ਖੇਤੀ ਦੇ ਅਸਲੀ ਮੁੱਦਿਆਂ ’ਤੇ ਧਿਆਨ ਕਿਉਂ ਨਹੀਂ?

Monday, Jan 04, 2021 - 03:27 AM (IST)

ਖੇਤੀ ਦੇ ਅਸਲੀ ਮੁੱਦਿਆਂ ’ਤੇ ਧਿਆਨ ਕਿਉਂ ਨਹੀਂ?

ਵਿਨੀਤ ਨਾਰਾਇਣ

ਇਕ ਸਮਾਂ ਸੀ ਜਦੋਂ ਭਾਰਤ ਨੂੰ ਆਪਣਾ ਢਿੱਡ ਭਰਨ ਲਈ ਅਨਾਜ ਦੀ ਭੀਖ ਮੰਗਣ ਵਿਦੇਸ਼ ਜਾਣਾ ਪੈਂਦਾ ਸੀ। ਹਰੀ ਕ੍ਰਾਂਤੀ ਦੇ ਬਾਅਦ ਹਾਲਾਤ ਬਦਲ ਗਏ। ਹੁਣ ਭਾਰਤ ’ਚ ਅਨਾਜ ਦੇ ਭੰਡਾਰ ਭਰ ਗਏ ਪਰ ਕੀ ਇਸ ਨਾਲ ਬਹੁਗਿਣਤੀ, ਛੋਟੀ ਜੋਤ ਵਾਲੇ ਕਿਸਾਨਾਂ ਦੀ ਆਰਥਿਕ ਹਾਲਤ ਸੁਧਰੀ? ਕੀ ਕਾਰਨ ਹੈ ਕਿ ਅੱਜ ਵੀ ਦੇਸ਼ ’ਚ ਇੰਨੀ ਵੱਡੀ ਗਿਣਤੀ ’ਚ ਕਿਸਾਨਾਂ ਨੂੰ ਖੁਦਕੁਸ਼ੀ ਕਰਨੀ ਪੈ ਰਹੀ ਹੈ? ਕਣਕ ਦਾ ਕਟੋਰਾ ਮੰਨੇ ਜਾਣ ਵਾਲੇ ਪੰਜਾਬ ਤਕ ’ਚ ਜ਼ਮੀਨ ਦੀ ਉਪਜਾਊ ਸ਼ਕਤੀ ਘਟੀ ਹੈ ਅਤੇ ਅੰਨ੍ਹੇਵਾਹ ਖਿਚਾਈ ਦੇ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ 700 ਫੁੱਟ ਹੇਠਾਂ ਤਕ ਚਲਾ ਗਿਆ ਹੈ।

ਦਰਅਸਲ, ਇਹ ਸਭ ਹੋਇਆ ਉਸ ਖੇਤੀਬਾੜੀ ਕ੍ਰਾਂਤੀ ਦੇ ਕਾਰਨ ਜਿਸ ਦੇ ਸੂਤਰਧਾਰ ਸਨ ਅਮਰੀਕਾ ਦੇ ਖੇਤੀਬਾੜੀ ਮਾਹਿਰ ਨਾਰਮਨ ਬੋਰਲੋਹ, ਜਿਨ੍ਹਾਂ ਨੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਅਤੇ ਟਰੈਕਟਰ ਨਾਲ ਵਾਹੀ ਕਰਕੇ ਖੇਤੀਬਾੜੀ ਉਤਪਾਦਨ ਨੂੰ ਦੁੱਗਣਾ-ਚੌਗੁਣਾ ਕਰ ਦਿਖਾਇਆ।

