ਅਮਰੀਕੀ ਮੱਧਕਾਲੀ ਚੋਣਾਂ ਟਰੰਪ 2.0 ਸ਼ਾਸਨ ਦੇ ਅਗਲੇ ਤਿੰਨ ਸਾਲਾਂ ਦੀ ਦਿਸ਼ਾ ਤੈਅ ਕਰ ਸਕਦੀਆਂ ਹਨ
Thursday, Jan 22, 2026 - 04:36 PM (IST)
ਡੋਨਾਲਡ ਟਰੰਪ ਨੇ ਪਿਛਲੇ ਸਾਲ 20 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਵਜੋਂ ਆਪਣੇ ਦੂਸਰੇ ਕਾਰਜਕਾਲ ਦੀ ਸਹੁੰ ਚੁੱਕੀ। ਉਨ੍ਹਾਂ ਦੇ ਪਹਿਲੇ ਸਾਲ ਦੇ ਕਾਰਜਕਾਲ ਨੂੰ ਇਕ ਸ਼ਬਦ ’ਚ ਸੰਖੇਪ ਕੀਤਾ ਜਾ ਸਕਦਾ ਹੈ– ਉਥਲ-ਪੁਥਲ ਭਰਿਆ। ਇਕ ਪਾਸੇ ਦੁਨੀਆ ਵੈਨੇਜ਼ੁਏਲਾ ਦੀ ਭਿਆਨਕ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਥੇ ਇਕ ਮੌਜੂਦਾ ਰਾਸ਼ਟਰਪਤੀ ਨੂੰ ਬੇਰਹਿਮੀ ਨਾਲ ਅਗਵਾ ਕਰ ਲਿਆ ਗਿਆ ਸੀ, ਉਥੇ ਦੂਜੇ ਪਾਸੇ ਟਰੰਪ ਦੇ ਰਾਡਾਰ ’ਤੇ ਗ੍ਰੀਨਲੈਂਡ ਦਾ ਮੁੱਦਾ ਛਾਇਆ ਹੋਇਆ ਹੈ। ਯੂਰਪੀ ਸੰਘ ਦੇ ਦੇਸ਼ ਅਮਰੀਕੀ ਰਾਸ਼ਟਰਪਤੀ ਦੇ ਕਾਰਜਾਂ ਦੇ ਲੰਬੇ ਸਮੇਂ ਦੇ ਨਤੀਜਿਆਂ ਨੂੰ ਲੈ ਕੇ ਚਿੰਤਤ ਹਨ, ਉਥੇ ਦੂਜੇ ਪਾਸੇ ਟੈਰਿਫ ’ਚ ਵਾਧੇ ਦੀ ਸੰਭਾਵਨਾ ਹੈ ਅਤੇ ਬ੍ਰਸਲਜ਼ ਅਤੇ ਹੋਰ ਥਾਵਾਂ ’ਤੇ ਨਾਟੋ ਦੇ ਅੰਦਰ ਜੰਗ ਦੀਆਂ ਸੰਭਾਵਨਾਵਾਂ ’ਤੇ ਚਰਚਾ ਹੋ ਰਹੀ ਹੈ।
ਸੰਸਾਰਿਕ ਮਾਮਲਿਆਂ ਦੇ ਪ੍ਰਤੀ ਟਰੰਪ ਦਾ ਨਜ਼ਰੀਆ ‘ਪਾਵਲੋਵੀਅਨ’ ਬਣਿਆ ਹੋਇਆ ਹੈ, ਜਿਸ ’ਚ ਅਕਸਰ ਭਾਵੁਕ ਸੌਦੇਬਾਜ਼ੀ ਅਤੇ ਜਲਦਬਾਜ਼ੀ ’ਚ ਇਕ ਪਾਸੜ ਕਾਰਵਾਈ ਸ਼ਾਮਲ ਹੁੰਦੀ ਹੈ। ਅਮਰੀਕਾ ਨੇ ਰੂਸ ਅਤੇ ਯੂਕ੍ਰੇਨ ਦਰਮਿਆਨ ਗੱਲਬਾਤ ’ਚ ਵਿਚੋਲਗੀ ਕੀਤੀ, ਈਰਾਨ ਦੇ ਪ੍ਰਮਾਣੂ ਪਲਾਂਟਾਂ ’ਤੇ ਹਮਲਾ ਕੀਤਾ (ਸਾਰੇ ਅੰਦਾਜ਼ਿਆਂ ਦੇ ਅਨੁਸਾਰ, ਇਜ਼ਰਾਈਲ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ) ਅਤੇ ਗਾਜਾ ’ਚ ਇਕ ਅਨਿਆਂਪੂਰਨ ਜੰਗਬੰਦੀ ਕਰਵਾਈ ਜਦਕਿ ਅਕਤੂਬਰ 2022 ’ਚ ਹਮਾਸ ਦੇ ਹਮਲੇ ਤੋਂ ਬਾਅਦ ਹੋਈਆਂ ਹੱਤਿਆਵਾਂ ਦੇ ਪ੍ਰਤੀ ਉਦਾਸੀਨ ਬਣਿਆ ਰਿਹਾ।
ਬਹੁਪੱਖਵਾਦ ਦੇ ਪ੍ਰਤੀ ਟਰੰਪ ਦਾ ਨਜ਼ਰੀਆ ‘ਅਮਰੀਕਾ ਫਸਟ’ ਸਿਧਾਂਤਾਂ ਦਾ ਤੇਜ਼ ਵਿਸਤਾਰ ਦਰਸਾਉਂਦਾ ਹੈ, ਇਹ ਇਕ ਪਾਸੇ ਕਾਰਵਾਈਆਂ ਅਤੇ ਦੋ-ਪੱਖੀ ਸਮਝੌਤਿਆਂ ’ਤੇ ਜ਼ੋਰ ਦਿੰਦਾ ਹੈ ਅਤੇ ਕੌਮਾਂਤਰੀ ਸੰਸਥਾਵਾਂ ਦੇ ਪ੍ਰਤੀ ਸ਼ੱਕ ਨਾਲ ਦਰਸਾਇਆ ਗਿਆ ਹੈ। ਇਸ ਦਾ ਨਤੀਜਾ ਕਈ ਬਹੁਪੱਖੀ ਢਾਂਚਿਆਂ ਤੋਂ ਜਾਣਬੁੱਝ ਕੇ ਪਿੱਛੇ ਹੱਟਣ ਦੇ ਰੂਪ ’ਚ ਸਾਹਮਣੇ ਆਇਆ ਹੈ ਕਿਉਂਕਿ ਵ੍ਹਾਈਟ ਹਾਊਸ ਇਨ੍ਹਾਂ ਨੂੰ ਅਮਰੀਕੀ ਪ੍ਰਭੂਸੱਤਾ ’ਤੇ ਪਾਬੰਦੀ, ਫਜ਼ੂਲਖਰਚੀ ਜਾਂ ਅਮਰੀਕੀ ਹਿਤਾਂ ਦੇ ਉਲਟ ਮੰਨਦਾ ਹੈ। ਆਪਣੇ ਕਾਰਜਕਾਲ ਦੇ ਪਹਿਲੇ ਹੀ ਦਿਨ, ਟਰੰਪ ਨੇ ਅਮਰੀਕਾ ਨੂੰ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਕੱਢ ਲਿਆ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ.ਓ.) ਤੋਂ ਵੀ ਹਟਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਅਮਰੀਕੀ ਵਿਦੇਸ਼ ਵਿਭਾਗ ਵਲੋਂ ਸਾਰੇ ਕੌਮਾਂਤਰੀ ਸੰਗਠਨਾਂ, ਸੰਮੇਲਨਾਂ ਅਤੇ ਸੰਧੀਆਂ ਦੀ ਵਿਆਪਕ ਸਮੀਖਿਆ ਦਾ ਹੁਕਮ ਦਿੱਤਾ ਗਿਆ, ਤਾਂਕਿ ਉਨ੍ਹਾਂ ਸੰਗਠਨਾਂ ਦੀ ਪਛਾਣ ਕੀਤੀ ਜਾ ਸਕੇ ਜੋ ‘ਅਮਰੀਕਾ ਦੇ ਹਿਤਾਂ ਦੇ ਉਲਟ’ ਹਨ, ਜਿਸ ਦੇ ਨਤੀਜੇ ਵਜੋਂ ਦੇਸ਼ ਨੇ ਸੰਸਾਰਿਕ ਸੰਗਠਨਾਂ ਤੋਂ ਆਪਣੀ ਵਾਪਸੀ ਕਰ ਲਈ। ਇਸ ਮਹੀਨੇ ਦੀ ਸ਼ੁਰੂਆਤ ’ਚ ਇਕ ਰਾਸ਼ਟਰਪਤੀ ਮੈਮੋਰੰਡਮ ’ਚ ਅਮਰੀਕਾ ਨੂੰ 66 ਕੌਮਾਂਤਰੀ ਸੰਗਠਨਾਂ ਤੋਂ ਹਟਣ ਦਾ ਨਿਰਦੇਸ਼ ਦਿੱਤਾ, ਜਿਨ੍ਹਾਂ ’ਚ 31 ਸੰਯੁਕਤ ਰਾਸ਼ਟਰ ਨਾਲ ਸੰਬੰਧ ਸੰਸਥਾਵਾਂ ਅਤੇ 35 ਗੈਰ-ਸੰਯੁਕਤ ਰਾਸ਼ਟਰੀ ਸੰਸਥਾਵਾਂ ਸ਼ਾਮਲ ਹਨ। ਵਪਾਰ ਤੋਂ ਲੈ ਕੇ ਜਲਵਾਯੂ ਅਤੇ ਸਮੂਹਿਕ ਤਬਾਹੀ ਦੇ ਹਥਿਆਰਾਂ ਤਕ ਵੱਖ-ਵੱਖ ਖੇਤਰਾਂ ’ਚ ਦਹਾਕਿਆਂ ਤੋਂ ਧੀਰਜ ਭਰੇ ਅਤੇ ਸਰਵਸੰਮਤੀ ਨਾਲ ਵਿਕਸਿਤ ਬਹੁਪੱਖਵਾਦ ਹੁਣ ਚਕਨਾਚੂਰ ਹੋ ਗਿਆ ਹੈ।
ਗਾਜਾ ਨਾਲ ਸੰਬੰਧਤ ਟਰੰਪ ਦੇ ਹਾਲੀਆ ਫਰਮਾਨ ’ਚ ਸੰਯੁਕਤ ਰਾਸ਼ਟਰ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ। ਸੰਸਾਰਿਕ ਸ਼ਾਂਤੀ ਅਤੇ ਸੁਰੱਖਿਆ ਦੇ ਪ੍ਰਬੰਧਨ ’ਚ ਭਾਰਤ ਨੂੰ ਅਮਰੀਕਾ ਦੇ ਖੇਮੇ ’ਚ ਸ਼ਾਮਲ ਕਰ ਲਿਆ ਗਿਆ ਹੈ। ਟਰੰਪ ਨੇ ਰਵਾਇਤੀ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਜਾ ਸ਼ਾਂਤੀ ਬੋਰਡ ਨਾਂ ਦੀ ਇਕ ਨਵੇਂ ਕੌਮਾਂਤਰੀ ਸੰਸਥਾ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਹ ਸਖਤ ਵਪਾਰਕ ਟੈਰਿਫਾਂ ਨਾਲ ਪ੍ਰਭਾਵਿਤ ਭਾਰਤ-ਅਮਰੀਕਾ ਦੋ-ਪੱਖੀ ਸੰਬੰਧਾਂ ਨੂੰ ਸਥਿਰ ਕਰਨ ਲਈ ਇਕ ਚੰਗਾ ਸੰਕੇਤ ਹੈ। ਹਾਲਾਂਕਿ ਟਰੰਪ ਦੀ ਪ੍ਰਧਾਨਗੀ ਵਾਲੇ ਸੰਸਾਰਿਕ ਬੋਰਡ ’ਚ ਸ਼ਾਮਲ ਹੋਣ ਦੀਆਂ ਸ਼ਰਤਾਂ ਅਤੇ ਨਿਯਮਾਂ ਦੀ ਸਾਵਧਾਨੀਪੂਰਕ ਸਮੀਖਿਆ ਕਰਨ ਦੀ ਲੋੜ ਹੋਵੇਗੀ। ਭਾਰਤ ਦੇ ਲਈ ਇਹ ਇਕ ਦੁਚਿੱਤੀ ਵਾਲਾ ਸੱਦਾ ਸਾਬਿਤ ਹੋ ਸਕਦਾ ਹੈ।
