ਦੇਸ਼ ’ਚ ਭ੍ਰਿਸ਼ਟਾਚਾਰ ਦੀ ਫੈਲਦੀ ਜ਼ਹਿਰ ਵੇਲ, ਹੁਣ ਟੋਲ ਪਲਾਜ਼ਿਆਂ ’ਤੇ ਕਰੋੜਾਂ ਦਾ ਘਪਲਾ
Saturday, Jan 25, 2025 - 04:46 AM (IST)
ਟੋਲ ਪਲਾਜ਼ਾ ਆਮ ਤੌਰ ’ਤੇ ਰਾਸ਼ਟਰੀ ਅਤੇ ਰਾਜਮਾਰਗਾਂ ’ਤੇ ਕਾਇਮ ਬੂਥ ਹਨ, ਜਿਥੇ ਚੌਪਹੀਆ ਵਾਹਨ ਚਾਲਕਾਂ ਨੂੰ ਅੱਗੇ ਜਾਣ ਲਈ ਟੋਲ ਟੈਕਸ ਦਾ ਭੁਗਤਾਨ ਕਰਨ ਲਈ ਰੁਕਣਾ ਪੈਂਦਾ ਹੈ।
ਕੇਂਦਰ ਸਰਕਾਰ ਅਧੀਨ ‘ਨੈਸ਼ਨਲ ਹਾਈਵੇਜ਼ ਅਥਾਰਿਟੀ ਆਫ ਇੰਡੀਆ’ (ਐੱਨ. ਐੱਚ. ਏ. ਆਈ.) ਟੋਲ ਸੰਗ੍ਰਹਿ ਦਾ ਪ੍ਰਬੰਧਨ ਕਰਦਾ ਹੈ। ਟੋਲ ਸੰਗ੍ਰਹਿ ਲਈ ਨਕਦ ਭੁਗਤਾਨ ਤੋਂ ਇਲਾਵਾ ‘ਫਾਸਟੈਗ’ ਤਕਨੀਕ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਵਾਹਨ ਵਿਚ ‘ਫਾਸਟੈਗ’ ਲੱਗਾ ਹੋਣ ਕਾਰਨ ਟੋਲ ਰਾਸ਼ੀ ਆਪਣੇ-ਆਪ ਲਿੰਕ ਕੀਤੇ ਗਏ ਖਾਤੇ ਵਿਚੋਂ ਕੱਟੀ ਜਾਂਦੀ ਹੈ ਅਤੇ ਵਾਹਨ ਬਿਨਾਂ ਰੁਕੇ ‘ਫਾਸਟੈਗ ਲੇਨ’ ਵਿਚੋਂ ਲੰਘ ਸਕਦਾ ਹੈ।
ਟੋਲ ਪਲਾਜ਼ਾ ਵਿਚੋਂ ਲੰਘਣ ਵਾਲੇ ਵਾਹਨਾਂ ਤੋਂ ਵਸੂਲ ਕੀਤੀ ਜਾਣ ਵਾਲੀ ਫੀਸ ਦੀ ਵਰਤੋਂ ਸੜਕਾਂ ਦੀ ਗੁਣਵੱਤਾ ਬਿਹਤਰ ਬਣਾਉਣ ਲਈ ਕੀਤੀ ਜਾਂਦੀ ਹੈ, ਜਿਸ ਨਾਲ ਈਂਧਨ ਦੀ ਖਪਤ ਵੀ ਘਟਦੀ ਹੈ।
ਪਰ ਇਨ੍ਹਾਂ ਟੋਲ ਪਲਾਜ਼ਿਆਂ ਦਾ ਕੁਝ ਨੁਕਸਾਨ ਵੀ ਹੈ। ਖਾਸ ਤੌਰ ’ਤੇ ਘੱਟ ਦੂਰੀ ਦੀ ਯਾਤਰਾ ਕਰਨ ਵਾਲੇ ਵਾਹਨਾਂ ਨੂੰ ਵੀ ਓਨਾ ਹੀ ਟੈਕਸ ਦੇਣਾ ਪੈਂਦਾ ਹੈ, ਜਿੰਨਾ ਲੰਮੀ ਦੂਰੀ ਵਾਲਿਆਂ ਨੂੰ। ਇਸ ਲਈ ਲੋਕਾਂ ਦੀ ਮੰਗ ਹੈ ਕਿ ਘੱਟ ਦੂਰੀ ਵਾਲੇ ਵਾਹਨਾਂ ਨੂੰ ਟੋਲ ਟੈਕਸ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ। ਇਸ ਦਾ ਇਕ ਤਰੀਕਾ ਇਹ ਵੀ ਹੈ ਕਿ ਅਮਰੀਕਾ ਵਾਂਗ ਵਾਹਨਾਂ ਤੋਂ ਟੋਲ ਟੈਕਸ ਕਿਲੋਮੀਟਰ ਦੇ ਹਿਸਾਬ ਨਾਲ ਲਿਆ ਜਾਵੇ।
ਹਾਲ ਦੀ ਘੜੀ, ਕੁਝ ਗੈਰ-ਸਮਾਜਿਕ ਤੱਤਾਂ ਨੇ ਟੋਲ ਪਲਾਜ਼ਿਆਂ ਨੂੰ ਆਪਣੀ ਕਮਾਈ ਦਾ ਜ਼ਰੀਆ ਬਣਾ ਲਿਆ ਹੈ। ਮਿਸਾਲ ਵਜੋਂ ਕੁਝ ਅਜਿਹੇ ਟੋਲ ਪਲਾਜ਼ੇ ਵੀ ਚੱਲਦੇ ਮਿਲੇ ਹਨ, ਜਿਨ੍ਹਾਂ ਦੀ ਮਿਆਦ ਖਤਮ ਹੋ ਚੁੱਕੀ ਹੈ ਅਤੇ ਉਹ ਲੰਘਣ ਵਾਲੇ ਵਾਹਨਾਂ ਤੋਂ ਨਾਜਾਇਜ਼ ਤੌਰ ’ਤੇ ਟੋਲ ਟੈਕਸ ਵਸੂਲ ਰਹੇ ਹਨ।
ਹਾਲ ਹੀ ਵਿਚ ਟੋਲ ਪਲਾਜ਼ਿਆਂ ਦਾ ਇਕ ਵੱਡਾ ਫਰਜ਼ੀਵਾੜਾ ਸਾਹਮਣੇ ਆਇਆ ਹੈ। ‘ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ’ (ਐੱਸ. ਟੀ. ਐੱਫ.) ਨੇ ਗੁਜਰਾਤ, ਛੱਤੀਸਗੜ੍ਹ, ਮਹਾਰਾਸ਼ਟਰ, ਝਾਰਖੰਡ, ਪੰਜਾਬ, ਆਸਾਮ, ਬੰਗਾਲ, ਜੰਮੂ, ਓਡਿਸ਼ਾ, ਹਿਮਾਚਲ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ 14 ਸੂਬਿਆਂ ਵਿਚ ਐੱਨ. ਐੱਚ. ਏ. ਆਈ. ਦੇ 200 ਤੋਂ ਜ਼ਿਆਦਾ ਟੋਲ ਪਲਾਜ਼ਿਆਂ ਦੇ 120 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਹੈ।
