ਦੁਨੀਆ ’ਚ ਭੋਜਨ ਦੀ ਬਰਬਾਦੀ ਦਾ ਅਸਰ ਵਾਤਾਵਰਣ ’ਤੇ ਵੀ ਪੈ ਰਿਹਾ

04/01/2024 2:40:37 AM

ਭਾਰਤ ਸਮੇਤ ਕਈ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਭੋਜਨ ਦੀ ਬਰਬਾਦੀ ਇਕ ਵੱਡੀ ਸਮੱਸਿਆ ਹੈ। ਸੰਯੁਕਤ ਰਾਸ਼ਟਰ ਅਨੁਸਾਰ ਵਿਸ਼ਵ ਵਿਚ ਕੁੱਲ ਜਿੰਨਾ ਭੋਜਨ ਪੈਦਾ ਹੁੰਦਾ ਹੈ ਅਸੀਂ ਉਸ ਦਾ 17 ਫੀਸਦੀ ਬਰਬਾਦ ਕਰ ਦਿੰਦੇ ਹਾਂ।

ਸੰਯੁਕਤ ਰਾਸ਼ਟਰ ਦੀ ਰਿਪੋਰਟ ‘ਫੂਡ ਵੇਸਟ ਇੰਡੈਕਸ-2024’ ਦੇ ਅਨੁਸਾਰ ਵਿਸ਼ਵ ਵਿਚ ਹਰ ਸਾਲ ਇਕ ਅਰਬ ਟਨ ਤੋਂ ਵੱਧ ਭੋਜਨ ਬਰਬਾਦ ਹੋ ਜਾਂਦਾ ਹੈ। ਸਾਲ 2022 ’ਚ ਵਿਸ਼ਵ ਵਿਚ ਹਰੇਕ ਵਿਅਕਤੀ ਨੇ ਪ੍ਰਤੀ ਸਾਲ ਔਸਤਨ 79 ਕਿਲੋ ਭੋਜਨ ਬਰਬਾਦ ਕੀਤਾ ਜਦਕਿ ਅਮੀਰ ਦੇਸ਼ਾਂ ਦੇ ਮੁਕਾਬਲੇ ’ਚ ਗਰੀਬ ਦੇਸ਼ਾਂ ’ਚ ਸਿਰਫ 7 ਕਿਲੋ ਭੋਜਨ ਦੀ ਬਰਬਾਦੀ ਘੱਟ ਹੋਈ।

ਭੋਜਨ ਦੀ ਇਹ ਬਰਬਾਦੀ ਅਮੀਰ ਜਾਂ ਵੱਡੇ ਦੇਸ਼ਾਂ ਤੱਕ ਹੀ ਸੀਮਤ ਨਹੀਂ ਸਗੋਂ ਛੋਟੇ ਅਤੇ ਗਰੀਬ ਦੇਸ਼ਾਂ ’ਚ ਵੀ ਲੱਗਭਗ ਓਨੇ ਹੀ ਭੋਜਨ ਦੀ ਬਰਬਾਦੀ ਹੋ ਰਹੀ ਹੈ ਪਰ ਸ਼ਹਿਰਾਂ ਦੀ ਤੁਲਨਾ ’ਚ ਪਿੰਡਾਂ ਵਿਚ ਭੋਜਨ ਦੀ ਬਰਬਾਦੀ ਘੱਟ ਹੈ।

ਭੋਜਨ ਦੀ ਇਹ ਬਰਬਾਦੀ ਉਦੋਂ ਹੈ ਜਦੋਂ ਦੁਨੀਆ ਭਰ ਵਿਚ ਰੋਜ਼ਾਨਾ 78.3 ਕਰੋੜ ਤੋਂ ਵੱਧ ਲੋਕ ਭੁੱਖੇ ਢਿੱਡ ਸੌਣ ਲਈ ਮਜਬੂਰ ਹਨ ਅਤੇ ਦੁਨੀਆ ਭਰ ਵਿਚ ਲੋਕਾਂ ਦੀ ਇਕ ਤਿਹਾਈ ਆਬਾਦੀ ’ਤੇ ਖੁਰਾਕ ਸੰਕਟ ਮੰਡਰਾਅ ਰਿਹਾ ਹੈ।

