ਆਪਣੀ ਕੁਦਰਤੀ ਰਿਹਾਇਸ਼ ਖੁੱਸਦੀ ਦੇਖ ਜੰਗਲੀ ਪ੍ਰਾਣੀ ਕਰਨ ਲੱਗੇ ਸ਼ਹਿਰਾਂ ਦਾ ਰੁਖ਼
Monday, Jan 22, 2024 - 03:40 AM (IST)
ਜੰਗਲਾਤ ਸੰਭਾਲ ਐਕਟ 1980 ’ਚ ਜੰਗਲਾਂ ਦੀ ਕਟਾਈ ਨੂੰ ਵੱਡੇ ਪੱਧਰ ’ਤੇ ਰੋਕਣ ਲਈ ਲਾਗੂ ਕੀਤਾ ਗਿਆ ਸੀ ਪਰ ਅਜੇ ਵੀ ਸੂਬਾਈ ਸਰਕਾਰਾਂ ਅਤੇ ਕਾਰਪੋਰੇਸ਼ਨਾਂ ਨੇ ਜੰਗਲਾਂ ਦੀ ਕਟਾਈ ਨੂੰ ਰੋਕਣ ਦਾ ਯਤਨ ਨਹੀਂ ਕੀਤਾ। ਜਦੋਂ ਤੋਂ ਇਨਸਾਨਾਂ ਨੇ ਸ਼ਹਿਰਾਂ ਦਾ ਵਿਸਥਾਰ ਕਰਨ ਲਈ ਜੰਗਲਾਂ ਦਾ ਰੁਖ਼ ਕਰ ਲਿਆ ਹੈ, ਇਸ ਨਾਲ ਆਪਣੀ ਕੁਦਰਤੀ ਰਿਹਾਇਸ਼ ਖੁੱਸਦੀ ਦੇਖ ਜੰਗਲੀ ਜਾਨਵਰਾਂ ਦਾ ਸ਼ਹਿਰੀ ਇਲਾਕਿਆਂ ’ਚ ਆਉਣਾ-ਜਾਣਾ ਆਮ ਹੁੰਦਾ ਜਾ ਰਿਹਾ ਹੈ।
* 2 ਦਸੰਬਰ ਨੂੰ ਰਾਜਧਾਨੀ ਦਿੱਲੀ ਦੇ ‘ਸੈਨਿਕ ਫਾਰਮ’ ’ਚ ਤੇਂਦੂਆ ਦਿਖਾਈ ਦੇਣ ਪਿੱਛੋਂ ਲੋਕਾਂ ’ਚ ਦਹਿਸ਼ਤ ਫੈਲ ਗਈ।
* 26 ਦਸੰਬਰ ਨੂੰ ਪੀਲੀਭੀਤ (ਉੱਤਰ ਪ੍ਰਦੇਸ਼) ’ਚ ਇਕ ਬਾਘਣ ਦੇਰ ਰਾਤ ਕਲੀਨਗਰ ਤਹਿਸੀਲ ਖੇਤਰ ਦੇ ਅਟਕੋਨਾ ਪਿੰਡ ’ਚ ਵੜ ਗਈ ਅਤੇ ਇਕ ਕੰਧ ’ਤੇ ਕਾਫੀ ਦੇਰ ਤੱਕ ਇਧਰ-ਓਧਰ ਘੁੰਮਦੀ ਜਾਂ ਬੈਠ ਕੇ ਪੋਜ਼ ਦਿੰਦੀ ਰਹੀ।
* 8 ਜਨਵਰੀ ਨੂੰ ਛਿੰਦਵਾੜਾ (ਮੱਧ ਪ੍ਰਦੇਸ਼) ਸ਼ਹਿਰ ’ਚ ਇਕ ਬਾਘ ਦਾਖਲ ਹੋ ਗਿਆ ਅਤੇ ਸਾਰੀ ਰਾਤ ਇਧਰ-ਓਧਰ ਘੁੰਮਦਾ ਰਿਹਾ। ਇਸ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ ਅਤੇ ਜੰਗਲਾਤ ਵਿਭਾਗ ਨੇ ਲੋਕਾਂ ਨੂੰ ਘਰ ’ਚ ਹੀ ਰਹਿਣ ਦਾ ਅਲਰਟ ਜਾਰੀ ਕਰ ਦਿੱਤਾ।
* 14 ਜਨਵਰੀ ਨੂੰ ਵਾਇਰਲ ਹੋਈ ਇਕ ਵੀਡੀਓ ’ਚ ਦੇਹਰਾਦੂਨ (ਉੱਤਰਾਖੰਡ) ਦੀ ਵਰਿੰਦਾਵਨ ਕਾਲੋਨੀ ’ਚ ਇਕ ਤੇਂਦੂਆ ਘੁੰਮਦਾ ਦਿਖਾਈ ਦਿੱਤਾ। ਸਥਾਨਕ ਲੋਕਾਂ ਅਨੁਸਾਰ ਇਸੇ ਤੇਂਦੂਏ ਨੇ ਕੈਨਾਲ ਰੋਡ ਕੋਲ ਇਕ ਲੜਕੇ ’ਤੇ ਹਮਲਾ ਕੀਤਾ ਸੀ।
