ਚਾਰ ਸੂਬਿਆਂ ’ਚ ਹੋਵੇਗੀ ਫੈਸਲਾਕੁੰਨ ਚੋਣ ਜੰਗ

Wednesday, Mar 20, 2024 - 01:24 PM (IST)

ਚਾਰ ਸੂਬਿਆਂ ’ਚ ਹੋਵੇਗੀ ਫੈਸਲਾਕੁੰਨ ਚੋਣ ਜੰਗ

19 ਅਪ੍ਰੈਲ ਤੋਂ 1 ਜੂਨ ਦੇ ਦਰਮਿਆਨ ਲੋਕ ਸਭਾ ਦੀਆਂ 543 ਸੀਟਾਂ ਲਈ ਵੋਟਿੰਗ ਹੋਵੇਗੀ ਪਰ ਲੱਗਦਾ ਹੈ ਕਿ ਅਗਲੀ ਕੇਂਦਰ ਸਰਕਾਰ ਲਈ ਚਾਰ ਸੂਬਿਆਂ ਦੀ ਚੋਣ ਜੰਗ ਫੈਸਲਾਕੁੰਨ ਸਾਬਿਤ ਹੋ ਸਕਦੀ ਹੈ। ਇਹ ਸੂਬਾ ਹਨ-ਮਹਾਰਾਸ਼ਟਰ, ਪੱਛਮੀ ਬੰਗਾਲ, ਬਿਹਾਰ ਅਤੇ ਕਰਨਾਟਕ। ਇਨ੍ਹਾਂ ਸੂਬਿਆਂ ਤੋਂ ਲੋਕ ਸਭਾ ਲਈ 158 ਸੰਸਦ ਮੈਂਬਰ ਚੁਣੇ ਜਾਂਦੇ ਹਨ ਅਤੇ ਪਿਛਲੀਆਂ ਚੋਣਾਂ ’ਚ ਭਾਜਪਾ ਇਕੱਲੇ ਦਮ ’ਤੇ 83 ਸੀਟਾਂ ਜਿੱਤਣ ’ਚ ਸਫਲ ਰਹੀ ਸੀ। ਉਸ ਦੇ ਸਹਿਯੋਗੀਆਂ ਦੀਆਂ ਸੀਟਾਂ ਵੀ ਜੋੜ ਲਈਏ ਤਾਂ ਐੱਨ. ਡੀ. ਏ. ਨੇ ਇਨ੍ਹਾਂ ’ਚੋਂ 118 ਸੀਟਾਂ ਜਿੱਤੀਆਂ ਸਨ। ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਉਹ ਪ੍ਰਦਰਸ਼ਨ ਦੁਹਰਾਅ ਸਕਣਾ ਸੰਭਵ ਨਹੀਂ ਲੱਗਦਾ।

ਕਾਰਨ ਵੀ ਸਾਫ ਹੈ : ਪਿਛਲੀਆਂ ਲੋਕ ਸਭਾ ਚੋਣਾਂ ਤੋਂ ਹੁਣ ਤਕ ਦੇਸ਼ ਦਾ ਸਿਆਸੀ ਮਾਹੌਲ ਬਦਲਿਆ ਹੈ ਅਤੇ ਸਮੀਕਰਨ ਵੀ। 48 ਲੋਕ ਸਭਾ ਸੀਟਾਂ ਵਾਲੇ ਮਹਾਰਾਸ਼ਟਰ ਤੋਂ ਗੱਲ ਸ਼ੁਰੂ ਕਰੀਏ ਤਾਂ ਪਿਛਲੀ ਵਾਰ ਐੱਨ. ਡੀ. ਏ. 41 ਸੀਟਾਂ ਜਿੱਤਣ ’ਚ ਸਫਲ ਰਿਹਾ ਸੀ। ਉਦੋਂ ਭਾਜਪਾ ਨੇ 23 ਅਤੇ ਉਸ ਦੀ ਮਿੱਤਰ ਪਾਰਟੀ ਸ਼ਿਵ ਸੈਨਾ ਨੇ 18 ਸੀਟਾਂ ਜਿੱਤੀਆਂ ਸਨ ਪਰ ਸੂਬੇ ’ਚ ਸਰਕਾਰ ਦੀ ਲੀਡਰਸ਼ਿਪ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਹੁਣ ਦੋਵੇਂ ਵੱਖ-ਵੱਖ ਪਾਲੇ ’ਚ ਹਨ। ਬੇਸ਼ੱਕ ਸ਼ਿਵ ਸੈਨਾ ’ਚ ਵੰਡ ਤੋਂ ਬਾਅਦ ਸੂਬੇ ’ਚ ਊਧਵ ਠਾਕਰੇ ਦੀ ਅਗਵਾਈ ਵਾਲੀ ਐੱਮ. ਵੀ. ਏ. ਸਰਕਾਰ ਡਿੱਗ ਗਈ। ਬਾਅਦ ’ਚ ਐੱਨ. ਸੀ. ਪੀ. ’ਚ ਵੀ ਵੰਡ ਹੋ ਗਈ। ਦੋਵਾਂ ਪਾਰਟੀਆਂ ਨਾਲ ਬਗਾਵਤ ਕਰਨ ਵਾਲੀਆਂ ਧਿਰਾਂ ਹੁਣ ਭਾਜਪਾ ਦੇ ਨਾਲ ਐੱਨ. ਡੀ. ਏ. ’ਚ ਹਨ। ਏਕਨਾਥ ਸ਼ਿੰਦੇ ਤਾਂ ਮੁੱਖ ਮੰਤਰੀ ਵੀ ਹਨ, ਜਦਕਿ ਅਜੀਤ ਪਵਾਰ ਉਪ ਮੁੱਖ ਮੰਤਰੀ।

