ਅਸੀਂ ਦਿਲਚਸਪ ਸਮੇਂ ’ਚ ਜੀਅ ਰਹੇ ਹਾਂ

Sunday, Apr 05, 2026 - 04:16 PM (IST)

ਅਸੀਂ ਦਿਲਚਸਪ ਸਮੇਂ ’ਚ ਜੀਅ ਰਹੇ ਹਾਂ

ਮੈਨੂੰ ਨਹੀਂ ਪਤਾ ਕਿ ਕਿਹੜੇ ਗ੍ਰਹਿ ਮਿਲਣਗੇ ਜਾਂ ਕਿਹੜਾ ਗ੍ਰਹਿ ਵਕਰੀ ਹੋਵੇਗਾ ਪਰ ਭਾਰਤ ’ਚ ਸਿਆਸੀ ਦ੍ਰਿਸ਼ ਨੂੰ ਦੇਖਦੇ ਹੋਏ ਮੈਂ ਕਹਿ ਸਕਦਾ ਹਾਂ ਕਿ ‘ਅਸੀਂ ਦਿਲਚਸਪ ਸਮੇਂ ’ਚ ਜੀਅ ਰਹੇ ਹਾਂ’।

ਉਲਟ ਮੂਲ ਸਿਧਾਂਤ : ਆਸਾਮ, ਕੇਰਲ, ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ 9, 23 ਅਤੇ 30 ਅਪ੍ਰੈਲ ਨੂੰ ਹੋਣਗੀਆਂ। ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ’ਚ ਹਾਲ ਦੇ ਸਾਲਾਂ ’ਚ ਪਹਿਲੀ ਵਾਰ ਭਾਜਪਾ ਸਥਾਪਤ ਮੱਧ-ਖੱਬੇਪੱਖੀ ਸਿਆਸੀ ਪਾਰਟੀਆਂ ਨੂੰ ਚੁਣੌਤੀ ਦੇ ਰਹੀ ਹੈ। ਵਿਚਾਰਕ ਪੱਧਰ ’ਤੇ ਕੇਰਲ ’ਚ ਯੂ. ਡੀ. ਐੱਫ. ਅਤੇ ਐੱਲ. ਡੀ. ਐੱਫ. ਦੋਵੇਂ ਮੱਧ-ਖੱਬੇਪੱਖੀ ਪਾਰਟੀਆਂ ਹਨ। ਤਾਮਿਲਨਾਡੂ ’ਚ ਡੀ. ਐੱਮ. ਕੇ. ਦੀ ਅਗਵਾਈ ਵਾਲਾ ਮੋਰਚਾ (ਜਿਸ ’ਚ ਕਾਂਗਰਸ ਸ਼ਾਮਲ ਹੈ) ਅਤੇ ਪੱਛਮੀ ਬੰਗਾਲ ’ਚ ਏ. ਆਈ. ਟੀ. ਸੀ. (ਟੀ. ਐੱਮ. ਸੀ.) ਖੁੱਲ੍ਹ ਕੇ ਖੱਬੀਆਂ ਕੇਂਦਰਿਤ ਪਾਰਟੀਆਂ ਹਨ। ਇਹ ਸਾਰੇ ਸੰਵਿਧਾਨ, ਸੰਘਵਾਦ, ਸੰਸਦ/ਵਿਧਾਨ ਸਭਾ ਦੀ ਸਰਵਉੱਚਤਾ, ਧਰਮਨਿਰਪੱਖਤਾ, ਸਮਾਜਿਕ ਨਿਆਂ, ਬਰਾਬਰੀ ਦੇ ਨਾਲ ਵਿਕਾਸ, ਭਲਾਈ ਉਪਾਵਾਂ, ਮੀਡੀਆ ਦੀ ਆਜ਼ਾਦੀ ਅਤੇ ਉਦਾਰ ਆਰਥਿਕਤਾ ਦੀ ਸਹੁੰ ਚੁੱਕਦੇ ਹਨ। ਐੱਲ. ਡੀ. ਐੱਫ., ਡੀ. ਐੱਮ. ਕੇ. ਅਤੇ ਟੀ. ਐੱਮ. ਸੀ. ਸਬੰਧਤ ਸੂਬਿਆਂ ’ਚ ਸ਼ਾਸਨ ਕਰਦੇ ਹਨ।

