ਮਾਰਕਸਵਾਦੀ ‘ਈਕੋ-ਸਿਸਟਮ’ ’ਚੋਂ ਕਦੋਂ ਬਾਹਰ ਨਿਕਲੇਗੀ ਮਮਤਾ?

06/21/2019 6:11:10 AM

ਬਲਬੀਰ ਪੁੰਜ
ਦੇਸ਼ ਦੇ ਹਰੇਕ ਅਪਰਾਧਿਕ ਮਾਮਲਿਆਂ ’ਚ ‘ਹਿੰਦੂ-ਮੁਸਲਿਮ’ ਕੌਣ ਲੱਭਣ ਅਤੇ ਉਸ ਨੂੰ ਵਿਗੜੇ ਤੱਥਾਂ ਦੇ ਆਧਾਰ ’ਤੇ ਸਥਾਪਿਤ ਕਰਨ ਦੀ ਕੋਸ਼ਿਸ਼ ਕੌਣ ਅਤੇ ਕਿਉਂ ਕਰ ਰਿਹਾ ਹੈ–ਉਹ ਪੱਛਮੀ ਬੰਗਾਲ ਦੇ ਤਾਜ਼ਾ ਘਟਨਾਕ੍ਰਮ ਤੋਂ ਸਪੱਸ਼ਟ ਹੋ ਜਾਂਦਾ ਹੈ। ਬੇਸ਼ੱਕ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਸਾਰੀਆਂ ਮੰਗਾਂ ਮੰਨੇ ਜਾਣ ਮਗਰੋਂ ਸੂਬੇ ਤੋਂ ਆਰੰਭ ਹੋਈ ਡਾਕਟਰਾਂ ਦੀ ਦੇਸ਼ ਪੱਧਰੀ ਹੜਤਾਲ ਖਤਮ ਹੋ ਗਈ ਹੋਵੇ ਪਰ ਇਸ ਤਰ੍ਹਾਂ ਜੋ ਕੁਝ ਹੋਇਆ, ਉਸ ਨੇ ਤਿੰਨ ਤੱਥਾਂ ਵੱਲ ਸਾਡਾ ਧਿਆਨ ਦਿਵਾਇਆ ਹੈ। ਪਹਿਲਾ–ਸੂਬੇ ਦੀ ਹਾਲਤ ਖੱਬੇਪੱਖੀਆਂ ਦੇ ਹਿੰਸਕ ਸ਼ਾਸਨ ਦੀ ਤੁਲਨਾ, ਜ਼ਿਆਦਾ ਨਿਘਾਰ ਵੱਲ ਚਲੀ ਗਈ ਹੈ। ਦੂਜਾ–ਇਸਲਾਮੀ ਕੱਟੜਵਾਦ ਅਤੇ ਸਥਾਨਕ ਗੁੰਡਿਆਂ ਨੂੰ ਸੂਬਾ ਸਰਕਾਰ ਦਾ ਲੁਕਵਾਂ-ਪ੍ਰਤੱਖ ਅਜੇ ਵੀ ਸਮਰਥਨ ਪ੍ਰਾਪਤ ਹੈ ਅਤੇ ਤੀਜਾ–ਲੋਕ ਸਭਾ ਚੋਣਾਂ ਦੇ ਨਤੀਜਿਆਂ ਅਤੇ ਸੂਬੇ ’ਚ ਆਪਣੇ ਹਾਲੀਆ ਰੋਸ ਵਿਖਾਵੇ ਤੋਂ ਤ੍ਰਿਣਮੂਲ ਕਾਂਗਰਸ ਨੇ ਸਬਕ ਨਹੀਂ ਸਿੱਖਿਆ।

ਬਿਨਾਂ ਸ਼ੱਕ ਕਿਸੇ ਵੀ ਸੱਭਿਅਕ ਸਮਾਜ ਵਿਚ ਅਜਿਹੇ ਕਿਸੇ ਵੀ ਰੋਸ ਵਿਖਾਵੇ ਜਾਂ ਅੰਦੋਲਨ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ, ਜਿਸ ਵਿਚ ਕਿਸੇ ਨਿਰਦੋਸ਼ ਦੀ ਜਾਨ ’ਤੇ ਬਣ ਜਾਵੇ ਪਰ ਅਟਲ ਸੱਚਾਈ ਇਹ ਵੀ ਹੈ ਕਿ ਪੱਛਮੀ ਬੰਗਾਲ ਦੇ ਇਸ ਮਾਮਲੇ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ, ਜਿਨ੍ਹਾਂ ਦੇ ਅਧੀਨ ਸੂਬੇ ਦਾ ਸਿਹਤ ਮੰਤਰਾਲਾ ਵੀ ਹੈ–ਉਹ ਡਾਕਟਰਾਂ ’ਤੇ ਹਮਲਾ ਕਰਨ ਵਾਲਿਆਂ ਉਤੇ ਸਖਤ ਕਾਰਵਾਈ ਕਰ ਕੇ ਆਸਾਨੀ ਨਾਲ ਸੁਲਝਾ ਸਕਦੀ ਸੀ ਪਰ ਅਜਿਹਾ ਨਹੀਂ ਹੋਇਆ। ਕੀ ਇਸ ਮਾਮਲੇ ’ਚ ਪੁਲਸ ਦੀ ਧੱਕੇਸ਼ਾਹੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਹੱਠੀ ਵਤੀਰੇ ਦਾ ਪ੍ਰਗਟਾਵਾ ਕਰਨ ਦਾ ਇਕੋ-ਇਕ ਕਾਰਣ ਹਮਲਵਰਾਂ ਅਤੇ ਪੀੜਤ ਦੇ ਮਜ਼ਹਬੀ ਪਛਾਣ ਵਿਚ ਨਹੀਂ ਲੁਕਿਆ? ਆਖਿਰ ਪੂਰਾ ਮਾਮਲਾ ਕੀ ਹੈ? ਬੀਤੀ 10 ਜੂਨ ਨੂੰ ਨੀਲਰਤਨ ਸਰਕਾਰੀ ਮੈਡੀਕਲ ਕਾਲਜ ’ਚ ਇਲਾਜ ਲਈ ਦਾਖਲ 75 ਸਾਲਾ ਮੁਹੰਮਦ ਸ਼ਾਹਿਦ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਦਿਲ ਦੀ ਧੜਕਨ ਰੁਕਣ ਨਾਲ ਹੋਈ। ਇਸ ’ਤੇ ਗੁੱਸੇ ’ਚ ਆਏ ਮ੍ਰਿਤਕ ਦੇ ਵਾਰਸਾਂ ਸਮੇਤ 200 ਦੀ ਗਿਣਤੀ ’ਚ ਵਿਸ਼ੇਸ਼ ਭਾਈਚਾਰੇ ਦੇ ਲੋਕ, ਹਸਪਤਾਲ ਕੰਪਲੈਕਸ ’ਚ ਪਹੁੰਚ ਗਏ ਅਤੇ ਦੇਰ ਰਾਤ ਉਥੇ ਤਾਇਨਾਤ ਡਾਕਟਰਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਜਦੋਂ ਹਸਪਤਾਲ ਵਲੋਂ ਸਥਾਨਕ ਥਾਣੇ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਪੁਲਸ ਖੁੱਲ੍ਹ ਕੇ ਕੋਈ ਠੋਸ ਕਾਰਵਾਈ ਕਰਨ ’ਚ ਇਸ ਲਈ ਅਸਮਰੱਥ ਰਹੀ ਕਿਉਂਕਿ ਹਮਲਾਵਰ ਸਾਰੇ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਸਨ। ਟਕਰਾਅ ਵਧਣ ਨਾਲ 2 ਡਾਕਟਰ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿਚ ਇਕ ਟ੍ਰੇਨੀ ਡਾਕਟਰ ਡਾ. ਪਰਿਬਾਹ ਮੁਖੋਪਾਧਿਆਏ ਦੇ ਸਿਰ ਦੀ ਹੱਡੀ ਤਕ ਟੁੱਟ ਗਈ। ਸਿੱਟੇ ਵਜੋਂ ਸੂਬੇ ਦੇ ਵਧੇਰੇ ਡਾਕਟਰ ਹੜਤਾਲ ’ਤੇ ਚਲੇ ਗਏ ਅਤੇ ਇਕ ਦਰਜਨ ਸਰਕਾਰੀ ਹਸਪਤਾਲਾਂ ਦੇ 700 ਤੋਂ ਵੱਧ ਡਾਕਟਰਾਂ ਨੇ ਸਮੂਹਿਕ ਅਸਤੀਫਾ ਦੇ ਦਿੱਤਾ। ਦੇਖਦੇ ਹੀ ਦੇਖਦੇ ਪੂਰੇ ਭਾਰਤ ’ਚ 10 ਲੱਖ ਡਾਕਟਰ ਵੀ ਆਪਣਾ ਵਿਰੋਧ ਪ੍ਰਗਟਾਉਂਦੇ ਹੋਏ ਹੜਤਾਲ ’ਚ ਸ਼ਾਮਿਲ ਹੋ ਗਏ।

