ਹਰਿਆਣਾ ’ਚ ਭਾਜਪਾ ਦੀ ਤੀਜੀ ਅਤੇ ਨਾਇਬ ਸੈਣੀ ਦੀ ਦੂਜੀ ਪਾਰੀ ਦੀ ਸ਼ੁਰੂਆਤ

Friday, Oct 18, 2024 - 02:08 AM (IST)

ਹਰਿਆਣਾ ’ਚ ਭਾਜਪਾ ਨੇ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਇਹ ਪਹਿਲਾ ਮੌਕਾ ਹੈ ਜਦ ਹਰਿਆਣਾ ਦੇ ਗਠਨ ਪਿੱਛੋਂ ਕਿਸੇ ਪਾਰਟੀ ਦੀ ਲਗਾਤਾਰ ਤੀਜੀ ਵਾਰ ਸਰਕਾਰ ਬਣੀ ਹੈ। ਚੋਣਾਂ ਤੋਂ ਕੁਝ ਸਮਾਂ ਪਹਿਲਾਂ ਪਾਰਟੀ ਦੀ ਅਗਵਾਈ ਮਨੋਹਰ ਲਾਲ ਖੱਟੜ ਤੋਂ ਲੈ ਕੇ ਨਾਇਬ ਸਿੰਘ ਸੈਣੀ ਨੂੰ ਸੌਂਪਣ ਦਾ ਤਜਰਬਾ ਸਫਲ ਰਿਹਾ।

ਲਗਾਤਾਰ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਨਾਇਬ ਸਿੰਘ ਸੈਣੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀਆਂ ਦੇ ਸਹੁੰ ਚੁੱਕ ਸਮਾਗਮ ਨੂੰ ਵੀ ਭਾਜਪਾ ਨੇ ਇਤਿਹਾਸਕ ਬਣਾ ਦਿੱਤਾ ਜਿਸ ’ਚ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰੱਖਿਆ ਮੰਤਰੀ ਅਤੇ ਭਾਜਪਾ ਪ੍ਰਧਾਨ ਸਮੇਤ ਕਈ ਕੇਂਦਰੀ ਮੰਤਰੀ ਅਤੇ ਰਾਜਗ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਏ।

ਜਿਥੇ ਨਾਇਬ ਸੈਣੀ ਨੇ ਨਵੇਂ ਮੰਤਰੀ ਮੰਡਲ ’ਚ ਸਾਰੇ ਵਰਗਾਂ ਦੀਆਂ ਆਸਾਂ ਦੀ ਪੂਰਤੀ ਦਾ ਧਿਆਨ ਰੱਖਿਆ ਹੈ ਉਥੇ ਹੀ ਸਿਆਸੀ ਦੂਰ-ਦ੍ਰਿਸ਼ਟੀ ਤੋਂ ਜਾਣੂ ਵੀ ਕਰਵਾਇਆ ਹੈ। ਮੰਤਰੀ ਮੰਡਲ ’ਚ 2 ਓ. ਬੀ. ਸੀ., 2 ਯਾਦਵ, 2 ਬ੍ਰਾਹਮਣ, 2 ਜਾਟ, 1-1 ਜਾਟਵ, ਵਾਲਮੀਕਿ, ਵੈਸ਼ਯ, ਰਾਜਪੂਤ, ਪੰਜਾਬੀ ਖੱਤਰੀ ਅਤੇ ਗੁਰਜਰ ਸ਼ਾਮਲ ਕੀਤੇ ਗਏ ਹਨ।

ਨਾਇਬ ਸਿੰਘ ਸੈਣੀ ਪਿੱਛੋਂ ਅਨਿਲ ਵਿਜ ਨੂੰ ਦੂਜੇ ਸਥਾਨ ’ਤੇ ਸਹੁੰ ਚੁਕਾ ਕੇ ਪਾਰਟੀ ਨੇ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਆਪਣੀਆਂ ਪੁਰਾਣੀਆਂ ਜੜ੍ਹਾਂ ਨੂੰ ਨਹੀਂ ਭੁੱਲੀ।

ਹਾਲਾਂਕਿ ਭਵਿੱਖ ’ਚ ਨਾਇਬ ਸਿੰਘ ਸੈਣੀ ਨੂੰ ਕਾਂਗਰਸ ਦੇ ਰੂਪ ’ਚ ਮਜ਼ਬੂਤ ਵਿਰੋਧੀ ਧਿਰ ਦਾ ਸਾਹਮਣਾ ਕਰਨ ਦੇ ਨਾਲ-ਨਾਲ ਸੂਬੇ ’ਚ ਵਧ ਰਹੀ ਬੇਰੋਜ਼ਗਾਰੀ ਅਤੇ ਭ੍ਰਿਸ਼ਟਾਚਾਰ ’ਤੇ ਰੋਕ, ਵਿੱਤੀ ਅਨੁਸ਼ਾਸਨ ਅਤੇ ਕਾਨੂੰਨ ਵਿਵਸਥਾ ਨੂੰ ਪ੍ਰਭਾਵੀ ਬਣਾਉਣ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਪਰ ਕੁਲ ਮਿਲਾ ਕੇ ਉਨ੍ਹਾਂ ਨੇ ਮੁੱਖ ਮੰਤਰੀ ਦੇ ਰੂਪ ’ਚ ਆਪਣੀ ਦੂਜੀ ਪਾਰੀ ਦੀ ਚੰਗੀ ਸ਼ੁਰੂਆਤ ਕੀਤੀ ਹੈ।

–ਵਿਜੇ ਕੁਮਾਰ


Harpreet SIngh

Content Editor

Related News