ਚੁਣੌਤੀ ਦੇਣ ਵਾਲੀ ਭਾਜਪਾ ਹੈ ਜਿਸ ਨੇ ਖ਼ੁਦ ਨੂੰ ਵਿਚਾਰਕ ਪੱਧਰ ਦੇ ਦੱਖਣ ’ਚ (ਸੱਜੇ-ਪੱਖੀ) ਸਥਾਪਤ ਕੀਤਾ ਹੈ। ਮੈਂ ਸਿਰਫ ਆਰ. ਐੱਸ. ਐੱਸ. ਨੂੰ ਹੀ ਇਸ ਤੋਂ ਵੱਧ ਸੱਜੇ-ਪੱਖੀ ਮੰਨ ਸਕਦਾ ਹਾਂ ਪਰ ਆਰ. ਐੱਸ. ਐੱਸ. ਦਾਅਵਾ ਕਰਦਾ ਹੈ ਕਿ ਉਹ ਇਕ ਸਿਆਸੀ ਪਾਰਟੀ ਨਹੀਂ ਹੈ। ਹਾਲਾਂਕਿ, ਇਹ ਬੇਭਰੋਸਗੀ ਨਾਲ ਸਵੀਕਾਰ ਕਰਦਾ ਹੈ ਕਿ ਇਸ ਦੇ ਪ੍ਰਮੁੱਖ ਨੇਤਾ ਭਾਜਪਾ ਸੰਗਠਨ ’ਚ ਮਹੱਤਵਪੂਰਨ ਅਹੁਦਿਆਂ ’ਤੇ ਸਨ ਅਤੇ ਹਨ ਅਤੇ ਭਾਜਪਾ ਸਰਕਾਰਾਂ ਦੇ ਕਈ ਮੰਤਰੀ ਪ੍ਰਚਾਰਕ ਸਨ ਅਤੇ ਸਵੈ-ਸੇਵਕ ਬਣੇ ਹੋਏ ਹਨ। ਆਮ ਨਾਗਰਿਕ ਆਰ. ਐੱਸ. ਐੱਸ. ਨੂੰ ਸਰਪ੍ਰਸਤ ਅਤੇ ਭਾਜਪਾ ਨੂੰ ਸੰਤਾਨ ਦੇ ਰੂਪ ’ਚ ਦੇਖਦਾ ਹੈ। ਭਾਜਪਾ ਦੀਆਂ ਨੀਤੀਆਂ ਅਤੇ ਕਾਨੂੰਨ ਹਿੰਦੂ ਸਰਵਉੱਚਤਾ (ਹਿੰਦੂਤਵ), ਵੈਦਿਕ ਸ਼ਾਸਤਰਾਂ ਅਤੇ ਪ੍ਰਥਾਵਾਂ ’ਚ ਵਿਸ਼ਵਾਸ, ਆਰੀਆ ਸੱਭਿਅਤਾ ਜਾਂ ਸੱਭਿਆਚਾਰ, ਕੇਂਦਰੀਕਰਨ, ਕਾਰਜਪਾਲਿਕਾ ਦੀ ਪ੍ਰਧਾਨਤਾ, ਇਕ ਆਮ ਭਾਸ਼ਾ (ਹਿੰਦੀ), ਸ਼ਾਕਾਹਾਰ, ਇਕ ਰਾਸ਼ਟਰ ਇਕ ਸਰਕਾਰ ਅਤੇ ਕੋਰੀਆਈ ‘ਚੇਬੋਲ’ ਵਰਗੇ ਮਿੱਤਰਤਾਪੂਰਨ ਵਪਾਰਕ ਘਰਾਣਿਆਂ ਦੇ ਵਿਚਾਰਾਂ ’ਚ ਦ੍ਰਿੜ੍ਹਤਾ ਨਾਲ ਰਚੇ-ਵਸੇ ਹਨ। ਮੋਦੀ ਦੀ ਅਗਵਾਈ ’ਚ ਭਾਜਪਾ ਨੇ ਉਸ ਆਮ ਸਹਿਮਤੀ ਨੂੰ ਜਾਣਬੁੱਝ ਕੇ ਤੋੜਿਆ ਹੈ ਜੋ 2014 ਤੱਕ ਕਾਇਮ ਸੀ।