ਇਧਰ ਭਾਰਤ ’ਚ ਖੇਤੀਬਾੜੀ ਵਿਗਿਆਨੀ ਡਾ. ਸਵਾਮੀਨਾਥਨ ਨੇ ਤਤਕਾਲੀਨ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਰਾਜ਼ੀ ਕਰ ਲਿਆ ਅਤੇ ਵੱਡੇ ਪੈਮਾਨੇ ’ਤੇ ਰਸਾਇਣਕ ਖਾਦ ਅਤੇ ਕੀਟਨਾਸ਼ਕ ਦਵਾਈਆਂ ਦੀ ਦਰਾਮਦ ਸ਼ੁਰੂ ਹੋ ਗਈ। ਇਸਦੇ ਨਾਲ ਹੀ ਕੁਝ ਦੇਸੀ ਕੰਪਨੀਆਂ ਨੇ ਟਰੈਕਟਰ ਅਤੇ ਹੋਰ ਖੇਤੀਬਾੜੀ ਸੰਦ ਬਣਾਉਣੇ ਸ਼ੁਰੂ ਕਰ ਦਿੱਤੇ। ਸ਼ਾਸਤਰੀ ਜੀ ਦੇ ਬਾਅਦ ਜੋ ਸਰਕਾਰਾਂ ਆਈਆਂ, ਉਨ੍ਹਾਂ ਨੇ ਇਸ ਨੂੰ ਆਮਦਨੀ ਦਾ ਚੰਗਾ ਸਰੋਤ ਮੰਨ ਕੇ ਇਨ੍ਹਾਂ ਕੰਪਨੀਆਂ ਦੇ ਨਾਲ ਗੰਢਤੁੱਪ ਕਰ ਕੇ ਭਾਰਤ ਦੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਤੇ ਕੀਟਨਾਸ਼ਕ ਦਵਾਈਅਾਂ ਵੱਲ ਲਿਜਾਣ ਦਾ ਕੰਮ ਕੀਤਾ। ਨਤੀਜੇ ਵਜੋਂ ਸਦੀਆਂ ਤੋਂ ਗਊ ਦੇ ਗੋਹੇ ਅਤੇ ਗਊ ਮੂਤਰ ਦੀ ਵਰਤੋਂ ਕਰ ਕੇ ਬਲਦਾਂ ਨਾਲ ਹਲ ਚਲਾਉਣ ਵਾਲੇ ਕਿਸਾਨਾਂ ਨੇ ਮਹਿੰਗੀ ਖਾਦ ਅਤੇ ਸੰਦਾਂ ਲਈ ਕਰਜ਼ਾ ਲੈਣਾ ਸ਼ੁਰੂ ਕੀਤਾ।

