ਪੂਰੇ ਵਿਸ਼ਵ ਲਈ ਆਦਰਸ਼ ਹੈ ‘ਸਹਿਕਾਰ ਤੋਂ ਖੁਸ਼ਹਾਲੀ’ ਦਾ ਭਾਰਤੀ ਦਰਸ਼ਨ

Monday, Nov 25, 2024 - 01:44 PM (IST)

ਪੂਰੇ ਵਿਸ਼ਵ ਲਈ ਆਦਰਸ਼ ਹੈ ‘ਸਹਿਕਾਰ ਤੋਂ ਖੁਸ਼ਹਾਲੀ’ ਦਾ ਭਾਰਤੀ ਦਰਸ਼ਨ

ਸਹਿਕਾਰਤਾ ਇਕ ਅਜਿਹੀ ਵਿਵਸਥਾ ਹੈ, ਜੋ ਸਮਾਜ ’ਚ ਆਰਥਿਕ ਤੌਰ ’ਤੇ ਆਸਵੰਦ ਲੋਕਾਂ ਨੂੰ ਨਾ ਸਿਰਫ ਖੁਸ਼ਹਾਲ ਬਣਾਉਂਦੀ ਹੈ ਸਗੋਂ ਅਰਥਵਿਵਸਥਾ ਦੀ ਵਿਆਪਕ ਮੁੱਖ ਧਾਰਾ ਦਾ ਹਿੱਸਾ ਵੀ ਬਣਾਉਂਦੀ ਹੈ। ਸਹਿਕਾਰਤਾ ਬਿਨਾਂ ਪੂੰਜੀ ਜਾਂ ਘੱਟ ਪੂੰਜੀ ਵਾਲੇ ਲੋਕਾਂ ਨੂੰ ਖੁਸ਼ਹਾਲ ਬਣਾਉਣ ਦਾ ਇਕ ਬੜਾ ਵੱਡਾ ਸਾਧਨ ਹੈ। ਸਹਿਕਾਰਤਾ ਰਾਹੀਂ ਭਾਰਤ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਦੀ ਦਿਸ਼ਾ ’ਚ ਲਗਾਤਾਰ ਅੱਗੇ ਵਧ ਰਿਹਾ ਹੈ। ਸਾਡੇ ਦੇਸ਼ ’ਚ ਸਹਿਕਾਰਤਾ ਦੀ ਇਕ ਵਿਸਤ੍ਰਿਤ ਪਰੰਪਰਾ ਤਾਂ ਰਹੀ ਹੈ, ਪਰ ਆਜ਼ਾਦੀ ਤੋਂ ਪਹਿਲਾਂ ਸਹਿਕਾਰਤਾ ਜਿਸ ਤਰ੍ਹਾਂ ਆਰਥਿਕ ਅੰਦੋਲਨ ਦਾ ਮਾਧਿਅਮ ਬਣੀ, ਉਸ ਨੂੰ ਹੋਰ ਵੀ ਵੱਧ ਊਰਜਾ ਅਤੇ ਸ਼ਕਤੀ ਦੇ ਨਾਲ ਅੱਗੇ ਵਧਾਉਣ ਦਾ ਕਾਰਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਕਾਰਜਕਾਲ ਤੋਂ ਸ਼ੁਰੂ ਹੋਇਆ। ਸਾਲ 2021 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਹਿਕਾਰਤਾ ਦਾ ਖੁਦਮੁਖਤਾਰ ਮੰਤਰਾਲਾ ਸਥਾਪਤ ਕਰ ਕੇ ਸਹਿਕਾਰਤਾ ਲਈ ਮੌਕਿਆਂ ਦੇ ਸਾਰੇ ਬੰਦ ਦਰਵਾਜ਼ੇ ਖੋਲ੍ਹ ਦਿੱਤੇ। ਮਹਿਜ਼ 3 ਸਾਲਾਂ ’ਚ ਸਹਿਕਾਰਤਾ ਨੂੰ ਮਜ਼ਬੂਤ ਬਣਾਉਣ ਲਈ ਜਿੰਨੇ ਕਦਮ ਚੁੱਕੇ ਗਏ ਹਨ, ਉਨ੍ਹਾਂ ਨਾਲ ਭਾਰਤ ਹੋਰਨਾਂ ਖੇਤਰਾਂ ਦੇ ਨਾਲ-ਨਾਲ ਸਹਿਕਾਰੀ ਖੇਤਰ ’ਚ ਵੀ ‘ਵਿਸ਼ਵ ਮਿੱਤਰ’ ਬਣਨ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ।

