ਟ੍ਰਾਮਾਡੋਲ ਦੀਆਂ 5 ਲੱਖ ਗੋਲ਼ੀਆਂ ਸਣੇ ਕੈਂਟਰ Driver ਗ੍ਰਿਫ਼ਤਾਰ! NCB ਦਾ ਗੁਪਤ ਆਪ੍ਰੇਸ਼ਨ ਕਾਮਯਾਬ
Thursday, Nov 20, 2025 - 06:56 PM (IST)
ਜ਼ੀਰਕਪੁਰ (ਧੀਮਾਨ)- ਪੀ.ਆਰ-7 ਰੋਡ ’ਤੇ ਬੁੱਧਵਾਰ ਸ਼ਾਮ ਐੱਨ.ਸੀ.ਬੀ. ਚੰਡੀਗੜ੍ਹ ਦੀ ਟੀਮ ਨੇ ਇਕ ਸੁਚੱਜੀ ਯੋਜਨਾ ਤਹਿਤ ਵੱਡੀ ਕਾਰਵਾਈ ਕਰਦਿਆਂ ਇਕ ਕੈਂਟਰ ਡਰਾਈਵਰ ਨੂੰ 5 ਲੱਖ ਟ੍ਰਾਮਾਡੋਲ ਗੋਲੀਆਂ ਦੀ ਭਾਰੀ ਖੇਪ ਸਮੇਤ ਕਾਬੂ ਕਰ ਲਿਆ ਹੈ। ਇਹ ਨਾਜਾਇਜ਼ ਨਸ਼ੀਲੀ ਦਵਾਈਆਂ ਦੇਹਰਾਦੂਨ ਤੋਂ ਅੰਮ੍ਰਿਤਸਰ ਵੱਲ ਲੈ ਜਾਈਆਂ ਜਾ ਰਹੀਆਂ ਸਨ। ਐੱਨ.ਸੀ.ਬੀ. ਦੇ ਅਧਿਕਾਰੀਆਂ ਅਨੁਸਾਰ ਇਹ ਬਰਾਮਦਗੀ ਕਰੋੜਾਂ ਰੁਪਏ ਦੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਵੱਡਾ ਹੋਣ ਕਾਰਨ ਅਤੇ ਇਸ ਮਡਿਯੂਲ ਨੂੰ ਤੋੜਨ ਦੇ ਮਕਸਦ ਕਾਰਨ ਕਾਬੂ ਚਾਲਕ ਦੀ ਪਛਾਣ ਗੁਪਤ ਰੱਖੀ ਜਾ ਰਹੀ ਹੈ। ਹਾਸਲ ਜਾਣਕਾਰੀ ਅਨੁਸਾਰ ਐੱਨ.ਸੀ.ਬੀ. ਅਧਿਕਾਰੀਆਂ ਵੱਲੋਂ ਪਿਛਲੇ ਇਕ ਮਹੀਨੇ ਤੋਂ ਇਸ ਗਤੀਵਿਧੀ ’ਤੇ ਨਿਗਰਾਨੀ ਰੱਖੀ ਜਾ ਰਹੀ ਸੀ। ਇਸ ਰੂਟ ’ਤੇ ਕੁੱਲ ਚਾਰ ਟੀਮਾਂ ਵੱਖ-ਵੱਖ ਥਾਵਾਂ ’ਤੇ ਤੈਨਾਤ ਸਨ ਅਤੇ ਕਈ ਦਿਨਾਂ ਤੋਂ ਇਸ ਸ਼ੱਕੀ ਵਾਹਨ ਦੀ ਤਲਾਸ਼ ਕਰ ਰਹੀਆਂ ਸਨ । ਅੱਜ ਕਾਬੂ ਕੀਤੇ ਕੈਂਟਰ ਦੀ ਤਲਾਸ਼ੀ ਦੌਰਾਨ ਪਿੱਛੇ ਵਾਲੇ ਹਿੱਸੇ ’ਚ 9 ਵੱਡੇ ਡੱਬੇ ਮਿਲੇ, ਜਿਨ੍ਹਾਂ ਨੂੰ ਖੋਲ੍ਹਣ ’ਤੇ ਸਾਰਿਆਂ ’ਚ ਟ੍ਰਾਮਾਡੋਲ ਗੋਲੀਆਂ ਹੀ ਭਰੀਆਂ ਹੋਈਆਂ ਸਨ। ਐੱਨ.ਸੀ.ਬੀ. ਮੁਤਾਬਕ ਪਿਛਲੇ ਕਈ ਮਹੀਨਿਆਂ ’ਚ ਨਸ਼ੀਲੀ ਦਵਾਈਆਂ ਦੀ ਇਹ ਸਭ ਤੋਂ ਵੱਡੀ ਫੜੀ ਗਈ ਖੇਪ ਮੰਨੀ ਜਾ ਰਹੀ ਹੈ। ਟ੍ਰਾਮਾਡੋਲ ਇਕ ਨਿਯੰਤਰਿਤ ਦਵਾਈ ਹੈ, ਜਿਸ ਦੀ ਵਰਤੋਂ ਨਸ਼ਾ ਤਸਕਰੀ ’ਚ ਵੱਡੇ ਪੱਧਰ ’ਤੇ ਹੁੰਦੀ ਹੈ।