ਪਿਛਲੇ ਇਕ ਸਾਲ ’ਚ ਰਾਸ਼ਟਰਪਤੀ ਟਰੰਪ ਦੇ ਕਈ ਕੰਮਾਂ ਨੇ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਸ਼ਾਨ ਨੂੰ ਠੇਸ ਪਹੁੰਚਾਈ ਹੈ। ਕੁਝ ਮਹਿਮਾਨ ਪਤਵੰਤੇ ਵਿਅਕਤੀਆਂ ਦਾ ਓਵਲ ਆਫਿਸ ’ਚ ਅਪਮਾਨ ਵੀ ਹੋਇਆ ਹੈ। ਇਹ ਵਿਵਹਾਰ ਟਰੰਪ ਦੇ ਪਹਿਲੇ ਕਾਰਜਕਾਲ ਅਤੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਦੀ ਬਿਆਨਬਾਜ਼ੀ ਦੀ ਯਾਦ ਦਿਵਾਉਂਦਾ ਹੈ ਪਰ 2025 ਦੇ ਅਖੀਰ ’ਚ ਮੁੱਖ ਤੌਰ ’ਤੇ ਨਵੰਬਰ ਅਤੇ ਦਸੰਬਰ ’ਚ, ਇਸ ਦੀ ਬਾਰੰਬਾਰਤਾ ਅਤੇ ਦ੍ਰਿਸ਼ਟੀ ’ਚ ਵਾਧਾ ਹੋਇਆ, ਜਿਸ ਨਾਲ ਲਿੰਗ ਭੇਦਭਾਵ, ਪ੍ਰਸ਼ਨਕਰਤਾਵਾਂ ਨੂੰ ਅਪਮਾਨਿਤ ਕਰਨ ਜਾਂ ਚੁੱਪ ਕਰਵਾਉਣ ਦੇ ਯਤਨ ਅਤੇ ਬੁਨਿਆਦੀ ਪ੍ਰੈੱਸ ਮਾਨਦੰਡਾਂ ਦੇ ਉਲੰਘਣ ਲਈ ਵਿਆਪਕ ਆਲੋਚਨਾ ਹੋਈ ਹੈ। ਉਦਾਹਰਣ ਵਜੋਂ ਏਅਰ ਫੋਰਸ ਵਨ ’ਤੇ ਇਕ ਪ੍ਰੈੱਸ ਗੱਲਬਾਤ ਦੌਰਾਨ, ਜੇਫਰੀ ਐਪਸਟੀਨ ਫਾਈਲਾਂ ਬਾਰੇ ਪੁੱਛੇ ਜਾਣ ’ਤੇ ਟਰੰਪ ਨੇ ਕਥਿਤ ਤੌਰ ’ਤੇ ਬਲੂਮਬਰਗ ਦੀ ਇਕ ਰਿਪੋਰਟਰ ’ਤੇ ਚੀਕਦੇ ਹੋਏ ਕਿਹਾ - ‘ਚੁੱਪ ਰਹੋ, ਸੂਰਨੀ।’
ਟਰੰਪ ਦੀਆਂ ਨੀਤੀਆਂ ਨੂੰ ਅਕਸਰ ਅਸੰਗਤ, ਅਸਥਿਰ ਜਾਂ ਪਰਿਵਰਤਨਸ਼ੀਲ ਦੱਸਿਆ ਗਿਆ ਹੈ ਪਰ ਮੂਲ ਤੌਰ ’ਤੇ ਇਹ ਅਣਕਿਆਸੀਆਂ ਅਤੇ ਅਸੰਗਤ ਹਨ ਅਤੇ ਟਰੰਪ ਦੇ ਵਧੇਰੇ ਬੁਲਾਰਿਆਂ ਨੂੰ ਉਨ੍ਹਾਂ ਦੇ ਦੋਹਰੇ ਮਾਪਦੰਡਾਂ ਦਾ ਸਾਹਮਣਾ ਕਰਨਾ ਪਿਆ ਹੈ। ਮਾਹਿਰਾਂ ਨੇ ਇਸ ਨੂੰ ‘ਸੌਦੇਬਾਜ਼ੀ ਦੀ ਕਲਾ’ ਦੇ ਉਨ੍ਹਾਂ ਦੇ ਅੰਤਰਮੁਖੀ ਰਵੱਈਏ ਅਤੇ ਵਿਰੋਧੀ ਨੂੰ ਹੈਰਾਨ ਕਰਨ ਅਤੇ ਫਿਰ ਜਿੱਤ ਹਾਸਲ ਕਰਨ ਲਈ ਜੋਖਿਮ ਭਰੇ ਦਾਅ-ਪੇਚ ਅਤੇ ਲਾਪਰਵਾਹੀ ਦਾ ਸਹਾਰਾ ਲੈਣ ਦੇ ਰੂਪ ’ਚ ਦੱਸਿਆ ਹੈ।
