ਵੈਰ ਸਰਨਾ ਨਾਲ ਅਤੇ ਨਿਸ਼ਾਨਾ ‘ਸੁਨਹਿਰੀ ਪਾਲਕੀ’!

11/07/2019 1:50:28 AM

ਜਸਵੰਤ ਸਿੰਘ ‘ਅਜੀਤ’

ਰੁਕਾਵਟਾਂ ਅਤੇ ਵਿਵਾਦਾਂ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਆਯੋਜਿਤ ਨਗਰ ਕੀਰਤਨ ਗੁਰਦੁਆਰਾ ਨਾਨਕ ਪਿਆਊ, ਦਿੱਲੀ ਤੋਂ ਚੱਲ ਕੇ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਪਹੁੰਚ ਹੀ ਗਿਆ। ਹਾਲਾਂਕਿ ਵਿਰੋਧੀਆਂ ਵਲੋਂ ਇਸ ਨਗਰ ਕੀਰਤਨ ਦੇ ਸ਼ੁਰੂ ਤੋਂ ਲੈ ਕੇ ਇਸ ਦੇ ਆਖਰੀ ਪੜਾਅ ਨਨਕਾਣਾ ਸਾਹਿਬ ਪਹੁੰਚਣ ਤਕ ਇਸ ਦਾ ਵਿਰੋਧ ਕਰਦਿਆਂ ਲਗਾਤਾਰ ਇਸ ਦੇ ਰਾਹ ’ਚ ‘ਰੁਕਾਵਟਾਂ’ ਖੜ੍ਹੀਆਂ ਕੀਤੀਆਂ ਜਾਂਦੀਆਂ ਰਹੀਆਂ।

ਇਸ ’ਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਵੈਰ ਕਾਰਣ ਉਨ੍ਹਾਂ ਦੇ ਵਿਰੋਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲਿਜਾ ਰਹੀ ਬੱਸ ਅਤੇ ਸਰਨਾ ਨੂੰ ਨਗਰ ਕੀਰਤਨ ਨਾਲ ਨਨਕਾਣਾ ਸਾਹਿਬ ਤਕ ਜਾਣ ਤੋਂ ਰੋਕਣ ’ਚ ਸਫਲ ਹੋ ਕੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾ ਸਕਦੇ ਹਨ, ਕੱਛਾਂ ਵਜਾ ਸਕਦੇ ਹਨ ਪਰ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲਿਜਾ ਰਹੀ ਬੱਸ ਨੂੰ ਸਰਹੱਦ ਪਾਰ ਕਰਨ ਤੋਂ ਰੁਕਵਾ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਸ ’ਚੋਂ ਉਤਰਵਾ ਕੇ ਜੋ ਬੱਜਰ ਗੁਨਾਹ ਕਰਨ ਦਾ ਕਲੰਕ ਆਪਣੇ ਮੱਥੇ ਲਗਵਾਇਆ ਹੈ, ਉਹ ਸ਼ਾਇਦ ਕਈ ਜਨਮਾਂ ਬਾਅਦ ਵੀ ਨਾ ਮਿਟ ਸਕੇ।

ਇਧਰ ਧਾਰਮਿਕ ਵਿਸ਼ਵਾਸ ਦੇ ਧਾਰਨੀ ਕਈ ਸਿੱਖਾਂ ਦਾ ਮੰਨਣਾ ਹੈ ਕਿ ਕੁਦਰਤ ਉਨ੍ਹਾਂ ਨੂੰ ਇਸ ਗੁਨਾਹ ਲਈ ਕਦੇ ਨਹੀਂ ਬਖਸ਼ੇਗੀ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਉਨ੍ਹਾਂ ਦਾ ਇਹ ਗੁਨਾਹ ਉਸ ਗੁਨਾਹ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ, ਜੋ ਅਕਾਲੀ-ਭਾਜਪਾ ਗੱਠਜੋੜ ਦੇ ਸੱਤਾ ’ਚ ਹੁੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਦੋਸ਼ੀਆਂ ਨੂੰ ਵੋਟ ਸਿਆਸਤ ਕਾਰਣ ਸਜ਼ਾਵਾਂ ਨਾ ਦਿੱਤੇ ਜਾਣ ਵਿਰੁੱਧ ਰੋਸ ਪ੍ਰਗਟਾਉਣ ਵਾਲੇ ਸਿੱਖਾਂ ’ਤੇ ਗੋਲੀਆਂ ਚਲਵਾ ਕੇ ਕੀਤਾ ਗਿਆ। ਉਸੇ ਗੁਨਾਹ ਨੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਅਰਸ਼ ਤੋਂ ਫਰਸ਼ ’ਤੇ ਲਿਆ ਸੁੱਟਿਆ।