ਇਸ ਸਿਆਸੀ ਉਤਰਾਅ-ਚੜ੍ਹਾਅ ਤੋਂ ਬਾਅਦ ਮਹਾਰਾਸ਼ਟਰ ’ਚ ਹੋਣ ਵਾਲੀਆਂ ਇਹ ਪਹਿਲੀਆਂ ਚੋਣਾਂ ਹੋਣਗੀਆਂ। ਇਸ ਲਈ ਚੋਣਾਂ ’ਚ ਹੀ ਤੈਅ ਹੋਵੇਗਾ ਕਿ ਸ਼ਿੰਦੇ ਅਤੇ ਅਜੀਤ ਪਵਾਰ ਦੇ ਨਾਲ ਸੰਸਦ ਮੈਂਬਰ-ਵਿਧਾਇਕਾਂ ਤੋਂ ਇਲਾਵਾ ਕ੍ਰਮਵਾਰ ਸ਼ਿਵ ਸੈਨਾ ਅਤੇ ਐੱਨ. ਸੀ. ਪੀ. ਦਾ ਲੋਕ-ਆਧਾਰ ਕਿੰਨਾ ਗਿਆ ਪਰ ਮਹਾਰਾਸ਼ਟਰ ਦੀ ਸਿਅਾਸਤ ਦੀ ਆਮ ਸਮਝ ਇਹ ਕਹਿੰਦੀ ਹੈ ਕਿ ਊਧਵ ਠਾਕਰੇ ਅਤੇ ਸ਼ਰਦ ਪਵਾਰ ਦੇ ਮੁਕਾਬਲੇ ਕ੍ਰਮਵਾਰ ਸ਼ਿੰਦੇ ਅਤੇ ਅਜੀਤ ਸ਼ਾਇਦ ਹੀ ਚੋਣਾਂ ’ਚ ਕੁਝ ਕਰ ਸਕਣ। ਹਾਂ, ਭਾਜਪਾ ਖੁਦ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ ਪਰ ਇਸ ’ਚ ਸ਼ੱਕ ਹੈ ਕਿ ਉਹ ਪਿਛਲੀ ਵਾਰ ਤੋਂ ਵੀ ਵੱਧ ਸੀਟਾਂ ਜਿੱਤ ਸਕੇਗੀ। ਇਸ ਲਈ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਸ਼ਿੰਦੇ ਦੀ ਸ਼ਿਵ ਸੈਨਾ ਅਤੇ ਅਜੀਤ ਦੀ ਐੱਨ. ਸੀ. ਪੀ. ਕਿੰਨੀਆਂ ਸੀਟਾਂ ਜਿੱਤ ਸਕਦੀ ਹੈ ਅਤੇ ਠਾਕਰੇ ਅਤੇ ਸ਼ਰਦ ਪਵਾਰ ਦੀਆਂ ਪਾਰਟੀਆਂ ਨੂੰ ਹਮਦਰਦੀ ਦਾ ਕਿੰਨਾ ਚੋਣ ਲਾਭ ਮਿਲਦਾ ਹੈ।