ਟੀਮ ਮੈਂਬਰ ਪਰਮਜੀਤ ਕੁੰਡੂ ਨੇ ਦੱਸਿਆ ਕਿ ਉਨ੍ਹਾਂ ਕੋਲ ਪਿਛਲੇ ਮਹੀਨੇ ਤੋਂ ਇਹ ਇਨਪੁੱਟ ਸੀ ਕਿ ਇਕ ਟਰੱਕ ਰਾਹੀਂ ਭਾਰੀ ਮਾਤਰਾ ’ਚ ਪ੍ਰਤੀਬੰਧਿਤ ਦਵਾਈਆਂ ਅੰਮ੍ਰਿਤਸਰ ਭੇਜਣ ਦੀ ਯੋਜਨਾ ਹੈ। ਤਸਕਰਾਂ ਨੇ ਦਵਾਈਆਂ ਨੂੰ ਆਮ ਸਮਾਨ ਵਾਂਗ ਲੁਕਾ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਉਨ੍ਹਾਂ ਨੇ ਦੱਸਿਆ ਕਿ ਇਹ ਕਾਰਵਾਈ ਅੰਤਰਰਾਜੀ ਨਸ਼ਾ ਸਪਲਾਈ ਚੇਨ ’ਤੇ ਵੱਡਾ ਹਮਲਾ ਹੈ।
ਸੂਤਰਾਂ ਅਨੁਸਾਰ ਮੰਗਲਵਾਰ ਨੂੰ ਯਮੁਨਾਨਗਰ ਨੇੜੇ ਇਸ ਸ਼ੱਕੀ ਕੈਂਟਰ ਦਾ ਪਤਾ ਲੱਗਿਆ ਅਤੇ ਟੀਮ ਨੇ ਇਸ ਦਾ ਪਿੱਛਾ ਸ਼ੁਰੂ ਕਰ ਦਿੱਤਾ। ਕਈ ਵਾਰ ਵਾਹਨ ਟੀਮ ਦੀ ਨਿਗਰਾਨੀ ਤੋਂ ਓਝਲ ਵੀ ਹੋਇਆ, ਪਰ ਟੀਮ ਦੀ ਨਿਗਰਾਨੀ ਲਗਾਤਾਰ ਜਾਰੀ ਰਹੀ। ਅੰਤ ’ਚ ਬੁੱਧਵਾਰ ਸ਼ਾਮ ਜਦੋਂ ਕੈਂਟਰ ਪੀ.ਆਰ.-7 ਰੋਡ ’ਤੇ ਪਹਿਲਵਾਨ ਢਾਬੇ ਦੇ ਸਾਹਮਣੇ ਪਹੁੰਚਿਆ ਤਦ ਐੱਨ.ਸੀ.ਬੀ. ਨੇ ਜ਼ੀਰਕਪੁਰ ਪੁਲਸ ਦੀ ਮੌਜੂਦਗੀ ’ਚ ਉਸ ਨੂੰ ਰੋਕ ਕੇ ਤਲਾਸ਼ੀ ਲਈ ਅਤੇ ਇਹ ਭਾਰੀ ਖੇਪ ਬਰਾਮਦ ਕਰ ਲਈ। ਗ੍ਰਿਫ਼ਤਾਰ ਡਰਾਈਵਰ ਤੋਂ ਪੁੱਛਗਿੱਛ ਜਾਰੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਨਸ਼ੀਲੀ ਖੇਪ ਕਿਹੜੇ ਗਿਰੋਹ ਤੱਕ ਪਹੁੰਚਣੀ ਸੀ ਅਤੇ ਇਸ ਨਾਜਾਇਜ਼ ਕਾਰੋਬਾਰ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਹੋਰ ਵੀ ਵੱਡੀਆਂ ਗ੍ਰਿਫ਼ਤਾਰੀਆਂ ਸੰਭਾਵਿਤ ਹਨ।