ਸਮੇਂ ਦੀ ਮੰਗ ਸੀ ਕਿ ਸੂਬੇ ਦੀ ਮੁੱਖ ਮੰਤਰੀ ਵਜੋਂ ਮਮਤਾ ਬੈਨਰਜੀ ਡਾਕਟਰਾਂ ਦੀਆਂ ਭਾਵਨਾਵਾਂ ਨੂੰ ਸਮਝਦੀ, ਉਨ੍ਹਾਂ ਦੇ ਸਵੈ-ਸਨਮਾਨ ਦੀ ਰੱਖਿਆ ਕਰਨ ਦਾ ਭਰੋਸਾ ਦਿੰਦੀ ਅਤੇ ਹਮਲਾਵਰਾਂ ’ਤੇ ਸਖਤ ਕਾਰਵਾਈ ਦਾ ਹੁਕਮ ਦੇ ਕੇ ਨੈਤਿਕਤਾ ਦਾ ਸਬੂਤ ਦਿੰਦਿਆਂ ਨਿੱਜੀ ਤੌਰ ’ਤੇ ਜ਼ਖ਼ਮੀ ਡਾਕਟਰਾਂ ਦਾ ਹਾਲਚਾਲ ਪੁੱਛਦੀ। ਕੀ ਅਜਿਹਾ ਹੋਇਆ? ਨਹੀਂ। ਇਸ ਦੇ ਉਲਟ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੜਤਾਲੀ ਡਾਕਟਰਾਂ ਨੂੰ ਭਾਜਪਾ ਦੇ ਏਜੰਟ ਦੱਸ ਕੇ ਉਨ੍ਹਾਂ ’ਤੇ ਮੜ੍ਹ ਦਿੱਤਾ ਕਿ ਭਾਜਪਾ ਦੇ ਕਹਿਣ ’ਤੇ ਉਹ ਮੁਸਲਿਮ ਮਰੀਜ਼ਾਂ ਦਾ ਇਲਾਜ ਕਰਨ ਤੋਂ ਨਾਂਹ ਕਰ ਰਹੇ ਹਨ।

ਹੁਣ ਜੇਕਰ ਇਸ ਦੋਸ਼ ਨੂੰ ਆਧਾਰ ਵੀ ਬਣਾਇਆ ਜਾਵੇ ਤਾਂ ਮੁੱਖ ਮੰਤਰੀ ਮਮਤਾ ਬੈਨਰਜੀ ਡਾਕਟਰਾਂ ਦੀ ਹੜਤਾਲ ’ਚ ਆਪਣੇ ਭਤੀਜੇ ਆਬੇਸ਼ ਬੈਨਰਜੀ ਅਤੇ ਕੋਲਕਾਤਾ ਨਗਰ ਨਿਗਮ ਦੇ ਮੇਅਰ ਅਤੇ ਤ੍ਰਿਣਮੂਲ ਆਗੂ ਫਿਰਹਾਦ ਹਕੀਮ ਦੀ ਧੀ ਡਾ. ਸ਼ੱਬਾ ਹਕੀਮ ਦੇ ਸ਼ਾਮਿਲ ਹੋਣ ’ਤੇ ਕੀ ਕਹੇਗੀ? ਦਰਅਸਲ ਪੂਰਾ ਮਾਮਲਾ ਹਸਪਤਾਲਾਂ ਵਿਚ ਡਾਕਟਰਾਂ ਨੂੰ ਸੁਰੱਖਿਆ ਦੇਣ ਅਤੇ ਸਥਾਨਕ ਅਮਨ-ਕਾਨੂੰਨ ਨਾਲ ਜੁੜਿਆ ਸੀ ਪਰ ਇਹ ਮੁਸਲਿਮ ਭਾਈਚਾਰੇ ’ਚ ਕੱਟੜਵਾਦੀ ਵਰਗ ਅਤੇ ਸਬੰਧਿਤ ਸ਼ਰਾਰਤੀ ਤੱਤਾਂ ਨੂੰ ਆਪਣੇ ਸਿਆਸੀ ਹਿੱਤ ਲਈ ਉਨ੍ਹਾਂ ਨੂੰ ਸਰਪ੍ਰਸਤੀ ਦੇਣੀ ਅਤੇ ਉਤਸ਼ਾਹਿਤ ਕਰਨਾ ਸੀ।