ਮਨਜੀਤ ਸਿੰਘ ਜੀ. ਕੇ.

ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਨੁਸਾਰ ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਨਗਰ ਕੀਰਤਨ ਨੂੰ ਰੁਕਵਾਉਣ ਲਈ ਅਤੇ ਉਸ ਦੇ ਰਾਹ ’ਚ ਰੁਕਾਵਟਾਂ ਖੜ੍ਹੀਆਂ ਕਰਨ ਲਈ ਆਪਣੀ ਪੂਰੀ ਤਾਕਤ ਲਾਈ ਹੋਈ ਸੀ। ਇਸ ਉਦੇਸ਼ ਲਈ ਹੀ ਟਕਰਾਅ ਵਾਲਾ ਮਾਹੌਲ ਬਣਾਉਣ ਵਾਸਤੇ ਗੁਰਦੁਆਰਾ ਕਮੇਟੀ ਦੇ ਮੁਖੀਆਂ ਵਲੋਂ ਪਹਿਲਾਂ 5 ਨਵੰਬਰ, ਫਿਰ 28 ਅਕਤੂਬਰ ਅਤੇ ਫਿਰ 13 ਅਕਤੂਬਰ ਨੂੰ ਨਗਰ ਕੀਰਤਨ ਦਾ ਆਯੋਜਨ ਕਰਨ ਅਤੇ ਸੁਨਹਿਰੀ ਪਾਲਕੀ ਲਿਜਾਣ ਦਾ ਐਲਾਨ ਕੀਤਾ ਗਿਆ।

ਇੰਨਾ ਹੀ ਨਹੀਂ, ਉਨ੍ਹਾਂ ਨੇ ਇਨ੍ਹਾਂ ਦੋਹਾਂ ਉਦੇਸ਼ਾਂ ਲਈ ਸੋਨਾ ਅਤੇ ਪੈਸਾ ਇਕੱਠਾ ਕਰਨ ਲਈ ਆਪਣੇ ਪ੍ਰਬੰਧਾਂ ਅਧੀਨ ਇਤਿਹਾਸਕ ਗੁਰਦੁਆਰਿਆਂ ’ਚ ਰੋਜ਼ਾਨਾ ਸਵੇਰੇ-ਸ਼ਾਮ ਅਪੀਲਾਂ ਕਰਵਾ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਸਮੇਤ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕੀਤਾ। ਜਦੋਂ ਉਨ੍ਹਾਂ ਨੇ ਦੇਖਿਆ ਕਿ ਸਮੁੱਚੀ ਤਾਕਤ ਲਾ ਦਿੱਤੇ ਜਾਣ ਦੇ ਬਾਵਜੂਦ ਉਹ ਆਪਣੇ ਮਕਸਦ ’ਚ ਸਫਲ ਨਹੀਂ ਹੋ ਰਹੇ ਤਾਂ ਉਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਹਾਰਾ ਲੈ ਕੇ ਆਪਣੀ ਜਾਨ ਬਚਾਈ। ਅਸਫਲਤਾ ਦੇ ਬਾਵਜੂਦ ਉਨ੍ਹਾਂ ਨੇ ਅਕਾਲੀ ਦਲ (ਬ) ਦੀ ਲੀਡਰਸ਼ਿਪ ਦੇ ਸਹਿਯੋਗ ਨਾਲ ਨਗਰ ਕੀਰਤਨ ਨੂੰ ਰੁਕਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ। ਆਖਿਰ ਉਹ ਬਾਦਲ ਦਲ ਦੀ ਲੀਡਰਸ਼ਿਪ ਦੇ ਸਹਿਯੋਗ ਨਾਲ ਪਰਮਜੀਤ ਸਰਨਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਵਾਲੀ ਬੱਸ ਨੂੰ ਰੁਕਵਾਉਣ ’ਚ ਤਾਂ ਸਫਲ ਹੋ ਗਏ ਪਰ ਉਹ ਨਾ ਨਗਰ ਕੀਰਤਨ ਤੇ ਨਾ ਹੀ ਸੁਨਹਿਰੀ ਪਾਲਕੀ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੁਕਵਾਉਣ ’ਚ ਸਫਲ ਹੋ ਸਕੇ।

ਸਰਨਾ ਨੇ ਲੜਾਈ ਜਿੱਤੀ

ਜਦੋਂ ਪਰਮਜੀਤ ਸਰਨਾ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਨੇ ਇਸ ਕਾਰਵਾਈ ਨੂੰ ਦਿੱਲੀ ਹਾਈਕੋਰਟ ’ਚ ਚੁਣੌਤੀ ਦੇ ਦਿੱਤੀ, ਜਿਥੇ ਦਿੱਲੀ ਪੁਲਸ ਉਨ੍ਹਾਂ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਸਬੰਧੀ ਕੋਈ ਤਸੱਲੀਬਖਸ਼ ਦਲੀਲ ਨਹੀਂ ਦੇ ਸਕੀ। ਆਖਿਰ ਅਦਾਲਤ ਨੇ ਉਨ੍ਹਾਂ ਨੂੰ ਪਾਕਿਸਤਾਨ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ’ਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ।

ਸ਼ੰਟੀ ਦਾ ਸੰਘਰਸ਼

ਨਵੰਬਰ 1984 ’ਚ ਹੋਏ ਸਿੱਖ ਕਤਲੇਆਮ ਦੇ ਸ਼ਿਕਾਰ ਸਿੱਖ ‘ਸ਼ਹੀਦ’ ਕਿਉਂ ਨਹੀ? ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਦੱਸਿਆ ਕਿ ਉਹ ਪਿਛਲੇ ਲੱਗਭਗ 6 ਸਾਲਾਂ ਤੋਂ ਚਿੱਠੀਆਂ ਲਿਖ ਕੇ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਉਨ੍ਹਾਂ ਸਾਹਮਣੇ ਇਹ ਸਵਾਲ ਉਠਾਉਂਦੇ ਆ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਇਹ ਕਤਲੇਆਮ ਹੋਇਆ, ਉਦੋਂ ਕੁਝ ਕਮਜ਼ੋਰ ਆਸਥਾ ਵਾਲੇ ਸਿੱਖਾਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਸਿੱਖੀ ਸਰੂਪ ਛੱਡ ਦਿੱਤਾ।

ਸ. ਸ਼ੰਟੀ ਦਾ ਮੰਨਣਾ ਹੈ ਕਿ ਨਵੰਬਰ 1984 ਦੇ ਦੁੱਖਦਾਈ ਕਾਂਡ ਨੂੰ ਲੈ ਕੇ ਪਿਛਲੇ 35 ਸਾਲਾਂ ਤੋਂ ਲਗਾਤਾਰ ਸਿਆਸਤ ਤਾਂ ਹੁੰਦੀ ਆ ਰਹੀ ਹੈ ਪਰ ਇਸ ਸਮੇਂ ਦੌਰਾਨ ਕਿਸੇ ਨੇ ਵੀ ਇਹ ਨਹੀਂ ਸੋਚਿਆ ਕਿ ਸਿੱਖੀ ਸਿਦਕ ਨੂੰ ਕਾਇਮ ਰੱਖ ਕੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਿੱਖਾਂ ਦਾ ਸਨਮਾਨ ਕਿਵੇਂ ਕੀਤਾ ਜਾਵੇ ਤਾਂ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਮਾਣ ਨਾਲ ਸਿਰ ਉੱਚਾ ਕਰ ਕੇ ਜੀਅ ਸਕਣ। ਇਸ ਮੰਗ ਨੂੰ ਲੈ ਕੇ ਜਦੋਂ ਸ. ਸ਼ੰਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਸਨ ਤਾਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਛੇਤੀ ਹੀ ਇਸ ਬਾਰੇ ਫੈਸਲਾ ਲਿਆ ਜਾਵੇਗਾ ਪਰ ਅਜੇ ਤਕ ਕੁਝ ਵੀ ਨਹੀਂ ਹੋਇਆ।

