ਪਾਕਿਸਤਾਨ ’ਚ ਸੈਂਸਰਸ਼ਿਪ ਦਾ ਖੌਫ਼, ਬਦਲੇ ਦੀਆਂ ਕਾਰਵਾਈਆਂ

07/09/2019 7:11:14 AM

ਐੱਮ. ਸਰਫਰਾਜ਼

ਬੀਤੇ ਸੋਮਵਾਰ ਸ਼ਾਮ ਨੂੰ ਜਿਓ ਨਿਊਜ਼ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਇੰਟਰਵਿਊ ਪ੍ਰਸਾਰਿਤ ਕਰਨੀ ਸ਼ੁਰੂ ਕਰ ਦਿੱਤੀ ਪਰ ਕੁਝ ਮਿੰਟਾਂ ਬਾਅਦ ਹੀ ਉਸ ਨੂੰ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਰੋਕ ਦਿੱਤਾ ਗਿਆ। ਉਸੇ ਦਿਨ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਇਕ ਸੀਨੀਅਰ ਨੇਤਾ ਰਾਣਾ ਸਨਾਉੱਲਾ ਨੂੰ ‘ਭਾਰੀ ਮਾਤਰਾ ’ਚ ਡਰੱਗਜ਼ ਰੱਖਣ’ ਦੇ ਦੋਸ਼ ਹੇਠ ਐਂਟੀ ਨਾਰਕੋਟਿਕਸ ਫੋਰਸ (ਏ. ਐੱਨ. ਐੱਫ.) ਵਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ, ਜੋ ਕਥਿਤ ਤੌਰ ’ਤੇ ਉਨ੍ਹਾਂ ਦੀ ਕਾਰ ’ਚੋਂ ਮਿਲੀ ਸੀ। ਇਨ੍ਹਾਂ ਘਟਨਾਵਾਂ ਨੇ ਸੈਂਸਰਸ਼ਿਪ ਅਤੇ ਸਿਆਸੀ ਬਦਲੇ ਦੇ ਤਹਿਤ ਕਾਨੂੰਨੀ ਕਾਰਵਾਈਆਂ ਦਾ ਡਰ ਵਧਾ ਦਿੱਤਾ ਹੈ। ਪੱਤਰਕਾਰ ਮੁਨੀਬ ਫਾਰੂਕ ਨੇ ਦੱਸਿਆ ਕਿ ਮੌਜੂਦਾ ਸਰਕਾਰ ਪ੍ਰਵੇਜ਼ ਮੁਸ਼ੱਰਫ ਦੇ ਫੌਜੀ ਸ਼ਾਸਨ ਦਾ ਹੀ ਨਵਾਂ ਰੂਪ ਹੈ, ਜਿਸ ’ਚ ਇਕ ਨਾਮਾਤਰ ਦਾ ਸ਼ਾਸਕ ਸੀ, ਜਿਸ ਨੇ ਲੋਕਾਂ ਨੂੰ ਸਭ ਕੁਝ ਮੋੜਨਾ ਸੀ। ਫਾਰੂਕ ਅਨੁਸਾਰ ਇਹ ਸੱਤਾ 10 ਸਾਲਾਂ ਤਕ ਰਾਜ ਕਰਨ ਲਈ ਡਿਜ਼ਾਈਨ ਕੀਤੀ ਗਈ ਹੈ ਅਤੇ ਜ਼ਿਆਦਾ ਕਾਨੂੰਨੀ ਕਾਰਵਾਈਆਂ, ਜ਼ਿਆਦਾ ਸੈਂਸਰਸ਼ਿਪ ਅਤੇ ਅਪੋਜ਼ੀਸ਼ਨ ਲੀਡਰਾਂ ਦੀਆਂ ਹੋਰ ਜ਼ਿਆਦਾ ਗ੍ਰਿਫਤਾਰੀਆਂ ਲਈ ਖ਼ੁਦ ਨੂੰ ਤਿਆਰ ਰੱਖੋ। ਦਿਲਚਸਪ ਗੱਲ ਇਹ ਹੈ ਕਿ ਇਕ ਸਾਲ ਪਹਿਲਾਂ ਕੋਈ ਵੀ ਇਹ ਅੰਦਾਜ਼ਾ ਨਹੀਂ ਲਾ ਸਕਦਾ ਸੀ ਕਿ ਜੋ ਅੱਖਾਂ ਦੇ ਦੁਲਾਰੇ ਹਨ, ਉਹ ਅਸਹਿਣਯੋਗ ਵੀ ਬਣ ਸਕਦੇ ਹਨ। ਦੁਨਯਾ ਨਿਊਜ਼ ਚੈਨਲ ਨਾਲ ਜੁੜੇ ਪੱਤਰਕਾਰ ਅਜ਼ਮਲ ਜਾਮੀ ਦਾ ਕਹਿਣਾ ਹੈ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਰਾਣਾ ਸਨਾਉੱਲਾ ਵਰਗੇ ਤਜਰਬੇਕਾਰ ਸਿਆਸਤਦਾਨ, ਜੋ ਪਹਿਲਾਂ ਹੀ ਜਾਣਦੇ ਸਨ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ, ਛੇਤੀ ਹੀ ਆਪਣੀ ਕਾਰ ’ਚ ਡਰੱਗਜ਼ ਦੀ ਇੰਨੀ ਵੱਡੀ ਮਾਤਰਾ ਨਾਲ ਫੜੇ ਗਏ। ਇਸ ਨਾਲ ਵਿਰੋਧੀ ਧਿਰ, ਖਾਸ ਕਰਕੇ ਪੀ. ਐੱਮ. ਐੱਲ. (ਐੱਨ) ਲਈ ਉਂਗਲ ਉਠਾਉਣਾ ਸੌਖਾ ਹੋ ਜਾਂਦਾ ਹੈ ਕਿਉਂਕਿ ਇਹ ਸਾਰੀ ਕਾਰਵਾਈ ਕੁਝ ਸ਼ੱਕੀ ਸੀ। ਏ. ਐੱਨ. ਐੱਫ. ਅਧਿਕਾਰੀ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਕਾਫੀ ਸਬੂਤ ਹਨ, ਜਿਨ੍ਹਾਂ ਨੂੰ ਉਹ ਅਦਾਲਤ ’ਚ ਪੇਸ਼ ਕਰਨਗੇ। ਸਨਾਉੱਲਾ ਤੋਂ ਇਲਾਵਾ ਜ਼ਰਦਾਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਮੇਤ ਪਾਕਿਸਤਾਨ ਦੇ ਕਈ ਅਪੋਜ਼ੀਸ਼ਨ ਲੀਡਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ ’ਚ ਬੰਦ ਹਨ। ਨਵਾਜ਼ ਸ਼ਰੀਫ ਦੇ ਭਰਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਵੀ ਪਿਛਲੇ ਸਾਲ ਗ੍ਰਿਫਤਾਰ ਕਰ ਲਿਆ ਗਿਆ ਸੀ।

