ਤ੍ਰਿਣਮੂਲ ਕਾਂਗਰਸ ਅਤੇ ਖੱਬੇ ਮੋਰਚੇ ਵਲੋਂ ਕਾਂਗਰਸ ਨੂੰ ਸੰਸਦ ਦਾ ਸੈਸ਼ਨ ਚੱਲਣ ਦੇਣ ਦੀ ਸਲਾਹ

Sunday, Dec 01, 2024 - 03:10 AM (IST)

ਤ੍ਰਿਣਮੂਲ ਕਾਂਗਰਸ ਅਤੇ ਖੱਬੇ ਮੋਰਚੇ ਵਲੋਂ ਕਾਂਗਰਸ ਨੂੰ ਸੰਸਦ ਦਾ ਸੈਸ਼ਨ ਚੱਲਣ ਦੇਣ ਦੀ ਸਲਾਹ

25 ਨਵੰਬਰ ਨੂੰ ਸ਼ੁਰੂ ਹੋਏ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਪਹਿਲਾ ਹਫਤਾ ਦੋਵਾਂ ਸਦਨਾਂ ’ਚ ਵਿਰੋਧੀ ਪਾਰਟੀਆਂ ਦੇ ਹੰਗਾਮੇ ਦੀ ਭੇਟ ਚੜ੍ਹ ਜਾਣ ਕਾਰਨ ਇਸ ’ਚ ਕੋਈ ਅਹਿਮ ਵਿਧਾਨਿਕ ਕੰਮਕਾਜ ਨਹੀਂ ਹੋ ਸਕਿਆ। ਸੈਸ਼ਨ ਦੇ ਚੌਥੇ ਦਿਨ 29 ਨਵੰਬਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪ੍ਰਸ਼ਨਕਾਲ ਸ਼ੁਰੂ ਕਰਵਾਇਆ ਤਾਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਮੈਂਬਰ ਚੇਅਰ ਦੇ ਨੇੜੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ।

ਕਾਂਗਰਸ ਦੇ ਸੰਸਦ ਮੈਂਬਰ ਅਡਾਣੀ ਸਮੂਹ ਦਾ ਮਾਮਲਾ ਅਤੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸੰਭਲ ਹਿੰਸਾ ਦਾ ਮਾਮਲਾ ਉਠਾ ਰਹੇ ਸਨ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਨੂੰ ਆਪਣੇ ਸਥਾਨ ’ਤੇ ਜਾਣ ਅਤੇ ਸਦਨ ਦੀ ਕਾਰਵਾਈ ਚੱਲਣ ਦੇਣ ਦੀ ਅਪੀਲ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਸਦਨ 2 ਦਸੰਬਰ ਤੱਕ ਉਠਾ ਦਿੱਤਾ ਗਿਆ।

ਮੌਜੂਦਾ ਸੈਸ਼ਨ ਦੇ ਪਹਿਲੇ 4 ਦਿਨਾਂ ’ਚ ਲੋਕ ਸਭਾ ’ਚ ਸਿਰਫ 40 ਮਿੰਟ ਅਤੇ ਰਾਜ ਸਭਾ ’ਚ 75 ਮਿੰਟ ਹੀ ਕੰਮ ਹੋ ਸਕਿਆ ਅਤੇ ਇਸ ਤਰ੍ਹਾਂ ਦੇ ਹਾਲਾਤ ਦਰਮਿਆਨ ‘ਇੰਡੀਆ’ ਗੱਠਜੋੜ ਦੀਆਂ ਕੁਝ ਪਾਰਟੀਆਂ ਨੇ ਕਾਂਗਰਸ ਨੂੰ ਅਗਲੇ ਹਫਤੇ ਦੇ ਸੈਸ਼ਨ ਦੌਰਾਨ ਆਪਣੀ ਰਣਨੀਤੀ ਬਦਲਣ ਦੀ ਬੇਨਤੀ ਕੀਤੀ ਹੈ।