ਐੱਸ. ਟੀ. ਐੱਫ. ਦੀ ਟੀਮ ਨੇ 22 ਜਨਵਰੀ ਨੂੰ ਉੱਤਰ ਪ੍ਰਦੇਸ਼ ਵਿਚ ਮਿਰਜ਼ਾਪੁਰ ਦੇ ‘ਅਤਰੈਲਾ’ ਟੋਲ ਪਲਾਜ਼ੇ ’ਤੇ ਛਾਪੇਮਾਰੀ ਕਰ ਕੇ ਘਪਲੇ ਦੇ ਮਾਸਟਰਮਾਈਂਡ ਆਲੋਕ ਕੁਮਾਰ ਸਿੰਘ ਅਤੇ ਟੋਲ ਪਲਾਜ਼ਾ ਦੇ 2 ਮੈਨੇਜਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 5 ਮੋਬਾਈਲ, 2 ਲੈਪਟਾਪ, ਪ੍ਰਿੰਟਰ ਅਤੇ ਕਾਰ ਸਮੇਤ 19000 ਰੁਪਏ ਨਕਦ ਵੀ ਬਰਾਮਦ ਕੀਤੇ ਹਨ, ਜਦਕਿ ਗਿਰੋਹ ਦੇ ਕੁਝ ਹੋਰ ਮੈਂਬਰ ਫ਼ਰਾਰ ਹਨ।
ਘਪਲੇ ਦੇ ਮਾਸਟਰਮਾਈਂਡ ਸਾਫਟਵੇਅਰ ਇੰਜੀਨੀਅਰ ‘ਆਲੋਕ ਕੁਮਾਰ ਸਿੰਘ’ ਅਨੁਸਾਰ ਇਹ ਰਕਮ ਟੋਲ ਪਲਾਜ਼ਾ ਦੇ ਠੇਕੇਦਾਰਾਂ, ਆਈ. ਟੀ. ਮੁਲਾਜ਼ਮਾਂ ਅਤੇ ਮੁਲਾਜ਼ਮਾਂ ਦਰਮਿਆਨ ਵੰਡੀ ਜਾਂਦੀ ਸੀ।
ਬਿਨਾਂ ‘ਫਾਸਟੈਗ’ ਅਤੇ ਫਾਸਟੈਗ ਅਕਾਊਂਟ ’ਚ ਘੱਟ ਪੈਸੇ ਵਾਲੇ ਵਾਹਨਾਂ ਕੋਲੋਂ ਟੋਲ ਪਲਾਜ਼ਾ ਦੇ ਕੰਪਿਊਟਰ ਵਿਚ ਐੱਨ. ਐੱਚ. ਏ. ਆਈ. ਦੇ ਸਾਫਟਫੇਅਰ ਸਰਵਰ ’ਚ ਗੜਬੜੀ ਕਰ ਕੇ ਇਸ ਧੋਖਾਦੇਹੀ ਨੂੰ ਅੰਜਾਮ ਦਿੱਤਾ ਜਾਂਦਾ ਸੀ। ਇਹ ਬਿਨਾਂ ‘ਫਾਸਟੈਗ’ ਵਾਲੇ ਵਾਹਨਾਂ ਤੋਂ ਵਸੂਲੇ ਗਏ ਟੋਲ ਨੂੰ ਐੱਨ. ਐੱਚ. ਏ. ਆਈ. ਦੇ ਸਿਸਟਮ ਤੋਂ ਵੱਖ ਕਰ ਦਿੰਦਾ ਸੀ।
ਜ਼ਿਕਰਯੋਗ ਹੈ ਕਿ ਟੋਲ ਪਲਾਜ਼ਾ ਵਿਚੋਂ ਲੰਘਣ ਵਾਲੇ ‘ਫਾਸਟੈਗ’ ਰਹਿਤ ਵਾਹਨਾਂ ਤੋਂ 2 ਗੁਣਾ ਟੋਲ ਲਿਆ ਜਾਂਦਾ ਹੈ। ਇਸ ਦਾ 50 ਫੀਸਦੀ ਐੱਨ. ਐੱਚ. ਏ. ਆਈ. ਅਤੇ 50 ਫੀਸਦੀ ਠੇਕੇਦਾਰ ਨੂੰ ਮਿਲਦਾ ਹੈ ਪਰ ਆਲੋਕ ਕੁਮਾਰ ਸਿੰਘ ਵੱਲੋਂ ਬਣਾਏ ਗਏ ਸਾਫਟਵੇਅਰ ਨਾਲ ਜਦੋਂ ਟੋਲ ਵਸੂਲਿਆ ਗਿਆ ਤਾਂ ਐੱਨ. ਐੱਚ. ਏ. ਆਈ. ਨੂੰ ਉਸ ਦਾ ਹਿੱਸਾ ਨਹੀਂ ਮਿਲਿਆ, ਸਗੋਂ ਪੂਰਾ ਪੈਸਾ ਆਲੋਕ ਕੁਮਾਰ ਸਿੰਘ ਅਤੇ ਉਸਦੇ ਬਣਾਏ ਗਏ ਗਿਰੋਹ ਨੇ ਗਬਨ ਕਰ ਲਿਆ।