ਪ੍ਰਗਟਾਵੇ ਦੀ ਆਜ਼ਾਦੀ

ਜਿੱਨਾਹ ਇੰਸਟੀਚਿਊਟ ਦੇ ਫਾਹਦ ਹਮਾਯੂੰ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਦੌਰਾਨ ਪ੍ਰਗਟਾਵੇ ਦੀ ਆਜ਼ਾਦੀ ’ਤੇ ਤਾਨਾਸ਼ਾਹੀ ਭਰੇ ਢੰਗ ਨਾਲ ਲਾਈਆਂ ਪਾਬੰਦੀਆਂ ਨੇ ਯਕੀਨੀ ਤੌਰ ’ਤੇ ਪਾਕਿਸਤਾਨ ਦੇ ਲੋਕਤੰਤਰਿਕ ਤਾਣੇ-ਬਾਣੇ ਨੂੰ ਖਤਰੇ ’ਚ ਪਾ ਦਿੱਤਾ ਹੈ। ਪੱਤਰਕਾਰਾਂ ’ਤੇ ਪਾਬੰਦੀ, ਫੇਕ ਨਿਊਜ਼ ਅਤੇ ਮੀਡੀਆ ਵਿਰੁੱਧ ਸਖਤ ਕਾਰਵਾਈਆਂ ਨੂੰ ਸਾਰੀ ਦੁਨੀਆ ਦੇਖ ਰਹੀ ਹੈ ਕਿਉਂਕਿ ਜਨ-ਨੇਤਾ ਹੌਲੀ ਵਿਕਾਸ, ਤਨਖਾਹਾਂ ਦੇ ਭੁਗਤਾਨ ’ਚ ਦੇਰੀ ਜਾਂ ਅਣਗਹਿਲੀ ਅਤੇ ਬੇਰੋਜ਼ਗਾਰੀ ਦੇ ਨਾਂ ਹੇਠ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੇਸ਼ ’ਚ ਹਾਲ ਹੀ ਦੇ ਰੁਝਾਨ ਇਸੇ ਦਿਸ਼ਾ ਵੱਲ ਇਸ਼ਾਰਾ ਕਰਦੇ ਹਨ।