ਸਨਾਤਨ ਭਾਰਤ ਦੇ ਇਤਿਹਾਸ ’ਚ ਪੱਛਮੀ ਬੰਗਾਲ ਦਾ ਪ੍ਰਮੁੱਖ ਸਥਾਨ ਰਿਹਾ ਹੈ, ਜੋ ਇਸ ਨੂੰ ਇਕ ਪ੍ਰਸਿੱਧ ਵਾਕ ‘ਜੋ ਅੱਜ ਪੱਛਮੀ ਬੰਗਾਲ ਸੋਚਦਾ ਹੈ ਉਹ ਬਾਕੀ ਭਾਰਤ ਕੱਲ ਸੋਚਦਾ ਹੈ’ ਨੂੰ ਵੀ ਸਿੱਧ ਕਰਦਾ ਹੈ। ਆਧੁਨਿਕ ਦੌਰ ’ਚ ਜਿਸ ਧਰਤੀ ਨੂੰ ਸਵਾਮੀ ਵਿਵੇਕਾਨੰਦ ਨੇ ਸਨਾਤਨੀ ਵਿਚਾਰ ਦਿੱਤੇ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ , ਸੁਭਾਸ਼ ਚੰਦਰ ਬੋਸ ਆਦਿ ਨੇ ਰਾਸ਼ਟਰਵਾਦੀ, ਤਾਂ ਬੰਕਿਮ ਚੰਦਰ ਚਟੋਪਾਧਿਆਏ ਤੇ ਰਬਿੰਦਰ ਨਾਥ ਟੈਗੋਰ ਆਦਿ ਨੇ ਸਾਹਿਤਕ ਪਛਾਣ ਦਿੱਤੀ। ਉਸ ਦੀਆਂ ਜੜ੍ਹਾਂ ਨੂੰ ਖੱਬੇਪੱਖੀਆਂ ਨੇ ਸਭ ਤੋਂ ਪਹਿਲਾਂ ਆਪਣੇ ਹਿੰਦੂ ਵਿਰੋਧੀ ਮਾਨਸ ਅਤੇ ਹਿੰਸਕ ਮਾਰਸਵਾਦੀ ਵਿਚਾਰਧਾਰਾ ਰਾਹੀਂ 34 ਸਾਲਾਂ (1977-2011) ਤਕ ਵੱਢਣ ਦੀ ਕੋਸ਼ਿਸ਼ ਕੀਤੀ।