ਇਸ ਨਾਲ ਇਕ ਪਾਸੇ ਖੇਤੀ ਮਹਿੰਗੀ ਹੋ ਗਈ ਕਿਉਂਕਿ ਉਸ ’ਚ ਭਾਰੀ ਪੂੰਜੀ ਦੀ ਲੋੜ ਪੈਣ ਲੱਗੀ। ਦੂਸਰਾ ਕਿਸਾਨ ਬੈਂਕਾਂ ਦੇ ਕਰਜ਼ੇ ਦੇ ਜਾਲ ’ਚ ਫਸਦੇ ਗਏ। ਤੀਸਰਾ ਸਦੀਆਂ ਤੋਂ ਖੇਤੀ ਦੀ ਰੀੜ੍ਹ ਬਣੇ ਬਲਦ ਹੁਣ ਖੇਤੀ ’ਤੇ ਭਾਰ ਬਣ ਗਏ, ਜਿਸ ਕਾਰਨ ਉਨ੍ਹਾਂ ਨੂੰ ਬੁੱਚੜਖਾਨਿਅਾਂ ਵੱਲ ਭਜਾਇਆ ਜਾਣ ਲੱਗਾ। ਇਸ ਸਾਰੀ ਪ੍ਰਕਿਰਿਆ ’ਚ ਦਿਹਾਤੀ ਬੇਰੋਜ਼ਗਾਰੀ ਵੀ ਤੇਜ਼ੀ ਨਾਲ ਵਧੀ ਕਿਉਂਕਿ ਇਸ ਨਾਲ ਪਿੰਡਾਂ ਦੀ ਆਤਮਨਿਰਭਰਤਾ ਦਾ ਢਾਂਚਾ ਢਹਿ-ਢੇਰੀ ਹੋ ਗਿਆ। ਹੁਣ ਹਰ ਪਿੰਡ ਸ਼ਹਿਰ ਦੇ ਬਾਜ਼ਾਰ ’ਤੇ ਨਿਰਭਰ ਹੁੰਦਾ ਗਿਆ ਜਿਸ ਨਾਲ ਪਿੰਡ ਦੀ ਆਰਥਿਕ ਹਾਲਤ ਕਮਜ਼ੋਰ ਹੁੰਦੀ ਗਈ ਕਿਉਂਕਿ ਉਪਜ ਦੇ ਬਦਲੇ ਜੋ ਆਮਦਨ ਪਿੰਡ ਤੋਂ ਆਉਂਦੀ ਸੀ, ਉਸ ਤੋਂ ਕਿਤੇ ਜ਼ਿਆਦਾ ਖਰਚਾ ਮਹਿੰਗੇ ਸੰਦਾਂ, ਰਸਾਇਣਕ ਖਾਦਾਂ, ਕੀਟਨਾਸ਼ਕ, ਡੀਜ਼ਲ ਆਦਿ ’ਤੇ ਹੋਣ ਲੱਗਾ। ਇਸ ਸਭ ਦੇ ਭੈੜੇ ਸਿੱਟੇ ਵਜੋਂ ਦਰਮਿਆਨਾ ਕਿਸਾਨ ਆਪਣੇ ਘਰ ਅਤੇ ਜ਼ਮੀਨ ਤੋਂ ਹੱਥ ਧੋ ਬੈਠਾ। ਮਜਬੂਰਨ ਉਸ ਨੂੰ ਸ਼ਹਿਰਾਂ ਵੱਲ ਹਿਜਰਤ ਕਰਨੀ ਪਈ। ਇਸ ਤਰ੍ਹਾਂ ਭਾਰਤੀ ਖੇਤੀਬਾੜੀ ਵਿਵਸਥਾ ਅਤੇ ਦਿਹਾਤੀ ਅਰਥਵਿਵਸਥਾ ਨੂੰ ਢਹਿ-ਢੇਰੀ ਕਰਨ ਦੀ ਬਹੁਰਾਸ਼ਟਰੀ ਕੰਪਨੀਅਾਂ ਦੀ ਸਾਜ਼ਿਸ਼ ਸਫਲ ਹੋ ਗਈ।

ਚਿੰਤਾ ਵਾਲੀ ਗੱਲ ਇਹ ਹੈ ਕਿ ਅੱਜ ਦੀ ਭਾਰਤ ਸਰਕਾਰ ਨੂੰ ਵੀ ਭਾਰਤ ਦੀ ਖੇਤੀਬਾੜੀ ਦਾ ਲੱਕ ਤੋੜਨ ਦੀ ਇਸ ਕੌਮਾਂਤਰੀ ਸਾਜ਼ਿਸ਼ ਬਾਰੇ ਸਭ ਕੁਝ ਪਤਾ ਹੈ ਪਰ ਇਨ੍ਹਾਂ ਕੰਪਨੀਆਂ ਨੇ ਸ਼ਾਇਦ ਸਾਰਿਆਂ ਦੇ ਮੂੰਹ ’ਤੇ ਦਹਾਕਿਅਾਂ ਤੋਂ ਚਾਂਦੀ ਦੀ ਜੁੱਤੀ ਮਾਰੀ ਹੋਈ ਹੈ। ਇਸ ਲਈ ਇਹ ਲੋਕ ਦਿਖਾਉਣ ਨੂੰ ਯੂਰੀਆ ’ਚ ਨਿੰਮ ਮਿਲਾ ਕੇ ਦੇਣ ਦੀ ਗੱਲ ਕਰਦੇ ਹਨ ਪਰ ਖਾਦ ਮੰਤਰਾਲਾ ਕੈਮੀਕਲ ਮੰਤਰਾਲਾ ਨਾਲ ਜੁੜਿਆ ਹੋਇਆ ਹੈ ਜਦਕਿ ਖਾਦ ਖੇਤੀਬਾੜੀ ਮੰਤਰਾਲਾ ਦਾ ਵਿਸ਼ਾ ਹੈ।

