ਤਿਉਹਾਰਾਂ ਦੀਆਂ ਮਿਤੀਆਂ ’ਚ ਵਿਵਾਦ ਕਿਉਂ?

Monday, Nov 04, 2024 - 02:43 PM (IST)

ਤਿਉਹਾਰਾਂ ਦੀਆਂ ਮਿਤੀਆਂ ’ਚ ਵਿਵਾਦ ਕਿਉਂ?

ਬੀਤੇ ਕੁਝ ਸਾਲਾਂ ’ਚ ਇਹ ਦੇਖਿਆ ਗਿਆ ਹੈ ਕਿ ਜਦੋਂ ਵੀ ਕੋਈ ਤਿਉਹਾਰ ਆਉਂਦਾ ਹੈ ਤਾਂ ਉਸ ਦੀ ਸਥਿਤੀ ਨੂੰ ਲੈ ਕੇ ਕਾਫੀ ਵਿਵਾਦ ਪੈਦਾ ਹੋ ਜਾਂਦੇ ਹਨ। ਇਨ੍ਹਾਂ ਵਿਵਾਦਾਂ ਨੂੰ ਵਧਾਉਣ ’ਚ ਸੋਸ਼ਲ ਮੀਡੀਆ ਦੀ ਭੂਮਿਕਾ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਇਸੇ ਸੰਦਰਭ ’ਚ ਅੱਜ ਦੇ ਲੇਖ ਦਾ ਵਿਸ਼ਾ ਕਈ ਪਾਠਕਾਂ ਦੀ ਉਤਸੁਕਤਾ ਕਾਰਨ ਚੁਣਿਆ ਹੈ? ਕਈ ਸਾਲਾਂ ਦੇ ਤਜਰਬੇਕਾਰ ਅਤੇ ਜੋਤਿਸ਼ ਤੇ ਕਰਮਕਾਂਡ ਦੇ ਮਾਹਿਰ ਆਚਾਰੀਆ ਰਾਜੇਸ਼ ਪਾਂਡੇ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਕਾਰਨ ਹੈ ਭਾਰਤ ਦੀ ਭੂਗੋਲਿਕ ਸਥਿਤੀ। ਸੂਰਜ ਚੜ੍ਹਨ ਅਤੇ ਸੂਰਜ ਛਿਪਣ ਦੇ ਸਮੇਂ ’ਚ ਫਰਕ ਹੋਣ ਨਾਲ ਮਿਤੀਆਂ ਦਾ ਘਟਣਾ-ਵਧਣਾ ਹੋ ਜਾਂਦਾ ਹੈ। ਇਸ ਨਾਲ ਤਿਉਹਾਰ ਮਨਾਉਣ ਦਾ ਸਮਾਂ ਬਦਲ ਜਾਂਦਾ ਹੈ।