ਹਿੰਸਾ ਅਤੇ ‘ਅਸਹਿਮਤੀ ਦੇ ਅਧਿਕਾਰ’ ਦਾ ਗਲਾ ਘੁੱਟਣਾ–ਮਾਰਕਸਵਾਦੀ ਰਾਜਨੀਤੀ ਦੇ ਕੇਂਦਰਬਿੰਦੂ ਵਿਚ ਹੈ। ਇਸੇ ਦੇ ਤਹਿਤ, ਯੋਜਨਾਬੱਧ ਢੰਗ ਨਾਲ ਪਹਿਲਾਂ ਸਥਾਨਕ ਗੁੰਡੇ ਅਤੇ ਗੈਰ-ਸਮਾਜੀ ਤੱਤਾਂ ਨੂੰ ਸਰਪ੍ਰਸਤੀ ਦਿੱਤੀ ਗਈ ਅਤੇ ਫਿਰ ਉਨ੍ਹਾਂ ਰਾਹੀਂ ਮਾਰਕਸਵਾਦੀਆਂ ਨੇ ਸੂਬੇ ’ਚ ਰਾਸ਼ਟਰੀ ਸਵੈਮ ਸੇਵਕ ਸੰਘ, ਭਾਜਪਾ ਸਮੇਤ ਹੋਰ ਰਾਸ਼ਟਰਵਾਦੀ ਸੰਗਠਨਾਂ ਅਤੇ ਉਸਦੇ ਵਰਕਰਾਂ ਨੂੰ ਕੰਟਰੋਲ ਕਰਨ ਅਤੇ ਤਸ਼ੱਦਦ ਕਰਨ ਦਾ ਢਕਵੰਜ ਭਰਿਆ ਜਾਲ ਬੁਣਿਆ। ਇਹੀ ਕਾਰਣ ਹੈ ਕਿ ਖੱਬੇਪੱਖੀ ਸ਼ਾਸਨ ’ਚ ਜਨਤਕ ਤੌਰ ’ਤੇ ਨਾ ਸਿਰਫ ਸਿਆਸੀ ਵਿਰੋਧੀਆਂ ਵਿਰੁੱਧ ਹਿੰਸਕ ਸਰਗਰਮੀਆਂ ਨੂੰ ਹੁਲਾਰਾ ਮਿਲਿਆ, ਨਾਲ ਹੀ ਜੋ ਲੋਕ ਕਿਸੇ ਵੀ ਕਾਰਣ ਉਨ੍ਹਾਂ ਦਾ ਸਹਿਯੋਗ ਕਰਨ ’ਚ ਅਸਮਰੱਥਤਾ ਪ੍ਰਗਟਾਉਂਦੇ, ਉਨ੍ਹਾਂ ਨੂੰ ਵੀ ਗੁੱਸੇ ਦਾ ਸ਼ਿਕਾਰ ਬਣਾ ਦਿੱਤਾ ਜਾਂਦਾ।

ਖੱਬੇਪੱਖੀਆਂ ਦੀ ਵਿਚਾਰਕ ਅਸਹਿਣਸ਼ੀਲਤਾ ਤੋਂ ਛੁਟਕਾਰਾ ਪਾਉਣ ਲਈ ਸੂਬੇ ਦੀ ਜਨਤਾ ਨੇ ਤ੍ਰਿਣਮੂਲ ਕਾਂਗਰਸ ’ਤੇ ਭਰੋਸਾ ਕੀਤਾ। ਨਤੀਜੇ ਵਜੋਂ ਮਮਤਾ ਬੈਨਰਜੀ ਸਾਲ 2011 ਅਤੇ 2016 ਦੀਆਂ ਵਿਧਾਨ ਸਭਾ ਚੋਣਾਂ ’ਚ ਜੇਤੂ ਹੋ ਕੇ ਲਗਾਤਾਰ 2 ਵਾਰ ਮੁੱਖ ਮੰਤਰੀ ਬਣੀ। ਸੁਭਾਵਿਕ ਤੌਰ ’ਤੇ ਲੋਕਾਂ ਨੂੰ ਪੱਛਮੀ ਬੰਗਾਲ ਦੀ ਸਥਿਤੀ ’ਚ ਤਬਦੀਲੀ ਦੀ ਆਸ ਸੀ ਅਤੇ ਇਹ ਵੀ ਆਸ ਸੀ ਕਿ ਖੱਬੇਪੱਖੀਆਂ ਤੋਂ ਮੁਕਤੀ ਦੇ ਬਾਅਦ ਸੂਬੇ ’ਚ ਗੁੰਡਿਆਂ ਦਾ ਰਾਜ ਨਾ ਹੋ ਕੇ ਕਾਨੂੰਨ ਦਾ ਰਾਜ ਅਤੇ ਸੁਸ਼ਾਸਨ ਹੋਵੇਗਾ ਪਰ ਜਨਤਾ ਦੀਆਂ ਆਸਾਂ ਮਿੱਟੀ ਵਿਚ ਮਿਲ ਗਈਆਂ।

