ਸਾਂਝੇ ਪਰਿਵਾਰ ’ਚ ਹੀ ਚਰਿੱਤਰ ਨਿਰਮਾਣ ਅਤੇ ਵਿਅਕਤੀਤਵ ਵਿਕਾਸ ਦੀ ਨੀਂਹ ਪੈਂਦੀ ਹੈ

Wednesday, Nov 06, 2024 - 06:19 PM (IST)

ਸਾਂਝੇ ਪਰਿਵਾਰ ’ਚ ਹੀ ਚਰਿੱਤਰ ਨਿਰਮਾਣ ਅਤੇ ਵਿਅਕਤੀਤਵ ਵਿਕਾਸ ਦੀ ਨੀਂਹ ਪੈਂਦੀ ਹੈ

ਭਾਰਤ ’ਚ ਸਾਂਝੇ ਪਰਿਵਾਰ ਦੀ ਇਕ ਸਿਹਤਮੰਦ ਪ੍ਰੰਪਰਾ ਰਹੀ ਹੈ। ਅਸੀਂ ਪਰਿਵਾਰ ਨੂੰ ਅਜਿਹੀ ਸੰਸਕਾਰਸ਼ਾਲਾ ਮੰਨਿਆ, ਜਿੱਥੇ ਸਬੰਧਾਂ, ਸੰਵੇਦਨਾਵਾਂ ਅਤੇ ਮਨੁੱਖੀ ਚੇਤਨਾ ਦਾ ਗਿਆਨ, ਸਮਾਜਿਕ ਵਿਸ਼ਿਆਂ ਦੇ ‘ਕਰਨ ਵਾਲੇ’ ਅਤੇ ‘ਨਾ ਕਰਨ ਵਾਲੇ’ ਕੰਮ ਸਿੱਖੇ ਜਾਂਦੇ ਹਨ। ਇਥੇ ਵਿਅਕਤੀਤਵ ਵਿਕਾਸ ਅਤੇ ਚਰਿੱਤਰ ਨਿਰਮਾਣ ਦੇ ਜ਼ਰੂਰੀ ਤੱਤਾਂ ਜਿਵੇਂ ਪਰਿਵਾਰਕ ਸਮਾਜਿਕ-ਸੰਸਕ੍ਰਿਤਕ-ਆਰਥਿਕ ਜ਼ਿੰਮੇਵਾਰੀਆਂ ਅਤੇ ਪ੍ਰੰਪਰਾਵਾਂ ਸਮੇਤ ਸਹੀ-ਗਲਤ, ਧਰਮ-ਅਧਰਮ, ਖੁੱਲ੍ਹੇ ਨਜ਼ਰੀਏ, ਮਨੋਬਲ ਨਿਰਮਾਣ ਅਤੇ ਦੇਸ਼ਭਗਤੀ ਆਦਿ ਦਾ ਗਿਆਨ ਹੁੰਦਾ ਹੈ।

ਸਾਂਝੇ ਪਰਿਵਾਰਾਂ ’ਚ ਹੀ ਚਰਿੱਤਰ ਨਿਰਮਾਣ ਅਤੇ ਵਿਅਕਤੀਤਵ ਿਵਕਾਸ ਦੀ ਨੀਂਹ ਰੱਖੀ ਜਾਂਦੀ ਹੈ। ਅਧਿਕਾਰਾਂ ਦੀ ਜਗ੍ਹਾ ਫਰਜ਼ ਦੀ ਭਾਵਨਾ, ਸਹਿਯੋਗ, ਸਹਿਕਾਰਤਾ ਅਤੇ ਨਿਰਸਵਾਰਥ ਰੁਝਾਨ ਦਾ ਵਿਕਾਸ ਹੁੰਦਾ ਹੈ। ਵੱਖ-ਵੱਖ ਧੀਰਜ ਭਰੇ ਰਵੱਈਏ ਅਤੇ ਬੋਲ-ਬਾਣੀ ’ਤੇ ਕਾਬੂ, ਸਵਾਦ, ਖਾਣ-ਪੀਣ, ਵਿਵਹਾਰ, ਵਿਕਾਰ, ਉਪਭੋਗ, ਧੀਰਜ ਆਦਿ ਦਾ ਨਿਰਮਾਣ ਹੁੰਦਾ ਹੈ।