ਦੋਹਰੀ ਸਮੱਸਿਆ

ਸੀਨੀਅਰ ਸਮੀਖਿਅਕ ਰਜ਼ਾ ਰੂਮੀ ਅਨੁਸਾਰ ਪਾਕਿਸਤਾਨ ’ਚ ਸਮੱਸਿਆ ਦੋਹਰੀ ਹੈ। ਪਹਿਲੀ ਹੈ ਕਈ ਮੀਡੀਆ ਅਦਾਰਿਆਂ ਵਿਚ ਜਾਰੀ ਉਨ੍ਹਾਂ ਦੇ ਆਪਣਿਆਂ ਵਲੋਂ ਹੀ ਲਾਈ ਗਈ ਸੈਂਸਰਸ਼ਿਪ, ਹਾਲਾਂਕਿ ਕਿਸੇ ਵਿਸ਼ਾ-ਵਸਤੂ ਨੂੰ ਸੈਂਸਰ ਕਰਨ ਦੀ ਕੋਈ ਸਲਾਹ ਜਾਂ ਸਿੱਧਾ ਹੁਕਮ ਨਹੀਂ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਟੀ. ਵੀ. ਚੈਨਲਾਂ ਅਤੇ ਅਖ਼ਬਾਰਾਂ ਦੇ ਮਾਲਕ ਜੋਖ਼ਮ ਨਹੀਂ ਉਠਾਉਣਾ ਚਾਹੁੰਦੇ। ਇਹ ਇਕ ਤਰ੍ਹਾਂ ਦਾ ਮੀਡੀਆ ਦਾ ਇਕ ਬਿਹਤਰੀਨ ਕਾਰਪੋਰੇਟਾਈਜ਼ੇਸ਼ਨ, ਜੋ ਪਹਿਲਾਂ ਹੀ ਅਮਰੀਕਾ, ਇੰਡੀਆ ਅਤੇ ਹੋਰ ਵੱਡੇ ਦੇਸ਼ਾਂ ’ਚ ਆਪਣੇ ਸਿਖਰ ’ਤੇ ਪਹੁੰਚ ਚੁੱਕਾ ਹੈ। ਰੂਮੀ ਨੇ ਦੱਸਿਆ ਕਿ ਦੂਜੀ ਸਮੱਸਿਆ ਸਿਆਸੀ ਧਰੁਵੀਕਰਨ ਨਾਲ ਸਬੰਧਤ ਹੈ। ਪੱਤਰਕਾਰ ਤੇ ਮੀਡੀਆ ਘਰਾਣੇ ਸਿਆਸੀ ਆਧਾਰ ’ਤੇ ਵੰਡੇ ਹੋਏ ਹਨ। ਇਹ ਆਜ਼ਾਦ ਮੀਡੀਆ ਦੇ ਵਿਕਾਸ, ਇਥੋਂ ਤਕ ਕਿ ਪੱਤਰਕਾਰੀ ਦੀ ਮਜ਼ਬੂਤੀ ਲਈ ਸਿਹਤਮੰਦ ਸੰਕੇਤ ਨਹੀਂ ਹੈ। ਹੋਣਾ ਇਹ ਚਾਹੀਦਾ ਹੈ ਕਿ ਮੀਡੀਆ ਘਰਾਣਿਆਂ ਦੇ ਸੰਪਾਦਕ ਅਤੇ ਸਮਾਚਾਰ ਪ੍ਰਬੰਧਕ ਸਥਿਤੀ ਦਾ ਜਾਇਜ਼ਾ ਲੈਣ ਅਤੇ ਆਪਣੇ ਪ੍ਰੋਗਰਾਮਾਂ, ਰਿਪੋਰਟਿੰਗ ਨੂੰ ਘੱਟ ਝੁਕਾਅ ਵਾਲੀ ਤੇ ਘੱਟ ਪੱਖਪਾਤੀ ਬਣਾਉਣ ਦੀ ਕੋਸ਼ਿਸ਼ ਕਰਨ। ਇਸ ਨਾਲ ਇਹ ਅਹਿਸਾਸ ਕਰਵਾਉਣ ’ਚ ਮਦਦ ਮਿਲ ਸਕਦੀ ਹੈ ਕਿ ਕਿਸੇ ਤਰ੍ਹਾਂ ਦੀ ਸੈਂਸਰਸ਼ਿਪ ਮੌਜੂਦ ਹੈ। ਜਦੋਂ ਜ਼ਰਦਾਰੀ ਦੀ ਇੰਟਰਵਿਊ ਨੂੰ ਵਿਚੇ ਹੀ ਰੋਕ ਦਿੱਤਾ ਗਿਆ ਤਾਂ ਬਹੁਤ ਸਾਰੇ ਲੋਕਾਂ ਨੇ ਇਸ ਪਾਸੇ ਇਸ਼ਾਰਾ ਕੀਤਾ ਕਿ ਕਿਸ ਤਰ੍ਹਾਂ ਇਸ ਤੱਥ ਦੇ ਬਾਵਜੂਦ ਤਹਿਰੀਕੇ-ਤਾਲਿਬਾਨ ਪਾਕਿਸਤਾਨ ਦੇ ਬੁਲਾਰੇ ਅਹਿਸਾਨਉੱਲਾ ਦੀ ਇੰਟਰਵਿਊ ਨੂੰ ਪ੍ਰਸਾਰਿਤ ਕਰ ਦਿੱਤਾ ਗਿਆ ਕਿ ਟੀ. ਟੀ. ਪੀ. ਨੇ ਜਾਨਲੇਵਾ ਹਮਲਿਆਂ ’ਚ ਹਜ਼ਾਰਾਂ ਪਾਕਿਸਤਾਨੀਆਂ ਦੀ ਹੱਤਿਆ ਕੀਤੀ।