ਖੱਬੇਪੱਖੀ ਸ਼ਾਸਨ ’ਚ ਸੂਬੇ ਵਿਚ ਜੋ ਗੁੰਡੇ ਮਾਰਕਸਵਾਦੀਆਂ ਦਾ ਪਹਿਰਾਵਾ ਪਾ ਕੇ ਘੁੰਮਦੇ ਸਨ, ਉਹ ਰਾਤੋ-ਰਾਤ ਤ੍ਰਿਣਮੂਲ ਕਾਂਗਰਸ ਦੇ ਵਰਕਰ ਅਤੇ ਨੇਤਾ ਬਣ ਗਏ, ਭਾਵ ਸੂਬੇ ਦੀ ਸੱਤਾ ਕੇਂਦਰ ਅਤੇ ਰਾਜਨੀਤੀ, ਜੋ ਪਹਿਲਾਂ ਤੋਂ ਲਹੂ-ਲੁਹਾਨ ਅਤੇ ਹਿੰਦੂ ਵਿਰੋਧੀ ਸੀ, ਉਹ ਨਾ ਸਿਰਫ ਅਪਰਿਵਰਤਿਤ ਰਹੀ, ਸਗੋਂ ਉਸ ਨੂੰ ਹੋਰ ਜ਼ਿਆਦਾ ਤਾਕਤ ਵੀ ਮਿਲਣ ਲੱਗੀ। ਸਿਆਸੀ ਵਿਰੋਧੀਆਂ ਦੀ ਹੱਤਿਆ ਜਾਂ ਉਨ੍ਹਾਂ ਉੱਤੇ ਹਮਲਿਆਂ ਦੇ ਨਾਲ ਪੱਛਮੀ ਬੰਗਾਲ ਦੇ ਮੁੱਖ ਤਿਉਹਾਰ ਦੁਰਗਾ ਪੂਜਾ ਅਤੇ ਸਰਸਵਤੀ ਪੂਜਾ ਤਕ ’ਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਗਈ।

ਤ੍ਰਿਣਮੂਲ ਕਾਂਗਰਸ ਦੀ ਰਾਜਨੀਤੀ ਵੀ ਆਪਣੇ ਪਹਿਲੇ ਖੱਬੇਪੱਖੀਆਂ ਵਾਂਗ ਹਿੰਸਕ ਅਤੇ ਸਨਾਤਨ ਸੱਭਿਆਚਾਰ ਵਿਰੋਧੀ ਹੈ। ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਦੇ ਆਸ਼ੀਰਵਾਦ ਨਾਲ ਉਸ ਦੇ ਵਰਕਰ, ਭਾਜਪਾ ਨੂੰ ਸਮਰਥਨ ਦੇਣ ਵਾਲਿਆਂ, ਖਾਸ ਕਰ ਕੇ ਅੱਤ ਗਰੀਬ ਅਤੇ ਵਾਂਝਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਸੂਬੇ ’ਚ ਭਾਜਪਾ ਦੇ ਉਭਾਰ ਮਗਰੋਂ 2016 ਤੋਂ ਹੁਣ ਤਕ 100 ਤੋਂ ਵੱਧ ਭਾਜਪਾ ਵਰਕਰਾਂ ਦੀ ਹੱਤਿਆ ਹੋ ਚੁੱਕੀ ਹੈ। ਹਾਲ ਹੀ ’ਚ ਸੂਬੇ ਦੇ ਕੂਚਬਿਹਾਰ ਸਥਿਤ ਮਾਰੂਗੰਜ ਕਠਾਲਤਲਾ ਵਿਚ ਭਾਜਪਾ ਵਰਕਰ ਆਨੰਦ ਪਾਲ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੇ ਵੱਡੇ ਭਰਾ ਅਨੁਸਾਰ ਕੁਝ ਸਮਾਂ ਪਹਿਲਾਂ ਹੀ ਆਨੰਦ ਪਾਲ ਤ੍ਰਿਣਮੂਲ ਛੱਡ ਕੇ ਭਾਜਪਾ ਨਾਲ ਜੁੜਿਆ ਸੀ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਣਨ ਦੇ ਅਗਲੇ ਦਿਨ 24 ਮਈ ਨੂੰ ਨਾਦਿਆ ’ ਭਾਜਪਾ ਵਰਕਰ ਸੰਤੂ ਘੋਸ਼, ਤਾਂ 27 ਮਈ ਨੂੰ ਉੱਤਰੀ 24 ਪਰਗਨਾ ’ਚ ਪਾਰਟੀ ਸਮਰਥਕ ਚੰਦਨ ਸ਼ਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਇਸ ਸਥਿਤੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਬੌਖਲਾਹਟ ਦਾ ਕਾਰਣ ਸੂਬੇ ’ਚ ਭਾਜਪਾ ਦਾ ਲਗਾਤਾਰ ਵਧਦਾ ਲੋਕ ਆਧਾਰ ਹੈ। ਪਿਛਲੇ ਸਾਲ ਪੰਚਾਇਤੀ ਚੋਣਾਂ ਅਤੇ ਉਪ-ਚੋਣਾਂ ’ਚ ਭਾਜਪਾ ਦਾ ਵੋਟ ਫੀਸਦੀ ਵਧਣ ਮਗਰੋਂ ਇਨ੍ਹਾਂ ਲੋਕ ਸਭਾ ਚੋਣਾਂ ’ਚ ਉਸ ਨੂੰ ਸੂਬੇ ਦੀਆਂ 42 ’ਚੋਂ 18 ਸੀਟਾਂ ਨਾਲ 40 ਫੀਸਦੀ ਤੋਂ ਵੱਧ ਵੋਟਾਂ ਵੀ ਪ੍ਰਾਪਤ ਹੋਈਆਂ ਹਨ। ਦਰਅਸਲ ਗੱਲ ਤਾਂ ਇਹ ਹੈ ਕਿ 34 ਸਾਲਾਂ ਤਕ ਬੰਗਾਲ ’ਤੇ ਲਗਾਤਾਰ ਸ਼ਾਸਨ ਕਰਨ ਵਾਲੇ ਖੱਬੇਪੱਖੀਆਂ ਦਾ ਇਥੇ ਖਾਤਾ ਵੀ ਨਹੀਂ ਖੁੱਲ੍ਹਿਆ ਅਤੇ 7 ਫੀਸਦੀ ਵੋਟਾਂ ’ਤੇ ਸੁੰਗੜ ਕੇ ਰਹਿ ਗਈ ਹੈ।