ਪ੍ਰੇਮ, ਮਮਤਾ, ਅਪਣਾਪਨ ਅਤੇ ਵੱਡਿਆਂ ਲਈ ਮਾਣ-ਸਨਮਾਨ, ਵੱਡਿਆਂ ਦੀਆਂ ਪੈੜਾਂ ’ਤੇ ਚੱਲਣਾ ਅਤੇ ਛੋਟਿਆਂ ਦੇ ਮਿਸਾਲ ਬਣਨ ਦੀ ਆਦਤ ਪੈਦਾ ਹੁੰਦੀ ਹੈ। ਪਰਿਵਾਰ ਦੇ ਸਾਰੇ ਮੈਂਬਰਾਂ ਲਈ ਅਪਣੇਪਨ ਦੀ ਭਾਵਨਾ ਰੱਖਣਾ, ਚੰਗਾ ਜਾਂ ਬੁਰਾ ਜਿਵੇਂ ਵੀ ਹੈ ਆਪਣਾ ਹੈ, ਚੰਗਾ ਹੈ ਤਾਂ ਉਸ ਨੂੰ ਹੋਰ ਚੰਗਾ ਬਣਾਉਣ ਜਾਂ ਬੁਰਾ ਹੈ ਤਾਂ ਉਸ ਨੂੰ ਸੁਧਾਰਨ ਦੀ ਸਮੂਹਿਕ ਜ਼ਿੰਮੇਵਾਰੀ ਹੈ, ਅਜਿਹੀ ਭਾਵਨਾ ਨੂੰ ਉਤਸ਼ਾਹ ਮਿਲਦਾ ਹੈ।

ਧਿਆਨ ਦੇਣ ਯੋਗ ਹੈ ਕਿ ਵਿਦੇਸ਼ੀ ਹਮਲਿਆਂ ਅਤੇ ਲੰਬੀ ਗੁਲਾਮੀ ਤੋਂ ਬਾਅਦ ਪੱਛਮੀ ਜੀਵਨਸ਼ੈਲੀ ਅਪਣਾਉਣ ਨਾਲ ਭਾਰਤੀ ਸਮਾਜ ’ਚ ਸਾਂਝੇ ਪਰਿਵਾਰ ਦੀ ਜਗ੍ਹਾ ਇਕੱਲੇ ਪਰਿਵਾਰ ਲੈ ਰਹੇ ਹਨ। ‘ਅਸੀਂ’ ਦੀ ਜਗ੍ਹਾ ‘ਮੈਂ’ ਮਜ਼ਬੂਤ ਹੋ ਰਿਹਾ ਹੈ। ਹੁਣ ਤਾਂ ‘ਲਿਵ ਇਨ ਰਿਲੇਸ਼ਨਸ਼ਿਪ’ ਸਾਡੇ ਸਮਾਜਿਕ ਤਾਣੇ-ਬਾਣੇ ਨੂੰ ਸੁਰਸਾ ਵਾਂਗ ਨਿਗਲਣ ਲਈ ਮੂੰਹ ਖੋਲ੍ਹੇ ਖੜ੍ਹੀ ਹੈ। ਸਾਂਝੇ ਪਰਿਵਾਰ ਦੀਆਂ ਸਾਰੀਆਂ ਹਿੱਤਕਾਰੀ ਧਿਰਾਂ ਤੋਂ ਸਾਡਾ ਸਮਾਜ ਵਾਂਝਾ ਹੋ ਰਿਹਾ ਹੈ।

ਟੈਲੀਵਿਜ਼ਨ, ਮੋਬਾਈਲ, ਵ੍ਹਟਸਐਪ, ਫੇਸਬੁੱਕ, ਇੰਸਟਾਗ੍ਰਾਮ ਆਦਿ ਰਹੀ-ਸਹੀ ਕਸਰ ਨੂੰ ਵੀ ਖਤਮ ਕਰ ਕੇ ਸਾਨੂੰ ਵਿਅਕਤੀਵਾਦੀ, ਭੌਤਿਕਵਾਦੀ ਅਤੇ ਸਵਾਰਥੀ ਬਣਾ ਰਹੇ ਹਨ, ਜਿਸ ਨਾਲ ਅਸੀਂ ਆਪਣਿਆਂ ਦੇ ਨਾਲ ਹੀ ਕੁਦਰਤ ਤੋਂ ਦੂਰ ਹੁੰਦੇ ਜਾਂ ਰਹੇ ਹਾਂ। ਸਾਡਾ ਜੀਵਨ ਤਣਾਅਗ੍ਰਸਤ ਹੁੰਦਾ ਜਾ ਰਿਹਾ ਹੈ। ਅਸੀਂ ਮਾੜੀਆਂ ਆਦਤਾਂ ਅਤੇ ਨਸ਼ੀਲੇ ਪਦਾਰਥਾਂ ਦੇ ਮਾੜੇ ਅਸਰ ਤੋਂ ਪ੍ਰਭਾਵਿਤ ਹੋ ਰਹੇ ਹਾਂ। ਨਤੀਜੇ ਵਜੋਂ ਸਾਡੀਆਂ ਸਮਾਜਿਕ, ਆਰਥਿਕ ਅਤੇ ਬੌਧਿਕ ਸਮਰੱਥਾਵਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਅਤੇ ਦੇਸ਼ ਦੇ ਵਿਕਾਸ ’ਚ ਸਾਡੀ ਸਾਰਥਕਤਾ ਘੱਟ ਹੋ ਰਹੀ ਹੈ।

