ਅਧਿਆਪਨ ਵੀ ਇਕ ਕਲਾ ਹੈ
Monday, Sep 07, 2026 - 05:03 PM (IST)
ਕਿਸੇ ਨੂੰ ਵੀ ਪਹਿਲੀ ਵਾਰ ਪੜ੍ਹਨਾ-ਸਿੱਖਣ ਦਾ ਸਟੀਕ ਦਿਨ ਯਾਦ ਨਹੀਂ ਹੁੰਦਾ। ਪਰ ਲਗਭਗ ਹਰ ਵਿਅਕਤੀ ਉਨ੍ਹਾਂ ਅਧਿਆਪਕਾਂ ਨੂੰ ਜ਼ਰੂਰ ਯਾਦ ਰੱਖਦਾ ਹੈ, ਜਿਨ੍ਹਾਂ ਨੇ ਉਸ ਨੂੰ ਪੜ੍ਹਾਇਆ ਹੁੰਦਾ ਹੈ। ਭੁੱਲ ਜਾਣ ਵਾਲੇ ਪਲ ਅਤੇ ਕਦੇ ਨਾ ਭੁਲਾਏ ਜਾਣ ਵਾਲੇ ਵਿਅਕਤੀ ਦੇ ਵਿਚਕਾਰਲਾ ਇਹੋ ਫਰਕ ਸਾਨੂੰ ਸਿੱਖਿਆ ਦੇਣ ਦੇ ਕੰਮ ਬਾਰੇ ਕੁਝ ਬਹੁਤ ਮਹੱਤਵਪੂਰਨ ਗੱਲਾਂ ਦੱਸ ਦਿੰਦਾ ਹੈ। ਇੱਕ ਅਧਿਆਪਕ ਆਪਣੇ ਪਿੱਛੇ ਅਜਿਹੀਆਂ ਚੀਜਾਂ ਛੱਡ ਜਾਂਦਾ ਹੈ ਜਿਸਨੂੰ ਅਸਾਨੀ ਨਾਲ ਮਾਪਿਆ ਨਹੀਂ ਜਾ ਸਕਦਾ: ਕੋਸ਼ਿਸ਼ ਕਰਨ ਦਾ ਆਤਮ-ਵਿਸ਼ਵਾਸ, ਦ੍ਰਿੜ੍ਹ ਰਹਿਣ ਦਾ ਅਨੁਸ਼ਾਸਨ, ਸਵਾਲ ਪੁੱਛਣ ਦੀ ਉਤਸੁਕਤਾ, ਜਾਂ ਕਦੇ-ਕਦੇ ਸਿਰਫ਼ ਇਹ ਵਿਸ਼ਵਾਸ ਕਿ ਇੱਕ ਮਨੁੱਖ ਹੋਰ ਵੀ ਬਹੁਤ ਕੁਝ ਕਰ ਸਕਦਾ ਹੈ। ਇਸ ਲਈ, ਸਿੱਖਿਆ ਨੂੰ ਇੱਕ ਕਲਾ ਤੋਂ ਘੱਟ ਨਹੀਂ ਮੰਨਿਆ ਜਾ ਸਕਦਾ।
ਭਾਰਤ ਦੇ ਮਹਾਮਹਿਮ ਰਾਸ਼ਟਰਪਤੀ ਦੁਆਰਾ ਹਰ ਸਾਲ ਪ੍ਰਦਾਨ ਕੀਤੇ ਜਾਣ ਵਾਲੇ ‘ਰਾਸ਼ਟਰੀ ਅਧਿਆਪਕ ਪੁਰਸਕਾਰ’ ਅਸਲ ਵਿੱਚ ਉਨ੍ਹਾਂ ਚੁਣੇ ਹੋਏ ਲੋਕਾਂ ਪ੍ਰਤੀ ਸਨਮਾਨ ਹੁੰਦੇ ਹਨ, ਜਿਨ੍ਹਾਂ ਦਾ ਯੋਗਦਾਨ ਦੂਜਿਆਂ ਤੋਂ ਕਿਤੇ ਵਧ ਹੁੰਦਾ ਹੈ। ਇਸ ਸਭ ਤੋਂ ਇਲਾਵਾ, ਦੇਸ਼ ਦੇ ਹਰ ਕੋਨੇ ਵਿੱਚ ਭਾਵੇਂ ਉਹ ਕਲਾਸਰੂਮ ਹੋਵੇ ਜਾਂ ਕੌਸ਼ਲ ਸਬੰਧੀ ਪ੍ਰਯੋਗਸ਼ਾਲਾ ਜਾਂ ਪੌਲਿਟੈਕਨੀਕ ਜਾਂ ਖੇਡ ਦਾ ਮੈਦਾਨ ਜਾਂ ਫਿਰ ਸੰਗੀਤ ਦੀ ਕਲਾਸ-ਵਿਦਿਆਰਥੀ ਧੰਨਵਾਦ ਕਹਿਣ ਦਾ ਆਪਣਾ-ਆਪਣਾ ਢੰਗ ਲੱਭ ਹੀ ਲੈਂਦੇ ਹਨ। ਕਦੇ ਹੱਥ ਨਾਲ ਲਿਖੀ ਹੋਈ ਇੱਕ ਟਿੱਪਣੀ। ਕਦੇ ਸਵੇਰ ਦੀ ਸਭਾ ਵਿੱਚ ਧੰਨਵਾਦ ਪ੍ਰਗਟਾਉਣ ਦਾ ਇੱਕ ਪਲ। ਕਦੇ ਇੱਕ ਅਜਿਹੀ ਖਾਮੋਸ਼ ਸ਼ਲਾਘਾ ਜੋ ਦਿਨ ਖਤਮ ਹੋਣ ਦੇ ਬਹੁਤ ਦੇਰ ਬਾਅਦ ਤੱਕ ਅਧਿਆਪਕ ਦੇ ਮਨ ਵਿੱਚ ਬਸੀ ਰਹਿੰਦੀ ਹੈ। ਇਹ ਕਿਸੇ ਜਸ਼ਨ ਤੋਂ ਘੱਟ ਨਹੀਂ ਹਨ, ਸਗੋਂ ਕਈ ਮਾਇਨਿਆਂ ਵਿੱਚ ਇਹ ਸਭ ਤੋਂ ਵਧੀਆ ਉਤਸਵ ਹਨ।
ਹਾਲਾਂਕਿ, ਅੰਕੜੇ ਸਾਨੂੰ ਇੱਕ ਹੋਰ ਵੀ ਚਿੰਤਾਜਨਕ ਤਸਵੀਰ ਪ੍ਰਗਟ ਕਰਦੇ ਹਨ। OECD ਦਾ 2026 ਦਾ 'ਅਧਿਆਪਕ ਗਿਆਨ ਸਰਵੇਖਣ' ਕਿਸੇ ਵਿਸ਼ੇ ਦੀ ਜਾਣਕਾਰੀ ਹੋਣ ਅਤੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾਉਣ ਦੀ ਯੋਗਤਾ ਵਿਚਕਾਰ ਪਾੜੇ ਨੂੰ ਉਜਾਗਰ ਕਰਦਾ ਹੈ। ਇਸ ਸਰਵੇਖਣ ਦੇ ਨਤੀਜਿਆਂ ਤੋਂ ਪਤਾ ਲਗਦਾ ਹੈ ਕਿ ਵਿਸ਼ੇ ਦਾ ਗਿਆਨ ਹਮੇਸ਼ਾ ਪ੍ਰਭਾਵਸ਼ਾਲੀ ਸਿੱਖਿਆ ਅਭਿਆਸਾਂ ਵਿੱਚ ਨਹੀਂ ਬਦਲਦਾ। ਗੱਲ ਸਰਲ ਹੈ, ਪਰ ਬਹੁਤ ਮਹੱਤਵਪੂਰਨ ਹੈ: ਕਿਸੇ ਵਿਸ਼ੇ ਨੂੰ ਡੂੰਘਾਈ ਨਾਲ ਜਾਣਨਾ ਅਤੇ ਕਿਸੇ ਹੋਰ ਵਿਅਕਤੀ ਨੂੰ ਇਸ ਨੂੰ ਸਿੱਖਣ ਵਿੱਚ ਮਦਦ ਕਰਨਾ- ਇਹ ਦੋ ਵੱਖੋ-ਵੱਖਰੇ ਹੁਨਰ ਹਨ। ਪੜ੍ਹਾਉਣਾ ਇੱਕ ਕਲਾ ਹੈ ਅਤੇ ਇਸ ਲਈ ਮਨੁੱਖੀ ਸਬੰਧਾਂ ਅਤੇ ਪੜ੍ਹਾਉਣ ਦੇ ਤਰੀਕਿਆਂ ਦੀ ਸਮਝ ਦੇ ਨਾਲ-ਨਾਲ ਕਲਾਸਰੂਪ ਵਿੱਚ ਨਾਟਕੀਅਤਾ ਦੀ ਵੀ ਲੋੜ ਹੁੰਦੀ ਹੈ।