ਤੀਜੇ ਰਾਜਾਂ ’ਚ ਹੋਣ ਵਾਲੀ ਚੋਣ ਲੜਾਈ ਖੱਬੇ-ਪੱਖੀ ਅਤੇ ਸੱਜੇ-ਪੱਖੀ ਸਿਆਸੀ ਗੱਠਜੋੜਾਂ ਦੇ ਵਿਚਾਲੇ ਹੋਵੇਗੀ।

ਕੇਰਲ : ਪਿਛਲੇ ਪੰਜਾਹ ਸਾਲਾਂ ਦੌਰਾਨ ਕਾਂਗਰਸ ਦੀ ਅਗਵਾਈ ਵਾਲੇ ਯੂ. ਡੀ. ਐੱਫ. ਅਤੇ ਸੀ. ਪੀ. ਆਈ. (ਐੱਮ) ਦੀ ਅਗਵਾਈ ਵਾਲੇ ਐੱਲ. ਡੀ. ਐੱਫ. ਦਾ ਦਬਦਬਾ ਰਿਹਾ ਹੈ। ਛੋਟੀਆਂ ਪਾਰਟੀਆਂ ਇਕ ਜਾਂ ਦੂਜੇ ਧੜੇ ਵੱਲ ਖਿੱਚੀਆਂ ਗਈਆਂ ਹਨ। ਕੇਰਲ ਦੇ ਵੋਟਰਾਂ ਨੇ ਯੂ. ਡੀ. ਐੱਫ. ਅਤੇ ਐੱਲ. ਡੀ. ਐੱਫ. ਦੇ ਵਿਚਾਲੇ ਵਾਰੀ-ਵਾਰੀ ਬਦਲਾਅ ਕੀਤਾ ਸੀ ਪਰ 2021 ’ਚ ਉਨ੍ਹਾਂ ਨੇ 2016 ’ਚ ਜਿੱਤਣ ਵਾਲੇ ਐੱਲ. ਡੀ. ਐੱਫ. ਨੂੰ ਫਿਰ ਤੋਂ ਚੁਣ ਕੇ ਇਸ ਪੈਟਰਨ ਨੂੰ ਤੋੜ ਦਿੱਤਾ। ਦੋਵੇਂ ਮੋਰਚੇ ਮਜ਼ਬੂਤ ਹਨ ਅਤੇ ਉਨ੍ਹਾਂ ਨੇ ਆਪਣੀਆਂ ਚੋਣ ਰਣਨੀਤੀਆਂ ਨੂੰ ਤੇਜ਼ ਕੀਤਾ ਹੈ। ਆਮ ਧਾਰਨਾ ਇਹ ਹੈ ਕਿ ਐੱਲ. ਡੀ. ਐੱਫ. ਨੇ ਬਜ਼ੁਰਗ ਪਿਨਾਰਾਈ ਵਿਜਯਨ ਦੇ ਅਧੀਨ ਦੋ ਕਾਰਜਕਾਲਾਂ ਤੱਕ ਸ਼ਾਸਨ ਕੀਤਾ ਹੈ ਅਤੇ ਹੁਣ ਬਦਲਾਅ ਦਾ ਸਮਾਂ ਹੈ। ਹੜ੍ਹ (2018) ਅਤੇ ਵਾਇਨਾਡ ਜ਼ਮੀਨ ਖਿਸਕਣ (2024) ਪ੍ਰਤੀ ਐੱਲ. ਡੀ. ਐੱਫ. ਸਰਕਾਰ ਦੀ ਅਯੋਗ ਪ੍ਰਤੀਕਿਰਿਆ ਨੇ ਐੱਲ. ਡੀ. ਐੱਫ. ਨੂੰ ਗੰਭੀਰ ਰੂਪ ’ਚ ਨੁਕਸਾਨ ਪਹੁੰਚਾਇਆ ਹੈ। ਕਾਂਗਰਸ ’ਚ ਕਈ ਸਮਰੱਥ ਅਤੇ ਤੁਲਨਾਤਮਕ ਤੌਰ ’ਤੇ ਨੌਜਵਾਨ ਨੇਤਾ ਹਨ ਅਤੇ ਉਹ ਯੂ. ਡੀ. ਐੱਫ. ਦੇ ਆਰਾਮਦਾਇਕ ਬਹੁਮਤ ਨਾਲ ਜਿੱਤਣ ਪ੍ਰਤੀ ਭਰੋਸੇਮੰਦ ਹੈ।