ਇਕ ਪਾਸੇ ਖੇਤੀਬਾੜੀ ਮੰਤਰਾਲਾ ‘ਨੈਸ਼ਨਲ ਸੈਂਟਰ ਫਾਰ ਆਰਗੈਨਿਕ ਫਾਰਮਿੰਗ’ ਦੇ ਕੇਂਦਰ ਹਰ ਜਗ੍ਹਾ ਸਥਾਪਿਤ ਕਰ ਰਿਹਾ ਹੈ, ਦੂਸਰੇ ਪਾਸੇ ਇਹੀ ਕੇਂਦਰ ਜ਼ੋਰ-ਸ਼ੋਰ ਨਾਲ ‘ਵੇਸਟ ਡਿਕਾਮਪੋਜ਼ਰ’ ਦਾ ਪ੍ਰਚਾਰ ਵੀ ਕਰ ਰਿਹਾ ਹੈ। ਓਧਰ ਸਾਰੇ ਐਗਰੀਕਲਚਰ ਕਾਲਜਾਂ ਦੇ ਸਿਲੇਬਸ ’ਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਦੀ ਵਿਧੀ ਸਿਖਾਈ ਜਾਂਦੀ ਹੈ, ਨਾ ਕਿ ਕੁਦਰਤੀ ਖੇਤੀਬਾੜੀ ਦੀ। ਤੁਸੀਂ ਕਿਸੇ ਵੀ ਐਗਰੀਕਲਚਰ ਕਾਲਜ ਦੇ ਯੂ-ਟਿਊਬ ਵੀਡੀਓ ਦੇਖ ਲਓ, ਉਹ ਤੁਹਾਨੂੰ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਹੀ ਵਰਤੋਂ ਦੀ ਵਿਧੀ ਦੱਸਣਗੇ।

ਕਿਉਂਕਿ ਰਸਾਇਣਕ ਖਾਦ, ਕੀਟਨਾਸ਼ਕ ਅਤੇ ਅਖੌਤੀ ਉੱਨਤ ਕਿਸਮ ਦੇ ਬੀਜ ਦਾ ਇਕ ਕੌਮਾਂਤਰੀ ਮਾਫੀਆ ਕੰਮ ਕਰ ਰਿਹਾ ਹੈ ਜੋ ਖੇਤੀ ਪ੍ਰਧਾਨ ਭਾਰਤ ਨੂੰ ਦੂਸਰੇ ਦੇਸ਼ਾਂ ’ਤੇ ਨਿਰਭਰ ਹੋਣ ਲਈ ਮਜਬੂਰ ਕਰ ਰਿਹਾ ਹੈ। ਇਸ ਮਾਫੀਆ ਦੇ ਨਾਲ ਪ੍ਰਸ਼ਾਸਨ ਦੇ ਲੋਕਾਂ ਦੀ ਵੀ ਗੰਢਤੁੱਪ ਹੈ। ਜੇਕਰ ਇਸ ਮਾਫੀਆ ’ਤੇ ਭਾਰਤ ਸਰਕਾਰ ਦਾ ਕੰਟਰੋਲ ਹੁੰਦਾ ਤਾਂ ਦੇਸ਼ ’ਚ ਦਸ ਲੱਖ ਕਿਸਾਨ ਖੁਦਕੁਸ਼ੀ ਨਾ ਕਰਦੇ। ਅੰਕੜਿਅਾਂ ਦੀ ਮੰਨੀਏ ਤਾਂ ਇਕੱਲੇ ਮਹਾਰਾਸ਼ਟਰ ’ਚ ਸਾਢੇ ਤਿੰਨ ਲੱਖ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਹੁਣ ਇਸ ਮਾਫੀਏ ਦੇ ਧੜੇ ’ਚ ਇਕ ਹੋਰ ਮਾਫੀਆ ਸ਼ਾਮਲ ਹੋ ਗਿਆ ਹੈ ਜੋ ਸ਼ਰਾਬ ਬਣਾਉਣ ਵਾਲੀਅਾਂ ਕੰਪਨੀਅਾਂ ਅਤੇ ਸਿਆਸਤਦਾਨਾਂ ਦੀ ਗੰਢਤੁੱਪ ਨਾਲ ਸਰਗਰਮ ਹੈ। ਇਕ ਪਾਸੇ ਗਰੀਬ ਲੋਕ ਮੁੱਠੀ ਭਰ ਅਨਾਜ ਲਈ ਤਰਸਦੇ ਹਨ, ਤਾਂ ਓਧਰ ਕਣਕ 20 ਰੁ. ਕਿਲੋ ਦੀ ਦਰ ਨਾਲ ਖਰੀਦ ਕੇ ‘ਭਾਰਤੀ ਖੁਰਾਕ ਨਿਗਮ’ ਦੇ ਗੋਦਾਮਾਂ ਜਾਂ ਖੁੱਲ੍ਹੇ ਮੈਦਾਨਾਂ ’ਚ ਸੜਨ ਲਈ ਛੱਡ ਦਿੱਤੀ ਜਾਂਦੀ ਹੈ। ਫਿਰ ਉਸੇ ਕਣਕ ਨੂੰ 2 ਰੁਪਏ ਕਿਲੋ ਦੇ ਭਾਅ ਨਾਲ ਸ਼ਰਾਬ ਬਣਾਉਣ ਵਾਲੀਅਾਂ ਇਨ੍ਹਾਂ ਕੰਪਨੀਅਾਂ ਨੂੰ ਵੇਚ ਦਿੱਤਾ ਜਾਂਦਾ ਹੈ।

