ਕੂੜ ਪ੍ਰਚਾਰ ਦੇ ਸ਼ਿਕਾਰ ਵੀਰ ਸਾਵਰਕਰ
Thursday, May 01, 2025 - 04:55 PM (IST)

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਸਿਖਰ ’ਤੇ ਪਹੁੰਚਣ ਕਾਰਨ ਇਕ ਮਹੱਤਵਪੂਰਨ ਖ਼ਬਰ ਦੱਬੀ ਗਈ। 25 ਅਪ੍ਰੈਲ ਨੂੰ ਸੁਪਰੀਮ ਕੋਰਟ ਨੇ ਕਾਂਗਰਸ ਦੇ ਚੋਟੀ ਦੇ ਨੇਤਾ ਅਤੇ ਲੋਕ ਸਭਾ ਵਿਚ ਮੌਜੂਦਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਆਜ਼ਾਦੀ ਘੁਲਾਟੀਏ ਵਿਨਾਇਕ ਦਾਮੋਦਰ ਸਾਵਰਕਰ ’ਤੇ ਅਸ਼ਲੀਲ ਟਿੱਪਣੀਆਂ ਕਰਨ ਲਈ ਸ਼ੀਸ਼ਾ ਦਿਖਾਇਆ। ਇਹ ਸੱਚ ਹੈ ਕਿ ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਮਨਮੋਹਨ ਦੀ ਡਵੀਜ਼ਨ ਬੈਂਚ ਨੇ ਰਾਹੁਲ ਵਿਰੁੱਧ ਅਪਰਾਧਿਕ ਕਾਰਵਾਈ ’ਤੇ ਰੋਕ ਲਾ ਦਿੱਤੀ ਹੈ ਪਰ ਉਨ੍ਹਾਂ ਨੇ ਸਖ਼ਤ ਸੁਰ ਵਿਚ ਚਿਤਾਵਨੀ ਦਿੱਤੀ ਕਿ ਜੇਕਰ ਰਾਹੁਲ ਦੁਬਾਰਾ ਅਜਿਹਾ ਬਿਆਨ ਦਿੰਦੇ ਹਨ ਤਾਂ ਉਹ ਇਸ ਦਾ ਖੁਦ ਨੋਟਿਸ ਲੈਣਗੇ।
ਇਹ ਮਾਮਲਾ ਨਵੰਬਰ 2022 ਦਾ ਹੈ, ਜਿਸ ਵਿਚ ਰਾਹੁਲ ਨੇ ਆਪਣੀ ‘ਭਾਰਤ ਜੋੜੋ ਯਾਤਰਾ’ ਦੌਰਾਨ ਵੀਰ ਸਾਵਰਕਰ ’ਤੇ ਅੰਗਰੇਜ਼ਾਂ ਦਾ ‘ਏਜੰਟ’ ਹੋਣ ਦਾ ਦੋਸ਼ ਲਾਇਆ ਸੀ। ਇਸ ਦੋਸ਼ ਨੂੰ ਸਾਬਤ ਕਰਨ ਲਈ ਉਨ੍ਹਾਂ ਨੇ ਸਾਵਰਕਰ ਵਲੋਂ ਲਿਖਿਆ ਇਕ ਪੱਤਰ ਪੇਸ਼ ਕੀਤਾ, ਜਿਸ ਦੇ ਅੰਤ ਵਿਚ ਲਿਖਿਆ ਸੀ, ‘‘ਮੈਂ ਤੁਹਾਡਾ ਬਹੁਤ ਆਗਿਆਕਾਰੀ ਸੇਵਕ ਬਣਿਆ ਰਹਾਂਗਾ।’’
ਇਸੇ ਆਧਾਰ ’ਤੇ ਅਕਸਰ ਇਹ ਦੋਸ਼ ਲਾਇਆ ਜਾਂਦਾ ਹੈ ਕਿ ਸਾਵਰਕਰ ਨੇ ਅੰਗਰੇਜ਼ ਹਕੂਮਤ ਦੀ ਹਮਾਇਤ ਕੀਤੀ ਸੀ। ਕੀ ਸੱਚਮੁੱਚ ਹੀ ਇਸ ਤਰ੍ਹਾਂ ਹੈ? ਕੀ ਇਹ ਉਸ ਸਮੇਂ ਸਰਕਾਰੀ ਪੱਤਰ ਵਿਹਾਰ ਵਿਚ ਆਮ ਤੌਰ ’ਤੇ ਵਰਤਿਆ ਜਾਣ ਵਾਲਾ ਰਵਾਇਤੀ ਨਮਸਕਾਰ ਨਹੀਂ ਸੀ? ਕੀ ਇਸ ਆਧਾਰ ’ਤੇ ਕਿਸੇ ਨੂੰ ਦੇਸ਼ਧ੍ਰੋਹੀ ਜਾਂ ਦੇਸ਼ ਵਿਰੋਧੀ ਕਹਿਣਾ ਸਹੀ ਹੈ?