2022 ਦੇ ਦੌਰਾਨ ਵਿਸ਼ਵ ’ਚ 1.05 ਅਰਬ ਟਨ ਭੋਜਨ ਬਰਬਾਦ ਹੋ ਗਿਆ। ਇਸ ਹਿਸਾਬ ਨਾਲ ਜਿੰਨਾ ਭੋਜਨ ਲੋਕਾਂ ਲਈ ਮੁਹੱਈਆ ਹੋ ਸਕਦਾ ਸੀ, ਉਸ ਵਿਚੋਂ 19 ਫੀਸਦੀ ਭੋਜਨ ਬਰਬਾਦ ਹੋ ਗਿਆ। ਇਸ ਹਿਸਾਬ ਨਾਲ ਪੂਰੇ ਸਾਲ ਵਿਚ ਇਕ ਟ੍ਰਿਲੀਅਨ ਡਾਲਰ ਭਾਵ ਲੱਗਭਗ 84 ਲੱਖ ਕਰੋੜ ਰੁਪਏ ਦਾ ਭੋਜਨ ਬਰਬਾਦ ਹੋ ਗਿਆ।

ਬਹੁਤ ਸਾਰੇ ਲੋਕ ਵਿਆਹ-ਸ਼ਾਦੀਆਂ ਜਾਂ ਹੋਰਨਾਂ ਸਭਾ ਜਾਂ ਸਮਾਗਮਾਂ ’ਚ ਪਲੇਟਾਂ ਭਰ-ਭਰ ਦੇ ਭੋਜਨ ਲੈ ਤਾਂ ਲੈਂਦੇ ਹਨ ਪਰ ਥੋੜ੍ਹਾ-ਬਹੁਤ ਖਾਣ ਦੇ ਬਾਅਦ ਉਸ ਨੂੰ ਕੂੜੇਦਾਨ ’ਚ ਸੁੱਟ ਦਿੰਦੇ ਹਨ। ਇਹੀ ਨਹੀਂ, ਘਰੇਲੂ ਜ਼ਿੰਦਗੀ ’ਚ ਵੀ ਅਜਿਹੇ ਲੋਕਾਂ ਦੀ ਘਾਟ ਨਹੀਂ ਹੈ ਜੋ ਆਪਣੀ ਪਲੇਟ ’ਚ ਲੋੜ ਨਾਲੋਂ ਵੱਧ ਖੁਰਾਕੀ ਪਦਾਰਥ ਰੱਖ ਲੈਂਦੇ ਹਨ ਅਤੇ ਢਿੱਡ ਭਰ ਜਾਣ ਦੇ ਬਾਅਦ ਬਾਕੀ ਬਚਿਆ ਭੋਜਨ ਕੂੜੇਦਾਨ ਦੇ ਹਵਾਲੇ ਕਰ ਦਿੰਦੇ ਹਨ।

ਇਕ ਪਾਸੇ ਇਸ ਤਰ੍ਹਾਂ ਦੇ ਲੋਕ ਹਨ ਜੋ ਜਾਣੇ-ਅਣਜਾਣੇ ’ਚ ਵੱਡੀ ਮਾਤਰਾ ’ਚ ਭੋਜਨ ਨੂੰ ਬਰਬਾਦ ਕਰ ਦਿੰਦੇ ਹਨ ਅਤੇ ਦੂਜੇ ਪਾਸੇ ਕਈ ਲੋਕ ਅਜਿਹੇ ਵੀ ਹਨ ਜੋ 2-2, 3-3 ਦਿਨ ਭੁੱਖੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਇਕ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ।

‘ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ’ (ਆਈ. ਸੀ. ਏ. ਆਰ.) ਨੇ ਆਪਣੀ ਸਾਲ 2022 ਦੀ ਰਿਪੋਰਟ ’ਚ ਲਿਖਿਆ ਸੀ ਕਿ ਭਾਰਤ ਵਿਚ 19 ਕਰੋੜ ਲੋਕ ਅਜਿਹੇ ਹਨ ਜੋ ਪ੍ਰਤੀ ਦਿਨ 3 ਡੰਗ ਦੀ ਰੋਟੀ ਨਸੀਬ ਨਾ ਹੋਣ ਕਾਰਨ ਭੁੱਖੇ ਢਿੱਡ ਸੌਣ ਲਈ ਮਜਬੂਰ ਹੁੰਦੇ ਹਨ ਅਤੇ ਇਨ੍ਹਾਂ ’ਚੋਂ 34 ਫੀਸਦੀ ਤਾਂ 5 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ।