ਅਜਿਹਾ ਨਹੀਂ ਲੱਗਦਾ ਕਿ ਭਾਜਪਾ ਕੇਰਲ ਦੇ ਲੋਕਾਂ ਦੇ ਡੀ. ਐੱਨ. ਏ. ਨੂੰ ਸਮਝਦੀ ਹੈ। ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਭਾਜਪਾ ਕਿੰਨੀਆਂ ਸੀਟਾਂ ਜਿੱਤ ਸਕੇਗੀ, ਦਾਅ ਇਕਹਿਰੇ ਅੰਕ ’ਤੇ ਹੈ।

ਤਾਮਿਲਨਾਡੂ : 2021 ਅਤੇ 2024 ਦਾ ਡੀ. ਐੱਮ. ਕੇ. ਦੀ ਅਗਵਾਈ ਵਾਲਾ ਮੋਰਚਾ ਬਰਕਰਾਰ ਹੈ ਅਤੇ ਐੱਮ. ਕੇ. ਸਟਾਲਿਨ ਨੇ ਛੋਟੀਆਂ ਪਾਰਟੀਆਂ ਨੂੰ ਡੀ. ਐੱਮ. ਕੇ. ਦੇ ਨਿਸ਼ਾਨ ’ਤੇ ਚੋਣ ਲੜਨ ਲਈ ਮਨਾ ਲਿਆ ਹੈ। ਇਹ ਰਣਨੀਤੀ ਵੋਟਾਂ ਦੇ ਬਿਖਰਾਅ ਨੂੰ ਰੋਕੇਗੀ। ਅੰਨਾਦ੍ਰਮੁਕ ਦੀ ਅਗਵਾਈ ਵਾਲੇ ਮੋਰਚੇ ਨੂੰ 2021 (ਵਿਧਾਨ ਸਭਾ) ਅਤੇ 2024 (ਲੋਕ ਸਭਾ) ਦੀਆਂ ਚੋਣਾਂ ਤੋਂ ਬਾਅਦ ਵੋਟਾਂ ਦੇ ਖੁਰਨ ਦਾ ਸਾਹਮਣਾ ਕਰਨਾ ਪਿਆ ਹੈ ਪਰ ਇਸ ਨੇ ਅੰਨਾਦ੍ਰਮੁਕ ਦੇ ਇਕ ਸਮੂਹ ਏ. ਐੱਮ. ਐੱਮ. ਕੇ. ਦਾ ਸਮਰਥਨ ਹਾਸਲ ਕਰ ਲਿਆ ਹੈ। ਤ੍ਰਾਸਦੀ ਇਹ ਹੈ ਕਿ ਇਕ ਮਹੀਨਾ ਪਹਿਲਾਂ, ਏ. ਐੱਮ. ਐੱਮ. ਕੇ. ਨੇ ਸਹੁੰ ਚੁੱਕੀ ਸੀ ਕਿ ਉਹ ਕਦੇ ਵੀ ਈ. ਪਲਾਨੀਸਵਾਮੀ ਨੂੰ ਅੰਨਾਦ੍ਰਮੁਕ ਦੇ ਨੇਤਾ ਜਾਂ ਗੱਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਵਜੋਂ ਸਵੀਕਾਰ ਨਹੀਂ ਕਰੇਗੀ!

