ਅਰਥਵਿਵਸਥਾ ‘ਬੇਪਟੜੀ’ ਹੋਈ ਹੈ ਪਰ ‘ਪਲਟੀ’ ਨਹੀਂ
Monday, Sep 07, 2020 - 02:54 AM (IST)

ਰਿਤੂਪਰਣ ਦਵੇ
ਜੀ. ਡੀ. ਪੀ. ਅਜੇ ਮਾਈਨਸ 23.9 ਫੀਸਦੀ ’ਤੇ ਹੈ, ਜਿਸ ਤੋਂ ਉੱਭਰਣ ਲਈ ਪਹਿਲਾਂ ਤਾਂ ਮਾਈਨਸ ਤੋਂ ਸਿਫਰ ’ਤੇ ਆਉਣਾ ਪਵੇਗਾ ਅਤੇ ਫਿਰ ਸਿਫਰ ਤੋਂ ਅੱਗੇ ਦਾ ਸਫਰ ਸ਼ੁਰੂ ਹਵੇਗਾ। ਨਿਸ਼ਚਿਤ ਤੌਰ ’ਤੇ ਭਾਰਤ ਦੀ ਜੀ. ਡੀ. ਪੀ. ’ਚ ਅਨੁਮਾਨ ਤੋਂ ਬਹੁਤ ਜ਼ਿਆਦਾ ਇਤਿਹਾਸਕ ਗਿਰਾਵਟ ਹੋਈ ਹੈ, ਜੋ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲੱਗੇ ਸਖਤ ਲਾਕਡਾਊਨ ਦੇ ਕਾਰਨ ਹੋਇਆ ਕਿਉਂਕਿ ਬਿਨਾਂ ਪਹਿਲਾਂ ਤਿਆਰੀ ਸਾਰੇ ਦੇ ਸਾਰੇ ਕਾਰੋਬਾਰ ਬੰਦ ਕਰ ਦਿੱਤੇ ਗਏ। ਲਗਭਗ 14 ਕਰੋੜ ਨੌਕਰੀਆਂ ਚਲੀਆਂ ਗਈਅਾਂ। ਇਸ ਲਈ ਗਿਰਾਵਟ ਤੈਅ ਸੀ ਕਿਉਂਕਿ ਸਾਡਾ ਲਾਕਡਾਊਨ ਦੁਨੀਆ ਵਿਚ ਸਭ ਤੋਂ ਸਖਤ ਸੀ, ਜਿਸ ਦੀ ਕੀਮਤ ਵੀ ਚੰਗੀ ਵੱਡੀ ਅਦਾ ਕੀਤੀ ਜੋ ਮੌਜੂਦਾ ਅੰਕੜਾ ਦੱਸਦਾ ਹੈ।
ਭਾਰਤ ਦੀ ਅਰਥਵਿਵਸਥਾ ਇਸ ਸਦੀ ਦੇ ਸਭ ਤੋਂ ਬੁਰੇ ਦੌਰ ’ਚੋਂ ਲੰਘ ਰਹੀ ਹੈ, ਇਸ ਨੂੰ ਲੈ ਕੇ ਚਿੰਤਾ ਸੁਭਾਵਿਕ ਹੈ। ਵਿਸ਼ਵ ਪੱਧਰੀ ਮਹਾਮਾਰੀ ਦੌਰਾਨ ਵਿਕਸਿਤ ਦੇਸ਼ਾਂ ਦਾ ਵੀ ਇਹੀ ਹਾਲ ਹੈ, ਇਸ ਦਾ ਮਤਲਬ ਇਹ ਨਹੀਂ ਕਿ ਜੋ ਦੁਨੀਆ ਦਾ ਹਾਲ ਹੈ, ਉਹੀ ਸਾਡਾ ਰਹੇ ਅਤੇ ਚੁੱਪ ਕਰ ਕੇ ਬੈਠ ਜਾਈਏ। ਅਚਾਨਕ ਆਈ ਇਸ ਮੁਸੀਬਤ ਨਾਲ ਨਜਿੱਠਣ ਦੇ ਯਤਨ ਵੀ ਕੀਤੇ ਜਾ ਰਹੇ ਹਨ ਪਰ ਹਾਲਾਤ ਅਤੇ ਕੋਸ਼ਿਸ਼ਾਂ ਵਿਚਲਾ ਫਰਕ ਅਰਥਸ਼ਾਸਤਰ ਦੇ ਡਿਮਾਂਡ ਅਤੇ ਸਪਲਾਈ ਦੇ ਸਿਧਾਂਤ ਦੀ ਯਾਦ ਦਿਵਾਉਂਦਾ ਹੈ। ਜਦੋਂ ਸਾਰੀਅਾਂ ਸਰਗਰਮੀਆਂ ਹੀ ਤਾਲਾਬੰਦੀ ਕਾਰਨ ਠੱਪ ਪੈ ਜਾਣ ਤਾਂ ਫਿਰ ਰੋਜ਼ਗਾਰ, ਅਰਥਵਿਵਸਥਾ ਅਤੇ ਜੀ. ਡੀ. ਪੀ. (ਗ੍ਰਾਸ ਡੋਮੈਸਟਿਕ ਪ੍ਰੋਡਕਟ) ਭਾਵ ਕੁਲ ਘਰੇਲੂ ਉਤਪਾਦ ’ਚ ਵਾਧੇ ਦੀ ਗੱਲ ਬੇਮਾਨੀ ਹੋ ਜਾਂਦੀ ਹੈ।
ਇਹੀ ਭਾਰਤ ’ਚ ਹੋਇਆ, ਜੀ. ਡੀ. ਪੀ. ਭਾਵ ਪੂਰੇ ਦੇਸ਼ ਭਰ ’ਚ ਕੁਲ ਮਿਲਾ ਕੇ ਜਿੰਨਾ ਵੀ ਕੁਝ ਬਣ ਰਿਹਾ ਹੈ, ਵਿਕ ਰਿਹਾ ਹੈ, ਖਰੀਦਿਆ-ਵੇਚਿਆ ਜਾ ਰਿਹਾ ਭਾਵ ਲਿਆ-ਦਿੱਤਾ ਜਾ ਰਿਹਾ ਹੈ, ਉਸ ਦਾ ਜੋੜ ਹੁੰਦਾ ਹੈ ਜੀ. ਡੀ. ਪੀ.। ਜ਼ਾਹਿਰ ਹੈ ਇਸ ’ਚ ਵਾਧਾ ਦੇਸ਼ ਦੀ ਤਰੱਕੀ ਦਾ ਪੈਮਾਨਾ ਹੁੰਦਾ ਹੈ। ਇਹ ਵੱਖ-ਵੱਖ ਸੈਕਟਰਾਂ ’ਚ ਕਿਤੇ ਘੱਟ ਅਤੇ ਕਿਤੇ ਜ਼ਿਆਦਾ ਹੁੰਦਾ ਹੈ ਪਰ ਕੁਲ ਮਿਲਾ ਕੇ ਜੀ. ਡੀ. ਪੀ. ਜਿੰਨੀ ਵਧੇਗੀ, ਦੇਸ਼ ਦੀ ਆਰਥਿਕ ਮਜ਼ਬੂਤੀ ਅਤੇ ਦੁਨੀਆ ’ਚ ਆਪਣੀ ਖਾਸ ਥਾਂ ਬਣਾਉਣ ਲਈ ਬਿਹਤਰ ਹੋਵੇਗੀ। ਜ਼ਿਆਦਾ ਜੀ. ਡੀ. ਪੀ. ਤੋਂ ਸਰਕਾਰ ਨੂੰ ਜ਼ਿਆਦਾ ਟੈਕਸ ਮਿਲੇਗਾ, ਜ਼ਿਆਦਾ ਕਮਾਈ ਹੋਵੇਗੀ, ਸਰਕਾਰ ਕੋਲ ਤਮਾਮ ਕੰਮਾਂ ’ਤੇ ਅਤੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ, ਉਨ੍ਹਾਂ ’ਤੇ ਵੱਧ ਪੈਸੇ ਖਰਚ ਕਰਨ ਦੀ ਤਾਕਤ ਵਧਦੀ ਹੈ ਪਰ ਜਦੋਂ ਇਹ ਰੁਕ ਜਾਏਗੀ ਤਾਂ ਸਾਰੇ ਦਾ ਸਾਰਾ ਆਰਥਿਕ ਤੰਤਰ ਲੜਖੜਾਉਣਾ ਸੁਭਾਵਿਕ ਹੈ, ਭਾਰਤ ’ਚ ਇਹੀ ਹੋਇਆ।