ਇਸ ਦੇ ਨਾਲ ਹੀ ਇਕ ਹੋਰ ਕਾਰਨ ਹੈ ਪੰਚਾਂਗ ਦਾ ਗਣਿਤ ਭੇਦ। ਕੁਝ ਪੰਚਾਂਗਕਰਤਾ ‘ਸੌਰ ਪੰਚਾਗ’ ਅਨੁਸਾਰ ਗਣਿਤ ਰਚਨਾ ਕਰ ਕੇ ਤਿਉਹਾਰਾਂ ਨੂੰ ਸਥਾਪਿਤ ਕਰਦੇ ਹਨ ਪਰ ਵਧੇਰੇ ਹੋਰ ਪੰਚਾਂਗ ਦ੍ਰਿਕ ਪ੍ਰਣਾਲੀ ਨਾਲ ਦੇਖੇ ਜਾਂਦੇ ਹਨ, ਇਸ ਲਈ ਤਿਉਹਾਰਾਂ ਸਬੰਧੀ ਸਹਿਮਤੀ ਨਹੀਂ ਹੁੰਦੀ। ਸੌਰ ਪੰਚਾਂਗ ਇਕ ਅਜਿਹਾ ਕਾਲਦਰਸ਼ਕ ਹੈ, ਜਿਸ ਦੀਆਂ ਮਿਤੀਆਂ ਰੁੱਤ ਜਾਂ ਲਗਭਗ ਸਮਤੁੱਲ ਤੌਰ ’ਤੇ ਤਾਰਿਆਂ ਅਨੁਸਾਰ ਸੂਰਜ ਦੀ ਸਪੱਸ਼ਟ ਸਥਿਤੀ ਨੂੰ ਦਰਸਾਉਂਦੀਆਂ ਹਨ। ਗ੍ਰੇਗੋਰੀ ਪੰਚਾਂਗ, ਜਿਸ ਨੂੰ ਵਿਸ਼ਵ ਪੱਧਰੀ ਇਕ ਸਟੈਂਡਰਡ ਵਜੋਂ ਮੰਨਿਆ ਗਿਆ ਹੈ, ਸੂਰਜੀ ਕੈਲੰਡਰ ਦੀ ਇਕ ਉਦਾਹਰਣ ਹੈ। ਪੰਚਾਂਗ ਦੀਆਂ ਹੋਰ ਮੁੱਖ ਕਿਸਮਾਂ ਚੰਦਰ ਪੰਚਾਂਗ ਅਤੇ ਚੰਦਰ-ਸੌਰ ਪੰਚਾਂਗ ਹਨ, ਜਿਨ੍ਹਾਂ ਦੇ ਮਹੀਨੇ ਚੰਦਰਕਲਾ ਦੇ ਚੱਕਰਾਂ ਅਨੁਸਾਰ ਹੁੰਦੇ ਹਨ। ਗ੍ਰੇਗੋਰੀਅਨ ਕੈਲੰਡਰ ਦੇ ਮਹੀਨੇ ਚੰਦਰਮਾ ਦੇ ਚਰਨ ਚੱਕਰ ਅਨੁਸਾਰ ਨਹੀਂ ਹੁੰਦੇ।

ਸੰਪਰਦਾਵਾ ’ਚ ਵਖਰੇਵਿਆਂ ਜਾਂ ਜ਼ਿੱਦ ਕਾਰਨ ਵੀ ਤਿਉਹਾਰਾਂ ਦੀ ਮਿਤੀ ’ਚ ਫਰਕ ਆਉਣ ਲੱਗੇ ਹਨ। ਇਕ ਸੰਪਰਦਾਏ ਦੂਜੇ ਸੰਪਰਦਾਏ ਦੀ ਮਿਤੀ ਤੋਂ ਅਕਸਰ ਵੱਖਰੀ ਮਿਤੀ ਦਾ ਐਲਾਨ ਕਰ ਦਿੰਦਾ ਹੈ ਅਤੇ ਉਸ ਸੰਪਰਦਾਏ ਨੂੰ ਮੰਨਣ ਵਾਲੇ ਅੱਖਾਂ ਮੀਟ ਕੇ ਉਸ ਦੀ ਪਾਲਣਾ ਕਰਦੇ ਹਨ। ਇਸਦੇ ਨਾਲ ਹੀ ਸੰਪਰਦਾਵਾਂ ’ਚ ਖਹਿਬਾਜ਼ੀ ਹੋਣਾ ਵੀ ਇਕ ਕਾਰਨ ਮੰਨਿਆ ਗਿਆ ਹੈ। ਕਈ ਮੱਠ-ਮੰਦਰ ਆਦਿ ਦੇ ਮੰਨਣ ਵਾਲੇ ਇੰਨੇ ਕੱਟੜ ਹੁੰਦੇ ਹਨ ਕਿ ਉਹ ਆਪਣੇ ਮੱਠਾਂ ਦੇ ਮੁਖੀਆਂ ਦੇ ਫਰਮਾਨ ਅਨੁਸਾਰ ਹੀ ਤਿਉਹਾਰਾਂ ਨੂੰ ਮਨਾਉਣ ਦੀ ਪੱਕੀ ਧਾਰ ਲੈਂਦੇ ਹਨ। ਫਿਰ ਉਹ ਭਾਵੇਂ ਪੰਚਾਂਗ ਆਧਾਰਿਤ ਹੋਵੇ ਜਾਂ ਅਖੌਤੀ ਸਦਗੁਰੂਆਂ ਜਾਂ ਜਗਦਗੁਰੂਆਂ ਦੀ ਸਹੂਲਤ ਅਨੁਸਾਰ ਹੋਵੇ, ਉਸੇ ਦਾ ਪਾਲਣ ਕੀਤਾ ਜਾਂਦਾ ਹੈ।

