੂਹਣ ਲੱਗਦਾ ਹੈ। ਉਨ੍ਹਾਂ ਨੇ ਵਾਰ-ਵਾਰ ਖ਼ੁਦ ਨੂੰ ਅਮਰੀਕਾ ਨੂੰ ਬਚਾਉਣ ’ਚ ਸਮਰੱਥ ਇਕੱਲੇ ਵਿਅਕਤੀ ਵਜੋਂ ਪੇਸ਼ ਕੀਤਾ ਹੈ ਪਰ ਇਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਸੱਤਾ ਦਾ ਨਿਰੰਤਰ ਪ੍ਰਦਰਸ਼ਨ ਉਨ੍ਹਾਂ ਲੋਕਾਂ ਨੂੰ ਵੀ ਦੂਰ ਕਰਨ ਲੱਗਦਾ ਹੈ ਜਿਨ੍ਹਾਂ ਨੇ ਕਦੇ ਇਸ ਦਾ ਸਮਰਥਨ ਕੀਤਾ ਸੀ। ਕਈ ਅਮਰੀਕੀ ਇਸ ਸਿੱਟੇ ’ਤੇ ਪਹੁੰਚਦੇ ਦਿਸੇ ਕਿ ਉਨ੍ਹਾਂ ਦੇ ਰਾਸ਼ਟਰਪਤੀ ਆਪਣੀਆਂ ਮੁਸ਼ਕਲਾਂ ਨੂੰ ਸਮਝਣ ਦੀ ਬਜਾਏ ਆਪਣੇ ਅਧਿਕਾਰ ਦਾ ਪ੍ਰਦਰਸ਼ਨ ਕਰਨ ’ਚ ਵਧੇਰੇ ਚਿੰਤਤ ਸਨ।

ਹਾਲਾਂਕਿ, ਅਰਥਵਿਵਸਥਾ ਚੋਣ ਨਤੀਜੇ ਦਾ ਸਭ ਤੋਂ ਸ਼ਕਤੀਸ਼ਾਲੀ ਸਪੱਸ਼ਟੀਕਰਨ ਬਣੀ ਰਹੀ। ਟਰੰਪ ਨੇ ਕੀਮਤਾਂ ਹੇਠਾਂ ਲਿਆਉਣ ਅਤੇ ਆਮ ਅਮਰੀਕੀਆਂ ਦੇ ਜੀਵਨ ’ਚ ਸੁਧਾਰ ਕਰਨ ਦਾ ਵਾਅਦਾ ਕੀਤਾ ਸੀ। ਇਸ ਦੀ ਬਜਾਏ, ਕਰਿਆਨੇ ਦਾ ਸਾਮਾਨ, ਰਿਹਾਇਸ਼, ਸਿਹਤ ਸੇਵਾ ਅਤੇ ਰੋਜ਼ਾਨਾ ਦੀਆਂ ਲੋੜਾਂ ਦਾ ਖਰਚਾ ਪਰਿਵਾਰਾਂ ’ਤੇ ਭਾਰੀ ਪੈਂਦਾ ਰਿਹਾ। ਮੁਦਰਾਸਫ਼ੀਤੀ ਸਿਰਫ਼ ਇਕ ਆਰਥਿਕ ਅੰਕੜਾ ਨਹੀਂ, ਇਹ ਕਿਸੇ ਪਰਿਵਾਰ ਦੇ ਬੱਚਤ ਕਰਨ ’ਚ ਸਮਰੱਥ ਹੋਣ ਅਤੇ ਅਗਲੇ ਤਨਖਾਹ ਦੇ ਦਿਨ ਤੱਕ ਜਿਊਂਦੇ ਰਹਿਣ ਲਈ ਸੰਘਰਸ਼ ਕਰਨ ਦੇ ਵਿਚਾਲੇ ਦਾ ਫ਼ਰਕ ਹੈ।