ਮਾਮਲੇ ਦੀ ਸੁਣਵਾਈ ਕਰਦੇ ਹੋਏ ਜਸਟਿਸ ਦੱਤਾ ਨੇ ਰਾਹੁਲ ਗਾਂਧੀ ਦੇ ਵਕੀਲ ਅਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਨੂੰ ਪੁੱਛਿਆ, ‘‘ਕੀ ਤੁਹਾਡੇ ਮੁਵੱਕਿਲ ਨੂੰ ਪਤਾ ਹੈ ਕਿ ਮਹਾਤਮਾ ਗਾਂਧੀ ਨੇ ਵੀ ਵਾਇਸਰਾਏ ਨੂੰ ਸੰਬੋਧਨ ਕਰਦੇ ਸਮੇਂ ‘ਤੁਹਾਡਾ ਵਫ਼ਾਦਾਰ ਸੇਵਕ’ ਸ਼ਬਦ ਦੀ ਵਰਤੋਂ ਕੀਤੀ ਸੀ?’’ ਕੀ ਤੁਹਾਡੇ ਮੁਵੱਕਿਲ ਨੂੰ ਪਤਾ ਹੈ ਕਿ ਉਸ ਦੀ ਦਾਦੀ (ਇੰਦਰਾ ਗਾਂਧੀ), ਜਦੋਂ ਉਹ ਪ੍ਰਧਾਨ ਮੰਤਰੀ ਸੀ, ਨੇ ਵੀ ਉਸ ਸੱਜਣ (ਸਾਵਰਕਰ) ਆਜ਼ਾਦੀ ਘੁਲਾਟੀਏ ਦੀ ਪ੍ਰਸ਼ੰਸਾ ਕਰਦੇ ਹੋਏ ਇਕ ਪੱਤਰ ਭੇਜਿਆ ਸੀ?’’
ਜਸਟਿਸ ਦੱਤਾ ਨੇ ਅੱਗੇ ਕਿਹਾ, ‘‘ਕਲਕੱਤਾ ਹਾਈ ਕੋਰਟ ਦੇ ਜੱਜ ਵੀ ਬ੍ਰਿਟਿਸ਼ ਕਾਲ ਦੌਰਾਨ ਚੀਫ਼ ਜਸਟਿਸ ਨੂੰ ‘ਤੁਹਾਡਾ ਸੇਵਕ’ ਕਹਿ ਕੇ ਸੰਬੋਧਨ ਕਰਦੇ ਸਨ।’’ ਡਵੀਜ਼ਨ ਬੈਂਚ ਦੇ ਅਨੁਸਾਰ, ‘‘ਦੇਸ਼ ਦੀ ਆਜ਼ਾਦੀ ਲਈ ਆਜ਼ਾਦੀ ਘੁਲਾਟੀਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ।’’ ਉਨ੍ਹਾਂ ਦੇ ਯੋਗਦਾਨ ਨੂੰ ਕਮਜ਼ੋਰ ਕਰਨ ਜਾਂ ਗਲਤ ਢੰਗ ਨਾਲ ਪੇਸ਼ ਕਰਨ ਵਾਲੇ ਬਿਆਨ ਸਮਾਜ ਨੂੰ ਗਲਤ ਸੁਨੇਹਾ ਦਿੰਦੇ ਹਨ। ਰਾਹੁਲ ਗਾਂਧੀ ਵਰਗੇ ਜ਼ਿੰਮੇਵਾਰ ਨੇਤਾ ਨੂੰ ਆਪਣੇ ਸ਼ਬਦਾਂ ਦੀ ਚੋਣ ਧਿਆਨ ਨਾਲ ਕਰਨੀ ਚਾਹੀਦੀ ਹੈ।’’
ਇੱਥੇ ਗਾਂਧੀ ਜੀ ਦੇ ਜਿਨ੍ਹਾਂ ਪੱਤਰਾਂ ਦਾ ਅਦਾਲਤ ਜ਼ਿਕਰ ਕਰ ਰਹੀ ਹੈ, ਉਨ੍ਹਾਂ ਵਿਚੋਂ ਇਕ ਉਨ੍ਹਾਂ ਵਲੋਂ 22 ਜੂਨ, 1920 ਨੂੰ ਵਾਇਸਰਾਏ ਲਾਰਡ ਚੈਮਸਫੋਰਡ ਨੂੰ ਲਿਖਿਆ ਗਿਆ ਸੀ। ਇਸ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ ਬ੍ਰਿਟਿਸ਼ ਸਾਮਰਾਜ ਦਾ ਇਕ ਵਫ਼ਾਦਾਰ ਸ਼ੁਭਚਿੰਤਕ ਕਿਹਾ ਸੀ। ਖਿਲਾਫ਼ਤ ਅੰਦੋਲਨ ਦੌਰਾਨ ਵੀ ਉਨ੍ਹਾਂ ਨੇ ਆਪਣੇ ਪੱਤਰ ਵਿਚ ‘ਬ੍ਰਿਟਿਸ਼ ਸ਼ਾਸਨ ਪ੍ਰਤੀ ਵਫ਼ਾਦਾਰੀ’ ਦਾ ਜ਼ਿਕਰ ਕੀਤਾ ਸੀ। ਇਹ ਸਿਰਫ਼ ਗਾਂਧੀ ਜੀ ਜਾਂ ਵੀਰ ਸਾਵਰਕਰ ਤੱਕ ਸੀਮਿਤ ਨਹੀਂ ਹੈ। ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਵੀ 1930 ਅਤੇ 1941 ਦੇ ਵਿਚਕਾਰ ਬੰਬਈ ਦੇ ਤਤਕਾਲੀ ਰਾਜਪਾਲ ਨੂੰ ਲਿਖੇ ਪੱਤਰਾਂ ਦੇ ਅੰਤ ਵਿਚ ਅਜਿਹੇ ਹੀ ਸ਼ਬਦਾਂ ਦੀ ਵਰਤੋਂ ਕੀਤੀ ਸੀ। ਇਸ ਕਿਸਮ ਦੇ ਬਹੁਤ ਸਾਰੇ ਅਟੱਲ ਸਬੂਤ ਹਨ। ਫਿਰ ਸਵਾਲ ਇਹ ਉੱਠਦਾ ਹੈ ਕਿ ਕੀ ਗਾਂਧੀ ਜੀ ਅਤੇ ਡਾ. ਅੰਬੇਡਕਰ ਜੀ ਦੀ ਆਜ਼ਾਦੀ ਸੰਗਰਾਮ ਵਿਚ ਭੂਮਿਕਾ ’ਤੇ ਉਨ੍ਹਾਂ ਦੇ ਪੱਤਰਾਂ ਦੇ ਅੰਤ ਵਿਚ ਅਜਿਹੀ ਭਾਸ਼ਾ ਲਿਖ ਕੇ ਸ਼ੱਕ ਕੀਤਾ ਜਾ ਸਕਦਾ ਹੈ?
ਇੱਥੇ ਅਦਾਲਤ ਗਾਂਧੀ ਜੀ ਦੇ ਜਿਨ੍ਹਾਂ ਪੱਤਰਾਂ ਦਾ ਹਵਾਲਾ ਦੇ ਰਹੀ ਹੈ, ਉਨ੍ਹਾਂ ’ਚੋਂ ਇਕ ਉਨ੍ਹਾਂ ਨੇ 22 ਜੂਨ 1920 ਨੂੰ ਵਾਇਸਰਾਏ ਲਾਰਡ ਚੈਮਸਫੋਰਡ ਨੂੰ ਲਿਖਿਆ ਸੀ।
ਸੱਚ ਤਾਂ ਇਹ ਹੈ ਕਿ ਗਾਂਧੀ ਜੀ, ਪੰ. ਨਹਿਰੂ, ਸਰਦਾਰ ਪਟੇਲ, ਨੇਤਾਜੀ ਬੋਸ, ਵੀਰ ਸਾਵਰਕਰ, ਡਾ. ਬਲੀਰਾਮ ਕੇਸ਼ਵ ਹੇਡਗੇਵਾਰ ਅਤੇ ਭਗਤ ਸਿੰਘ ਵਰਗੇ ਹੋਰ ਸਾਰੇ ਕ੍ਰਾਂਤੀਕਾਰੀ ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਕਰਵਾਉਣ ਲਈ ਅਣਥੱਕ ਮਿਹਨਤ ਅਤੇ ਕੁਰਬਾਨੀ ਦਿੰਦੇ ਹੋਏ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ। ਉਹ ਸਾਰੇ ਮਹਾਨ ਆਜ਼ਾਦੀ ਘੁਲਾਟੀਏ ਸਨ ਪਰ ਭਗਵਾਨ ਨਹੀਂ ਸਨ ਅਤੇ ਨਾ ਹੀ ਉਹ ਇਕੋ ਜਿਹੇ ਸਨ। ਉਨ੍ਹਾਂ ਦੇ ਵਿਚਾਰ, ਨਜ਼ਰੀਏ ਅਤੇ ਆਜ਼ਾਦੀ ਪ੍ਰਾਪਤ ਕਰਨ ਦੇ ਤਰੀਕੇ ਵੱਖੋ-ਵੱਖਰੇ ਸਨ। ਕਈ ਵਾਰ ਉਨ੍ਹਾਂ ਨੇ ਸਥਿਤੀ ਨੂੰ ਗਲਤ ਸਮਝਿਆ। ਜਦੋਂ ਅਸੀਂ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਉਸ ਸਮੇਂ ਦੀ ਸਥਿਤੀ ਅਤੇ ਦ੍ਰਿਸ਼ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਕਈ ਸਮਕਾਲੀ ਲੋਕਾਂ ਦੇ ਸਾਵਰਕਰ ਤੋਂ ਵੱਖਰੇ ਵਿਚਾਰ ਸਨ ਪਰ ਉਹ ਆਪਣੇ ਤਿਆਗ, ਸਮਰਪਣ ਅਤੇ ਦੇਸ਼ ਭਗਤੀ ਦੇ ਪ੍ਰਸ਼ੰਸਕ ਵੀ ਸਨ। 1927 ਵਿਚ ਅੰਬੇਡਕਰ ਨੇ ਬੰਬੇ ਕੌਂਸਲ ਵਿਚ ਸਾਵਰਕਰ ਦੀ ਰਿਹਾਈ ਦੀ ਮੰਗ ਕਰਦੇ ਹੋਏ ਇਕ ਮਤਾ ਪੇਸ਼ ਕੀਤਾ। ਸਾਵਰਕਰ ਦੀ ਰਿਹਾਈ ਦਾ ਸਵਾਗਤ ਕਰਦੇ ਹੋਏ ‘ਬਾਂਬੇ ਕ੍ਰੋਨੀਕਲ’ ਅਖਬਾਰ ਨੇ ਲਿਖਿਆ, ‘‘ਸਾਵਰਕਰ ਆਧੁਨਿਕ ਪੀੜ੍ਹੀ ਲਈ ਲਗਭਗ ਇਕ ਦੰਦ-ਕਥਾ ਵਾਂਗ ਹਨ। ਉਨ੍ਹਾਂ ਦਾ ਜੀਵਨ ਇਕ ਦਿਲਚਸਪ ਕਹਾਣੀ ਵਰਗਾ ਜਾਪਦਾ ਹੈ। ਭਾਰਤ ਵਿਚ ਕੋਈ ਵੀ ਸੱਚਾ ਰਾਸ਼ਟਰਵਾਦੀ ਨਹੀਂ ਹੋਵੇਗਾ ਜੋ ਅੱਜ ਖੁਸ਼ ਨਹੀਂ ਹੈ।’’
ਆਪਣੀ ਰਿਹਾਈ ਤੋਂ ਬਾਅਦ ਸਾਵਰਕਰ ਨੇ ਰਤਨਾਗਿਰੀ ਵਿਚ ਇਕ ਕਾਂਗਰਸ ਸਮਾਗਮ ਵਿਚ ਆਪਣਾ ਪਹਿਲਾ ਜਨਤਕ ਭਾਸ਼ਣ ਦਿੱਤਾ। ਕਾਂਗਰਸ ਇਕਾਈ ਸਮੇਤ ਕਈ ਸੰਗਠਨਾਂ ਨੇ ਸਾਵਰਕਰ ਦਾ ਸਵਾਗਤ ਕੀਤਾ। ਫਿਰ ਉਨ੍ਹਾਂ ਨਾਲ ਆਜ਼ਾਦ ਮੈਦਾਨ ਤੋਂ ਗਿਰਗਾਂਵ ਤੱਕ ਇਕ ਵਿਸ਼ਾਲ ਜਲੂਸ ਕੱਢਿਆ ਗਿਆ। ਮਾਨਵੇਂਦਰ ਨਾਥ ਰਾਏ, ਜੋ ਉਸ ਸਮੇਂ ਯੂਥ ਕਾਂਗਰਸੀ ਸਨ ਅਤੇ ਬਾਅਦ ਵਿਚ ਇਕ ਪ੍ਰਮੁੱਖ ਕਮਿਊਨਿਸਟ ਚਿੰਤਕ ਬਣੇ, ਨੇ ਵੀ ਸਕੂਲ ਦੇ ਦਿਨਾਂ ਤੋਂ ਹੀ ਸਾਵਰਕਰ ਨੂੰ ਆਪਣਾ ਹੀਰੋ ਮੰਨਿਆ ਸੀ।