ਇਨ੍ਹਾਂ ਸਾਰਿਆਂ ਤੋਂ ਹਟ ਕੇ ਇਕ ਹੋਰ ਅਹਿਮ ਕਾਰਨ ਹੈ ਸੋਸ਼ਲ ਮੀਡੀਆ ’ਤੇ ਚੱਲਣ ਵਾਲਾ ਕੱਚਘਰੜ ‘ਗਿਆਨ’। ‘ਵ੍ਹਟਸਐਪ ਯੂਨੀਵਰਸਿਟੀ’ ਵੱਲੋਂ ਵੰਡੇ ਜਾ ਰਹੇ ਇਸ ਗਿਆਨ ਨੇ ਵੀ ਮਿਤੀ ਵਿਵਾਦ ਦੀ ਅੱਗ ’ਚ ਘਿਓ ਪਾਉਣ ਦਾ ਕੰਮ ਕੀਤਾ ਹੈ। ਕੱਚਘਰੜ ਗਿਆਨ ਨੂੰ ਇੰਨਾ ਫਾਰਵਰਡ ਕੀਤਾ ਜਾਂਦਾ ਹੈ ਕਿ ਜਿਵੇਂ ਉਹ ਅਸਲੀ ਅਤੇ ਸ਼ਾਸਤਰ ਆਧਾਰਿਤ ਤੱਥ ਹੋਵੇ। ਇੰਨਾ ਹੀ ਨਹੀਂ, ਇਕ ਘਰ ਪਰਿਵਾਰ ’ਚ ਵੀ ਇਸ ਸੋਸ਼ਲ ਮੀਡੀਆ ਦੀ ਮਹਾਮਾਰੀ ਨੇ ਅਜਿਹਾ ਅਸਰ ਕੀਤਾ ਹੈ ਕਿ ਪਿਓ-ਪੁੱਤਰ ’ਚ ਹੀ ਲੜਾਈਆਂ ਹੋ ਜਾਂਦੀਆਂ ਹਨ। ਜਦ ਕਿ ਇਸ ਵਿਵਾਦ ਅਤੇ ਅਜਿਹੇ ਹੋਰ ਵਿਸ਼ਿਆਂ ’ਤੇ ਵਿਵਾਦ ਪੈਦਾ ਹੋਣ ਦੇ ਪਿੱਛੇ ‘ਭੇਡ-ਚਾਲ’ ਪ੍ਰਵਿਰਤੀ ਇਕ ਮੂਲ ਕਾਰਨ ਹੈ। ਕਿਸੇ ਵੀ ਹਾਲਤ ’ਚ ਕੱਚਘਰੜ ਗਿਆਨ ਅਤੇ ਸੰਦੇਸ਼ ਨੂੰ ਸੱਚ ਮੰਨ ਲੈਣਾ ਨਾਸਮਝੀ ਹੀ ਅਖਵਾਉਂਦੀ ਹੈ। ਓਧਰ ਜੇਕਰ ਅਸੀਂ ਤੱਥਾਂ ’ਤੇ ਆਧਾਰਿਤ ਸਬੂਤਾਂ ਨੂੰ ਮੰਨੀਏ ਤਾਂ ਕੱਚਘਰੜ ਗਿਆਨ ਤੋਂ ਬਚ ਸਕਦੇ ਹਾਂ।