ਅਮਰੀਕੀ ਉਦਯੋਗਾਂ ਦੀ ਰੱਖਿਆ ਦੇ ਉਦੇਸ਼ ਨਾਲ ਬਣਾਈਆਂ ਗਈਆਂ ਉਨ੍ਹਾਂ ਦੀਆਂ ਟੈਰਿਫ ਨੀਤੀਆਂ ਨੇ ਵੀ ਆਰਥਿਕ ਅਨਿਸ਼ਚਿਤਤਾ ਅਤੇ ਉੱਚ ਲਾਗਤ ’ਚ ਯੋਗਦਾਨ ਪਾਇਆ। ਜਿਨ੍ਹਾਂ ਵੋਟਰਾਂ ਨੂੰ ਤੁਰੰਤ ਰਾਹਤ ਦੀ ਉਮੀਦ ਸੀ, ਉਹ ਇਹ ਸਵਾਲ ਉਠਾਉਣ ਲੱਗੇ ਕਿ ਕੀ ਇਹ ਨੀਤੀਆਂ ਅਸਲ ’ਚ ਉਨ੍ਹਾਂ ਦੇ ਪੱਖ ’ਚ ਕੰਮ ਕਰ ਰਹੀਆਂ ਹਨ? ਅਮਰੀਕੀ ਵੋਟਰ ਟਰੰਪ ਨੂੰ ਇਕ ਹੋਰ ਮੌਕਾ ਦੇਣ ਲਈ ਤਿਆਰ ਰਹੇ ਹੋਣਗੇ ਪਰ ਧੀਰਜ ਦੀ ਵੀ ਇਕ ਹੱਦ ਹੁੰਦੀ ਹੈ।

ਈਰਾਨ ਨਾਲ ਜੰਗ ਇਕ ਹੋਰ ਫੈਸਲਾਕੁੰਨ ਕਾਰਕ ਬਣ ਗਈ। ਇਸ ਸੰਘਰਸ਼ ਨੇ ਅਨਿਸ਼ਚਿਤਤਾ, ਵਧਦੀ ਊਰਜਾ ਲਾਗਤ ਅਤੇ ਇਹ ਸਵਾਲ ਪੈਦਾ ਕੀਤਾ ਕਿ ਅਮਰੀਕਾ ਇਕ ਹੋਰ ਲੰਬੇ ਫ਼ੌਜੀ ਜੁੜਾਅ ’ਚ ਕਿਉਂ ਸ਼ਾਮਲ ਹੋਇਆ। ਅਜਿਹੇ ਸਮੇਂ, ਜਦੋਂ ਪਰਿਵਾਰ ਜੀਵਨ-ਨਿਰਬਾਹ ਦੀ ਲਾਗਤ ਨਾਲ ਜੂਝ ਰਹੇ ਸਨ, ਜੰਗ ’ਤੇ ਭਾਰੀ ਰਕਮ ਖਰਚ ਕਰਨ ਦੇ ਵਿਚਾਰ ਨੂੰ ਜਾਇਜ਼ ਠਹਿਰਾਉਣਾ ਬਹੁਤ ਮੁਸ਼ਕਲ ਹੋ ਗਿਆ। ਟਰੰਪ ਨੇ ਖ਼ੁਦ ਸਵੀਕਾਰ ਕੀਤਾ ਕਿ ਈਰਾਨ ਜੰਗ ਨੇ ਚੋਣ ਨੂੰ ਪ੍ਰਭਾਵਿਤ ਕੀਤਾ ਸੀ। ਇਹ ਮਹੱਤਵਪੂਰਨ ਹੈ ਕਿਉਂਕਿ ਵਿਦੇਸ਼ ਨੀਤੀ, ਜੋ ਅਕਸਰ ਆਮ ਵੋਟਰ ਤੋਂ ਦੂਰ ਦਿਖਾਈ ਦਿੰਦੀ ਹੈ, ਅੰਤ ’ਚ ਘਰੇਲੂ ਬਜਟ ’ਚ ਆਪਣਾ ਰਸਤਾ ਲੱਭ ਹੀ ਲੈਂਦੀ ਹੈ। ਈਂਧਨ ਦੀਆਂ ਉੱਚੀਆਂ ਕੀਮਤਾਂ, ਅੰਤਰਰਾਸ਼ਟਰੀ ਬਾਜ਼ਾਰਾਂ ’ਚ ਅਨਿਸ਼ਚਿਤਤਾ ਅਤੇ ਤਣਾਅ ਵਧਣ ਦਾ ਡਰ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ।