ਸਾਡੀ ਅਰਥਵਿਵਸਥਾ 40 ਸਾਲਾਂ ਦੇ ਸਭ ਤੋਂ ਬੁਰੇ ਮੰਦੀ ਦੇ ਦੌਰ ’ਚ ਹੈ, ਅਪ੍ਰੈਲ ਤੋਂ ਜੂਨ ਦੀ ਪਹਿਲੀ ਤਿਮਾਹੀ ’ਚ ਜੀ. ਡੀ. ਪੀ. ਵਧਣ ਦੀ ਬਜਾਏ ਮਾਈਨਸ 24 ਫੀਸਦੀ ਲੁੜਕ ਗਈ ਜੋ ਬਹੁਤ ਹੀ ਚਿੰਤਾਜਨਕ ਹੈ। ਜੋ ਸਥਿਤੀ ਦਿਸ ਰਹੀ ਹੈ, ਉਸ ’ਚ ਅਗਲੀ ਤਿਮਾਹੀ ਭਾਵ ਜੁਲਾਈ ਤੋਂ ਸਤੰਬਰ ਦੇ ਦਰਮਿਆਨ ਵੀ ਹਾਲਾਤ ਇਹੀ ਰਹਿਣਗੇ ਕਿਉਂਕਿ ਇਸ ਮਿਆਦ ਦੇ ਦੋ ਮਹੀਨੇ ਤੋਂ ਵੱਧ ਦਾ ਸਮਾਂ ਬੁਰੇ ਹਾਲ ’ਚ ਬੀਤ ਚੁੱਕਾ ਹੈ ਅਤੇ ਹਾਲਾਤ ਸਾਹਮਣੇ ਹਨ।
ਇਹ ਸੁਭਾਵਿਕ ਵੀ ਸੀ ਕਿ ਜੋ ਨਤੀਜਾ ਤੈਅ ਸੀ ਉਹੀ ਆਇਆ। ਆਜ਼ਾਦੀ ਤੋਂ ਬਾਅਦ 1980 ਤੱਕ ਅਜਿਹੇ ਪੰਜ ਮੌਕੇ ਦੇਸ਼ ਨੇ ਦੇਖੇ ਹਨ। ਇਸ ’ਚ ਸਭ ਤੋਂ ਬੁਰਾ ਦੌਰ 1979-80 ਦਾ ਸੀ ਜਦੋਂ ਇਹ 5.2 ਫੀਸਦੀ ਡਿੱਗੀ ਸੀ ਪਰ ਬਾਅਦ ਦੀਅਾਂ ਦੋ ਆਰਥਿਕ ਗਿਰਾਵਟਾਂ ਹੋਰ ਵੀ ਜ਼ਬਰਦਸਤ ਸਨ ਜੋ ਸਾਲ 1991 ਅਤੇ 2008 ਦੀਆਂ ਹਨ, ਹਾਲਾਂਕਿ 1991 ਦੀ ਮੰਦੀ ਦੇ ਪਿੱਛੇ ਅੰਦਰੂਨੀ ਕਾਰਨ ਸੀ ਪਰ 2008 ’ਚ ਵਿਸ਼ਵ ਮੰਦੀ ਨੇ ਪ੍ਰਭਾਵਿਤ ਕੀਤਾ। 1991 ’ਚ ਸਾਡੇ ਸਾਹਮਣੇ ਭੁਗਤਾਨ ਸੰਕਟ ਸੀ। ਦਰਾਮਦ ’ਚ ਭਾਰੀ ਗਿਰਾਵਟ ਆਈ ਅਤੇ ਦੇਸ਼ ਦੋਤਰਫਾ ਘਾਟੇ ’ਚ ਚਲਾ ਗਿਆ। ਵਪਾਰ ਸੰਤੁਲਨ ਗੜਬੜਾ ਗਿਆ, ਸਰਕਾਰ ਵੱਡੇ ਸਰਕਾਰੀ ਖਜ਼ਾਨੇ ਦੇ ਘਾਟੇ ’ਚ ਸੀ।
ਖਾੜੀ ਜੰਗ ’ਚ 1990 ਦੇ ਅੰਤ ਤੱਕ ਸਥਿਤੀ ਇੰਨੀ ਵਿਗੜੀ ਕਿ ਭਾਰਤੀ ਵਿਦੇਸ਼ੀ ਕਰੰਸੀ ਭੰਡਾਰ ਸਿਰਫ 3 ਹਫਤਿਆਂ ਦੀ ਦਰਾਮਦ ਯੋਗ ਬਚਿਆ ਸੀ। ਨਤੀਜੇ ਵਜੋਂ ਤਤਕਾਲੀਨ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੀ ਸਰਕਾਰ ਬਜਟ ਤੱਕ ਨਾ ਪੇਸ਼ ਕਰ ਸਕੀ ਅਤੇ ਸਰਕਾਰ ਨੂੰ ਭੁਗਤਾਨ ’ਤੇ ਕੁਤਾਹੀ ਤੋਂ ਬਚਣ ਲਈ ਸੋਨਾ ਤੱਕ ਗਹਿਣੇ ਰੱਖਣਾ ਪਿਆ ਸੀ।