ਮਿਤੀਆਂ ਦੇ ਵਿਵਾਦ ਨੂੰ ਲੈ ਕੇ ਵਿਦਵਾਨਾਂ ਦਾ ਮੰਨਣਾ ਹੈ ਕਿ ਸੌਰ ਪੰਚਾਂਗ ਨੂੰ ਮੰਨਣ ਵਾਲੇ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਜਿਸ ਰਾਤ ’ਚ ਦੀਵਾਲੀ ਮਿਲਦੀ ਹੈ, ਉਸ ਅਨੁਸਾਰ ਦੀਵਾਲੀ ਮਨਾਉਣਗੇ। ਓਧਰ ਹੀ ਦ੍ਰਿਕ ਪ੍ਰਣਾਲੀ ਅਤੇ ਧਰਮ ਸ਼ਾਸਤਰ ਅਨੁਸਾਰ ਜਿਸ ਮਿਤੀ ’ਚ ਸੂਰਜ ਚੜ੍ਹਦਾ ਹੈ ਅਤੇ ਉਸੇ ਮਿਤੀ ’ਚ ਸੂਰਜ ਡੁੱਬਦਾ ਹੈ ਤਾਂ ਉਹ ਮਿਤੀ ਸੰਪੂਰਨ ਮੰਨੀ ਜਾਂਦੀ ਹੈ ਪਰ ਜਿੱਥੇ ਦੋ ਮੱਸਿਆ ਆ ਰਹੀਆਂ ਹੋਣ, ਤਾਂ ਧਰਮ ਸ਼ਾਸਤਰ ਅਨੁਸਾਰ ਪਰੇ ਵਿਗ੍ਰਹਿਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਦੋ ਮੱਸਿਆ ਪਰਦੋਸ਼ ਨੂੰ ਸਥਾਪਿਤ ਹੋ ਰਹੀਆਂ ਹੋਣ ਤਾਂ ਪਹਿਲੇ ਦਿਨ ਦੀ ਮੱਸਿਆ ਨੂੰ ਛੱਡ ਕੇ ਦੂਜੇ ਦਿਨ ਦੀ ਮੱਸਿਆ ਨੂੰ ਹੀ ਮੰਨਣਾ ਚਾਹੀਦਾ ਹੈ।

ਦੀਵਾਲੀ ਪਿੱਤਰਾਂ ਦੇ ਸਵਰਗ ਸਿਧਾਰਨ ਦਾ ਤਿਉਹਾਰ ਹੈ ਅਤੇ ਅਸੀਂ ਦੀਵੇ ਇਸ ਲਈ ਜਗਾਉਂਦੇ ਹਾਂ ਤਾਂ ਕਿ ਪਿੱਤਰਾਂ ਦੀ ਰਾਹ ਰੋਸ਼ਨ ਹੋ ਸਕੇ। ਪਦਮ ਪੁਰਾਣ ਦੇ ਉੱਤਰ ਖੰਡ ’ਚ ਦੀਵਾਲੀ ਦਾ ਵਰਣਨ ਹੈ। ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ’ਚ ਇਕਾਦਸ਼ੀ ਤੋਂ ਮੱਸਿਆ ਤਕ ਦੀਵੇ ਜਗਾਉਣ ਦਾ ਵਿਸ਼ੇਸ਼ ਵਰਣਨ ਕੀਤਾ ਹੈ। ਇਨ੍ਹਾਂ ਪੰਜ ਦਿਨਾਂ ’ਚ ਵੀ ਆਖਰੀ ਦਿਨ ਨੂੰ ਉਥੇ ਵਿਸ਼ੇਸ਼ ਮਹੱਤਵਪੂਰਨ ਮੰਨਿਆ ਗਿਆ ਹੈ। ਇਸ ਦੇ ਮਹਾਤਮ ’ਚ ਇਸ ਨੂੰ ਪਿੱਤਰ ਕਰਮ ਮੰਨਦੇ ਹੋਏ ਕਿਹਾ ਗਿਆ ਹੈ ਕਿ ਸਵਰਗ ’ਚ ਪਿੱਤਰ ਇਸ ਦੀਪ ਦਾਨ ਨਾਲ ਖੁਸ਼ ਹੁੰਦੇ ਹਨ। ਕੱਤਕ ਮਹੀਨੇ ਦੇ ਇਨ੍ਹਾਂ ਦਿਨਾਂ ’ਚ ਸੂਰਜ ਡੁੱਬਣ ਦੇ ਬਾਅਦ ਘਰ, ਗਊਸ਼ਾਲਾ, ਧਾਰਮਿਕ ਸਥਾਨ, ਸ਼ਮਸ਼ਾਨਘਾਟ, ਤਲਾਬ, ਨਦੀ ਆਦਿ ਸਾਰੀਆਂ ਥਾਵਾਂ ’ਤੇ ਘਿਓ ਅਤੇ ਤੇਲ ਦੇ ਦੀਵੇ ਜਗਾਉਣ ਦਾ ਮਹੱਤਵ ਹੈ। ਅਜਿਹਾ ਕਰਨ ਨਾਲ ਦੀਵੇ ਜਗਾਉਣ ਵਾਲੇ ਦੇ ਉਨ੍ਹਾਂ ਪਿੱਤਰਾਂ ਨੂੰ ਮੁਕਤੀ ਮਿਲਦੀ ਹੈ ਜਿਨ੍ਹਾਂ ਨੇ ਪਾਪ ਦਾ ਆਚਰਣ ਕੀਤਾ ਹੋਵੇ ਜਾਂ ਜਿਨ੍ਹਾਂ ਦਾ ਸਰਾਧ ਸਹੀ ਢੰਗ ਨਾਲ ਨਾ ਹੋਇਆ ਹੋਵੇ।