ਯੂਰਪ ਨੇ ਲੋਕ-ਲੁਭਾਊ ਪਾਰਟੀਆਂ ਦੇ ਉਭਾਰ, ਵਿਰੋਧ ਪ੍ਰਦਰਸ਼ਨਾਂ ਅਤੇ ਸਿਆਸੀ ਅਸਥਿਰਤਾ ਨੂੰ ਦੇਖਿਆ ਹੈ। ਆਰਥਿਕ ਤੰਗੀ, ਜਨਤਾ ਦੇ ਅਸੰਤੋਖ ਅਤੇ ਬਦਲਦੀਆਂ ਸਿਆਸੀ ਨਿਸ਼ਠਾਵਾਂ ਦੇ ਦਬਾਅ ਹੇਠ ਸਰਕਾਰਾਂ ਡਿੱਗ ਗਈਆਂ ਹਨ ਜਾਂ ਕਮਜ਼ੋਰ ਹੋ ਗਈਆਂ ਹਨ। ਫਿਰ ਵੀ ਇਹ ਰੁਝਾਨ ਇਕ ਸਮਾਨ ਨਹੀਂ ਹੈ। ਕੁਝ ਦੇਸ਼ਾਂ ’ਚ, ਲੋਕ-ਲੁਭਾਊ ਅੰਦੋਲਨ ਮਜ਼ਬੂਤ ਹੋ ਰਹੇ ਹਨ, ਦੂਜਿਆਂ ’ਚ, ਵੋਟਰ ਉਨ੍ਹਾਂ ਨੂੰ ਖਾਰਜ ਕਰ ਰਹੇ ਹਨ। ਸਾਂਝਾ ਸੂਤਰ ਇਹ ਹੈ ਕਿ ਰਵਾਇਤੀ ਸਿਆਸੀ ਨਿਸ਼ਠਾਵਾਂ ਘੱਟ ਭਰੋਸੇਮੰਦ ਹੁੰਦੀਆਂ ਜਾ ਰਹੀਆਂ ਹਨ।

ਮੱਧ ਪੂਰਬ ’ਚ ਅਨਿਸ਼ਚਿਤਤਾ ਇਕ ਹੋਰ ਆਯਾਮ ਜੋੜਦੀ ਹੈ। ਜੰਗ, ਹਿਜਰਤ, ਊਰਜਾ ਅਸੁਰੱਖਿਆ ਅਤੇ ਅੰਤਰਰਾਸ਼ਟਰੀ ਤਣਾਅ ਨੇ ਇਹ ਭਾਵਨਾ ਪੈਦਾ ਕੀਤੀ ਹੈ ਕਿ ਦੁਨੀਆ ਤੇਜ਼ੀ ਨਾਲ ਅਸਥਿਰ ਹੁੰਦੀ ਜਾ ਰਹੀ ਹੈ। ਹਰ ਜਗ੍ਹਾ ਨਾਗਰਿਕ ਪੁੱਛ ਰਹੇ ਹਨ ਕਿ ਕੀ ਉਨ੍ਹਾਂ ਦੀਆਂ ਸਰਕਾਰਾਂ ਉਨ੍ਹਾਂ ਦੇ ਆਰਥਿਕ ਹਿੱਤਾਂ ਦੀ ਰੱਖਿਆ ਕਰਨ ਅਤੇ ਇਕ ਸੁਰੱਖਿਅਤ ਭਵਿੱਖ ਪ੍ਰਦਾਨ ਕਰਨ ’ਚ ਸਮਰੱਥ ਹਨ।

ਵਿਸ਼ਵਾਸ ਦਾ ਇਕ ਡੂੰਘਾ ਸੰਕਟ ਵੀ ਹੈ। ਸਿਆਸਤਦਾਨਾਂ ਨੂੰ ਹੁਣ ਉਨ੍ਹਾਂ ਦੇ ਭਾਸ਼ਣਾਂ ਤੋਂ ਨਹੀਂ, ਸਗੋਂ ਇਸ ਗੱਲ ਤੋਂ ਪਰਖਿਆ ਜਾਂਦਾ ਹੈ ਕਿ ਉਹ ਨਤੀਜੇ ਦਿੰਦੇ ਹਨ ਜਾਂ ਨਹੀਂ। ਵੱਡੇ ਐਲਾਨ, ਅੰਤਰਰਾਸ਼ਟਰੀ ਸਿਖਰ ਸੰਮੇਲਨ ਅਤੇ ਸ਼ਕਤੀ ਦਾ ਪ੍ਰਦਰਸ਼ਨ ਬੇਰੁਜ਼ਗਾਰੀ, ਮਹਿੰਗੇ ਘਰ ਜਾਂ ਖੁਰਾਕ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਦੀ ਪੂਰਤੀ ਨਹੀਂ ਕਰ ਸਕਦੇ। ਇਸ ਲਈ ਟਰੰਪ ਦੀ ਹਾਰ ਦੀ ਵਿਆਖਿਆ ਸਿਰਫ਼ ਇਕ ਵਿਅਕਤੀ ਦੀ ਨਾਮਨਜ਼ੂਰੀ ਵਜੋਂ ਨਹੀਂ ਕੀਤੀ ਜਾਣੀ ਚਾਹੀਦੀ। ਇਹ ਸਿਆਸੀ ਸ਼ਖ਼ਸੀਅਤ ਦੀਆਂ ਹੱਦਾਂ ਅਤੇ ਜਨਤਾ ਦੇ ਅਸੰਤੋਖ ਦੀ ਅਣਗਹਿਲੀ ਦੇ ਨਤੀਜਿਆਂ ਨੂੰ ਦਰਸਾਉਂਦੀ ਹੈ। ਉਨ੍ਹਾਂ ਦੇ ਵਿਰੋਧੀਆਂ ਕੋਲ ਹੁਣ ਬਦਲਾਅ ਦੇ ਵਾਅਦਿਆਂ ਨੂੰ ਪੂਰਾ ਕਰਨ ਦਾ ਆਪਣਾ ਮੁਸ਼ਕਲ ਕੰਮ ਹੋ ਸਕਦਾ ਹੈ। ਚੋਣ ਜਿੱਤਣਾ ਇਕ ਗੱਲ ਹੈ, ਸਫ਼ਲਤਾਪੂਰਵਕ ਸ਼ਾਸਨ ਕਰਨਾ ਦੂਜੀ।