ਜਦੋਂ 1966 ਵਿਚ ਵੀਰ ਸਾਵਰਕਰ ਦੀ ਮੌਤ ਹੋਈ ਤਾਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ‘ਹਿੰਮਤ ਅਤੇ ਦੇਸ਼ ਭਗਤੀ ਦਾ ਸਮਾਨਾਰਥੀ’ ਦੱਸਿਆ। ਇੰਨਾ ਹੀ ਨਹੀਂ, 30 ਮਈ 1980 ਨੂੰ ਵੀਰ ਸਾਵਰਕਰ ਰਾਸ਼ਟਰੀ ਸਮਾਰਕ ਦੇ ਸਕੱਤਰ ਪੰਡਿਤ ਬਾਖਲੇ ਨੂੰ ਇਕ ਪੱਤਰ ਲਿਖਦੇ ਹੋਏ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਿਖਿਆ, ‘‘ਬ੍ਰਿਟਿਸ਼ ਸਰਕਾਰ ਵਿਰੁੱਧ ਵੀਰ ਸਾਵਰਕਰ ਦੀ ਦਲੇਰੀ ਭਰੀ ਵਿਰੋਧਤਾ ਦਾ ਆਜ਼ਾਦੀ ਸੰਗਰਾਮ ਦੇ ਇਤਿਹਾਸ ਵਿਚ ਇਕ ਵਿਸ਼ੇਸ਼ ਸਥਾਨ ਹੈ। ਮੈਂ ਇਸ ਮਹਾਨ ਭਾਰਤੀ ਪੁੱਤਰ ਦੇ ਜਨਮ ਸ਼ਤਾਬਦੀ ਸਮਾਰੋਹਾਂ ਦੀ ਸਫਲਤਾ ਦੀ ਕਾਮਨਾ ਕਰਦੀ ਹਾਂ।’’
ਸਾਵਰਕਰ ਇਕ ਮਹਾਨ ਯਥਾਰਥਵਾਦੀ ਸਨ ਅਤੇ ਗਾਂਧੀ ਜੀ ਵਾਂਗ ਹਿੰਦੂ-ਮੁਸਲਿਮ ਏਕਤਾ ਦਾ ਕੋਈ ਆਦਰਸ਼ਵਾਦੀ ਦ੍ਰਿਸ਼ਟੀਕੋਣ ਨਹੀਂ ਰੱਖ ਰਹੇ ਸਨ। ਉਹ ਆਪਣੇ ਸਮੇਂ ਤੋਂ ਅੱਗੇ ਸਨ ਅਤੇ ਸਮਝ ਚੁੱਕੇ ਸਨ ਕਿ ਮੁਸਲਿਮ ਲੀਗ, ਖੱਬੇਪੱਖੀ ਅਤੇ ਅੰਗਰੇਜ਼ ਧੜਾ ਮਿਲ ਕੇ ਧਾਰਮਿਕ ਆਧਾਰ ’ਤੇ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੇ ਸਨ। ਕਾਂਗਰਸ ਉਦੋਂ ਹਿੰਦੂ-ਮੁਸਲਿਮ ਭਾਈਚਾਰੇ ਵਿਚ ਵਿਸ਼ਵਾਸ ਰੱਖਦੀ ਸੀ ਪਰ ਸਾਵਰਕਰ ‘ਅਖੰਡ ਭਾਰਤ’ ਦੇ ਹਮਾਇਤੀ ਸਨ ਅਤੇ ਹਿੰਦੂਆਂ ਨੂੰ ਧਾਰਮਿਕ ਦੰਗਿਆਂ ਅਤੇ ਵੰਡ ਲਈ ਤਿਆਰ ਕਰ ਰਹੇ ਸੀ। ਡਾ. ਅੰਬੇਡਕਰ ਵੀ ਉਨ੍ਹਾਂ ਕੁਝ ਗੈਰ-ਮੁਸਲਿਮ ਨੇਤਾਵਾਂ ਵਿਚੋਂ ਇਕ ਸਨ ਜਿਨ੍ਹਾਂ ਨੂੰ ਇਸਲਾਮ ਦੇ ਨਾਮ ’ਤੇ ਭਾਰਤ ਦੀ ਵੰਡ ਦੀ ਅਟੱਲਤਾ ਦਾ ਅਹਿਸਾਸ ਹੋ ਗਿਆ ਸੀ।
- ਬਲਬੀਰ ਪੁੰਜ