ਹਾਲ ਹੀ ’ਚ ਟੀ. ਐੱਮ. ਸੀ. ਨੇ ਕਾਂਗਰਸ ਨੂੰ ਸੰਦੇਸ਼ ਦਿੱਤਾ ਸੀ ਕਿ ਉਹ ਸੰਸਦ ’ਚ ਸਿਰਫ ਅਡਾਣੀ ਦਾ ਮੁੱਦਾ ਹੀ ਨਹੀਂ ਸਗੋਂ ਮਣੀਪੁਰ ਅਤੇ ਸੰਭਲ ’ਚ ਹਿੰਸਾ ਅਤੇ ਮਹਿੰਗਾਈ ਵਰਗੇ ਜਨਤਾ ਨਾਲ ਜੁੜੇ ਮੁੱਦਿਆਂ ਨੂੰ ਉਠਾਉਣਾ ਚਾਹੁੰਦੀ ਹੈ।

ਹੁਣ ਖੱਬੇਪੱਖੀ ਪਾਰਟੀਆਂ ਨੇ ਵੀ ਕਾਂਗਰਸ ਨੂੰ ਸੰਸਦ ’ਚ ਆਪਣੀ ਰਣਨੀਤੀ ਬਦਲਣ ਦੀ ਗੁਜ਼ਾਰਿਸ਼ ਕਰਦੇ ਹੋਏ ਕਾਂਗਰਸ ਲੀਡਰਸ਼ਿਪ ਨੂੰ ਸੰਦੇਸ਼ ਭਿਜਵਾਇਆ ਹੈ ਕਿ ਡੈੱਡਲਾਕ (ਅੜਿੱਕਾ) ਪੈਦਾ ਕਰਨ ਦੀ ਥਾਂ ਸਦਨ ’ਚ 2 ਅਤੇ 3 ਦਸੰਬਰ ਨੂੰ ਸੰਵਿਧਾਨ ’ਤੇ ਸੰਭਾਵਿਤ ਬਹਿਸ ਦੌਰਾਨ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਉਠਾਉਣੀਆਂ ਚਾਹੀਦੀਆਂ ਹਨ।

ਇਸ ਸਮੇਂ ਜਦ ਕਿ ਦੇਸ਼ ਉਕਤ ਸਮੱਸਿਆਵਾਂ ਤੋਂ ਇਲਾਵਾ ਕਾਨੂੰਨ ਵਿਵਸਥਾ, ਜੀ. ਡੀ. ਪੀ. ਅਤੇ ਵਿਦੇਸ਼ੀ ਮੁਦਰਾ ਭੰਡਾਰ ’ਚ ਗਿਰਾਵਟ ਆਦਿ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਤ੍ਰਿਣਮੂਲ ਕਾਂਗਰਸ ਅਤੇ ਖੱਬੇ ਮੋਰਚੇ ਵਲੋਂ ਕਾਂਗਰਸ ਨੂੰ ਦਿੱਤੀ ਗਈ ਸਲਾਹ ’ਚ ਦਮ ਹੈ।

ਆਖਰ ਸੰਸਦ ਜਨਤਾ ਨਾਲ ਜੁੜੀਆਂ ਸਮੱਸਿਆਵਾਂ ’ਤੇ ਸਾਰੀਆਂ ਵਿਚਾਰਧਾਰਾਵਾਂ ਦੇ ਆਗੂਆਂ ਵਲੋਂ ਚਰਚਾ ਅਤੇ ਉਸ ’ਤੇ ਸਰਕਾਰ ਕੋਲੋਂ ਜਵਾਬ-ਤਲਬੀ ਕਰਨ ਦਾ ਮੰਚ ਹੈ, ਜਿਸ ’ਚ ਕੰਮਕਾਜ ਦੇ ਇਕ ਘੰਟੇ ਦਾ ਖਰਚ ਲਗਭਗ ਡੇਢ ਕਰੋੜ ਰੁਪਏ ਹੈ, ਇਸ ਲਈ ਇਸ ਕੀਮਤੀ ਸਮੇਂ ਨੂੰ ਅੜਿੱਕੇ ਦੀ ਭੇਟ ਚੜ੍ਹਾਉਣਾ ਕਿਸੇ ਵੀ ਨਜ਼ਰੀਏ ਤੋਂ ਠੀਕ ਨਹੀਂ ਹੈ।

–ਵਿਜੇ ਕੁਮਾਰ


author

Harpreet SIngh

Content Editor

Related News