ਪਰਿਵਾਰਕ ਕਦਰਾਂ-ਕੀਮਤਾਂ ’ਚ ਕਮੀ ਆਉਣ ਕਾਰਨ ਕਈ ਤਰ੍ਹਾਂ ਦੀਆਂ ਸਮਾਜਿਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਤਲਾਕ ਦੇ ਮਾਮਲੇ ਵਧ ਰਹੇ ਹਨ, ਪਰਿਵਾਰ ’ਚ ਹੀ ਅਸਹਿਣਸ਼ੀਲਤਾ ਵਧ ਰਹੀ ਹੈ। ਲੋਕ ਆਪਸੀ ਮੁਕੱਦਮੇ ਲੜ ਰਹੇ ਹਨ। ਇਸ ’ਚ ਕੋਈ ਵਿਵਾਦ ਨਹੀਂ, ਸਮਾਜ ਨਿਰਮਾਣ ਪਰਿਵਾਰ ਨਾਂ ਦੀ ਇਕਾਈ ਤੋਂ ਹੀ ਹੁੰਦਾ ਹੈ। ਇਸ ਲਈ ਭਾਰਤੀ ਸੰਸਕ੍ਰਿਤੀ ਦਾ ਪਤਨ ਰੋਕਣ ਲਈ ਪਰਿਵਾਰ ਭਾਵ ਵਿਕਸਤ ਕਰਨਾ ਜ਼ਰੂਰੀ ਹੈ।

ਪਰਿਵਾਰਾਂ ਦੀ ਏਕਤਾ ਅਤੇ ਦੇਸ਼ਭਗਤੀ ਦੀ ਭਾਵਨਾ ਜਾਗ੍ਰਿਤ ਹੋਣ ’ਤੇ ਹੀ ਸਮਾਜ ਅਤੇ ਦੇਸ਼ ਗੌਰਵਸ਼ਾਲੀ ਬਣ ਸਕੇਗਾ। ਪਰਿਵਾਰ ਦੇ ਸਾਰੇ ਮੈਂਬਰਾਂ ਪ੍ਰਤੀ ਸਦਭਾਵਨਾ ਦਾ ਰਵੱਈਆ ਅਤੇ ਉਨ੍ਹਾਂ ਦੇ ਕਸ਼ਟਾਂ ਦੇ ਨਿਵਾਰਣ ਲਈ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਸਾਂਝੇ ਪਰਿਵਾਰ ’ਚ ਰਹਿਣ ਨਾਲ ਮੈਂਬਰਾਂ ਦੇ ਜੀਵਨ ’ਚ ਨਵਾਂ ਦ੍ਰਿਸ਼ਟੀਕੋਣ ਆਉਂਦਾ ਹੈ ਅਤੇ ਸੋਚ ਖੁੱਲ੍ਹੀ ਹੁੰਦੀ ਹੈ, ਜਿਸ ਨਾਲ ਆਪਸੀ ਪਿਆਰ ਅਤੇ ਭਾਈਚਾਰੇ ਦਾ ਮਾਹੌਲ ਬਣਦਾ ਹੈ।

ਮੌਜੂਦਾ ਸੰਦਰਭ ’ਚ ਪਰਿਵਾਰ ਗਿਆਨ (ਕੁਟੁੰਬ ਪ੍ਰਬੋਧਨ) ਮਹੱਤਵਪੂਰਨ ਵਿਸ਼ਾ ਹੈ, ਜੋ ਪਰਿਵਾਰਕ ਸਮੱਸਿਆਵਾਂ ਨੂੰ ਸਮਝਣ, ਉਨ੍ਹਾਂ ਦਾ ਹੱਲ ਲੱਭਣ ਅਤੇ ਖੁਸ਼ਹਾਲ ਅਤੇ ਇਕਸਾਰ ਪਰਿਵਾਰ ਬਣਾਉਣ ’ਚ ਸਹਾਇਕ ਹੈ। ਇਸ ਨਾਲ ਪਰਿਵਾਰ ’ਚ ਬਿਹਤਰ ਤਾਲਮੇਲ, ਸਮਝ, ਆਪਸੀ ਸਹਿਯੋਗ ਅਤੇ ਪਿਆਰ ਸਥਾਪਤ ਹੋ ਸਕਦਾ ਹੈ। ਪਰਿਵਾਰ ’ਚ ਆਮ ਤੌਰ ’ਤੇ ਮਤਭੇਦ, ਮਨਭੇਦ, ਵਿਵਾਦ, ਭੇਦਭਾਵ, ਤਣਾਅ, ਵਿਅਕਤੀਗਤ ਅਤੇ ਆਰਥਿਕ ਸਮੱਸਿਆਵਾਂ ਹੁੰਦੀਆਂ ਹਨ। ਇਨ੍ਹਾਂ ਸਮੱਸਿਆਵਾਂ ਦੇ ਇਲਾਜ ਲਈ ਪਰਿਵਾਰ ਗਿਆਨ ਇਕ ਮਜ਼ਬੂਤ ਜ਼ਰੀਆ ਹੋ ਸਕਦਾ ਹੈ।