ਇਸ ਪੂਰੀ ਦਾਨਵੀ ਵਿਵਸਥਾ ਦਾ ਬਦਲ ਮਹਾਤਮਾ ਗਾਂਧੀ ਆਪਣੀ ਪੁਸਤਕ ‘ਗ੍ਰਾਮ ਸਵਰਾਜ’ ਵਿਚ ਦੱਸ ਚੁੱਕੇ ਹਨ। ਕਿਵੇਂ ਪਿੰਡ ਦੀ ਲਕਸ਼ਮੀ ਪਿੰਡ ’ਚ ਹੀ ਠਹਿਰੇ ਅਤੇ ਪਿੰਡ ਦੇ ਲੋਕ ਤੰਦਰੁਸਤ, ਸੁਖੀ ਅਤੇ ਨਿਰੋਗ ਬਣਨ। ਇਸ ਦੇ ਲਈ ਲੋੜ ਹੈ ਭਾਰਤੀ ਗਊਵੰਸ਼ ਅਾਧਾਰਿਤ ਖੇਤੀ ਦੀ ਵਿਆਪਕ ਸਥਾਪਨਾ ਦੀ। ਹਰ ਪਿੰਡ ਜਾਂ ਕੁਝ ਪਿੰਡਾਂ ਦੇ ਸਮੂਹ ਦੇ ਦਰਮਿਆਨ ਭਾਰਤੀ ਗਊਵੰਸ਼ ਦੀ ਰਖਵਾਲੀ ਅਤੇ ਪ੍ਰਜਨਨ ਦੀ ਵਿਵਸਥਾ ਹੋਣੀ ਚਾਹੀਦੀ ਹੈ। ਪਿੰਡ ਦੇ ਮਾਲੀਆ ਰਿਕਾਰਡ ’ਚ ਦਰਜ ਚਰਾਂਦਾਂ ਦੀ ਜ਼ਮੀਨ ਨੂੰ ਪੱਟੇ ਅਤੇ ਨਾਜਾਇਜ਼ ਕਬਜ਼ਿਅਾਂ ਤੋਂ ਮੁਕਤ ਕਰਵਾ ਕੇ ਉਥੇ ਗਊਵੰਸ਼ ਲਈ ਚਾਰੇ ਦੀ ਪੈਦਾਵਾਰ ਕਰਨੀ ਚਾਹੀਦੀ ਹੈ। ਇਸ ਉਪਾਅ ਨਾਲ ਪਿੰਡ ਦੇ ਭੂਮੀਹੀਣ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ। ਦੇਸ਼ ’ਚ ਸੱਤ ਲੱਖ ਪਿੰਡ ਹਨ ਅਤੇ ਜੇਕਰ 10-10 ਸਮਰਥਕ ਵੀ ਇਕ-ਇਕ ਪਿੰਡ ਦੇ ਲਈ ਕੰਮ ਕਰਨ ਤਾਂ ਸਿਰਫ 70 ਲੱਖ ਸਮਰਥਕਾਂ ਦੀ ਮਦਦ ਨਾਲ ਹਰ ਪਿੰਡ ’ਚ ਗਊ ਵਿਗਿਆਨ ਕੇਂਦਰ ਦੀ ਸਥਾਪਨਾ ਹੋ ਸਕਦੀ ਹੈ। ਕੀ ਅਸੀਂ ਸਾਰੇ ਪਹਿਲ ਕਰ ਕੇ ਇਕ-ਇਕ ਪਿੰਡ ਨੂੰ ਇਸ ਦੇ ਲਈ ਪ੍ਰੇਰਿਤ ਨਹੀਂ ਕਰ ਸਕਦੇ? ਸੜਕਾਂ ਅਤੇ ਜੰਗਲਾਂ ’ਚ ਛੱਡ ਦਿੱਤੇ ਗਏ ਗਊਵੰਸ਼ ਨੂੰ ਬੁੱਚੜਖਾਨੇ ਵੱਲ ਨਾ ਭੇਜ ਕੇ ਕੀ ਉਨ੍ਹਾਂ ਦੇ ਗੋਬਰ ਅਤੇ ਗਊ ਮੂਤਰ ਨਾਲ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਨਹੀਂ ਕਰ ਸਕਦੇ?