ਜੇਕਰ ਪ੍ਰਕਾਸ਼ ਅੰਬੇਡਕਰ ਦੀ ਵੰਚਿਤ ਵਿਕਾਸ ਅਘਾੜੀ ਵੀ ਐੱਮ. ਵੀ. ਏ. ਨਾਲ ‘ਇੰਡੀਆ’ ਗੱਠਜੋੜ ’ਚ ਸ਼ਾਮਲ ਹੁੰਦੀ ਹੈ, ਉਦੋਂ ਭਾਜਪਾ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਸਕਦੀਆਂ ਹਨ। 42 ਸੀਟਾਂ ਵਾਲੇ ਪੱਛਮੀ ਬੰਗਾਲ ’ਚ ਪਿਛਲੀ ਵਾਰ ਭਾਜਪਾ ਨੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਜ਼ੋਰਦਾਰ ਟੱਕਰ ਦਿੰਦੇ ਹੋਏ 18 ਸੀਟਾਂ ਜਿੱਤੀਆਂ ਸਨ। ‘ਇੰਡੀਆ’ ਗੱਠਜੋੜ ਬਣ ਜਾਣ ਦੇ ਬਾਵਜੂਦ ਤ੍ਰਿਣਮੂਲ ਸਾਰੀਆਂ ਸੀਟਾਂ ’ਤੇ ਇਕੱਲੇ ਚੋਣਾਂ ਲੜ ਰਹੀ ਹੈ। ਅਜਿਹੇ ’ਚ ਤ੍ਰਿਣਮੂਲ-ਭਾਜਪਾ ਅਤੇ ਕਾਂਗਰਸ-ਖੱਬੇਪੱਖੀ ਮੋਰਚਾ ਦੇ ਦਰਮਿਆਨ ਦਿਲਚਸਪ ਤ੍ਰਿਕੋਣੀ ਚੋਣ ਮੁਕਾਬਲੇ ’ਚ ਭਾਜਪਾ ’ਤੇ ਸੀਟਾਂ ਵਧਾਉਣ ਤੋਂ ਵੱਧ ਬਚਾਉਣ ਦਾ ਦਬਾਅ ਰਹੇਗਾ ਕਿਉਂਕਿ ਮਮਤਾ ਸਰਕਾਰ ਵਿਰੁੱਧ ਸੱਤਾ ਵਿਰੋਧੀ ਭਾਵਨਾ ਲਈ ਭਾਜਪਾ ਕੋਲ ਇਧਰ ਵੀ ਇਕ ਬਦਲ ਉਪਲਬੱਧ ਹੋਵੇਗਾ। ਜ਼ਾਹਿਰ ਹੈ, ਤ੍ਰਿਣਮੂਲ ਅਤੇ ਕਾਂਗਰਸ-ਖੱਬੇਪੱਖੀ ਮੋਰਚਾ ਵੱਖ-ਵੱਖ ਲੜ ਕੇ ਵੀ ਜੋ ਸੀਟਾਂ ਜਿੱਤਣਗੇ, ਉਹ ਚੋਣਾਂ ਤੋਂ ਬਾਅਦ ਭਾਜਪਾ ਵਿਰੋਧੀ ਖੇਮੇ ’ਚ ਹੀ ਰਹਿਣਗੀਆਂ।