ਭਾਜਪਾ ਅੰਨਾਦ੍ਰਮੁਕ ਦੀ ਮੇਜ਼ ’ਤੇ ਕੀ ਲਿਆਉਂਦੀ ਹੈ? ਯਕੀਨਨ, ਕੇਂਦਰ ਸਰਕਾਰ ਦੀ ਤਾਕਤ, ਸਰੋਤ, ਈ. ਸੀ. ਆਈ. ਦਾ ਮੌਨ ਸਮਰਥਨ ਅਤੇ ਭਾਜਪਾ ਦੇ ਰਾਸ਼ਟਰੀ ਨੇਤਾਵਾਂ ਦੀ ਵੰਡਪਾਊ ਬਿਆਨਬਾਜ਼ੀ। ਇਹ ਕਾਰਕ 2021 ਅਤੇ 2024 ’ਚ ਕੰਮ ਨਹੀਂ ਆਏ ਅਤੇ ਸ਼ਾਇਦ 2026 ’ਚ ਵੀ ਕੰਮ ਨਾ ਕਰਨ।

ਭਾਜਪਾ 27 (234 ਸੀਟਾਂ ’ਚੋਂ) ’ਤੇ ਚੋਣ ਲੜ ਰਹੀ ਹੈ ਅਤੇ ਇਹ ਅਟਕਲਾਂ ਕਿ ਉਹ ਕਿੰਨੀਆਂ ਸੀਟਾਂ ਜਿੱਤੇਗੀ, ਘੱਟ ਇਕਹਿਰੇ ਅੰਕ ਤੋਂ ਲੈ ਕੇ 10 ਤੱਕ ਹੈ।

ਤਾਮਿਲਗਾ ਵੇਤਰੀ ਕਜਗਮ (ਟੀ. ਵੀ. ਕੇ.), ਜਿਸ ਦੀ ਸਥਾਪਨਾ ਜੋਸੇਫ਼ ਵਿਜੇ ਨੇ ਕੀਤੀ ਹੈ ਅਤੇ ਨਾਂ ਤਮਿਲਰ ਕਾਚੀ, ਜੋ ਸਾਰੀਆਂ ਸਿਆਸੀ ਪਾਰਟੀਆਂ ਦੇ ਇਕ ਤਿੱਖੇ ਆਲੋਚਕ ਦੀ ਅਗਵਾਈ ’ਚ ਹੈ, ਦੀ ਮੌਜੂਦਗੀ ਅਤੇ ਵੋਟਾਂ ਨੂੰ ਵੰਡਣ ਦੀ ਉਨ੍ਹਾਂ ਦੀ ਸਮਰੱਥਾ ਕਾਰਨ ਹਰੇਕ ਚੋਣ ਖੇਤਰ ’ਚ ਚੋਣ ਸਖ਼ਤ ਹੋਵੇਗੀ ਪਰ ਕੁੱਲ ਨਤੀਜਾ ਇਕ ਮੋਰਚੇ ਦੇ ਪੱਖ ’ਚ ਹੋਵੇਗਾ। ਚੋਣ ਨਿਰੀਖਕਾਂ ਅਤੇ ਤਜਰਬੇਕਾਰ ਪੱਤਰਕਾਰਾਂ ਦਾ ਅੰਦਾਜ਼ਾ ਹੈ ਕਿ ਡੀ. ਐੱਮ. ਕੇ. ਦੀ ਅਗਵਾਈ ਵਾਲੇ ਗੱਠਜੋੜ ਨੂੰ ਫਿਰ ਤੋਂ ਸੱਤਾ ’ਚ ਚੁਣਿਆ ਜਾਵੇਗਾ।