ਦਰਅਸਲ ਜੀ. ਡੀ. ਪੀ. ਦੇ ਅੰਕੜਿਆਂ ਨੂੰ 8 ਵੱਖ-ਵੱਖ ਸੈਕਟਰਾਂ ’ਚੋਂ ਇਕੱਠਾ ਕੀਤਾ ਜਾਂਦਾ ਹੈ। ਇਹ ਹਨ ਖੇਤੀਬਾੜੀ, ਉਤਪਾਦਨ, ਬਿਜਲੀ, ਮਾਈਨਿੰਗ, ਕੈਰੀਇੰਗ, ਗੈਸ ਸਪਲਾਈ, ਹੋਟਲ, ਉਸਾਰੀ, ਟ੍ਰੇਡ ਅਤੇ ਕਮਿਊਨੀਕੇਸ਼ਨ, ਫਾਇਨਾਂਸਿੰਗ, ਰੀਅਲ ਅਸਟੇਟ ਅਤੇ ਇੰਸ਼ੋਰੈਂਸ, ਬਿਜ਼ਨੈੱਸ ਸਰਵਿਸ ਅਤੇ ਕਮਿਊਨਿਟੀ, ਸੋਸ਼ਲ ਐਂਡ ਜਨਤਕ ਸੇਵਾਵਾਂ ਸ਼ਾਮਲ ਹਨ। ਸਿਵਾਏ ਖੇਤੀਬਾੜੀ ਨੰੂ ਛੱਡ ਕੇ ਜਿਥੇ 3.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਸਾਰੇ ਦੇ ਸਾਰੇ ਸੈਕਟਰ ਕਿਤੇ ਨਾ ਕਿਤੇ ਇਕ-ਦੂਸਰੇ ਨਾਲ ਜੁੜੇ ਜਾਂ ਸਬੰਧਤ ਹਨ।
ਜਿਵੇਂ ਕਾਰਖਾਨਿਆਂ ’ਚ ਤਾਲਾ ਲੱਗਣ ਨਾਲ ਬਿਜਲੀ ਦੀ ਖਪਤ ਘੱਟ ਹੋਈ ਅਤੇ ਸਪਲਾਈ ਨਾ ਹੋਣ ਨਾਲ ਟਰਾਂਸਪੋਰਟ, ਕਮਿਊਨੀਕੇਸ਼ਨ, ਇੰਸ਼ੋਰੈਂਸ ਪ੍ਰਭਾਵਿਤ ਹੋਇਆ। ਸੀਮੈਂਟ ਨਾਲ ਉਸਾਰੀ ਸੈਕਟਰ, ਜਨਤਕ ਆਵਾਜਾਈ ਨਾਲ ਟੂਰਿਜ਼ਮ ਅਤੇ ਹੋਟਲ ਕਾਰੋਬਾਰ ਭਾਵ ਕੁਲ ਮਿਲਾ ਕੇ ਪੂਰੀ ਦੀ ਪੂਰੀ ਕਾਰੋਬਾਰੀ ਚੇਨ ਹੀ ਠੱਪ ਹੋ ਗਈ। ਹਰ ਤਰ੍ਹਾਂ ਦੇ ਕਾਰੋਬਾਰ ਰੁਕ ਗਏ ਅਤੇ ਇਸ ਤਰ੍ਹਾਂ ਔਸਤਨ 40 ਤੋਂ 50 ਫੀਸਦੀ ਦੇ ਦਰਮਿਆਨ ਗਿਰਾਵਟ ਆ ਗਈ।