ਇਸ ਤਰ੍ਹਾਂ ਦੇ ਦੋਹਰੇ ਮਾਪਦੰਡ ਦਾ ਸਭ ਤੋਂ ਘਿਨੌਣੀ ਉਦਾਹਰਣ ਹਾਲ ਹੀ ’ਚ ਹੋਏ ਈਰਾਨੀ ਵਿਰੋਧ ਪ੍ਰਦਰਸ਼ਨਾਂ ਦੇ ਸੰਬੰਧ ’ਚ ਦੇਖਣ ਨੂੰ ਮਿਲਦੀ ਹੈ, ਜਿਸ ’ਚ ਕਥਿਤ ਤੌਰ ’ਤੇ 5000 ਤੋਂ ਵੱਧ ਲੋਕ ਮਾਰੇ ਗਏ। ਜਨਤਕ ਤੌਰ ’ਤੇ ਇਹ ਰੁਖ ਅਪਣਾਇਆ ਗਿਆ ਕਿ ਟਰੰਪ ਅਸਹਾਏ ਈਰਾਨੀ ਨਾਗਰਿਕਾਂ ਨੂੰ ਉਨ੍ਹਾਂ ਦੇ ਹੀ ਸ਼ਾਸਨ ਤੋਂ ਬਚਾਉਣ ਲਈ ਵਚਨਬੱਧ ਹੈ। ਉਥੇ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਫਿਲੀਸਤੀਨ-ਗਾਜਾ ’ਚ ਹੋ ਰਹੀਆਂ ਸਮੂਹਿਕ ਹੱਤਿਆਵਾਂ ਦੇ ਪ੍ਰਤੀ ਪੂਰੀ ਤਰ੍ਹਾਂ ਉਦਾਸੀਨ ਰਹੇ।
ਟਰੰਪ ਅਮਰੀਕੀ ਰਾਸ਼ਟਰਪਤੀ ਹਨ ਅਤੇ ਦੁਨੀਆ ਨੂੰ ਇਸ ਅਸਲੀਅਤ ਨੂੰ ਸਵੀਕਾਰ ਕਰਨਾ ਹੀ ਹੋਵੇਗਾ। ਕਿਸੇ ਵੀ ਚੁਣੇ ਹੋਏ ਨੇਤਾ ਲਈ ਪ੍ਰਭਾਵੀ ਸ਼ਾਸਨ ਲਈ ਘਰੇਲੂ ਸਿਆਸੀ ਸਮਰਥਨ ਬਹੁਤ ਜ਼ਰੂਰੀ ਹੈ ਅਤੇ ਅਮਰੀਕਾ ’ਚ ਆਉਣ ਵਾਲੀਆਂ ਮੱਧਕਾਲੀ ਚੋਣਾਂ ਟਰੰਪ ਦੇ ਰਾਸ਼ਟਰਪਤੀ ਕਾਰਜਕਾਲ ਦੇ ਅਗਲੇ ਤਿੰਨ ਸਾਲਾਂ ਦਾ ਸੂਚਕ ਸਾਬਿਤ ਹੋਣਗੀਆਂ। ਜੇਕਰ ਡੈਮੋਕ੍ਰੇਟਸ ਜੇਤੂ ਹੁੰਦੇ ਹਨ ਤਾਂ ਇਕ ਉਦਾਸ ਵ੍ਹਾਈਟ ਹਾਊਸ ਹੀ ਮੁੱਖ ਵਿਸ਼ਾ ਬਣ ਸਕਦਾ ਹੈ।
ਭਾਰਤ ਲਈ ਟਰੰਪ ਦੇ ਇਸ ਅਸ਼ਾਂਤੀ ਭਰੇ ਦੌਰ ’ਚ ਅਮਰੀਕਾ ਨਾਲ ਸ਼ਾਂਤੀਪੂਰਵਕ ਸੰਬੰਧ ਬਣਾਈ ਰੱਖਣਾ ਹੀ ਸਭ ਤੋਂ ਅਕਲਮੰਦੀ ਦਾ ਰਾਹ ਹੋਵੇਗਾ।
-ਸੀ. ਉਦੈ ਭਾਸਕਰ