40 ਸੀਟਾਂ ਵਾਲੇ ਬਿਹਾਰ ’ਚ ਪਿਛਲੀ ਵਾਰ ਐੱਨ. ਡੀ. ਏ. ਨੇ 39 ਸੀਟਾਂ ਜਿੱਤ ਕੇ ਲਗਭਗ ਕਲੀਨ ਸਵੀਪ ਕੀਤਾ ਸੀ। ਬੇਸ਼ੱਕ ਵਿਰੋਧੀ ਗੱਠਜੋੜ ਦੇ ਸੂਤਰਧਾਰ ਨਜ਼ਰ ਆ ਰਹੇ ਨਿਤੀਸ਼ ਕੁਮਾਰ ਫਿਰ ਪਾਲਾ ਬਦਲ ਕੇ ਐੱਨ. ਡੀ. ਏ. ’ਚ ਵਾਪਸ ਪਰਤ ਚੁੱਕੇ ਹਨ ਪਰ ਰਾਮਵਿਲਾਸ ਪਾਸਵਾਨ ਹੁਣ ਨਹੀਂ ਹਨ, ਜਿਨ੍ਹਾਂ ਦੀ ਲੋਕ ਜਨਸ਼ਕਤੀ ਪਾਰਟੀ ਨੇ 6 ਸੀਟਾਂ ਜਿੱਤੀਆਂ ਸਨ। ਰਾਮਵਿਲਾਸ ਦੇ ਦਿਹਾਂਤ ਤੋਂ ਬਾਅਦ ਲੋਜਪਾ ਭਰਾ ਅਤੇ ਬੇਟੇ ਦੇ ਦਰਮਿਆਨ ਦੋਫਾੜ ਹੋ ਗਈ। ਪੰਜ ਸੰਸਦ ਮੈਂਬਰਾਂ ਦੇ ਨੇਤਾ ਦੇ ਰੂਪ ’ਚ ਭਰਾ ਪਸ਼ੂਪਤੀ ਪਾਰਸ ਕੇਂਦਰ ਸਰਕਾਰ ’ਚ ਮੰਤਰੀ ਵੀ ਬਣ ਗਏ, ਜਦਕਿ ਬੇਟੇ ਚਿਰਾਗ ਨੇ ਭਾਜਪਾ ਦਾ ਹਨੂੰਮਾਨ ਬਣ ਕੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਨਿਤੀਸ਼ ਦੇ ਜਦ (ਯੂ) ਨੂੰ 43 ਸੀਟਾਂ ’ਤੇ ਸਮੇਟਣ ’ਚ ਭੂਮਿਕਾ ਨਿਭਾਈ। ਅਜਿਹਾ ਲੱਗ ਰਿਹਾ ਹੈ ਕਿ ਭਾਜਪਾ ਇਸ ਵਾਰ ਚਿਰਾਗ ’ਤੇ ਦਾਅ ਲਗਾਏਗੀ। ਬੇਸ਼ੱਕ ਚਿਰਾਗ ਅਤੇ ਪਸ਼ੂਪਤੀ ਦੋਵਾਂ ’ਚ ਹੀ ਲੋਕ-ਆਧਾਰ ਦੀ ਚੋਣ ਪ੍ਰੀਖਿਆ ਅਜੇ ਹੋਣੀ ਹੈ ਪਰ ਜ਼ਿਆਦਾਤਰ ਜਾਣਕਾਰਾਂ ਦਾ ਮੰਨਣਾ ਹੈ ਕਿ ਐੱਨ. ਡੀ. ਏ. ਲਈ 39 ਸੀਟਾਂ ਜਿੱਤ ਸਕਣਾ ਸੰਭਵ ਨਹੀਂ ਲੱਗਦਾ। ਜੇਕਰ ਅਜਿਹਾ ਹੁੰਦਾ ਹੈ, ਤਾਂ ਸੁਭਾਵਿਕ ਹੀ ‘ਇੰਡੀਆ’ ਦੀਆਂ ਸੀਟਾਂ ਵਧਣਗੀਆਂ, ਜੋ ਪਿਛਲੀ ਵਾਰ ਸਿਰਫ 1 ਸੀਟ ’ਤੇ ਸਿਮਟ ਗਿਆ ਸੀ।

28 ਲੋਕ ਸਭਾ ਸੀਟਾਂ ਵਾਲੇ ਕਰਨਾਟਕ ’ਚ ਪਿਛਲੀਆਂ ਲੋਕ ਸਭਾ ਚੋਣਾਂ ਦੇ ਸਮੇਂ ਭਾਜਪਾ ਦੀ ਸਰਕਾਰ ਸੀ ਅਤੇ ਉਸ ਨੇ ਇਕੱਲੇ ਦਮ ’ਤੇ 25 ਸੀਟਾਂ ਜਿੱਤੀਆਂ ਸਨ। ਭਾਜਪਾ ਸਮਰਥਿਤ ਇਕ ਆਜ਼ਾਦ ਵੀ ਜਿੱਤਿਆ ਸੀ ਪਰ ਪਿਛਲੇ ਸਾਲ ਕਾਂਗਰਸ ਦੁਆਰਾ ਸੂਬੇ ’ਚ ਸੱਤਾ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ, ਉਸ ਲਈ ਆਪਣੀ ਪਿਛਲੀ ਕਾਰਗੁਜ਼ਾਰੀ ਨੂੰ ਦੁਹਰਾਉਣਾ ਅਸੰਭਵ ਹੋਵੇਗਾ। ਹਾਲਾਂਕਿ ਹੁਣ ਭਾਜਪਾ ਨੇ ਐੱਚ. ਡੀ. ਦੇਵੇਗੌੜਾ ਦੇ ਜਦ (ਐੱਸ) ਨਾਲ ਗੱਠਜੋੜ ਕੀਤਾ ਹੈ ਪਰ ਕਰਨਾਟਕ ’ਚ ਕਾਂਗਰਸ ਦੀਆਂ ਸੀਟਾਂ ਵਧਣਾ ਤੈਅ ਹੈ। ਅਜਿਹੇ ’ਚ ਸੁਭਾਵਿਕ ਸਵਾਲ ਇਹ ਹੈ ਕਿ ਜਦੋਂ ਇਨ੍ਹਾਂ ਚਾਰ ਸੂਬਿਆਂ ’ਚ ਭਾਜਪਾ ਦੀਆਂ ਸੀਟਾਂ ਘਟਣ ਦਾ ਸ਼ੱਕ ਹੈ ਤਾਂ ਉਹ 370 ਸੀਟਾਂ ਜਿੱਤਣ ਦਾ ਟੀਚਾ ਕਿਵੇਂ ਹਾਸਲ ਕਰੇਗੀ?

ਸੱਚ ਤਾਂ ਇਹ ਹੈ ਕਿ ਜੇਕਰ ਇਨ੍ਹਾਂ ਚਾਰ ਸੂਬਿਆਂ ’ਚ ਭਾਜਪਾ ਦੀਆਂ ਸੀਟਾਂ ਅਨੁਮਾਨ ਮੁਤਾਬਕ ਘਟੀਆਂ, ਉਦੋਂ ਤਾਂ 272 ਦਾ ਜਾਦੂਈ ਅੰਕੜਾ ਛੂਹਣ ਦਾ ਦਾਰੋਮਦਾਰ ਵੀ ਉੱਤਰ ਪ੍ਰਦੇਸ਼ ’ਤੇ ਟਿਕ ਜਾਵੇਗਾ। 80 ਸੀਟਾਂ ਵਾਲੇ ਉੱਤਰ ਪ੍ਰਦੇਸ਼ ਤੋਂ ਭਾਜਪਾ ਨੇ ਪਿਛਲੀ ਵਾਰ ਇਕੱਲੇ ਦਮ ’ਤੇ 62 ਅਤੇ ਸਹਿਯੋਗੀਆਂ ਨਾਲ ਮਿਲ ਕੇ 64 ਸੀਟਾਂ ਜਿੱਤੀਆਂ ਸਨ ਪਰ 2014 ’ਚ ਉਹ ਇਕੱਲੇ ਦਮ ’ਤੇ 71 ਅਤੇ ਸਹਿਯੋਗੀਆਂ ਨਾਲ 73 ਸੀਟਾਂ ਜਿੱਤਣ ’ਚ ਸਫਲ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਬਣੇ ਮਾਹੌਲ ਅਤੇ ਜੈਅੰਤ ਚੌਧਰੀ ਵਲੋਂ ਪਾਲਾ ਬਦਲਣ ਤੋਂ ਬਾਅਦ ਉੱਤਰ ਪ੍ਰਦੇਸ਼ ’ਚ ਭਾਜਪਾ 2014 ਦਾ ਪ੍ਰਦਰਸ਼ਨ ਦੁਹਰਾਅ ਸਕਦੀ ਹੈ।

ਬੇਸ਼ੱਕ ਪ੍ਰਧਾਨ ਮੰਤਰੀ ਮੋਦੀ ਦੀਆਂ ਲਗਾਤਾਰ ਯਾਤਰਾਵਾਂ ਅਤੇ ਆਂਧਰਾ ਪ੍ਰਦੇਸ਼ ’ਚ ਫਿਰ ਟੀ. ਡੀ. ਪੀ. ਨਾਲ ਗੱਠਜੋੜ ਰਾਹੀਂ ਭਾਜਪਾ ਦੱਖਣ ’ਚ ਆਪਣੀ ਪੈਠ ਵਧਾਉਣ ਦੀ ਕਵਾਇਦ ਕਰ ਰਹੀ ਹੈ ਪਰ ਉਸ ਦੇ ਬਲ ’ਤੇ 370 ਦਾ ਗਗਨਚੁੰਬੀ ਟੀਚਾ ਛੂਹ ਸਕਣਾ ਸੰਭਵ ਨਹੀਂ ਲੱਗਦਾ। ਇਸ ਲਈ ਜ਼ਰੂਰੀ ਹੋਵੇਗਾ ਕਿ ਭਾਜਪਾ ਨੁਕਸਾਨ ਦੇ ਖਦਸ਼ੇ ਵਾਲੇ ਚਾਰਾਂ ਸੂਬਿਆਂ ’ਚ ਆਪਣੀ ਚੋਣ ਬਿਸਾਤ ਅਜਿਹੀ ਵਿਛਾਵੇ ਕਿ ਨੁਕਸਾਨ ਘੱਟ ਤੋਂ ਘੱਟ ਹੋਵੇ।

ਰਾਜ ਕੁਮਾਰ ਸਿੰਘ


author

Rakesh

Content Editor

Related News