ਸੂਬੇ ’ਚ ਖਿਸਕਦੇ ਲੋਕ ਆਧਾਰ ਨੂੰ ਬਚਾਉਣ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਉਨ੍ਹਾਂ ਹੀ ਦਹਾਕਿਆਂ ਪੁਰਾਣੇ ਫਿਰਕੂ ਜੁਮਲਿਆਂ ਦੀ ਵਰਤੋਂ ਕਰ ਰਹੀ ਹੈ, ਜਿਸ ਨੂੰ ਜਨਤਾ 2014 ਦੇ ਮਗਰੋਂ ਲਗਾਤਾਰ ਖਾਰਿਜ ਕਰ ਰਹੀ ਹੈ। ਮਰੀਜ਼ ਦੀ ਮੌਤ ’ਤੇ ਭੜਕੀ ਮੁਸਲਿਮ ਭੀੜ ਵਲੋਂ ਡਾਕਟਰ ਦੀ ਕੁੱਟਮਾਰ ਅਤੇ ਵਿਰੋਧ ਵਜੋਂ ਦੇਸ਼ ਭਰ ’ਚ ਡਾਕਟਰਾਂ ਦੀ ਹੜਤਾਲ ’ਤੇ ਮਮਤਾ ਦੀ ਟਿੱਪਣੀ–‘‘ਭਾਜਪਾ ਦੇ ਉਕਸਾਉਣ ’ਤੇ ਡਾਕਟਰ ਮੁਸਲਿਮ ਮਰੀਜ਼ਾਂ ਦਾ ਇਲਾਜ ਨਹੀਂ ਕਰ ਰਹੇ ਹਨ’’ ਇਸ ਦੀ ਪ੍ਰਤੱਖ ਉਦਾਹਰਣ ਹੈ।