ਆਰਥਿਕ ਵਾਧਾ, ਬੁਨਿਆਦੀ ਢਾਂਚਾ ਅਤੇ ਅੰਤਰਰਾਸ਼ਟਰੀ ਸਥਿਤੀ ਮਹੱਤਵਪੂਰਨ ਹਨ ਪਰ ਆਮ ਨਾਗਰਿਕ ਕਿਫ਼ਾਇਤੀ ਲੋੜਾਂ, ਰੁਜ਼ਗਾਰ, ਸੁਰੱਖਿਆ ਅਤੇ ਸਨਮਾਨ ਵੀ ਚਾਹੁੰਦਾ ਹੈ। ਕੋਈ ਵੀ ਸਰਕਾਰ ਇਹ ਨਹੀਂ ਮੰਨ ਸਕਦੀ ਕਿ ਉਸ ਦੀ ਲੋਕਪ੍ਰਿਯਤਾ ਆਰਥਿਕ ਤੰਗੀ ਤੋਂ ਅਛੂਤੀ ਰਹੇਗੀ। ਦੁਨੀਆ ਇਕ ਅਜਿਹੇ ਦੌਰ ’ਚ ਦਾਖ਼ਲ ਹੋ ਰਹੀ ਹੈ, ਜਿਸ ’ਚ ਵੋਟਰ ਵਧੇਰੇ ਤੁਰੰਤ ਜਵਾਬਾਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕੋਲ ਹੰਕਾਰ, ਸਿਆਸੀ ਨਾਟਕਬਾਜ਼ੀ ਅਤੇ ਅਧੂਰੇ ਰਹਿ ਜਾਣ ਵਾਲੇ ਵਾਅਦਿਆਂ ਲਈ ਘੱਟ ਧੀਰਜ ਹੈ।

ਅੰਤ ’ਚ, ਟਰੰਪ ਦੀ ਹਾਰ ਸਾਨੂੰ ਯਾਦ ਦਿਵਾਉਂਦੀ ਹੈ ਕਿ ਲੋਕਤੰਤਰ ਕੋਲ ਸੱਤਾ ਦੀਆਂ ਜ਼ਿਆਦਤੀਆਂ ਨੂੰ ਸੁਧਾਰਨ ਦਾ ਇਕ ਤਰੀਕਾ ਹੈ। ਵੋਟ ਬਕਸਾ ਉਨ੍ਹਾਂ ਲੋਕਾਂ ਦੀ ਆਵਾਜ਼ ਬਣ ਜਾਂਦਾ ਹੈ ਜੋ ਖ਼ੁਦ ਨੂੰ ਅਣਸੁਣਿਆ ਮਹਿਸੂਸ ਕਰਦੇ ਹਨ ਅਤੇ ਜਦੋਂ ਉਹ ਆਵਾਜ਼ ਇੰਨੀ ਮਜ਼ਬੂਤ ਹੋ ਜਾਂਦੀ ਹੈ, ਤਾਂ ਸਭ ਤੋਂ ਸ਼ਕਤੀਸ਼ਾਲੀ ਨੇਤਾ ਨੂੰ ਵੀ ਸੁਣਨਾ ਹੀ ਪੈਂਦਾ ਹੈ। ਅਮਰੀਕਾ ਤੋਂ ਮਿਲਿਆ ਸੁਨੇਹਾ ਸਪੱਸ਼ਟ ਹੈ-ਕੋਈ ਵੀ ਨੇਤਾ ਜਨਤਾ ਤੋਂ ਵੱਡਾ ਨਹੀਂ ਹੈ ਅਤੇ ਕੋਈ ਵੀ ਸਿਆਸੀ ਫਤਵਾ ਸਥਾਈ ਨਹੀਂ ਹੈ।

-ਦੇਵੀ ਚੇਰੀਅਨ


author

Harpreet SIngh

Content Editor

Related News