ਹੁਣ ਭਾਰਤ ਦਾ ਸਹਿਕਾਰਤਾ ਅੰਦੋਲਨ ਇਕ ਇਤਿਹਾਸਕ ਪਲ ਦਾ ਗਵਾਹ ਬਣਨ ਜਾ ਰਿਹਾ ਹੈ। ਦੇਸ਼ 25-30 ਨਵੰਬਰ 2024 ਨੂੰ ਦਿੱਲੀ ’ਚ ‘ਅੰਤਰਰਾਸ਼ਟਰੀ ਸਹਿਕਾਰੀ ਗੱਠਜੋੜ (ਆਈ. ਸੀ. ਏ.) ਮਹਾਸਭਾ’ ਅਤੇ ਵਿਸ਼ਵ ਪੱਧਰੀ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਆਈ. ਸੀ. ਏ. ਦੇ 130 ਸਾਲ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਹੈ, ਜਦੋਂ ਭਾਰਤ ਇਸਦਾ ਆਯੋਜਕ ਹੋਵੇਗਾ। ਇਸ ਸੰਮੇਲਨ ਨਾਲ ਸੰਯੁਕਤ ਰਾਸ਼ਟਰ ਕੌਮਾਂਤਰੀ ਸਹਿਕਾਰਤਾ ਸਾਲ 2025 ਦਾ ਵੀ ਸ਼ੁੱਭ ਆਰੰਭ ਹੋਵੇਗਾ। ਆਈ. ਸੀ. ਏ. ਮਹਾਸਭਾ ਅਤੇ ਵਿਸ਼ਵ ਪੱਧਰੀ ਸੰਮੇਲਨ ਦੀ ਮੇਜ਼ਬਾਨੀ ਵਿਸ਼ਵ ਪੱਧਰੀ ਸਹਿਕਾਰਤਾ ਅੰਦੋਲਨ ਦੀ ਅਗਵਾਈ ਦੀ ਪ੍ਰਵਾਨਗੀ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਭਾਜਪਾ ਸਰਕਾਰ ਬਣਨ ਦੇ ਬਾਅਦ ਲਗਾਤਾਰ ਸਮਾਜ ਦੇ ਪੱਛੜੇ, ਅਤਿ ਪੱਛੜੇ, ਗਰੀਬ ਅਤੇ ਵਿਕਾਸ ਦੀ ਦੌੜ ’ਚ ਪਿੱਛੇ ਰਹਿ ਚੁੱਕੇ ਲੋਕਾਂ ਦੀ ਭਲਾਈ ਦੀ ਦਿਸ਼ਾ ’ਚ ਕਦਮ ਚੁੱਕੇ ਜਾ ਰਹੇ ਹਨ। ਮੋਦੀ ਸਰਕਾਰ ਮੰਨਦੀ ਹੈ ਕਿ ਇਹ ਪਰਿਵਰਤਨ ਸਹਿਕਾਰਤਾ ਅੰਦੋਲਨ ਨੂੰ ਮਜ਼ਬੂਤ ਕੀਤੇ ਬਿਨਾਂ ਨਹੀਂ ਹੋ ਸਕਦਾ। ਇਹ ਆਯੋਜਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਭਾਰਤ ਨੇ ਸਹਿਕਾਰਤਾ ਅੰਦੋਲਨ ਦੀ ਰੇਨੋਵੇਸ਼ਨ ਦੀ ਦਿਸ਼ਾ ’ਚ ਵੱਡੇ ਕਦਮ ਚੁੱਕੇ ਹਨ। ਕਮਜ਼ੋਰ ਪੈ ਰਹੀਆਂ ਸਹਿਕਾਰੀ ਸੰਸਥਾਵਾਂ ਦੇ ਸਸ਼ਕਤੀਕਰਨ ਤੋਂ ਲੈ ਕੇ ਉਨ੍ਹਾਂ ਦੇ ਵਪਾਰ ਨੂੰ ਸੌਖਾ ਬਣਾਉਣਾ, ਕਮੇਟੀਆਂ ’ਚ ਪਾਰਦਰਸ਼ਤਾ ਅਤੇ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨ ਲਈ ਮਜ਼ਬੂਤ ਪ੍ਰਸ਼ਾਸਨਿਕ, ਨੀਤੀਗਤ ਅਤੇ ਕਾਨੂੰਨੀ ਉਪਾਅ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ‘ਸਹਿਕਾਰ ਤੋਂ ਖੁਸ਼ਹਾਲੀ’ ਦਾ ਮੰਤਰ ਦਿੱਤਾ ਹੈ, ਜਿਸਦਾ ਮਕਸਦ ਦੇਸ਼ ਦੀਆਂ ਸਹਿਕਾਰੀਆਂ ਸੰਸਥਾਵਾਂ ਨੂੰ ਆਤਮਨਿਰਭਰ ਬਣਾਉਣਾ ਹੈ। ਦੇਸ਼ ’ਚ ਸਹਿਕਾਰੀ ਤੰਤਰ ਦਾ ਵਿਸਥਾਰ ਕਰ ਕੇ ਇਕ ਆਰਥਿਕ ਮਾਡਲ ਖੜ੍ਹਾ ਕੀਤਾ ਜਾ ਰਿਹਾ ਹੈ, ਜੋ ਭਾਰਤ ਦੀ ਅਰਥਵਿਵਸਥਾ ਨੂੰ 5 ਟ੍ਰਿਲੀਅਨ ਡਾਲਰ ਤੱਕ ਪਹੁੰਚਾਉਣ ਦੇ ਟੀਚੇ ਨੂੰ ਪੂਰਾ ਕਰਨ ’ਚ ਸਹਾਇਕ ਸਾਬਤ ਹੋਵੇਗਾ। ਦੁਨੀਆ ਦੇ ਹੋਰਨਾਂ ਦੇਸ਼ਾਂ ਲਈ ਇਹ ਇਕ ਵਿਕਾਸ ਮਾਡਲ ਦੇ ਰੂਪ ’ਚ ਸਾਹਮਣੇ ਆਵੇਗਾ। ਭਾਰਤ ’ਚ ਪ੍ਰਾਚੀਨ ਕਾਲ ਤੋਂ ਹੀ ਸਹਿਕਾਰਤਾ ਦਾ ਇਕ ਖੁਸ਼ਹਾਲ ਇਤਿਹਾਸ ਰਿਹਾ ਹੈ। ਇਸਦੇ ਸੰਕੇਤ ਕੌਟਲਿਆ ਦੇ ਅਰਥਸ਼ਾਸਤਰ ’ਚ ਵੀ ਮਿਲਦੇ ਹਨ। ਦੱਖਣ ਭਾਰਤ ’ਚ ਵੀ ‘ਨਿਧੀਆਂ’ ਦਾ ਰਿਵਾਜ ਸਹਿਕਾਰੀ ਵਿੱਤੀ ਵਿਵਸਥਾ ਦੀ ਝਲਕ ਮੁਹੱਈਆ ਕਰਦਾ ਹੈ। ਪੱਛਮੀ ਵਿਚਾਰਾਂ ਤੋਂ ਪ੍ਰਭਾਵਿਤ ਕਈ ਅਰਥਸ਼ਾਸਤਰੀਆਂ ਨੇ 21ਵੀਂ ਸਦੀ ਦੀ ਸ਼ੁਰੂਆਤ ’ਚ ਹੀ ਇਹ ਚਰਚਾ ਆਰੰਭ ਕਰ ਦਿੱਤੀ ਸੀ ਕਿ ਸਹਿਕਾਰਤਾ ਦਾ ਵਿਚਾਰ ਆਧੁਨਿਕ ਯੁੱਗ ’ਚ ਮਿਆਦ ਪੁੱਗਾ ਚੁੱਕਾ ਹੈ। ਮੇਰਾ ਸਪੱਸ਼ਟ ਮੰਨਣਾ ਹੈ ਕਿ ਭਾਰਤ ਵਰਗੇ 140 ਕਰੋੜ ਦੀ ਆਬਾਦੀ ਵਾਲੇ ਦੇਸ਼ ’ਚ ਕਿਸੇ 3 ਕਰੋੜ, 5 ਕਰੋੜ ਜਾਂ 10 ਕਰੋੜ ਆਬਾਦੀ ਵਾਲੇ ਦੇਸ਼ਾਂ ਦਾ ਆਰਥਿਕ ਮਾਡਲ ਢੁੱਕਵਾਂ ਨਹੀਂ ਹੋ ਸਕਦਾ। ਦੇਸ਼ ਨੂੰ ਆਰਥਿਕ ਤੌਰ ’ਤੇ ਖੁਸ਼ਹਾਲ ਬਣਾਉਣ ਲਈ, ਆਰਥਿਕ ਵਿਕਾਸ ਦੇ ਸਾਰੇ ਮਾਪਦੰਡਾਂ ’ਚ ਵਾਧੇ ਦੇ ਨਾਲ-ਨਾਲ ਇਹ ਜ਼ਰੂਰੀ ਹੈ ਕਿ 140 ਕਰੋੜ ਲੋਕਾਂ ਦੀ ਖੁਸ਼ਹਾਲੀ ਹੋਵੇ, ਸਾਰੇ ਵਿਅਕਤੀਆਂ ਨੂੰ ਕੰਮ ਮਿਲੇ ਅਤੇ ਉਨ੍ਹਾਂ ਨੂੰ ਸਨਮਾਨ ਨਾਲ ਜਿਊਣ ਦਾ ਅਧਿਕਾਰ ਵੀ ਹਾਸਲ ਹੋਵੇ ਅਤੇ ਇਹ ਸਿਰਫ ਸਹਿਕਾਰਤਾ ਰਾਹੀਂ ਹੀ ਸੰਭਵ ਹੈ। ਦੇਸ਼ ਦੇ ਇਤਿਹਾਸ ’ਚ ਇਸਦੀਆਂ ਕਈ ਉਦਾਹਰਣਾਂ ਵੀ ਹਨ।