ਅਜੇ ਕੁਝ ਹੀ ਸਮਾਂ ਪਹਿਲਾਂ ਪੰਜਾਬ ਵਿਚ ਪਟਿਆਲਾ ਦੇ ਪਿੰਡ ਮਾੜੂ ਦੇ ਨੇੜੇ ਵੀ ‘ਨਾਜਾਇਜ਼ ਟੋਲ ਪਲਾਜ਼ਾ’ ਕਾਇਮ ਕਰ ਕੇ ਘੱਗਰ ਪੁਲ ਤੋਂ ਰਾਤ ਦੇ ਸਮੇਂ ਲੰਘਣ ਵਾਲੇ ਵਾਹਨ ਚਾਲਕਾਂ ਕੋਲੋਂ ਫਰਜ਼ੀ ਪਰਚੀਆਂ, ਜਿਸ ਨੂੰ ਗੁੰਡਾ ਟੈਕਸ ਕਿਹਾ ਜਾਂਦਾ ਹੈ, ਰਾਹੀਂ ਵਸੂਲੀ ਕਰਨ ਦੇ ਦੋਸ਼ ਵਿਚ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
‘ਟੋਲ ਪਲਾਜ਼ਾ’ ਵਿਚ ਹੇਰਾਫੇਰੀ ਦੀਆਂ ਉਪਰੋਕਤ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਅੱਜ ਭ੍ਰਿਸ਼ਟਾਚਾਰ ਨੇ ਸਾਡੇ ਦੇਸ਼ ਵਿਚ ਇੰਨੀਆਂ ਡੂੰਘੀਆਂ ਜੜ੍ਹਾਂ ਜਮਾ ਲਈਆਂ ਹਨ ਕਿ ਉਪਰ ਤੋਂ ਹੇਠਾਂ ਤਕ ਇਕ-ਦੂਜੇ ਦੀ ਦੇਖਾ-ਦੇਖੀ ਸਾਰੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਟੋਲ ਪਲਾਜ਼ਾ ਵਿਚ ਉਕਤ ਘਪਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸਾਰੇ ਟੋਲ ਪਲਾਜ਼ਾ ਆਪ੍ਰੇਟਰਾਂ ਨੂੰ ਆਪਣੇ ਕਾਰਜ ਦੀ ਨਿਗਰਾਨੀ ਕਰਨ ਅਤੇ ਲੈਣ-ਦੇਣ ਦਾ ਰਿਕਾਰਡ ਰੱਖਣ ਅਤੇ ਆਡਿਟ ਕਰਨ ਦਾ ਹੁਕਮ ਦਿੱਤਾ ਹੈ, ਜਿਸ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਅਤੇ ਜ਼ਹਿਰ ਵੇਲ ਵਾਂਗ ਲਗਾਤਾਰ ਵਧ ਰਹੀ ਭ੍ਰਿਸ਼ਟਾਚਾਰ ਰੂਪੀ ਇਸ ਬੁਰਾਈ ਨੂੰ ਸਖ਼ਤ ਸਜ਼ਾ ਰੂਪੀ ਦਵਾ ਨਾਲ ਖਤਮ ਕਰਨ ਦੀ ਲੋੜ ਹੈ।
-ਵਿਜੇ ਕੁਮਾਰ