* 18 ਜਨਵਰੀ ਨੂੰ ਇਕ ਹਾਥੀ ਓਡਿਸ਼ਾ ਦੇ ਮਯੂਰਭੰਜ ਜ਼ਿਲ੍ਹੇ ਦੇ ਬਾਰੀਪਦਾ ਸ਼ਹਿਰ ’ਚ ਵੜ ਗਿਆ ਅਤੇ ਸ਼ਹਿਰ ’ਚ ਇਕ ਥਾਂ ਤੋਂ ਦੂਜੀ ਥਾਂ ਤੱਕ ਲੋਕਾਂ ਨੂੰ ਭਜਾਉਂਦਾ ਰਿਹਾ। ਉਸ ਨੇ ਕੁਝ ਘਰਾਂ ਦੀ ਚਾਰਦੀਵਾਰੀ ਨੂੰ ਵੀ ਤੋੜ ਦਿੱਤਾ ਅਤੇ ਇਕ ਸਰਕਾਰੀ ਸਕੂਲ ਦੀ ਚਾਰਦੀਵਾਰੀ ਤੋੜ ਕੇ ਉੱਥੇ ਵੀ ਵੜਨ ਦੀ ਕੋਸ਼ਿਸ਼ ਕੀਤੀ।
ਇਹੀ ਨਹੀਂ, ਪਿਛਲੇ ਕੁਝ ਦਿਨਾਂ ਤੋਂ ਇੰਦੌਰ (ਮੱਧ ਪ੍ਰਦੇਸ਼) ’ਚ ਇਨਫੋਸਿਸ ਅਤੇ ਟੀ.ਸੀ.ਐੱਸ. ਦੇ ਕੰਪਲੈਕਸਾਂ ’ਚ ਇਕ ਮਾਦਾ ਤੇਂਦੂਆ ਨੇ ਆਪਣੇ 2 ਬੱਚਿਆਂ ਨਾਲ ਡੇਰਾ ਜਮਾ ਰੱਖਿਆ ਹੈ, ਜਿਸ ਕਾਰਨ ਦੋਵਾਂ ਹੀ ਕੰਪਨੀਆਂ ਦੇ ਮੁਲਾਜ਼ਮਾਂ ਨੂੰ ਚੌਕਸੀ ਵਰਤਣ ਲਈ ਕਿਹਾ ਗਿਆ ਹੈ।
ਇਨ੍ਹਾਂ ਤਿੰਨਾਂ ਨੇ ਆਪਣੀਆਂ ਸਰਗਰਮੀਆਂ ਦੋਵਾਂ ਕੰਪਲੈਕਸਾਂ ਦੀਆਂ ਕੁਝ ਇਮਾਰਤਾਂ ਤੱਕ ਸੀਮਤ ਰੱਖੀਆਂ ਹੋਈਆਂ ਹਨ। ਜੰਗਲਾਤ ਵਿਭਾਗ ਦੇ ਲੋਕਾਂ ਦਾ ਕਹਿਣਾ ਹੈ ਕਿ ਮਾਦਾ ਤੇਂਦੂਆ ਅਤੇ ਬੱਚੇ ਕਾਫੀ ਸਮੇਂ ਤੋਂ ਕੰਪਲੈਕਸ ’ਚ ਹੀ ਰਹਿ ਰਹੇ ਹੋਣਗੇ ਅਤੇ ਸ਼ਾਇਦ ਇਨ੍ਹਾਂ ਦਾ ਜਨਮ ਵੀ ਉੱਥੇ ਹੀ ਹੋਇਆ ਹੋਵੇ। ਇਨ੍ਹਾਂ ਨੂੰ ਫੜਨ ਲਈ ਪਿੰਜਰੇ ਲਾਏ ਗਏ ਪਰ ਇਹ ਤੇਂਦੂਏ ਪਿੰਜਰਿਆਂ ਦੇ ਨੇੜੇ ਵੀ ਨਹੀਂ ਫਟਕੇ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਜਿੱਥੇ ਮਨੁੱਖ ਜੰਗਲੀ ਜੀਵਾਂ ਦੇ ਮੂਲ ਨਿਵਾਸ ਸਥਾਨ ਜੰਗਲਾਂ ਦਾ ਸਫਾਇਆ ਕਰ ਕੇ ਉਨ੍ਹਾਂ ’ਤੇ ਕਬਜ਼ਾ ਕਰ ਰਹੇ ਹਨ, ਉੱਥੇ ਜੰਗਲੀ ਜੀਵ ਵੀ ਆਪਣੀ ਕੁਦਰਤੀ ਰਿਹਾਇਸ਼ ਛੱਡ ਕੇ ਸ਼ਹਿਰਾਂ ’ਚ ਇਨਸਾਨੀ ਆਬਾਦੀ ਵੱਲ ਰੁਖ਼ ਕਰਨ ਨੂੰ ਮਜਬੂਰ ਹੋਣ ਲੱਗੇ ਹਨ।
ਯਕੀਨੀ ਹੀ ਇਹ ਇਕ ਚਿੰਤਾਜਨਕ ਸਥਿਤੀ ਹੈ। ਇਸ ਤੋਂ ਪਹਿਲਾਂ ਕਿ ਕਈ ਬਨਸਪਤੀਆਂ ਅਤੇ ਜਾਨਵਰ ਨਸ਼ਟ ਹੋ ਜਾਣ, ਲੋਕਾਂ ਨੂੰ ਜੰਗਲ ਕੱਟ ਕੇ ਜੰਗਲੀ ਜੀਵਾਂ ਨੂੰ ਉਨ੍ਹਾਂ ਦੀਆਂ ਕੁਦਰਤੀ ਰਿਹਾਇਸ਼ਾਂ ਤੋਂ ਬੇਦਖਲ ਕਰਨ ਦੀ ਕੋਸ਼ਿਸ਼ ਬੰਦ ਕਰ ਦੇਣੀ ਚਾਹੀਦੀ ਹੈ।
-ਵਿਜੇ ਕੁਮਾਰ