ਅਕਸਰ ਭਾਜਪਾ ਵਿਰੋਧੀਆਂ ਦੇ ਚੋਣ ਗਣਿਤ ’ਚ ਵਾਰ-ਵਾਰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਭਾਜਪਾ ਮੁਸਲਿਮ ਵਿਰੋਧੀ ਹੈ, ਇਸ ਲਈ ਮੁਸਲਮਾਨ ਭਾਜਪਾ ਦੇ ਪੱਖ ’ਚ ਕਦੇ ਵੋਟ ਨਹੀਂ ਪਾਵੇਗਾ। ਕੀ ਇਸ ਮਿੱਥਕ ਨੂੰ ਪਹਿਲਾਂ 2014, ਫਿਰ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਗਲਤ ਸਿੱਧ ਨਹੀਂ ਕੀਤਾ ? ਕੀ ਇਹ ਸੱਚ ਨਹੀਂ ਕਿ ਸਮਾਜ ਦੇ ਸਾਰੇ ਵਰਗਾਂ ਦੇ ਸਮਰਥਨ ਨਾਲ ਭਾਜਪਾ ਨੂੰ ਮੁਸਲਿਮ ਭਾਈਚਾਰੇ ਦੀਆਂ ਵੀ ਵੋਟਾਂ ਪ੍ਰਾਪਤ ਹੋਈਆਂ ਹਨ? ਸੀ. ਐੱਸ. ਡੀ. ਐੱਸ. ਪੋਲ ਸਰਵੇ ਅਨੁਸਾਰ 2014 ਵਾਂਗ ਇਸ ਵਾਰ ਵੀ ਭਾਜਪਾ ਨੂੰ 8 ਫੀਸਦੀ ਮੁਸਲਿਮ ਵੋਟਾਂ ਮਿਲੀਆਂ ਹਨ।

ਪਿਛਲੇ 5 ਸਾਲਾਂ ’ਚ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਵਿਰੋਧ ਦੇ ਨਾਂ ’ਤੇ ਦੇਸ਼ ਦੀ ਹਰ ਛੋਟੀ-ਵੱਡੀ ਘਟਨਾ ’ਚ ‘ਮੁਸਲਿਮ ਸ਼ੋਸ਼ਣ’ ਨੂੰ ਲੱਭਣ ਦਾ ਯਤਨ ਹੋਇਆ ਹੈ। ਅਖਲਾਕ, ਜੁਨੈਦ, ਕਠੂਆ ਆਦਿ ਮਾਮਲਿਆਂ ’ਚ ਖੱਬੇਪੱਖੀ ਸਮਰਥਤ ‘ਟੁਕੜੇ-ਟੁਕੜੇ ਗੈਂਗ’ ਸਣੇ ਅਖੌਤੀ ਸੈਕੁਲਰਿਸਟਾਂ ਨੇ ਅਜਿਹਾ ਹੀ ਕੀਤਾ ਸੀ। ਉਦੋਂ ਇਸ ਜਮਾਤ ਨੇ ਦੇਸ਼ ਦੇ ਬਹੁਲਤਾਵਾਦੀ ਅਕਸ ਅਤੇ ਸਹਿਣਸ਼ੀਲ ਚਰਿੱਤਰ ਨੂੰ ਵੀ ਕਲੰਕਿਤ ਕਰਨ ਤੋਂ ਗੁਰੇਜ਼ ਨਹੀਂ ਕੀਤਾ।

ਭਾਰਤ ਸਮੇਤ ਬਾਕੀ ਦੁਨੀਆ ’ਚ ਅੱਜ ਖੱਬੇਪੱਖੀ ਵਿਚਾਰਕ ਕਾਰਣਾਂ ਕਰ ਕੇ ਗੈਰ-ਪ੍ਰਸੰਗਿਕ ਹੋ ਚੁੱਕੇ ਹਨ। ਜੇਕਰ ਤ੍ਰਿਣਮੂਲ ਕਾਂਗਰਸ, ਖਾਸ ਕਰ ਕੇ ਮੁੱਖ ਮੰਤਰੀ ਮਮਤਾ ਬੈਨਰਜੀ ਮਾਰਕਸਵਾਦੀਆਂ ਵਲੋਂ ਸਥਾਪਿਤ ਹਿੰਸਕ ਅਤੇ ਅਰਾਜਕ ਹਾਲਾਤ-ਤੰਤਰ (ਈਕੋ ਸਿਸਟਮ) ’ਚੋਂ ਬਾਹਰ ਨਾ ਨਿਕਲੀ ਤਾਂ ਉਸ ਦੀ ਪਾਰਟੀ ਦਾ ਵੀ ਹਸ਼ਰ ਉਹੀ ਹੋਵੇਗਾ, ਜੋ ਅੱਜ ਭਾਰਤੀ ਖੱਬੇਪੱਖੀਆਂ ਦਾ ਹੈ।

(punjbalbir@gmail.com)
 


Bharat Thapa

Content Editor

Related News