ਜੇ ਇਹ ਸੱਚ ਹੈ...

ਕੁਝ ਸਮੇਂ ਤੋਂ ਵਾਇਰਲ ਹੋ ਰਹੀ ਇਕ ਪੋਸਟ ਰਾਜਧਾਨੀ ਦੇ ਸਿੱਖਾਂ ’ਚ ਗੰਭੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਪੋਸਟ ਮੁਤਾਬਕ ਸ਼੍ਰੋਮਣੀ ਅਕਾਲੀ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਸੇ ਅਜਿਹੇ ਪ੍ਰਭਾਵਸ਼ਾਲੀ ਸਿੱਖ ਮੁਖੀ ਦੀ ਭਾਲ ’ਚ ਹਨ, ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨਾਲ ਉਨ੍ਹਾਂ ਦੇ ਵਿਗੜੇ ਸਬੰਧਾਂ ਨੂੰ ਸੁਧਾਰਨ ’ਚ ਸਹਿਯੋਗ ਕਰ ਸਕੇ।

ਕਿਹਾ ਜਾਂਦਾ ਹੈ ਕਿ ਇਸ ਪੋਸਟ ’ਤੇ ਚਰਚਾ ਕਰ ਰਹੇ ਸਿੱਖਾਂ ਦਾ ਮੰਨਣਾ ਹੈ ਕਿ ਜੇਕਰ ਇਹ ਸੱਚ ਹੈ ਤਾਂ ਅਜਿਹਾ ਲੱਗਦਾ ਹੈ ਜਿਵੇਂ ਸੁਖਬੀਰ ਬਾਦਲ ਇਹ ਮਹਿਸੂਸ ਕਰਨ ਲਈ ਮਜਬੂਰ ਹੋ ਗਏ ਹਨ ਕਿ ਲੱਗਭਗ ਇਕ-ਡੇਢ ਸਾਲ ਬਾਅਦ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਗੁਰਦੁਆਰਾ ਕਮੇਟੀ ਦੀ ਸੱਤਾ ’ਤੇ ਉਨ੍ਹਾਂ ਦੀ ਵਾਪਸੀ ਜੀ. ਕੇ. ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੋਵੇਗੀ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ’ਚ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਦੇਖਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਦੇ ਮੁਲਾਜ਼ਮ ਕੀ ਇਹ ਉਮੀਦ ਕਰ ਸਕਦੇ ਹਨ ਕਿ ਕਮੇਟੀ ਦੇ ਮੁਖੀ ਉਨ੍ਹਾਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਦੇ ਹੁਣ ਤਕ ਦੇ ਬਕਾਏ ਦੇ ਕੇ ਇਸ ਪਵਿੱਤਰ ਪੁਰਬ ਦੀਆਂ ਖੁਸ਼ੀਆਂ ’ਚ ਭਾਈਵਾਲ ਬਣਨ ਦਾ ਮੌਕਾ ਦੇਣਗੇ ਜਾਂ ਫਿਰ ਉਨ੍ਹਾਂ ਨੂੰ ਇਹ ਪਵਿੱਤਰ ਪੁਰਬ ਵੀ ‘ਕਾਲੀ ਦੀਵਾਲੀ’ ਵਾਂਗ ਹੀ ਮਨਾਉਣ ਲਈ ਮਜਬੂਰ ਹੋਣਾ ਪਵੇਗਾ?


Bharat Thapa

Content Editor

Related News