ਭਾਰਤ ’ਚ ਹਰ ਸਾਲ ਪ੍ਰਤੀ ਵਿਅਕਤੀ 55 ਕਿਲੋ ਖਾਣਾ ਬਰਬਾਦ ਹੁੰਦਾ ਹੈ ਅਤੇ ਇਸ ਹਿਸਾਬ ਨਾਲ ਪ੍ਰਤੀ ਸਾਲ 7.81 ਕਰੋੜ ਟਨ ਤੋਂ ਵੱਧ ਅਨਾਜ ਬਰਬਾਦ ਹੋ ਜਾਂਦਾ ਹੈ ਅਤੇ ਭੋਜਨ ਦੀ ਬਰਬਾਦੀ ਦੇ ਮਾਮਲੇ ’ਚ ਚੀਨ ਦੇ ਬਾਅਦ ਭਾਰਤ ਵਿਸ਼ਵ ’ਚ ਦੂਜਾ ਦੇਸ਼ ਹੈ।

ਸਾਲ 2021 ’ਚ ‘ਯੂਨਾਈਟਿਡ ਨੇਸ਼ਨਜ਼ ਐਨਵਾਇਰਨਮੈਂਟ ਪ੍ਰੋਗਰਾਮ’ ਅਤੇ ਸਹਿਯੋਗੀ ਸੰਗਠਨ ‘ਫੂਡ ਵੇਸਟ ਇੰਡੈਕਸ’ ਨੇ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਭਾਰਤ ਵਿਚ ਖਾਣੇ ਦੀ ਬਰਬਾਦੀ ਦਾ ਅੰਕੜਾ 68,760,163 ਟਨ ਤੱਕ ਪਹੁੰਚ ਚੁੱਕਾ ਹੈ ਜਦਕਿ ਵਿਸ਼ਵ ਭਰ ਵਿਚ ਪ੍ਰਤੀ ਸਾਲ 250 ਕਰੋੜ ਟਨ ਖਾਣਾ ਬਰਬਾਦ ਹੁੰਦਾ ਹੈ।

ਇਸੇ ਰਿਪੋਰਟ ਦੇ ਅਨੁਸਾਰ ਵਿਸ਼ਵ ਭਰ ਵਿਚ ਜਿੰਨਾ ਖਾਣਾ ਬਰਬਾਦ ਹੁੰਦਾ ਹੈ ਉਸ ਨਾਲ 3 ਅਰਬ ਲੋਕਾਂ ਦਾ ਢਿੱਡ ਭਰਿਆ ਜਾ ਸਕਦਾ ਹੈ। ਸਭ ਤੋਂ ਵੱਧ 61 ਫੀਸਦੀ ਖਾਣਾ ਘਰਾਂ ’ਚ, 23 ਫੀਸਦੀ ਰੈਸਟੋਰੈਂਟਾਂ ’ਚ ਅਤੇ 31 ਫੀਸਦੀ ਰਿਟੇਲ ਚੇਨ ’ਚ ਬਰਬਾਦ ਹੁੰਦਾ ਹੈ।

ਜਿੱਥੋਂ ਤੱਕ ਇਸ ਸਮੱਸਿਆ ਦੇ ਹੱਲ ਦਾ ਸਬੰਧ ਹੈ ‘ਗਲੋਬਲ ਫੂਡ ਬੈਂਕਿੰਗ ਨੈੱਟਵਰਕ’ ਦੀ ਸੀ. ਈ. ਓ. ਲਿਸਾ ਮੂਨ ਦੇ ਅਨੁਸਾਰ ਖਾਣੇ ਦੀ ਬਰਬਾਦੀ ਨੂੰ ਘਟਾਉਣ ਲਈ ਫੂਡ ਬੈਂਕ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਫੂਡ ਬੈਂਕ ਨਾ ਸਿਰਫ ਨਿਰਮਾਤਾਵਾਂ, ਕਿਸਾਨਾਂ, ਪ੍ਰਚੂਨ ਵਿਕ੍ਰੇਤਾਵਾਂ ਅਤੇ ਫੂਡ ਸਰਵਿਸ ਸੈਕਟਰ ਦੇ ਨਾਲ ਮਿਲ ਕੇ ਕੰਮ ਕਰਦੇ ਹਨ ਸਗੋਂ ਉਹ ਇਹ ਵੀ ਯਕੀਨੀ ਬਣਾਉਂਦੇ ਹਨ ਕਿ ਖਾਣਾ ਲੋੜਵੰਦ ਤੱਕ ਪਹੁੰਚੇ।