ਪੱਛਮੀ ਬੰਗਾਲ : ਇਹ ਅਮਲੀ ਤੌਰ ’ਤੇ ਸੱਤਾਧਾਰੀ ਏ. ਆਈ. ਟੀ. ਸੀ. (ਟੀ. ਐੱਮ. ਸੀ.) ਅਤੇ ਚੁਣੌਤੀ ਦੇਣ ਵਾਲੀ ਭਾਜਪਾ ਦੇ ਵਿਚਾਲੇ ਸਿੱਧੀ ਲੜਾਈ ਹੈ। ਪਿਛਲੇ ਸਾਲਾਂ ਦੀਆਂ ਸੱਤਾਧਾਰੀ ਪਾਰਟੀਆਂ, ਕਾਂਗਰਸ ਅਤੇ ਸੀ. ਪੀ. ਆਈ. (ਐੱਮ) ਤੋਂ ਉਮੀਦ ਹੈ ਕਿ ਉਹ ਭਾਜਪਾ ’ਤੇ ਆਪਣਾ ਧਿਆਨ ਕੇਂਦਰਿਤ ਕਰਨਗੀਆਂ ਪਰ ਉਨ੍ਹਾਂ ਤੋਂ ਅੰਤਿਮ ਨਤੀਜੇ ਨੂੰ ਪ੍ਰਭਾਵਿਤ ਕਰਨ ਦੀ ਉਮੀਦ ਨਹੀਂ ਹੈ। ਇਹ ਲੜਾਈ ਸਦੀਵੀ ਯੋਧਾ ਮਮਤਾ ਬੈਨਰਜੀ ਅਤੇ ਲਗਾਤਾਰ ਚੁਣੌਤੀ ਦੇਣ ਵਾਲੇ ਮੋਦੀ ਅਤੇ ਸ਼ਾਹ ਦੇ ਵਿਚਾਲੇ ਜ਼ੋਰਾਂ ਨਾਲ ਛਿੜੀ ਹੋਈ ਹੈ। ਇਹ ਮੁਕਾਬਲਾ ਸਿਆਸਤ ਤੋਂ ਪਰ੍ਹੇ ਚਲਾ ਗਿਆ ਹੈ ਅਤੇ ਸਰੀਰਕ, ਨਵਾਂ ਅਤੇ ਭਾਵਨਾਤਮਕ ਹੋ ਗਿਆ ਹੈ। ਇਸ ਨੇ ਪੱਛਮੀ ਬੰਗਾਲ ਦੇ ਲੋਕਾਂ ਦੀ ਆਪਣੀ ਸੰਸਕ੍ਰਿਤੀ, ਸਾਹਿਤ, ਭਾਸ਼ਾ, ਲੋਕਾਚਾਰ, ਫਿਰਕੂ ਸਦਭਾਵਨਾ, ਦੇਸ਼ ਭਗਤੀ ਅਤੇ ਸਵਾਮੀ ਵਿਵੇਕਾਨੰਦ, ਰਬਿੰਦਰਨਾਥ ਟੈਗੋਰ, ਬੰਕਿਮ ਚੰਦਰ ਚੈਟਰਜੀ ਅਤੇ ਅਮਰਤਿਆ ਸੇਨ ਵਰਗੇ ਆਪਣੇ ਮਹਾਪੁਰਸ਼ਾਂ ਪ੍ਰਤੀ ਸ਼ਰਧਾ ਦੀ ਰੱਖਿਆ ਲਈ ਜਨੂੰਨ ਨੂੰ ਜਗਾ ਦਿੱਤਾ ਹੈ। ਜੇਕਰ ਬੰਗਾਲੀ ਮਾਣ ਅਤੇ ਸਵੈ-ਮਾਣ ਭਾਰੂ ਹੁੰਦੇ ਹਨ, ਤਾਂ ਬੈਨਰਜੀ ਅਤੇ ਉਨ੍ਹਾਂ ਦੀ ਪਾਰਟੀ ਲਗਾਤਾਰ ਚੌਥੀ ਵਾਰ ਜੇਤੂ ਹੋਣਗੀਆਂ।

ਇਹ ਤਿੰਨੋਂ ਰਾਜ ਹਿੰਦੀ ਭਾਸ਼ੀ ਖੇਤਰ ਤੋਂ ਬਾਹਰ ਹਨ। ਹਰੇਕ ਪਾਰਟੀ ਦਾ ਪ੍ਰਦਰਸ਼ਨ ਪਾਰਟੀ ਦੀ ਕਿਸਮਤ ’ਤੇ ਇਕ ਪ੍ਰਭਾਵ ਜਾਂ ਇਕ ਪਰਛਾਵਾਂ ਪਾਵੇਗਾ। ਇਹ ਵਿਸ਼ੇਸ਼ ਤੌਰ ’ਤੇ ਭਾਜਪਾ ਲਈ ਹੈ, ਜਿਸ ਨੂੰ ਦੋਵਾਂ ਖੇਤਰਾਂ ਦੇ ਸਿਆਸੀ ਅਤੇ ਸਮਾਜਿਕ ਲੋਕਾਚਾਰ ਲਈ ਬਾਹਰੀ ਮੰਨਿਆ ਜਾਂਦਾ ਹੈ।

ਪੀ. ਚਿਦਾਂਬਰਮ


author

Rakesh

Content Editor

Related News