ਅਹਿਮਦਾਬਾਦ ਡਿਸਟ੍ਰਿਕਟ ਕੋ-ਆਪ੍ਰੇਟਿਵ ਬੈਂਕ ਨੇ ਪਿਛਲੇ 100 ਸਾਲਾਂ ’ਚ 100 ਕਰੋੜ ਰੁਪਏ ਦਾ ਲਾਭ ਹਾਸਲ ਕੀਤਾ ਹੈ। ਬੈਂਕ ਨਾ ਸਿਰਫ ਆਪਣੇ ਐੱਨ. ਪੀ. ਏ. ਨੂੰ ਜ਼ੀਰੋ ’ਤੇ ਬਣਾਈ ਰੱਖਣ ’ਚ ਸਫਲ ਰਿਹਾ ਹੈ ਸਗੋਂ ਉਸਦੇ ਕੋਲ 6500 ਕਰੋੜ ਰੁਪਏ ਤੋਂ ਵੱਧ ਦੀ ਜਮ੍ਹਾ ਰਾਸ਼ੀ ਵੀ ਹੈ। ਅਮੂਲ ਵੀ ਸਹਿਕਾਰੀ ਅੰਦੋਲਨ ਦੀ ਸ਼ਾਨਦਾਰ ਉਦਾਹਰਣ ਹੈ। ਮੌਜੂਦਾ ਸਮੇਂ ’ਚ ਇਸ ਤੋਂ 35 ਲੱਖ ਪਰਿਵਾਰ ਸਨਮਾਨ ਅਤੇ ਰੋਜ਼ਗਾਰ ਹਾਸਲ ਕਰ ਰਹੇ ਹਨ ਅਤੇ ਇਨ੍ਹਾਂ ਪਰਿਵਾਰਾਂ ਦੀਆਂ ਔਰਤਾਂ ਮੋਹਰਲੀ ਕਤਾਰ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀਆਂ ਹਨ। ਨਤੀਜੇ ਵਜੋਂ ਅੱਜ ਅਮੂਲ ਦਾ ਸਾਲਾਨਾ ਕਾਰੋਬਾਰ 80,000 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਔਰਤਾਂ ’ਚ ਕਿਸੇ ਨੇ ਵੀ 100 ਰੁਪਏ ਤੋਂ ਵੱਧ ਦਾ ਮੁੱਢਲਾ ਨਿਵੇਸ਼ ਨਹੀਂ ਕੀਤਾ ਸੀ। ਸਹਿਕਾਰਤਾ ਅੰਦੋਲਨ ਨੂੰ ਮਜ਼ਬੂਤੀ ਮੁਹੱਈਆ ਕਰਨ ਦੀ ਦਿਸ਼ਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਸਰਕਾਰ ਨੇ 60 ਤੋਂ ਵੱਧ ਪਹਿਲਾਂ ’ਤੇ ਕੰਮ ਸ਼ੁਰੂ ਕੀਤਾ ਹੈ। ਸਹਿਕਾਰੀ ਬੈਂਕਿੰਗ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਹਿਕਾਰੀ ਸੰਸਥਾਵਾਂ ਦੇ ਪੈਸੇ ਨੂੰ ਸਹਿਕਾਰੀ ਬੈਂਕਾਂ ’ਚ ਹੀ ਜਮ੍ਹਾ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਅੱਜ ਜਦੋਂ ਅਸੀਂ ਇਸ ਇਤਿਹਾਸਕ ਆਯੋਜਨ ਦੀ ਮੇਜ਼ਬਾਨੀ ਕਰਨ ਜਾ ਰਹੇ ਹਾਂ, ਮੈਂ ਦੁਨੀਆ ਭਰ ਦੇ ਸਹਿਕਾਰੀ ਨੇਤਾਵਾਂ, ਨੀਤੀ ਨਿਰਮਾਤਾਵਾਂ ਅਤੇ ਮਨੁੱਖੀ ਵਿਕਾਸ ਦੀਆਂ ਧਿਰਾਂ ਨੂੰ ਸੱਦਾ ਦਿੰਦਾ ਹਾਂ। ਆਓ!

ਸ਼੍ਰੀ ਅਮਿਤ ਸ਼ਾਹ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ

 


author

DIsha

Content Editor

Related News