ਨਹੀਂ ਰੁਕ ਰਿਹਾ ਭਾਰਤੀ ਰੇਲਾਂ ਦੇ ਆਪਰੇਸ਼ਨ ’ਚ ਬੇਨਿਯਮੀਆਂ ਅਤੇ ਲਾਪਰਵਾਹੀ ਦਾ ਸਿਲਸਿਲਾ
Tuesday, Nov 12, 2024 - 03:04 AM (IST)
ਭਾਰਤੀ ਰੇਲਵੇ ਦੁਨੀਆ ਦੇ ਸਭ ਤੋਂ ਵੱਡੇ ਨੈੱਟਵਰਕਾਂ ’ਚੋਂ ਇਕ ਹੈ ਪਰ ਕਈ ਕਮੀਆਂ ਕਾਰਨ ਟ੍ਰੇਨਾਂ ਦਾ ਆਪਰੇਸ਼ਨ ਤਸੱਲੀਬਖਸ਼ ਨਹੀਂ ਹੈ ਜੋ ਸਿਰਫ 5 ਦਿਨਾਂ ਦੇ ਹੇਠਲੇ ਹਾਦਸਿਆਂ ਤੋਂ ਸਪੱਸ਼ਟ ਹੈ :
* 7 ਨਵੰਬਰ ਨੂੰ ਵਾਰਾਣਸੀ ਛਾਉਣੀ (ਉੱਤਰ ਪ੍ਰਦੇਸ਼) ਨੇੜੇ ‘ਬਿਲਾਸਪੁਰ-ਅਯੁੱਧਿਆ ਸਪੈਸ਼ਲ ਟ੍ਰੇਨ’ ਦੇ ਚਾਲਕ ਨੇ ਉਸੇ ਟ੍ਰੈਕ ’ਤੇ ਆ ਰਹੀ ‘ਸਵਤੰਤਰਤਾ ਸੈਨਾਨੀ ਐਕਸਪ੍ਰੈੱਸ’ ਨੂੰ ਦੇਖ ਕੇ ਬ੍ਰੇਕ ਲਾ ਦਿੱਤੀ, ਜਿਸ ਨਾਲ ਦੋਵਾਂ ਟ੍ਰੇਨਾਂ ਦੀ ਟੱਕਰ ਅਤੇ ਭਾਰੀ ਜਾਨੀ ਨੁਕਸਾਨ ਟਲ ਗਿਆ ਪਰ ਦੋਵੇਂ ਟ੍ਰੇਨਾਂ ਇਕ ਪੱਟੜੀ ’ਤੇ ਕਿਵੇਂ ਆ ਗਈਆਂ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।
* 9 ਨਵੰਬਰ ਨੂੰ ਹਾਵੜਾ (ਪੱਛਮੀ ਬੰਗਾਲ) ਦੇ ਨੇੜੇ ‘ਸਿਕੰਦਰਾਬਾਦ-ਸ਼ਾਲੀਮਾਰ ਸੁਪਰਫਾਸਟ ਐਕਸਪ੍ਰੈੱਸ’ ਦੇ 3 ਡੱਬੇ ਪੱਟੜੀ ਤੋਂ ਲੱਥ ਗਏ।
* 9 ਨਵੰਬਰ ਨੂੰ ਹੀ ਬੇਗੂਸਰਾਏ (ਬਿਹਾਰ) ’ਚ ਬਰੌਨੀ ਜੰਕਸ਼ਨ ’ਤੇ ‘ਬਰੌਨੀ-ਲਖਨਊ ਐਕਸਪ੍ਰੈੱਸ’ ਦੇ ਇੰਜਣ ਅਤੇ ਬੋਗੀ ਨੂੰ ਜੋੜਨ ਵਾਲਾ ਕਪਲਿੰਗ ਖੋਲ੍ਹ ਕੇ ਵੱਖ ਕਰਦੇ ਹੋਏ ਲੋਕੋ ਪਾਇਲਟ ਵਲੋਂ ਇੰਜਣ ਚਲਾ ਦੇਣ ਨਾਲ ਕਪਲਿੰਗ ਖੋਲ੍ਹ ਰਿਹਾ ਮੁਲਾਜ਼ਮ ਵਿਚਾਲੇ ਦੱਬ ਕੇ ਮਾਰਿਆ ਗਿਆ।
ਰੇਲਵੇ ਯੂਨੀਅਨ ਅਨੁਸਾਰ ਇਹ ਹਾਦਸਾ ਸਟਾਫ ਦੀ ਕਮੀ ਕਾਰਨ ਹੋਇਆ ਕਿਉਂਕਿ ਇਸ ਕੰਮ ਲਈ 4 ਮੁਲਾਜ਼ਮਾਂ ਦੀ ਲੋੜ ਹੁੰਦੀ ਹੈ ਪਰ ਇੱਥੇ ਚਾਲਕ ਅਤੇ ਇਕ ਮੁਲਾਜ਼ਮ ਨਾਲ ਹੀ ਸਾਰਾ ਕੰਮ ਕਰਵਾਇਆ ਜਾ ਰਿਹਾ ਸੀ।
* 10 ਨਵੰਬਰ ਨੂੰ ਪੰਜਾਬ ’ਚ ਗੋਰਾਇਆ ਅਤੇ ਫਗਵਾੜਾ ਦੇ ਦਰਮਿਆਨ ‘ਜੈਪੁਰ-ਅਜਮੇਰ ਐਕਸਪ੍ਰੈੱਸ’ ਦੇ ਐੱਸ-4 ਕੋਚ ਦੀ ਬ੍ਰੇਕ ਜਾਮ ਹੋ ਜਾਣ ਨਾਲ ਕੋਚ ਦੇ ਹੇਠਾਂ ਅੱਗ ਲੱਗ ਜਾਣ ਕਾਰਨ ਯਾਤਰੀਆਂ ’ਚ ਹਾਹਾਕਾਰ ਮੱਚ ਗਈ।
* 10 ਨਵੰਬਰ ਨੂੰ ਹੀ ਇਟਾਵਾ (ਉੱਤਰ ਪ੍ਰਦੇਸ਼) ਰੇਲਵੇ ਸਟੇਸ਼ਨ ਦੇ ਨੇੜੇ ‘ਊਂਚਾਹਾਰ ਐਕਸਪ੍ਰੈੱਸ’ ਦੀ ਇਕ ਸਲੀਪਰ ਬੋਗੀ ’ਚੋਂ ਧੂੰਆਂ ਨਿਕਲਣ ਲੱਗਾ।
ਯਕੀਨਨ ਹੀ ਇਹ ਕੋਈ ਚੰਗੀ ਸਥਿਤੀ ਨਹੀਂ ਹੈ। ਇਸ ਲਈ ਰੇਲਵੇ ’ਚ ਬਦਇੰਤਜ਼ਾਮੀ, ਸਟਾਫ ਦੀ ਕਮੀ ਅਤੇ ਹੋਰ ਕਮੀਆਂ ਦੂਰ ਕਰਨ ਦੀ ਤੁਰੰਤ ਲੋੜ ਹੈ।
-ਵਿਜੇ ਕੁਮਾਰ