ਦੀਵਾਲੀ ਤੋਂ ਇਕ ਦਿਨ ਪਹਿਲਾਂ ਪ੍ਰੇਤਚਤੁਰਦਰਸ਼ੀ ਉੱਤਰ ਭਾਰਤ ’ਚ ਵਿਆਪਕ ਤੌਰ ’ਤੇ ਮਨਾਈ ਜਾਂਦੀ ਹੈ। ਇਕ ਕਥਾ ਅਨੁਸਾਰ ਇਕ ਧਾਰਮਿਕ ਵਿਅਕਤੀ ਨੂੰ ਤੀਰਥ ਯਾਤਰਾ ਦੌਰਾਨ ਪੰਜ ਪ੍ਰੇਤ ਮਿਲੇ, ਜੋ ਭਿਆਨਕ ਕਸ਼ਟ ’ਚ ਸਨ। ਪ੍ਰੇਤਾਂ ਨੇ ਉਸ ਨੂੰ ਦੱਸਿਆ ਕਿ ਉਹ ਉਨ੍ਹਾਂ ਘਰਾਂ ’ਚ ਰਹਿੰਦੇ ਹਨ ਜਿਥੇ ਗੰਦਗੀ ਫੈਲੀ ਹੋਵੇ, ਸਾਮਾਨ ਖਿਲਰਿਆ ਹੋਵੇ, ਝੂਠੇ ਭਾਂਡੇ ਹੋਣ ਅਤੇ ਲੋਕ ਸੋਗ ਅਤੇ ਗੰਦਗੀ ’ਚ ਡੁੱਬੇ ਹੋਣ। ਇਸ ਕਥਾ ਦਾ ਮਕਸਦ ਲੋਕਾਂ ਨੂੰ ਸਾਫ-ਸਫਾਈ ਅਤੇ ਹਾਂਪੱਖੀ ਵਾਤਾਵਰਣ ਬਣਾਈ ਰੱਖਣ ਦੀ ਸਿੱਖਿਆ ਦੇਣਾ ਹੈ।

ਕੁਲ ਮਿਲਾ ਕੇ ਇਹ ਕਹਿਣਾ ਸਹੀ ਹੋਵੇਗਾ ਕਿ ਸਾਡੇ ਸ਼ਾਸਤਰਾਂ ’ਚ ਹਰ ਤਿਉਹਾਰ ਦੇ ਪਿੱਛੇ ਜੋ ਆਧਾਰ ਹਨ, ਸਥਾਪਿਤ ਹਨ, ਉਨ੍ਹਾਂ ਨੂੰ ਸਹੂਲਤ ਅਨੁਸਾਰ ਤੋੜ-ਮਰੋੜ ਕੇ ਸੋਧ ਕਰਨਾ ਸਹੀ ਨਹੀਂ। ਇਸ ਲਈ ਫਿਰ ਉਹ ਭਾਵੇਂ ਪੰਚਾਂਗ ਭੇਦ ਹੋਵੇ ਜਾਂ ਸੰਪਰਦਾਏ ਭੇਦ, ਸਾਰੀਆਂ ਸੰਪਰਦਾਵਾਂ ਅਤੇ ਵੱਖ-ਵੱਖ ਪੰਚਾਂਗ ਪ੍ਰਣਾਲੀਆਂ ਨੂੰ ਮੰਨਣ ਵਾਲਿਆਂ ਨੂੰ ਇਕੱਠੇ ਹੋ ਕੇ ਹੀ ਇਸ ਦਾ ਹੱਲ ਕੱਢਣਾ ਹੋਵੇਗਾ, ਨਹੀਂ ਤਾਂ ਹਰ ਸਾਲ ਇਸੇ ਤਰ੍ਹਾਂ ਦੇ ਝਗੜੇ ਹੁੰਦੇ ਰਹਿਣਗੇ।

-ਵਿਨੀਤ ਨਾਰਾਇਣ


author

Tanu

Content Editor

Related News