ਜ਼ਰਦਾਰੀ ਦੀ ਧੀ ਦਾ ਗੁੱਸਾ

ਜ਼ਰਦਾਰੀ ਦੀ ਧੀ ਬਖਤਾਵਰ ਭੁੱਟੋ ਨੇ ਅਹਿਸਾਨਉੱਲਾ ਅਹਿਸਾਨ, ਕੁਲਭੂਸ਼ਣ ਜਾਧਵ (ਜਾਸੂਸੀ ਦੇ ਦੋਸ਼ ’ਚ ਫੜਿਆ ਗਿਆ ਭਾਰਤੀ), ਅਭਿਨੰਦਨ (ਭਾਰਤੀ ਪਾਇਲਟ) ਅਤੇ ਸੋਲਤ ਮਿਰਜ਼ਾ (ਸਜ਼ਾ-ਯਾਫਤਾ ਕਾਤਿਲ) ਦੀਆਂ ਤਸਵੀਰਾਂ ਨਾਲ ਇਕ ਟਵੀਟ ਦਾ ਹਵਾਲਾ ਦਿੰਦਿਆਂ ਟਵੀਟ ਕੀਤਾ ਹੈ ਕਿ ‘‘ਹੇਠ ਲਿਖੇ ਅੱਤਵਾਦੀਆਂ, ਕਾਤਿਲਾਂ ਆਦਿ ਦੀਆਂ ਇੰਟਰਵਿਊਜ਼ ਅਤੇ ਟੀ. ਵੀ. ਕਵਰੇਜ ਦੀ ਇਜਾਜ਼ਤ ਦਿੱਤੀ ਗਈ ਪਰ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਇੰਟਰਿਵਊ ਦੀ ਨਹੀਂ। ਕਿਉਂ ਸਾਡਾ ਤਾਨਾਸ਼ਾਹ ਬਣਨ ਵਾਲਾ ਇੰਨਾ ਡਰਿਆ ਹੋਇਆ ਹੈ?’’ ਟੀ. ਵੀ. ਪੱਤਰਕਾਰ ਸਾਬਿਰ ਸ਼ਾਕਿਰ ਹਾਲਾਂਕਿ ਬਖਤਾਵਰ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ‘‘ਉਨ੍ਹਾਂ ਦੇ ਪਿਤਾ ਦੀ ਤੁਲਨਾ ਉਨ੍ਹਾਂ ਨਾਲ ਕਰਨਾ ਠੀਕ ਨਹੀਂ। ਇਸ ਤੋਂ ਇਲਾਵਾ ਪੀ. ਈ. ਐੱਮ. ਆਰ. ਏ. (ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਿਟੀ) ਦੇ ਕਾਨੂੰਨ ਅਜਿਹੀਆਂ ਇੰਟਰਵਿਊਜ਼ ਦੀ ਇਜਾਜ਼ਤ ਨਹੀਂ ਦਿੰਦੇ। ਅਹਿਸਾਨਉੱਲਾ ਦੀ ਇੰਟਰਵਿਊ ਇਕ ਗਲਤੀ ਸੀ, ਜਿਸ ਨੂੰ ਪ੍ਰਸਾਰਿਤ ਨਹੀਂ ਕੀਤਾ ਜਾਣਾ ਚਾਹੀਦਾ ਸੀ। ਦੋ ਗਲਤੀਆਂ ਮਿਲ ਕੇ ਇਕ ਸਹੀ ਨਹੀਂ ਬਣਾਉਂਦੀਆਂ।’’ (ਹਿੰ.)


Bharat Thapa

Content Editor

Related News