ਪਰ ਅਜਿਹਾ ਵੀ ਨਹੀਂ ਹੈ ਕਿ ਇਸ ਗਿਰਾਵਟ ਲਈ ਇਕੱਲੀ ਮਹਾਮਾਰੀ ਜਾਂ ਤਾਲਾਬੰਦੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਵੇ। ਸੱਚ ਤਾਂ ਇਹ ਹੈ ਕਿ ਸਾਡੀ ਅਰਥਵਿਵਸਥਾ ਬੀਤੇ ਕੁਝ ਸਾਲਾਂ ਤੋਂ ਲਗਾਤਾਰ ਸੁਸਤੀ ਦੇ ਦੌਰ ’ਚ ਸੀ ਅਤੇ ਇਸੇ ਦਰਮਿਆਨ ਕੋਰੋਨਾ ਮਹਾਮਾਰੀ ਤੋਂ ਪੈਦਾ ਹੋਏ ਹਾਲਾਤ ਨੇ ਅੱਗ ’ਚ ਘਿਓ ਦਾ ਕੰਮ ਕਰ ਦਿੱਤਾ। ਨਤੀਜਾ ਜੀ. ਡੀ. ਪੀ. ਦੇ ਅੰਕੜਿਆਂ ਨੇ ਬਜਾਏ ਉਛਾਲ ਦੇ ਮਾਈਨਸ ਦਾ ਅਜਿਹਾ ਗੋਤਾ ਲਗਾਇਆ ਕਿ ਅਰਥਵਿਵਸਥਾ ਦੀਆਂ ਚੂਲਾਂ ਹਿੱਲ ਗਈਆਂ। ਅਪ੍ਰੈਲ ਤੋਂ ਜੂਨ ਭਾਵ ਮੋਟੇ ਤੌਰ ’ਤੇ ਸਿਰਫ 70 ਤੋਂ 90 ਦਿਨਾਂ ਦੇ ਅੜਿੱਕੇ ਨੇ ਅਰਥਵਿਵਸਥਾ ਦੇ ਹਾਲਾਤ ਨੂੰ ਬੜਾ ਭੈੜਾ ਕਰ ਦਿੱਤਾ।
ਦੁਨੀਆ ’ਤੇ ਝਾਤੀ ਮਾਰੀਏ ਤਾਂ ਸਿਵਾਏ ਚੀਨ ਦੇ, ਅਮਰੀਕਾ, ਜਾਪਾਨ ਸਮੇਤ ਕਈ ਦੇਸ਼ਾਂ ਦੀ ਜੀ. ਡੀ. ਪੀ. ਅਜੇ ਵੀ ਮਾਈਨਸ ’ਚ ਹੈ, ਜਦਕਿ ਸਾਲ ਦੇ ਸ਼ੁਰੂ ’ਚ ਚੀਨ ’ਚ 6.8 ਫੀਸਦੀ ਦੀ ਗਿਰਾਵਟ ਸੀ, ਜਿਸ ਨੂੰ ਦੂਸਰੀ ਹੀ ਤਿਮਾਹੀ ’ਚ ਉਹ ਸੁਧਾਰ ਕੇ 3.2 ਫੀਸਦੀ ’ਤੇ ਲੈ ਆਇਆ। ਓਧਰ ਇਸ ਦੌਰਾਨ ਅਮਰੀਕਾ ’ਚ 32.9, ਯੂਨਾਈਟਿਡ ਕਿੰਗਡਮ ’ਚ 20.4 , ਇਟਲੀ ’ਚ 12.4, ਫਰਾਂਸ ’ਚ 13.8, ਕੈਨੇਡਾ ’ਚ 12, ਜਰਮਨੀ ’ਚ 10.1, ਜਾਪਾਨ ’ਚ 7.8 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਭਾਰਤ ਨੂੰ ਆਫਤ ’ਚ ਮੌਕਾ ਲੱਭਣਾ ਹੀ ਹੋਵੇਗਾ ਤਾਂ ਕਿ ਕੋਰੋਨਾ ਨਾਲ ਜਿਊ ਕੇ ਵੀ ਦੁਨੀਆ ’ਚ ਆਪਣੀ ਧਮਕ ਅਤੇ ਚਮਕ ਬਣਾਈ ਰੱਖੇ ਅਤੇ ਇਸ ਸਾਲ ਨਾ ਸਹੀ, ਅਗਲੇ ਕੁਝ ਸਾਲਾਂ ’ਚ 5 ਟ੍ਰਿਲੀਅਨ ਦੀ ਇਕਾਨਮੀ ਦਾ ਪ੍ਰਧਾਨ ਮੰਤਰੀ ਦਾ ਸੁਪਨਾ ਪੂਰਾ ਹੋ ਸਕੇ।