ਆਸ ਹੈ ਕਿ ਸਾਰੇ ਕਿਸਾਨ ਹਿਤੈਸ਼ੀ ਸੰਗਠਨ ਇਸ ਸੁਝਾਅ ’ਤੇ ਧਿਆਨ ਦੇਣਗੇ। ਜਿਵੇਂ ਮੈਂ ਇਸ ਕਾਲਮ ’ਚ ਪਹਿਲਾਂ ਵੀ ਲਿਖਿਆ ਹੈ ਕਿ ਗਊਵੰਸ਼ ਦੀ ਰੱਖਿਆ ਗਊਸ਼ਾਲਾਵਾਂ ਬਣਾ ਕੇ ਨਹੀਂ ਹੋ ਸਕਦੀ ਕਿਉਂਕਿ ਇਹ ਤਾਂ ਜ਼ਮੀਨ ਹੜੱਪਣ ਅਤੇ ਭ੍ਰਿਸ਼ਟਾਚਾਰ ਦੇ ਕੇਂਦਰ ਬਣ ਜਾਂਦੇ ਹਨ। ਗਊਵੰਸ਼ ਦੀ ਰੱਖਿਆ ਤਾਂ ਹੀ ਹੋਵੇਗੀ ਜਦੋਂ ਹਰ ਕਿਸਾਨ ਦੇ ਘਰ ਘੱਟ ਤੋਂ ਘੱਟ ਇਕ ਜਾਂ ਦੋ ਗਾਵਾਂ ਜ਼ਰੂਰ ਪਾਲੀਅਾਂ ਜਾਣ। ਇਸ ਨਾਲ ਨਾ ਸਿਰਫ ਭਾਰਤੀ ਖੇਤੀ ਉਤਪਾਦਨਾਂ ਦੀ ਗੁਣਵੱਤਾ ਵਧੇਗੀ ਸਗੋਂ ਉਸ ਕਿਸਾਨ ਦਾ ਪਰਿਵਾਰ ਵੀ ਤੰਦਰੁਸਤ ਅਤੇ ਸੰਪੰਨ ਬਣੇਗਾ।


author

Bharat Thapa

Content Editor

Related News