ਇਸ ਪ੍ਰਕਿਰਿਆ ’ਚ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸ਼ਾਮਲ ਕਰ ਕੇ ਸਾਰਿਆਂ ਦੇ ਵਿਚਾਰਾਂ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਜਾਂਦਾ ਹੈ, ਜਿਸ ਨਾਲ ਸਾਰਿਆਂ ਦਾ ਸਹਿਯੋਗ ਯਕੀਨੀ ਹੁੰਦਾ ਹੈ। ਮੈਂਬਰਾਂ ਨੂੰ ਸਾਂਝਾ ਹੱਲ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਸੁਝਾਵਾਂ ਨੂੰ ਅਪਣਾਉਣ ਲਈ ਲੋੜੀਂਦਾ ਸਮਾਂ ਦਿੱਤਾ ਜਾਂਦਾ ਹੈ। ਸਾਂਝੇ ਪਰਿਵਾਰ ਨੂੰ ਚਲਾਉਣ ਲਈ ਇਹ ਯਕੀਨੀ ਕਰਨਾ ਜ਼ਰੂਰੀ ਹੁੰਦਾ ਹੈ ਕਿ ਸਾਰਿਆਂ ਮੈਂਬਰਾਂ ਦੀ ਤਰੱਕੀ ਲਈ ਬਰਾਬਰ ਮੌਕੇ ਮੁਹੱਈਆ ਹੋਣ ਜਿਸ ਨਾਲ ਉਨ੍ਹਾਂ ਦਾ ਖੁਦ ਦਾ ਵਿਕਾਸ ਹੋ ਸਕੇ ਅਤੇ ਉਨ੍ਹਾਂ ’ਚ ਪਰਿਵਾਰ ਭਾਵ ਵੀ ਬਣਿਆ ਰਹੇ।

ਇਸ ਤਰ੍ਹਾਂ ਪਰਿਵਾਰ ਗਿਆਨ ਸਾਨੂੰ ਭਾਰਤੀ ਸੰਸਕ੍ਰਿਤੀ ਦੀਆਂ ਜੜ੍ਹਾਂ ਨਾਲ ਜੋੜਨ ’ਚ ਮੁੱਖ ਭੂਮਿਕਾ ਨਿਭਾਉਂਦਾ ਹੈ। ਪਰਿਵਾਰ ਗਿਆਨ ਨਾਲ ਸੰਪੂਰਨ ਵਿਕਾਸ ਯਕੀਨੀ ਹੋਵੇਗਾ ਅਤੇ ਅਸੀਂ ਸਮਾਜ, ਦੇਸ਼ ਅਤੇ ਵਿਸ਼ਵ ਕਲਿਆਣ ਦੀ ਭੂਮਿਕਾ ਨਿਭਾਅ ਸਕਾਂਗੇ। ਅੱਜ ਜਦ ਦੇਸ਼ ਆਤਮਨਿਰਭਰ, ਵਿਕਸਤ ਅਤੇ ਵਿਸ਼ਵ ਗੁਰੂ ਬਣਨ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ, ਉਦੋਂ ਭਾਰਤੀ ਸੰਸਕ੍ਰਿਤੀ ਤੋਂ ਪੋਸ਼ਿਤ ਸਮਾਜ ਹੀ ਉਸ ਦਾ ਆਧਾਰ ਬਣੇਗਾ, ਜਿਸ ਦੇ ਨਿਰਮਾਣ ਦੀ ਪੂਰਤੀ ਲਈ ਪਰਿਵਾਰ ਗਿਆਨ ਮਜ਼ਬੂਤ ਜ਼ਰੀਆ ਹੋ ਸਕਦਾ ਹੈ।

ਅਚਾਰਿਆ ਰਾਘਵੇਂਦਰ ਪ੍ਰ. ਤਿਵਾੜੀ (ਚਾਂਸਲਰ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ)


author

Rakesh

Content Editor

Related News