ਕੁਝ ਅਧਿਐਨਾਂ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਲੋਕਾਂ ਨੂੰ ਜੇਕਰ ਸਰਕਾਰੀ ਨੀਤੀਆਂ, ਮੀਡੀਆ ਅਤੇ ਸਕੂਲਾਂ ਰਾਹੀਂ ਸਮਝਾਇਆ ਜਾਵੇ ਤਾਂ ਉਨ੍ਹਾਂ ਦੀ ਆਦਤ ’ਚ ਸੁਧਾਰ ਆਵੇਗਾ ਅਤੇ ਉਹ ਭੋਜਨ ਨੂੰ ਘੱਟ ਨਸ਼ਟ ਕਰਨਗੇ ਕਿਉਂਕਿ ਇਸ ਤੋਂ ਉਨ੍ਹਾਂ ਨੂੰ ਇਹ ਸਮਝ ਆਉਂਦਾ ਹੈ ਕਿ ਉਹ ਜਿੰਨਾ ਭੋਜਨ ਖਰੀਦਦੇ ਜਾਂ ਬਣਾਉਂਦੇ ਹਨ, ਉਸ ਦਾ ਕਿੰਨਾ ਵੱਡਾ ਹਿੱਸਾ ਬਰਬਾਦ ਹੋ ਰਿਹਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਸਮਝਾਉਣਾ ਜ਼ਰੂਰੀ ਹੈ ਕਿ ਭੋਜਨ ਨਸ਼ਟ ਹੋਣ ਦੇ ਨਾਲ-ਨਾਲ ਹੀ ਇਸ ਦੇ ਉਤਪਾਦਨ ’ਚ ਵਰਤੇ ਜਾਣ ਵਾਲੇ ਸਾਰੇ ਸੋਮੇ ਪਾਣੀ, ਜ਼ਮੀਨ, ਊਰਜਾ, ਕਿਰਤ ਅਤੇ ਪੂੰਜੀ ਸਮੇਤ ਬਹੁਤ ਕੁਝ ਬਰਬਾਦ ਹੋ ਜਾਂਦਾ ਹੈ। ਇਸ ਲਈ ਭੋਜਨ ਦੀ ਬਰਬਾਦੀ ਰੋਕ ਕੇ ਜਿੱਥੇ ਅਸੀਂ ਵਾਤਾਵਰਣ ਦੀ ਸੁਰੱਖਿਆ ਕਰ ਸਕਦੇ ਹਾਂ ਉਥੇ ਹੀ ਦੁਨੀਆ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਭੁੱਖ ਅਤੇ ਕੁਪੋਸ਼ਣ ਤੋਂ ਬਚਾਉਣ ’ਚ ਵੀ ਯੋਗਦਾਨ ਦੇ ਸਕਦੇ ਹਾਂ ਅਤੇ ਵਾਤਾਵਰਣ ਨੂੰ ਵੀ ਸੁਰੱਖਿਅਤ ਕਰਦੇ ਹਾਂ।

ਭੋਜਨ ਦੀ ਬਰਬਾਦੀ ਦੇ ਨਤੀਜੇ ਵਜੋਂ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ 8 ਤੋਂ 10 ਫੀਸਦੀ ਤੱਕ ਵਧ ਗਈ ਹੈ। ਜਿਹੜੇ ਦੇਸ਼ਾਂ ਦਾ ਜਲਵਾਯੂ ਗਰਮ ਹੈ ਉਥੇ ਖਾਣੇ ਦੀ ਬਰਬਾਦੀ ਠੰਢੇ ਦੇਸ਼ਾਂ ਦੀ ਤੁਲਨਾ ’ਚ ਕਿਤੇ ਵੱਧ ਹੈ।
-ਵਿਜੇ ਕੁਮਾਰ


Harpreet SIngh

Content Editor

Related News