ਯੂਨੈਸਕੋ ਦੀ 'ਅਧਿਆਪਕਾਂ ਨਾਲ ਸਬੰਧਿਤ ਗਲੋਬਲ ਰਿਪੋਰਟ 2024' ਵਿੱਚ ਇਸ ਪੇਸ਼ੇ ਨੂੰ ਨਜ਼ਰਅੰਦਾਜ਼ ਕਰਨ ਦੀ ਕੀਮਤ ਨੂੰ ਅੰਕੜਿਆਂ ਵਿੱਚ ਦਰਸਾਇਆ ਗਿਆ ਹੈ। ਦੁਨੀਆ ਨੂੰ 2030 ਤੱਕ 44 ਮਿਲੀਅਨ ਵਾਧੂ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਅਧਿਆਪਕਾਂ ਦੀ ਲੋੜ ਪਵੇਗੀ। ਅਤੇ ਇਸ ਵਿੱਚੋਂ ਅੱਧੇ ਤੋਂ ਵੱਧ ਹਿੱਸੇ ਦੀ ਲੋੜ ਸਿਰਫ਼ ਉਨ੍ਹਾਂ ਅਧਿਆਪਕਾਂ ਨੂੰ ਬਦਲਣ ਦੀ ਹੋਵੇਗੀ ਜੋ ਪੇਸ਼ੇ ਨੂੰ ਛੱਡ ਰਹੇ ਹਨ। ਇਸ ਦੌਰਾਨ, ਮੈਕਿੰਸੇ ਗਲੋਬਲ ਇੰਸਟੀਟਿਊਟ ਦਾ ਅੰਦਾਜ਼ਾ ਹੈ ਕਿ, ਆਟੋਮੇਸ਼ਨ ਦੇ ਕਾਰਨ, 2030 ਤੱਕ ਦੁਨੀਆ ਭਰ ਵਿੱਚ 75 ਮਿਲੀਅਨ ਤੋਂ 375 ਮਿਲੀਅਨ ਕਾਮਿਆਂ ਨੂੰ ਆਪਣੇ ਪੇਸ਼ੇ ਬਦਲਣ ਦੀ ਲੋੜ ਪੈ ਸਕਦੀ ਹੈ। ਅਜਿਹੀਆਂ ਹਾਲਤਾਂ ਵਿੱਚ, ਯੋਗ ਅਧਿਆਪਕਾਂ ਦੀ ਮਹੱਤਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੋਵੇਗੀ।
ਭਾਰਤ ਨੇ ਇਸ ਚੁਣੌਤੀ ਨੂੰ ਸਮੇਂ ਸਿਰ ਪਛਾਣਿਆ ਹੈ ਅਤੇ ਇਸ ਨੂੰ ਬਹੁਤ ਗੰਭੀਰਤਾ ਨਾਲ ਹੱਲ ਕਰਨ ਲਈ ਕਦਮ ਚੁੱਕੇ ਹਨ। ਰਾਸ਼ਟਰੀ ਸਿੱਖਿਆ ਨੀਤੀ (NEP) 2020 ਦੇ ਤਹਿਤ ਸ਼ੁਰੂ ਕੀਤੇ ਗਏ ਚਾਰ ਵਰ੍ਹਿਆਂ ਦੇ 'ਏਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ' ਵਿੱਚ ਵਿਸ਼ਾ-ਵਸਤੂ ਦੀ ਮੁਹਾਰਤ ਅਤੇ ਸਿੱਖਿਆ-ਪ੍ਰਣਾਲੀ ਨੂੰ ਇੱਕ ਸਿੰਗਲ ਅੰਡਰਗ੍ਰੈਜੁਏਟ ਡਿਗਰੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦਾ ਉਦੇਸ਼ ਸਰਬਉੱਚ ਪ੍ਰਤਿਭਾਵਾਂ ਨੂੰ ਸਿੱਖਿਆ ਦੇ ਪੇਸ਼ ਵੱਲ ਆਕਰਸ਼ਿਤ ਕਰਨਾ ਹੈ। ਸੇਵਾ ਵਿੱਚ ਕਾਰਜਸ਼ੀਲ ਅਧਿਆਪਕਾਂ ਵਿਚਕਾਰ ਇੱਕਸਾਰ ਮਿਆਰਾਂ ਨੂੰ ਯਕੀਨੀ ਬਣਾਉਣ ਲਈ, 'ਰਾਸ਼ਟਰੀ ਪੇਸ਼ੇਵਰ ਮਿਆਰਾਂ ਲਈ ਅਧਿਆਪਕ (NPST)' ਅਧੀਨ ਕਰੀਅਰ ਵਿੱਚ ਤਰੱਕੀ ਨੂੰ ਸਿਰਫ਼ ਸੀਨੀਅਰਤਾ ਦੀ ਬਜਾਏ, ਪੜ੍ਹਾਉਣ ਦੀ ਅਸਲ ਗੁਣਵੱਤਾ ਨਾਲ ਜੋੜਿਆ ਗਿਆ ਹੈ। ਅੰਤਰ-ਖੇਤਰੀ ਸਿੱਖਿਆ ਵਿੱਚ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਦਾ ਲਾਭ ਲੈਣ, 'ਨੈਸ਼ਨਲ ਮਿਸ਼ਨ ਫਾਰ ਮੈਂਟਰਿੰਗ (NMM)' ਅਧਿਆਪਕਾਂ ਨੂੰ ਵੱਖ-ਵੱਖ ਖੇਤਰਾਂ ਦੇ ਸਲਾਹਕਾਰਾਂ ਤੋਂ ਸਿੱਖਣ ਲਈ ਢਾਂਚਾਗਤ ਸਹਾਇਤਾ ਪ੍ਰਦਾਨ ਕਰਦਾ ਹੈ। ਮੈਂ ਵੀ ਇਸ ਮਿਸ਼ਨ ਲਈ ਇੱਕ ਸਲਾਹਕਾਰ ਵਜੋਂ ਰਜਿਸਟ੍ਰੇਸ਼ਨ ਕਰਵਾਇਆ ਹੈ। ਮਾਣਯੋਗ ਪ੍ਰਧਾਨ ਮੰਤਰੀ ਹਰ ਸਾਲ ਰਾਸ਼ਟਰੀ ਪੁਰਸਕਾਰ ਜੇਤੂਆਂ ਨੂੰ ਨਾ ਸਿਰਫ਼ ਵਧਾਈ ਦੇਣ ਲਈ ਨਹੀਂ, ਸਗੋਂ ਉਨ੍ਹਾਂ ਨੂੰ ਸੁਣਨ, ਜ਼ਮੀਨੀ ਪੱਧਰ ਦੀਆਂ ਉਨ੍ਹਾਂ ਦੀਆਂ ਕਹਾਣੀਆਂ ਬਾਰੇ ਜਾਣਨ ਅਤੇ ਉਨ੍ਹਾਂ ਨਾਲ ਇੱਕ ਅਜਿਹਾ ਦ੍ਰਿਸ਼ਟੀਕੋਣ ਸਾਂਝਾ ਕਰਨ ਲਈ ਵੀ ਮਿਲਦੇ ਹਨ ਜੋ ਸਿਰਫ਼ ਤਜ਼ਰਬੇਕਾਰ ਲੀਡਰਸ਼ਿਪ ਤੋਂ ਹੀ ਪ੍ਰਾਪਤ ਹੋ ਸਕਦਾ ਹੈ। ਅਧਿਆਪਨ ਇੱਕ ਰਚਨਾਤਮਕ ਕੰਮ ਹੈ ਅਤੇ ਵਿਭਿੰਨ ਖੇਤਰਾਂ ਵਿੱਚ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਇਸ ਰਚਨਾਤਮਕਤਾ ਨੂੰ ਨਵੀਨਤਾ ਪ੍ਰਦਾਨ ਕਰਦੀ ਹੈ।
ਭਾਰਤ ਵਿੱਚ 'ਅਧਿਆਪਕ' ਕਿਸ ਨੂੰ ਮੰਨਿਆ ਜਾਵੇ, ਇਸ ਦਾ ਦਾਇਰਾ ਵਧਾਇਆ ਜਾ ਰਿਹਾ ਹੈ, ਅਤੇ ਸ਼ਾਇਦ ਇਹ ਸਭ ਤੋਂ ਵਿਲੱਖਣ ਵਿਚਾਰ ਹੈ। ਸਮਾਜ ਵਿੱਚ ਸਾਰਿਆਂ ਲਈ ਜੀਵਨ ਭਰ ਸਿੱਖਣ ਦੀ ਸਮਝ ('ਉੱਲਾਸ') ਯਾਨੀ- 'ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ' ਇਸ ਸਿਧਾਂਤ 'ਤੇ ਅਧਾਰਿਤ ਹੈ ਕਿ ਕੋਈ ਵੀ ਪੜ੍ਹਿਆ-ਲਿਖਿਆ ਵਿਅਕਤੀ ਇੱਕ ਅਨਪੜ੍ਹ ਵਿਅਕਤੀ ਨੂੰ ਪੜ੍ਹਾ ਸਕਦਾ ਹੈ। ਇਸ ਸਾਲ ਜਦੋਂ ਅਸੀਂ 'ਅੰਤਰਰਾਸ਼ਟਰੀ ਸਾਖ਼ਰਤਾ ਦਿਵਸ' ਮਨਾ ਰਹੇ ਹਾਂ, ਤਾਂ ਇਸ ਪ੍ਰੋਗਰਾਮ ਅਧੀਨ ਨੌਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੂਰੀ ਤਰ੍ਹਾਂ ਸਾਖ਼ਰ ਐਲਾਨਿਆ ਗਿਆ ਹੈ। ਸਿੱਖਿਆ ਮੰਤਰਾਲੇ ਦੇ 'ਵਿਦਿਆੰਜਲੀ' ਪੋਰਟਲ ਵਿੱਚ ਇਹ ਭਾਵਨਾ ਸਾਫ ਝਲਕਦੀ ਹੈ। ਇਹ ਪੋਰਟਲ 8.75 ਲੱਖ ਤੋਂ ਵੱਧ ਸਰਕਾਰੀ ਸਕੂਲਾਂ ਨੂੰ ਅਜਿਹੇ ਵਲੰਟੀਅਰਾਂ ਨਾਲ ਜੋੜਦਾ ਹੈ ਜੋ ਇੱਕ ਤੋਹਫ਼ੇ ਵਜੋਂ ਆਪਣੀ ਮੁਹਾਰਤ- ਭਾਵੇਂ ਉਹ ਡਾਂਸ ਨਾਲ ਸਬੰਧਿਤ ਹੋਵੇ ਜਾਂ ਗਣਿਤ ਨਾਲ ਜਾਂ ਜਨਤਕ ਭਾਸ਼ਣ ਜਾਂ ਫਿਰ ਸ਼ਿਲਪਕਾਰੀ ਨਾਲ – ਨੂੰ ਕਲਾਸਰੂਮਾਂ ਵਿੱਚ ਸਾਂਝੀ ਕਰਦੇ ਹਨ। ਹਰ ਵਲੰਟੀਅਰ ਇੱਕ ਅਧਿਆਪਕ ਦੀ ਭੂਮਿਕਾ ਨਿਭਾਉਂਦਾ ਹੈ। ਇਹ ਵਲੰਟੀਅਰ ਜੋ ਵੀ ਵਿਸ਼ਾ ਪੜ੍ਹਾਉਂਦੇ ਹਨ ਉਸ ਨੂੰ ਬਰਾਬਰ ਦਾ ਮਹੱਤਵ ਦਿੱਤਾ ਜਾਂਦਾ ਹੈ। ਕਿਉਂਕਿ ਅਸਲ ਵਿੱਚ, ਪੜ੍ਹਾਉਣਾ ਕੋਈ ਤਕਨੀਕੀ ਕੰਮ ਨਹੀਂ ਹੈ, ਸਗੋਂ ਇੱਕ ਕਲਾ ਹੈ। ਇੱਕ ਅਧਿਆਏ ਨੂੰ ਪੜ੍ਹਾਉਣ ਦੀ ਯੋਜਨਾ ਇੱਕ ਰਚਨਾ ਜਿਹੀ ਹੁੰਦੀ ਹੈ। ਇਹ ਵਿਆਖਿਆ ਇੱਕ ਪ੍ਰਦਰਸ਼ਨ ਵਰਗੀ ਹੁੰਦੀ ਹੈ।
ਕੋਈ ਵੀ ਕਲਾ ਕਿਸੇ ਵੀ ਕਲਾਕਾਰ ਵਿੱਚ ਕੋਈ ਅੰਤਰ ਨਹੀਂ ਕਰਦੀ। ਇਸ ਲਈ, ਸਾਡੇ ਮਨ ਵਿੱਚ ਉੱਚ-ਨੀਚ ਦੀ ਜੋ ਵੀ ਧਾਰਨਾ ਹੈ, ਉਸ ਨੂੰ ਪਰਖ ਕੇ ਖਤਮ ਕਰਨਾ ਜ਼ਰੂਰੀ ਹੈ। ਕਦੇ-ਕਦੇ ਸੰਗੀਤ ਦੇ ਅਧਿਆਪਕ ਜਾਂ ਸਰੀਰਕ ਸਿੱਖਿਆ ਦੇ ਅਧਿਆਪਕ ਨੂੰ ਪੂਰਕ ਅਤੇ ਕਿੱਤਾਮੁਖੀ ਸਿੱਖਿਆ ਦੇ ਇੰਸਟ੍ਰਕਟਰਾਂ ਨੂੰ ਇੱਕ ਵਿਕਲਪਿਕ ਪ੍ਰਬੰਧ ਵਜੋਂ ਦੇਖਿਆ ਜਾਂਦਾ ਹੈ। ਇਹ ਵਰਗੀਕਰਣ ਨਾ ਸਿਰਫ਼ ਅਨੁਚਿਤ ਹੈ ਸਗੋਂ ਪੂਰੀ ਤਰ੍ਹਾਂ ਗਲਤ ਵੀ ਹੈ। ਪ੍ਰੀਖਿਆ-ਸਬੰਧਿਤ ਤਣਾਅ ਵਧਣ ਨਾਲ ਸੰਗੀਤ ਜਾਂ ਸਰੀਰਕ ਕਸਰਤ ਮਨ ਨੂੰ ਸ਼ਾਂਤ ਕਰ ਸਕਦੇ ਹਨ, ਜਿਸ ਨਾਲ ਤਿਆਰੀ ਵਿੱਚ ਸਹਾਇਤਾ ਮਿਲਦੀ ਹੈ। ਭਾਰਤ ਦੀ ਵਧਦੀ ਰਚਨਾਤਮਕ ਅਰਥਵਿਵਸਥਾ ('ਔਰੇਂਜ ਇਕੌਨਮੀ') ਦੇ ਨਾਲ, ਵੱਖ-ਵੱਖ ਕਲਾ ਰੂਪ ਵਿਦਿਆਰਥੀਆਂ ਨੂੰ ਆਧੁਨਿਕ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਖੇਤਰਾਂ ਵਿੱਚੋਂ ਇੱਕ ਲਈ ਤਿਆਰ ਕਰਨਗੇ। ਜਿਵੇਂ-ਜਿਵੇਂ ਖੇਡ ਯੂਨੀਵਰਸਿਟੀਆਂ ਆਕਾਰ ਲੈ ਰਹੀਆਂ ਹਨ ਅਤੇ ਰਾਸ਼ਟਰੀ ਖੇਡ ਬੁਨਿਆਦੀ ਢਾਂਚੇ ਮਜ਼ਬੂਤ ਹੋ ਰਹੇ ਹਨ, ਖੇਡ ਕੋਚ ਅਤੇ ਸਰੀਰਕ ਸਿੱਖਿਆ ਅਧਿਆਪਕ ਇੱਕ ਭਰੋਸੇਯੋਗ ਕਰੀਅਰ ਲਈ ਮੌਕੇ ਖੋਲ੍ਹ ਦੇਣਗੇ। ਸਟੀਕ ਮੈਨੂਫੈਕਚਰਿੰਗ ਸਿਖਾ ਰਹੇ ਆਈ.ਟੀ.ਆਈ. ਇੰਸਟ੍ਰਕਟਰ ਅਜਿਹੇ ਹੁਨਰਾਂ ਨੂੰ ਵਿਕਸਿਤ ਕਰ ਰਹੇ ਹਨ ਜੋ ਪੁਲਾਂ ਦੇ ਨਿਰਮਾਣ ਅਤੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਕ ਹਨ। ਇਹੋ ਰਾਸ਼ਟਰ-ਨਿਰਮਾਣ ਦਾ ਇੱਕ ਹੋਰ ਪਹਿਲੂ ਹੈ।
ਅੱਜ ਦੇ ਯੁੱਗ ਵਿੱਚ, ਜਦੋਂ ਮਸ਼ੀਨਾਂ ਲਗਭਗ ਹਰ ਉਸ ਕੰਮ ਨੂੰ ਕਰਨ ਦੇ ਸਮਰੱਥ ਹੋ ਰਹੀਆਂ ਹਨ ਜਿਸਦੀ ਭਵਿੱਖਬਾਣੀ ਪਹਿਲਾਂ ਤੋਂ ਕੀਤੀ ਜਾ ਸਕਦੀ ਹੈ, ਤਾਂ ਵੀ ਇੱਕ ਕੰਮ ਅਜਿਹਾ ਹੁੰਦਾ ਹੈ ਜਿਸ ਦੀ ਥਾਂ ਕੋਈ ਨਹੀਂ ਲੈ ਸਕਦਾ – ਅਤੇ ਉਹ ਹੈ ਅਧਿਆਪਕ ਦਾ ਕੰਮ: ਇੱਕ ਅਜਿਹਾ ਅਧਿਆਪਕ ਜੋ ਇੱਕ ਵਿਦਿਆਰਥੀ ਵਿੱਚ ਅਜਿਹੀ ਸੰਭਾਵਨਾ ਨੂੰ ਪਛਾਣਦਾ ਹੈ ਜਿਸ ਨੂੰ ਖੁਦ ਵਿਦਿਆਰਥੀ ਅਜੇ ਨਹੀਂ ਦੇਖ ਸਕਦਾ। ਇਸ ਕੰਮ ਦਾ ਕੋਈ ਐਲਗੋਰਿਦਮ ਨਹੀਂ ਹੈ। ਇਹ ਸਕੂਲ ਦੀ ਘੰਟੀ ਵੱਜਣ 'ਤੇ ਖਤਮ ਨਹੀਂ ਹੁੰਦਾ। ਅਤੇ ਇਹ ਦੇਸ਼ ਭਰ ਵਿੱਚ ਹਰ ਕਿਸਮ ਦੇ ਅਦਾਰਿਆਂ ਵਿੱਚ ਹਰ ਵਿਸ਼ੇ ਦੇ ਅਧਿਆਪਕਾਂ ਨਾਲ ਜੁੜਿਆ ਹੈ।
ਇੱਕ ਲਾਤੀਨੀ ਕਹਾਵਤ ਇਸ ਤੱਥ ਨੂੰ ਢੁਕਵੇਂ ਢੰਗ ਨਾਲ ਉਜਾਗਰ ਕਰਦੀ ਹੈ: *Non scholae sed vitae discimus* - ਅਸੀਂ ਸਕੂਲ ਲਈ ਨਹੀਂ, ਸਗੋਂ ਜ਼ਿੰਦਗੀ ਲਈ ਸਿੱਖਦੇ ਹਾਂ। ਅਤੇ ਮਨੁੱਖ ਸੰਭਾਵਨਾਵਾਂ ਦਾ ਸੱਚਾ ਕਲਾਕਾਰ ਮੰਨੇ ਜਾਣ ਵਾਲਾ ਇੱਕ ਅਧਿਆਪਕ ਹੀ ਓਹੀ ਵਿਅਕਤੀ ਹੈ ਜੋ ਇਸ ਨੂੰ ਸੰਭਵ ਬਣਾਉਂਦਾ ਹੈ।
-ਜਯੰਤ ਚੌਧਰੀ
